IMG-LOGO
ਹੋਮ ਪੰਜਾਬ: ਭਾਰਤ ਦੇ ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਵਲੋਂ ਦੇਸ਼...

ਭਾਰਤ ਦੇ ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਵਲੋਂ ਦੇਸ਼ ਦੀ ਆਰਥਕ ਗਵਰਨਰਸ, ਉਚੇਰੀ ਲਿਆਕਤ ਅਤੇ ਈਮਾਨਦਾਰੀ ਦਾ ਦੇਸ਼ ਦੀ ਆਰਥਕ ਸਥਿਤੀ ਤੇ ਕੌਮਾਂਤਰੀ ਵਕਾਰ...

Admin User - Jan 02, 2025 09:15 PM
IMG

.

 ਲੁਧਿਆਣਾ-  ਭਾਰਤ ਦੇ ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਦੀ ਸਿਮਰਤੀ ਵਿਚ ਇਕ ਵਿਸ਼ੇਸ਼ ਸੈਮੀਨਾਰ ਦਾ ਆਯੋਜਨ, ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਦੇ ਅਦਾਰੇ ਗੁਰੂ ਰਾਮਦਾਸ ਸੈਂਟਰ ਆਫ਼ ਇਕਨੌਮਿਕਸ ਗਰੋਥ ਵੱਲੋਂ ਕੀਤਾ ਗਿਆ। ਡਾ.ਸਰਦਾਰਾ ਸਿੰਘ ਜੌਹਲ ਸਾਬਕਾ ਕੁਲਪਤੀ ਸੈਂਟਰਲ ਯੂਨੀਵਰਸਿਟੀ ਬਠਿੰਡਾ, ਸਾਬਕਾ ਉਪਕੁਲਪਤੀ ਪੰਜਾਬੀ ਯੂਨਵਿਰਸਿਟੀ ਪਟਿਆਲਾ ਅਤੇ ਉਘੇ ਆਰਥਕ ਮਾਹਿਰ ਨੇ ਇਸ ਸੈਮੀਨਾਰ ਦੀ ਪ੍ਰਧਾਨਗੀ ਭਾਸ਼ਣ ਕਰਦਿਆਂ, ਡਾ. ਮਨਮੋਹਨ ਸਿੰਘ ਦੇ ਜੀਵਨ ਸੰਘਰਸ਼ ਨੂੰ ਸੂਝ, ਸਿਆਣਪ, ਈਮਾਨਦਾਰੀ, ਦੂਰਦ੍ਰਿਸ਼ਟੀ ਅਤੇ ਦੇਸ਼ ਦੇ ਵਿਆਪਕ ਹਿੱਤਾਂ ਵੱਲ ਸਮਰਪਿਤ ਦੱਸਿਆ। ਉਹਨਾਂ ਡਾ. ਮਨਮੋਹਨ ਸਿੰਘ ਵਲੋਂ ਅਪਣਾਈ ਸੰਤੁਲਿਤ ਤੇ ਨਿਆਂਕਾਰੀ ਆਰਥਕ ਵਿਕਾਸ ਨੀਤੀ ਦੀ ਸਰਾਹਣਾ ਕੀਤੀ।

ਸਵਾਗਤੀ ਸ਼ਬਦ ਕਹਿੰਦਿਆਂ ਸਟੱਡੀ ਸਰਕਲ ਡਾਇਰੈਕਟਰ ਓਵਰਸੀਜ਼ ਸ. ਗੁਰਮੀਤ ਸਿੰਘ ਨੇ ਡਾ. ਮਨਮੋਹਨ ਸਿੰਘ ਦੇ ਸਾਦਾ ਪਰ ਉੱਚ ਲਿਆਕਤ ਵਾਲੇ ਅਮਲੀ ਜੀਵਨ ਦੀ ਸ਼ਲਾਘਾ ਕੀਤੀ। ਆਪਣੇ ਕੁੰਜੀਵਤ ਭਾਸ਼ਣ ਵਿਚ ਗਲਾਸਗੋ ਯੂਨੀਵਰਸਿਟੀ ਦੇ ਐਡਮ ਸਮਿਥ ਸਕੂਲ ਆਫ ਇਕਨਾਮਿਕਸ ਦੀ ਅਸਿਸਟੈਂਟ ਪ੍ਰੋਫੈਸਰ ਡਾ ਜਲਨਿੱਧ ਕੌਰ ਨੇ ਵੱਖ ਵੱਖ ਵਿਦਵਾਨਾਂ ਤੇ ਪ੍ਰਤਿਸਠ ਵਿਅਕਤੀਆਂ ਦੇ ਡਾ ਮਨਮੋਹਨ ਸਿੰਘ ਨਾਲ ਨਿੱਜੀ ਅਨੁਭਵ ਦਾ ਹਵਾਲਾ ਦੇ ਕੇ ਉਨ੍ਹਾਂ ਦੀ ਵਿਦਿਅਕ ਪ੍ਰਬੀਨਤਾ ਤੇ ਬਿਬੇਕ ਬੁੱਧ ਵਿੱਚੋਂ ਨਿਕਲੀ ਆਰਥਕ ਵਿਕਾਸ ਦੀ ਸੋਝੀ ਉਤੇ ਚਾਨਣਾ ਪਾਇਆ।

