IMG-LOGO
ਹੋਮ ਪੰਜਾਬ, ਵਿਓਪਾਰ, ਪੰਜਾਬ ਟਰਾਂਸਪੋਰਟ ਵਿਭਾਗ ਵੱਲੋਂ ਸਾਲ 2024 ਦੌਰਾਨ ਮਾਲੀਏ ‘ਚ 10.91...

ਪੰਜਾਬ ਟਰਾਂਸਪੋਰਟ ਵਿਭਾਗ ਵੱਲੋਂ ਸਾਲ 2024 ਦੌਰਾਨ ਮਾਲੀਏ ‘ਚ 10.91 ਫ਼ੀਸਦੀ ਵਾਧਾ ਦਰਜ: ਲਾਲਜੀਤ ਸਿੰਘ ਭੁੱਲਰ

Admin User - Dec 31, 2024 06:24 PM
IMG

ਐਸ.ਟੀ.ਸੀ. ਦਫ਼ਤਰ, ਪੀ.ਆਰ.ਟੀ.ਸੀ ਅਤੇ ਪੰਜਾਬ ਰੋਡਵੇਜ਼/ਪਨਬੱਸ ਨੂੰ ਜਨਵਰੀ ਤੋਂ ਦਸੰਬਰ 2024 ਤੱਕ ਕੁੱਲ 3546.29 ਕਰੋੜ ਰੁਪਏ ਦੀ ਆਮਦਨ ਹੋਈ

ਚੰਡੀਗੜ੍ਹ, 31 ਦਸੰਬਰ: ਪੰਜਾਬ ਦੇ ਟਰਾਂਸਪੋਰਟ ਮੰਤਰੀ ਲਾਲਜੀਤ ਸਿੰਘ ਭੁੱਲਰ ਨੇ ਅੱਜ ਇਥੇ ਦੱਸਿਆ ਕਿ ਟਰਾਂਸਪੋਰਟ ਵਿਭਾਗ ਨੇ ਪਿਛਲੇ ਸਾਲ ਦੇ ਮੁਕਾਬਲੇ ਸਾਲ 2024 ਦੌਰਾਨ ਮਾਲੀਏ ਵਿੱਚ 349.01 ਕਰੋੜ ਰੁਪਏ ਦਾ ਚੋਖਾ ਵਾਧਾ ਦਰਜ ਕੀਤਾ ਹੈ।

ਉਨ੍ਹਾਂ ਕਿਹਾ ਕਿ ਵਿਭਾਗ ਦੇ ਤਿੰਨ ਵਿੰਗਾਂ- ਸਟੇਟ ਟਰਾਂਸਪੋਰਟ ਕਮਿਸ਼ਨਰ (ਐਸ.ਟੀ.ਸੀ.) ਦਫ਼ਤਰ, ਪੈਪਸੂ ਰੋਡ ਟਰਾਂਸਪੋਰਟ ਕਾਰਪੋਰੇਸ਼ਨ (ਪੀ.ਆਰ.ਟੀ.ਸੀ) ਅਤੇ ਪੰਜਾਬ ਰੋਡਵੇਜ਼/ਪਨਬੱਸ ਨੂੰ ਪਿਛਲੇ ਸਾਲ ਦੇ 3197.28 ਰੁਪਏ ਦੇ ਮੁਕਾਬਲੇ ਸਾਲ 2024 ਦੌਰਾਨ 3546.29 ਕਰੋੜ ਰੁਪਏ ਦੀ ਆਮਦਨ ਹੋਈ ਹੈ, ਜੋ ਮਾਲੀਏ ‘ਚ 10.91 ਫ਼ੀਸਦੀ ਵਾਧੇ ਨੂੰ ਦਰਸਾਉਂਦਾ ਹੈ।

