ਤਾਜਾ ਖਬਰਾਂ
ਅੰਮ੍ਰਿਤਸਰ- ਪੰਜਾਬ 'ਚ ਲਗਾਤਾਰ ਥਾਣਿਆਂ 'ਤੇ ਹੋ ਰਹੇ ਹਮਲਿਆਂ ਤੋਂ ਬਾਅਦ ਅੰਮ੍ਰਿਤਸਰ ਪੁਲਿਸ ਨੇ ਵੱਡਾ ਕਦਮ ਚੁੱਕਿਆ ਹੈ। ਪੁਲੀਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਦੀਆਂ ਹਦਾਇਤਾਂ ’ਤੇ ਸ਼ਹਿਰ ਵਿੱਚ ਵਿਸ਼ੇਸ਼ ਚੈਕਿੰਗ ਮੁਹਿੰਮ ਸ਼ੁਰੂ ਕੀਤੀ ਗਈ ਹੈ। ਪਿਛਲੇ 47 ਦਿਨਾਂ 'ਚ ਸੂਬੇ ਦੇ ਥਾਣਿਆਂ 'ਚ 9 ਧਮਾਕੇ ਹੋ ਚੁੱਕੇ ਹਨ, ਜਿਸ ਤੋਂ ਬਾਅਦ ਇਹ ਕਾਰਵਾਈ ਕੀਤੀ ਗਈ ਹੈ। ਦੇਰ ਰਾਤ ਨਾਇਟ ਡੋਮੀਨੇਸ਼ਨ ਦੌਰਾਨ ਬਿਨਾਂ ਕਿਸੇ ਕਾਰਨ ਘੁੰਮ ਰਹੇ ਸ਼ੱਕੀ ਵਿਅਕਤੀਆਂ ਖਿਲਾਫ ਅਪਰਾਧ ਰੋਕੂ ਕਾਰਵਾਈ ਕੀਤੀ ਗਈ। 95 ਵਾਹਨਾਂ ਦੇ ਚਲਾਨ ਕੀਤੇ ਗਏ ਅਤੇ 18 ਵਿਰੁੱਧ ਧਾਰਾ 125 ਤਹਿਤ ਕੇਸ ਦਰਜ ਕੀਤਾ ਗਿਆ। ਇਨ੍ਹਾਂ ਵਾਹਨਾਂ ਨੂੰ ਮੋਟਰ ਵਹੀਕਲ ਐਕਟ ਦੀ ਧਾਰਾ 207 ਤਹਿਤ ਜ਼ਬਤ ਕੀਤਾ ਗਿਆ ਹੈ।
ਦੱਸ ਦੇਈਏ ਕਿ ਪੁਲਿਸ ਨੇ ਅੰਮ੍ਰਿਤਸਰ ਦੇ ਤਿੰਨੋਂ ਜ਼ੋਨਾਂ ਵਿੱਚ 75 ਵੱਖ-ਵੱਖ ਥਾਵਾਂ 'ਤੇ ਨਾਕਾਬੰਦੀ ਕੀਤੀ ਹੋਈ ਹੈ। ਹਰ ਆਉਣ-ਜਾਣ ਵਾਲੇ ਵਾਹਨ ਦੀ ਬਾਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ ਅਤੇ ਸ਼ੱਕੀ ਵਿਅਕਤੀਆਂ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ। ਡੀਸੀਪੀ ਲਾਅ ਐਂਡ ਆਰਡਰ ਹਰਪ੍ਰੀਤ ਸਿੰਘ, ਡੀਸੀਪੀ ਇਨਵੈਸਟੀਗੇਸ਼ਨ ਅਤੇ ਡੀਸੀਪੀ ਸਿਟੀ ਸਮੇਤ ਸਾਰੇ ਏਡੀਸੀਪੀਜ਼, ਏਸੀਪੀਜ਼ ਅਤੇ ਥਾਣਿਆਂ ਦੇ ਮੁੱਖ ਇੰਸਪੈਕਟਰ ਇਸ ਮੁਹਿੰਮ ਵਿੱਚ ਸ਼ਾਮਲ ਹਨ।
ਨਵੀਂ ਰਣਨੀਤੀ ਤਹਿਤ ਪੁਲੀਸ ਨੇ ਸਿਵਲ ਡਰੈੱਸ ਵਿੱਚ ਪੁਲਿਸ ਅਧਿਕਾਰੀ ਵੀ ਤਾਇਨਾਤ ਕੀਤੇ ਹਨ। ਪਹਿਲਾਂ ਵਰਦੀਧਾਰੀ ਪੁਲੀਸ ਮੁਲਾਜ਼ਮਾਂ ਨੂੰ ਦੇਖ ਕੇ ਅਪਰਾਧੀ ਭੱਜ ਜਾਂਦੇ ਸਨ ਪਰ ਹੁਣ ਸਿਵਲ ਡਰੈੱਸ ਵਿੱਚ ਤਾਇਨਾਤ ਮੁਲਾਜ਼ਮ ਵਰਦੀਧਾਰੀ ਸਿਪਾਹੀਆਂ ਨਾਲ ਤਾਲਮੇਲ ਕਰਕੇ ਕੰਮ ਕਰ ਰਹੇ ਹਨ। ਪੁਲੀਸ ਕਮਿਸ਼ਨਰ ਦੀਆਂ ਹਦਾਇਤਾਂ ’ਤੇ ਇਹ ਵਿਸ਼ੇਸ਼ ਰਾਤਰੀ ਮੁਹਿੰਮ ਰੋਜ਼ਾਨਾ ਜਾਰੀ ਰਹੇਗੀ। ਸਾਰੇ ਪੁਲਿਸ ਮੁਲਾਜ਼ਮਾਂ ਨੂੰ ਚੌਕਸ ਰਹਿਣ ਅਤੇ ਸਖ਼ਤ ਜਾਂਚ ਕਰਨ ਦੇ ਨਿਰਦੇਸ਼ ਦਿੱਤੇ ਗਏ ਹਨ।
Get all latest content delivered to your email a few times a month.