ਉਘੇ ਬੈਕਰ ਤੇ ਸੈਂਟਰ ਦੇ ਡਾਇਰੈਕਟਰ ਸ: ਖੁਸ਼ਵਿੰਦਰ ਬੀਰ ਸਿੰਘ ਡਾ. ਮਨਮੋਹਨ ਸਿੰਘ ਵਲੋਂ 1991 ਤੋਂ ਅਰੰਭ ਹੋਏ ਆਰਥਕ ਸੁਧਾਰਾਂ ਨੂੰ ਸਹੀ ਸੇਧ ਦੇਂਦਿਆਂ ਸਮਾਜਿਕ ਤੇ ਸਰਵਜਨਕ ਖੇਤਰ ਵੱਲ ਵੀ ਧਿਆਨ ਦੇਣ ਦੀ ਸ਼ਲਾਘਾ ਕੀਤੀ। 

ਐਸ.ਸੀ.ਡੀ. ਸਰਕਾਰੀ ਕਾਲਜ ਦੇ ਪੋਸਟ ਗਰੈਜੂਏਟ ਅਰਥ ਸ਼ਾਸਤਰ ਵਿਭਾਗ ਦੇ ਮੁਖੀ ਡਾ. ਸਾਜਿਲਾ ਕੌਂਸਲ ਨੇ ਅਪਣੇ ਵਿਚਾਰ ਪ੍ਰਗਟਾਉਂਦਿਆਂ ਡਾ. ਮਨਮੋਹਨ ਸਿੰਘ ਵਲੋਂ ਦੇਸ਼ ਦੀ ਆਰਥਕ ਸਥਿਤੀ ਮਜ਼ਬੂਤ ਕਰਨ ਵੱਲ ਚੁੱਕੇ ਕਦਮਾਂ ਦਾ ਜ਼ਿਕਰ ਕੀਤਾ ਜਿਨ੍ਹਾਂ ਵਿਚ ਸਿੱਖਿਆ ਦਾ ਅਧਿਕਾਰ, ਸੂਚਨਾ ਦਾ ਅਧਿਕਾਰ, ਕੌਮਾਂਤਰੀਕਰਨ, ਨਿੱਜੀਕਰਨ, ਖੁਲ੍ਹੇਪਣ ਦੀ ਨੀਤੀ ਆਦਿ ਸ਼ਾਮਲ ਸਨ। ਉਹਨਾਂ ਡਾਕਟਰ ਮਨਮੋਹਨ ਸਿੰਘ ਵਲੋਂ ਪ੍ਰਾਰੰਭ ਕੀਤੀ ਨਰੇਗਾ ਸਕੀਮ ਦਾ ਪੇਂਡੂ ਵਿਕਾਸ ਲਈ ਉੱਘੇ ਯੋਗਦਾਨ ਦਾ ਵਰਨਣ ਕੀਤਾ।

ਬੈਕਿੰਗ ਤੇ ਆਰਥਿਕ ਮਾਹਿਰ ਸ੍ਰੀ ਬ੍ਰਿਜਭੂਸ਼ਣ ਗੋਇਲ ਨੇ ਡਾ. ਮਨਮੋਹਨ ਸਿੰਘ ਦੇ ਜੀਵਨ ਤੇ ਆਧਾਰਤ ਅਧਿਆਇ ਸਕੂਲਾਂ-ਕਾਲਜਾਂ ਦੇ ਸਿਲੇਬਸ ਵਿਚ ਸ਼ਾਮਲ ਕਰਨ ਦਾ ਸੁਝਾਅ  ਦਿੱਤਾ।