ਤਿੰਨੋ ਵਿੰਗਾਂ ਦੀ ਕਾਰਗੁਜ਼ਾਰੀ ਬਾਰੇ ਦੱਸਦਿਆਂ ਸ. ਲਾਲਜੀਤ ਸਿੰਘ ਭੁੱਲਰ ਨੇ ਦੱਸਿਆ ਕਿ ਐਸ.ਟੀ.ਸੀ. ਦਫ਼ਤਰ ਦਾ ਮਾਲੀਆ 1,855.79 ਕਰੋੜ ਰੁਪਏ ਤੋਂ ਵੱਧ ਕੇ 2,126.53 ਕਰੋੜ ਰੁਪਏ ਹੋ ਗਿਆ ਹੈ। ਉਨ੍ਹਾਂ ਕਿਹਾ ਕਿ 270.74 ਕਰੋੜ ਰੁਪਏ  ਦਾ ਇਹ ਵਾਧਾ 14.59 ਫ਼ੀਸਦੀ ਬਣਦਾ ਹੈ।

ਉਨ੍ਹਾਂ ਦੱਸਿਆ ਕਿ ਪੀ.ਆਰ.ਟੀ.ਸੀ. ਦੀ ਆਮਦਨ ਵੀ ਸਾਲ 2023 ਵਿੱਚ 892.45 ਕਰੋੜ ਰੁਪਏ ਦੇ ਮੁਕਾਬਲੇ ਸਾਲ 2024 ਵਿੱਚ 900.98 ਕਰੋੜ ਰੁਪਏ ਹੋਈ, ਜੋ 8.53 ਕਰੋੜ ਰੁਪਏ ਦਾ ਵਾਧਾ ਦਰਸਾਉਂਦੀ ਹੈ। 

ਪੰਜਾਬ ਰੋਡਵੇਜ਼/ਪਨਬੱਸ ਦੇ ਮਾਲੀਏ ਦੇ ਵੇਰਵੇ ਸਾਂਝੇ ਕਰਦਿਆਂ ਕੈਬਨਿਟ ਮੰਤਰੀ ਸ. ਲਾਲਜੀਤ ਸਿੰਘ ਭੁੱਲਰ ਨੇ ਦੱਸਿਆ ਕਿ ਪੰਜਾਬ ਰੋਡਵੇਜ਼/ਪਨਬੱਸ ਨੂੰ ਸਾਲ 2023 ਵਿੱਚ 449.04 ਕਰੋੜ ਰੁਪਏ ਪ੍ਰਾਪਤ ਹੋਏ ਸਨ ਅਤੇ ਸਾਲ 2024 ਦੌਰਾਨ ਇਹ ਆਮਦਨ ਵਧ ਕੇ 518.78 ਕਰੋੜ ਰੁਪਏ ਹੋ ਗਈ ਅਤੇ 69.74 ਕਰੋੜ ਰੁਪਏ ਦੀ ਵਧੀ ਆਮਦਨ 15.53 ਫ਼ੀਸਦੀ ਬਣਦੀ ਹੈ।

ਕੈਬਨਿਟ ਮੰਤਰੀ ਨੇ ਕਿਹਾ ਕਿ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਵਿਭਾਗ ਨੇ ਪਾਰਦਰਸ਼ੀ ਅਤੇ ਕੁਸ਼ਲ ਨੀਤੀਆਂ ਲਾਗੂ ਕੀਤੀਆਂ ਹਨ ਜਿਸ ਨਾਲ ਵਿਕਾਸ ਦੀ ਰਫ਼ਤਾਰ ਵਿੱਚ ਤੇਜ਼ੀ ਆਈ ਹੈ।

