ਤਾਜਾ ਖਬਰਾਂ
.
ਨਵੇਂ ਵਰ੍ਹੇ 2025 ਦਾ ਆਗਾਜ਼ ਹੋ ਚੁੱਕਾ ਹੈ। ਲੋਕ ਧਾਰਮਿਕ ਸਥਾਨਾਂ ਉਤੇ ਮੱਥਾ ਟੇਕ ਇਸ ਵਰ੍ਹੇ ਦੀ ਸ਼ੁਰੂਆਤ ਦੀ ਸ਼ਰਧਾ ਰੱਖਦੇ ਹਨ। ਗੁਰੂ ਨਗਰੀ ਅੰਮ੍ਰਿਤਸਰ ਵਿਖੇ 31 ਦਸੰਬਰ ਨੂੰ ਸੰਗਤ ਦੀ ਆਮਦ ਸ਼ੁਰੂ ਹੋ ਗਈ। ਹੌਲੀ-ਹੌਲੀ ਤੜਕਸਾਰ ਸ਼ਰਧਾ ਦਾ ਸੈਲਾਬ ਉਮੜ ਗਿਆ। ਕੜਾਕੇ ਦੀ ਠੰਢ ਅਤੇ ਸੰਘਣੀ ਧੁੰਦ ਦੇ ਬਾਵਜੂਦ ਵੱਡੇ ਤੜਕੇ 2 ਘੰਟਿਆਂ ਵਿੱਚ ਤਿੰਨ ਲੱਖ ਸ਼ਰਧਾਲੂ ਨਤਮਸਤਕ ਹੋਏ।
ਹਾਲਾਤ ਅਜਿਹੇ ਸਨ ਕਿ ਪੈਰ ਰੱਖਣ ਲਈ ਵੀ ਥਾਂ ਨਹੀਂ ਸੀ। ਇਸ ਦੇ ਨਾਲ ਹੀ ਅੰਦਾਜ਼ਾ ਹੈ ਕਿ ਨਵੇਂ ਸਾਲ ਦੇ ਪਹਿਲੇ ਦਿਨ 3 ਲੱਖ ਤੋਂ ਵਧ ਸ਼ਰਧਾਲੂ ਹਰਿਮੰਦਰ ਸਾਹਿਬ ਦੇ ਦਰਸ਼ਨਾਂ ਲਈ ਪਹੁੰਚੇ। ਰਾਤ 9 ਵਜੇ ਤੋਂ ਹੀ ਹਰਿਮੰਦਰ ਸਾਹਿਬ ਵਿਖੇ ਭੀੜ ਇਕੱਠੀ ਹੋਣੀ ਸ਼ੁਰੂ ਹੋ ਗਈ।
ਭੀੜ ਇੰਨੀ ਜ਼ਿਆਦਾ ਹੋ ਗਈ ਕਿ ਲੋਕਾਂ ਨੂੰ ਹਰਿਮੰਦਰ ਸਾਹਿਬ ਦੇ ਦੁਆਲੇ ਪਰਿਕਰਮਾ ਕਰਨ ਲਈ ਵੀ ਸੰਘਰਸ਼ ਕਰਨਾ ਪਿਆ। ਪਰਿਕਰਮਾ ਦੌਰਾਨ ਹਰ ਪਾਸੇ ਸ਼ਰਧਾਲੂ ਨਜ਼ਰ ਆਏ। ਰਾਤ ਦੇ 12 ਵਜੇ ਦਾ ਇੰਤਜ਼ਾਰ ਕਰਦੇ ਹੋਏ ਲੋਕ ਜਿੱਥੇ ਵੀ ਜਗ੍ਹਾ ਮਿਲੀ ਉੱਥੇ ਬੈਠ ਕੇ ਨਾਮ ਜਪਦੇ ਦੇਖੇ ਗਏ। ਇਸ ਦੌਰਾਨ ਸੰਗਤਾਂ ਸਾਰਾ ਸਮਾਂ ਬੈਠ ਕੇ ਸ੍ਰੀ ਸੁਖਮਨੀ ਸਾਹਿਬ ਦੇ ਪਾਠ ਕਰਦੀਆਂ ਰਹੀਆਂ।
ਜਿਵੇਂ ਹੀ ਘੜੀ ਦੇ 12 ਵੱਜੇ, 1 ਲੱਖ ਤੋਂ ਵੱਧ ਸ਼ਰਧਾਲੂ ਹਰਿਮੰਦਰ ਸਾਹਿਬ ਵਿੱਚ ਇਕੱਠੇ ਹੋ ਗਏ ਅਤੇ 'ਜੋ ਬੋਲੇ ਸੌ ਨਿਹਾਲ' ਦੇ ਨਾਅਰੇ ਲਗਾਉਣੇ ਸ਼ੁਰੂ ਕਰ ਦਿੱਤੇ। ਭੀੜ ਰੁਕਣ ਦਾ ਨਾਮ ਨਹੀਂ ਲੈ ਰਹੀ ਸੀ। ਅੰਦਾਜ਼ੇ ਮੁਤਾਬਕ ਅੱਜ ਤਿੰਨ ਲੱਖ 50 ਹਜ਼ਾਰ ਤੋਂ ਵੱਧ ਸ਼ਰਧਾਲੂ ਹਰਿਮੰਦਰ ਸਾਹਿਬ ਮੱਥਾ ਟੇਕਣ ਲਈ ਪੁੱਜੇ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਇਸ ਲਈ ਪੂਰੀਆਂ ਤਿਆਰੀਆਂ ਕਰ ਲਈਆਂ ਹਨ।
Get all latest content delivered to your email a few times a month.