ਡਾ. ਦਲਵਿੰਦਰ ਸਿੰਘ ਗਰੇਵਾਲ ਆਸ ਪ੍ਰਗਟਾਈ ਕਿ ਪੰਜਾਬ ਨੂੰ ਵੀ ਡਾ. ਮਨਮੋਹਨ ਸਿੰਘ ਵਰਗਾ ਵਿਸ਼ਾਲ ਲਿਆਕਤ ਵਾਲਾ ਈਮਾਨਦਾਰ ਨੇਤਾ ਮਿਲ ਜਾਵੇ ਤਾਂ ਪੰਜਾਬ ਦੀ ਵੱਡਮੁੱਲੀ ਉਨੱਤੀ ਸੰਭਵ ਹੋ ਸਕਦੀ ਹੈ। ਡਾ. ਸੁਰਿੰਦਰਬੀਰ ਸਿੰਘ ਨੇ ਵਿਦਿਅਕ ਖੇਤਰ ਵਿਚ ਉੱਚ ਲਿਆਕਤ ਲਈ ਵਿਦਿਆਰਥੀ ਤੇ ਅਧਿਆਪਕਾਂ ਵਾਲੇ ਪਾਸੇ ਵਿਸ਼ੇਸ਼ ਧਿਆਨ ਦੇਣ ਤੇ ਜ਼ੋਰ ਦਿੱਤਾ। ਡਾ. ਸਰਬਜੀਤ ਸਿੰਘ ਰੇਣੁਕਾ ਨੇ ਚੰਗੇ ਲਿਆਕਤ ਵਾਲੇ ਅਧਿਆਪਕਾਂ ਦੀ ਪਛਾਣ ਕਰਨ ਤੇ ਘਾੜਤ ਉੱਤੇ ਬੱਲ ਦਿੱਤਾ। 

ਉਘੇ ਵਾਤਾਵਰਨ ਕਾਰਜਕਰਤਾ ਕਰਨਲ ਜਸਜੀਤ ਸਿੰਘ ਗਿੱਲ ਨੇ ਡਾ. ਮਨਮੋਹਨ ਸਿੰਘ ਦੇ ਜੀਵਨ ਦੀਆਂ ਕੁਝ ਯਾਦਾਂ ਸਾਂਝੀਆਂ ਕੀਤੀਆਂ ਅਤੇ ਉਹਨਾਂ ਦੀ ਅਮਲੀ ਈਮਾਨਦਾਰੀ ਦੀਆ ਮਿਸਾਲਾਂ ਦੇ ਕੇ  ਭਰਪੂਰ ਸ਼ਰਧਾਂਜਲੀ ਦਿੱਤੀ। ਸਟੱਡੀ ਸਰਕਲ ਦੇ ਚੀਫ਼ ਆਰਗੇਨਾਈਜਰ ਸ. ਬਰਜਿੰਦਰਪਾਲ ਸਿੰਘ ਨੇ ਡਾ. ਮਨਮੋਹਨ ਸਿੰਘ ਦੀ ਇਕਾਗਰਚਿੱਤ ਬੁੱਧੀਮਾਣਤਾ ਨੂੰ ਪ੍ਰੇਰਣਾ ਦਾਇਕ ਦੱਸਿਆ ਅਤੇ ਸੈਮੀਨਾਰ ਕਰਵਾਉਣ ਦੀ ਸਰਾਹਨਾ ਕੀਤੀ। ਗੁਰੂ ਰਾਮਦਾਸ ਸੈਂਟਰ ਫਾਰ ਇਕਨੋਮਿਕ ਗਰੋਥ ਦੇ ਪ੍ਰਧਾਨ ਸ. ਤੇਜਵਿੰਦਰ ਸਿੰਘ ਬਿਗ ਬੈਨ ਨੇ ਆਪਣੇ ਉਦਯੋਗਿਕ ਵਫਦ ਦੀ ਡਾਕਟਰ ਮਨਮੋਹਨ ਸਿੰਘ ਨਾਲ ਮੁਲਾਕਾਤ ਦੇ ਅਨੁਭਵ ਦੱਸਦਿਆ ਛੋਟੇ ਉਦਯੋਗਾਂ ਦੇ ਮਸਲਿਆਂ ਨੂੰ ਸਮਝਣ ਤੇ ਉਹਨਾਂ ਦੇ ਹੱਲ ਕਰਨ ਲਈ  ਡਾ. ਮਨਮੋਹਨ ਸਿੰਘ ਦੀ ਭਰਪੂਰ ਸ਼ਲਾਘਾ ਕੀਤੀ। ਉਹਨਾ ਦੱਸਿਆ ਕਿ ਸਾਬਕਾ ਪ੍ਰਧਾਨ ਮੰਤਰੀ ਸਮੇਂ ਦੇ ਵੀ ਬਹੁਤ ਪਾਬੰਦ ਸਨ।