ਉਨ੍ਹਾਂ ਕਿਹਾ ਕਿ ਪੰਜਾਬ ਭਰ ਵਿੱਚ ਜਨਵਰੀ ਤੋਂ ਦਸੰਬਰ 2024 ਤੱਕ ਸੂਬੇ ਦੀਆਂ ਔਰਤਾਂ ਨੇ 14.88 ਕਰੋੜ ਮੁਫ਼ਤ ਬੱਸ ਸਫ਼ਰ ਕੀਤੇ ਜਿਸ 'ਤੇ ਵਿਭਾਗ ਦੇ 726.19 ਕਰੋੜ ਖਰਚ ਹੋਏ ਅਤੇ ਇਹ ਆਪਣੇ ਆਪ ਵਿੱਚ ਇੱਕ ਵੱਡੀ ਪ੍ਰਾਪਤੀ ਹੈ। ਸੂਬਾ ਸਰਕਾਰ ਨੇ ਔਰਤਾਂ ਨੂੰ 1 ਅਪ੍ਰੈਲ, 2022 ਤੋਂ ਹੁਣ ਤੱਕ 1916.92 ਕਰੋੜ ਰੁਪਏ ਦੇ ਖਰਚ ਨਾਲ 40.45 ਕਰੋੜ ਮੁਫ਼ਤ ਬੱਸ ਯਾਤਰਾਵਾਂ ਦੀ ਸਹੂਲਤ ਪ੍ਰਦਾਨ ਕੀਤੀ ਹੈ। ਇਸ ਤੋਂ ਇਲਾਵਾ ਵਿਭਾਗ ਵੱਲੋਂ ਪੁਲਿਸ ਕਰਮਚਾਰੀਆਂ, ਵਿਦਿਆਰਥੀਆਂ, ਵਿਸ਼ੇਸ਼ ਲੋੜਾਂ ਵਾਲੇ ਵਿਅਕਤੀਆਂ ਅਤੇ ਥੈਲੇਸੀਮੀਆ ਤੇ ਕੈਂਸਰ ਦੇ ਮਰੀਜ਼ਾਂ ਸਮੇਤ ਵੱਖ-ਵੱਖ ਸ਼੍ਰੇਣੀਆਂ ਨੂੰ ਮੁਫ਼ਤ ਅਤੇ ਬੱਸ ਕਿਰਾਏ ਵਿੱਚ ਰਿਆਇਤ ਦਾ ਲਾਭ ਦਿੱਤਾ ਜਾ ਰਿਹਾ ਹੈ। 

ਸ. ਭੁੱਲਰ ਨੇ ਕਿਹਾ ਕਿ ਵਿਭਾਗ ਸਰਗਰਮੀ ਨਾਲ ਆਪਣੇ ਬੁਨਿਆਦੀ ਢਾਂਚੇ ਦਾ ਵਿਸਥਾਰ ਕਰ ਰਿਹਾ ਹੈ ਅਤੇ 3.36 ਕਰੋੜ ਰੁਪਏ ਦੀ ਅਨੁਮਾਨਿਤ ਲਾਗਤ ਨਾਲ ਜ਼ਿਲ੍ਹਾ ਬਠਿੰਡਾ ਦੇ ਦੌਲਾ ਵਿਖੇ ਪੀ.ਆਰ.ਟੀ.ਸੀ. ਦਾ ਪਹਿਲਾ ਸਬ-ਡਿਪੂ ਉਸਾਰੀ ਅਧੀਨ ਹੈ। 1.6 ਏਕੜ ਵਿੱਚ ਫੈਲਿਆ ਇਹ ਪ੍ਰਾਜੈਕਟ ਆਉਣ ਵਾਲੇ ਸਾਲ ਦੀ ਪਹਿਲੀ ਤਿਮਾਹੀ ਵਿੱਚ ਪੂਰਾ ਹੋਣ ਦੀ ਉਮੀਦ ਹੈ। 

ਇਸ ਤੋਂ ਇਲਾਵਾ ਵਿਭਾਗ ਨੇ ਪੜਾਅਵਾਰ ਪਹੁੰਚ ਅਪਣਾਉਂਦਿਆਂ ਗੁਆਂਢੀ ਕਸਬਿਆਂ ਨਾਲ ਸੰਪਰਕ ਵਧਾਉਣ ਲਈ ਪਟਿਆਲਾ ਦੇ ਪੁਰਾਣੇ ਬੱਸ ਸਟੈਂਡ ਨੂੰ ਮੁੜ ਸੁਰਜੀਤ ਕੀਤਾ ਹੈ। ਪਹਿਲੇ ਪੜਾਅ ਤਹਿਤ ਪਟਿਆਲਾ ਸ਼ਹਿਰ ਨੂੰ ਨੇੜਲੇ ਕਸਬਿਆਂ ਨਾਭਾ, ਸਮਾਣਾ, ਭਵਾਨੀਗੜ੍ਹ, ਭਾਦਸੋਂ ਅਤੇ ਘਨੌਰ ਨਾਲ ਜੋੜਨ ਵਾਲੀਆਂ 75 ਬੱਸਾਂ ਚਲਾਈਆਂ ਗਈਆਂ ਹਨ। ਇਸ ਤੋਂ ਇਲਾਵਾ ਦੂਜੇ ਪੜਾਅ ਅਧੀਨ ