ਤਾਜਾ ਖਬਰਾਂ
.
ਸੁਪਰੀਮ ਕੋਰਟ ਨੇ ਬੱਚੇ ਨਾਲ ਮਿਲਣ ਦੇ ਮਾਪਿਆਂ ਦੇ ਅਧਿਕਾਰ ਨਾਲ ਜੁੜੇ ਇਕ ਮਾਮਲੇ ’ਚ ਕਿਹਾ ਹੈ ਕਿ ਪਿਤਾ ਨੂੰ ਬੱਚੇ ਨਾਲ ਮਿਲਣ ਦਾ ਅਧਿਕਾਰ ਹੈ ਪਰ ਇਹ ਅਧਿਕਾਰ ਬੱਚੇ ਦੀ ਸਿਹਤ ਤੇ ਖ਼ੁਸ਼ਹਾਲੀ ਦੀ ਕੀਮਤ ’ਤੇ ਨਹੀਂ ਹੋ ਸਕਦਾ। ਮਦਰਾਸ ਹਾਈ ਕੋਰਟ ਦੇ ਹੁਕਮ ’ਚ ਸੋਧ ਕਰ ਕੇ ਪਿਤਾ ਤੇ ਬੱਚੇ ਦੇ ਮਿਲਣ ਦਾ ਸਥਾਨ ਕਰੂਰ ਦੇ ਸਥਾਨ ’ਤੇ ਮਦੁਰੈ ਕਰ ਦਿੱਤਾ ਹੈ ਕਿ ਤਾਂਕਿ ਛੋਟੀ ਬੱਚੀ ਨੂੰ ਇਸਦੇ ਲਈ ਹਰ ਹਫ਼ਤੇ 300 ਕਿਲੋਮੀਟਰ ਦੀ ਯਾਤਰਾ ਨਾ ਕਰਨੀ ਪਵੇ।
ਇਹ ਹੁਕਮ ਜਸਟਿਸ ਵਿਕਰਮਨਾਥ ਤੇ ਪ੍ਰਸੰਨਾ ਬੀ. ਵਾਰਾਲੇ ਦੀ ਬੈਂਚ ਨੇ ਮਾਂ ਦੀ ਪਟੀਸ਼ਨ ਨੂੰ ਅੰਸ਼ਿਕ ਤੌਰ ’ਤੇ ਸਵੀਕਾਰ ਕਰਦੇ ਹੋਏ ਦਿੱਤਾ। ਸਰਵਉੱਚ ਅਦਾਲਤ ਨੇ ਕਿਹਾ ਕਿ ਛੋਟੇ ਬੱਚੇ ਦੇ ਹਿੱਤ ਸਭ ਤੋਂ ਪਹਿਲਾਂ ਹਨ। ਮਾਪਿਆਂ ਦੇ ਅਧਿਕਾਰਾਂ ਨੂੰ ਤੈਅ ਕਰਦੇ ਸਮੇਂ ਬੱਚੇ ਦੀ ਸਿਹਤ ਨਾਲ ਸਮਝੌਤਾ ਨਹੀਂ ਹੋ ਸਕਦਾ। ਸੁਪਰੀਮ ਕੋਰਟ ਨੇ ਹੁਕਮ ਦਿੱਤਾ ਕਿ ਪਿਤਾ ਹਰ ਐਤਵਾਰ ਦੀ ਸਵੇਰ 10 ਤੋਂ ਦੋ ਵਜੇ ਤੱਕ ਬੱਚੀ ਨੂੰ ਮਿਲ ਸਕਦਾ ਹੈ। ਪਿਤਾ ਬੱਚੀ ਨਾਲ ਮਦੁਰੈ ’ਚ ਕਿਸੇ ਜਨਤਕ ਪਾਰਕ ਜਾਂ ਮੰਦਰ ’ਚ ਮਿਲਣਗੇ। ਬੱਚੀ ਹਾਲੇ ਛੋਟੀ ਹੈ, ਇਸ ਲਈ ਕਰੀਬ 10 ਫੁੱਟ ਦੀ ਦੂਰੀ ’ਤੇ ਮਾਂ ਵੀ ਮੌਜੂਦ ਰਹੇਗੀ। 10 ਵਜੇ ਬੱਚੀ ਪਿਤਾ ਨੂੰ ਸੌਂਪੀ ਜਾਵੇਗੀ ਤੇ ਦੋ ਵਜੇ ਪਿਤਾ ਬੱਚੀ ਨੂੰ ਮਾਂ ਨੂੰ ਸੌਂਪ ਦੇਵੇਗਾ।
ਹੈਰਾਨੀਜਨਕ ਹੈ ਕਿ ਮਾਂ ਨੇ ਪਤੀ ’ਤੇ ਕਰੂਰਤਾ ਦਾ ਦੋਸ਼ ਲਾਉਂਦੇ ਹੋਏ ਤਲਾਕ ਦਾ ਕੇਸ ਕੀਤਾ ਹੋਇਆ ਹੈ। ਤਲਾਕ ਦਾ ਕੇਸ ਲੰਬਿਤ ਰਹਿਣ ਦੌਰਾਨ ਹੀ ਪਿਤਾ ਨੇ ਅਰਜ਼ੀ ਦੇ ਕੇ ਬੱਚੀ ਨੂੰ ਮਿਲਣ ਦਾ ਅਧਿਕਾਰ ਮੰਗਿਆ ਸੀ। ਇਸ ’ਤੇ ਅਦਾਲਤ ਨੇ ਮਾਂ ਨੂੰ ਹਰ ਹਫ਼ਤੇ ਬੱਚੀ ਨੂੰ ਮਦੁਰੈ ਤੋਂ ਕਰੂਰ ਲਿਜਾ ਕੇ ਦੋ ਘੰਟਿਆਂ ਲਈ ਪਿਤਾ ਨਾਲ ਮਿਲਵਾਉਣ ਦਾ ਹੁਕਮ ਦਿੱਤਾ ਸੀ। ਹਾਈ ਕੋਰਟ ਨੇ ਵੀ ਹੁਕਮ ਨੂੰ ਸਹੀ ਠਹਿਰਾਇਆ ਸੀ ਤੇ ਮਿਲਣ ਦਾ ਸਮਾਂ ਵਧਾ ਕੇ ਚਾਰ ਘੰਟੇ ਕਰ ਦਿੱਤਾ ਸੀ।
Get all latest content delivered to your email a few times a month.