ਗੁਰੂ ਰਾਮਦਾਸ ਸੈਂਟਰ ਫਾਰ ਇਕਨੋਮਿਕ ਗਰੋਥ ਦੇ ਜਨਰਲ ਸਕੱਤਰ ਸ. ਜਸਪਾਲ ਸਿੰਘ ਵਲੋਂ ਸੈਮੀਨਾਰ ਦੇ ਪ੍ਰਯੋਜਨ ਦੇ ਵਿਸ਼ਾ ਵਸਤੂ ਤੇ ਦਿਸ਼ਾ ਨਿਰਧਾਰਤ ਕਰਨ ਵਾਲੇ ਬਹੁਤ ਸੁਚੱਜੇ ਸ਼ਬਦਾਂ ਨਾਲ ਸ਼ੁਰੂਆਤ ਕੀਤੀ। ਸ. ਜਤਿੰਦਰਪਾਲ ਸਿੰਘ ਸਾਬਕਾ ਚੇਅਰਮੈਨ ਵਲੋਂ ਪੇਸ਼ ਕੀਤੇ ਇਕ ਮਤੇ ਰਾਹੀਂ ਸੈਮੀਨਾਰ ਵਿੱਚ ਪੁੱਜੇ ਵਿਦਵਾਨਾ, ਬੁੱਧੀਜੀਵੀਆਂ ਤੇ ਵਲੰਟੀਅਰਜ ਨੇ ਦਿੱਲੀ ਵਿਖੇ ਡਾ. ਮਨਮੋਹਨ ਸਿੰਘ ਯਾਦਗਾਰੀ ਇੰਟਰਨੈਸ਼ਨਲ ਸਕੂਲ ਆਫ ਇਕਨੌਮਿਕਸ ਸਟੱਡੀਜ਼ ਬਣਾਉਣ ਲਈ ਭਾਰਤ ਸਰਕਾਰ ਤੋਂ ਮੰਗ ਕੀਤੀ । ਨੋਜਵਾਨ ਸਮਾਜ ਸੇਵੀ ਸ. ਗੌਰਵਦੀਪ ਸਿੰਘ, ਤੇ ਹੋਰਨਾਂ ਨੇ ਵੀ ਡਾਕਟਰ ਮਨਮੋਹਨ ਸਿੰਘ ਜੀ ਨੂੰ ਸ਼ਰਧਾਂਜਲੀ ਭੇਟ ਕੀਤੀ।

ਇਸ ਸਮਾਗਮ ਦੀ ਵਿਲੱਖਣਤਾ ਇਹ ਸੀ ਕਿ ਇਸ ਵਿੱਚ ਕਾਲਜਾਂ ਸਕੂਲਾਂ ਦੇ ਪ੍ਰਿੰਸੀਪਲ, ਵਾਈਸ ਚਾਂਸਲਰ, ਅਰਥ-ਸਾਸਤਰ ਦੇ ਵਿਦਵਾਨ, ਅਧਿਆਪਕ, ਬੈਂਕਰ ਤੇ ਬੁੱਧੀਜੀਵੀ ਵੱਡੀ ਪੱਧਰ ਤੇ ਸ਼ਾਮਲ ਹੋਏ।

Share:

ਸੰਪਾਦਕ ਦਾ ਡੈਸਕ

Parminder Singh Jatpuri

Editor in Chief

ਕੱਪੜ ਛਾਣ

Watch LIVE TV
Khabarwaale TV
Subscribe

Get all latest content delivered to your email a few times a month.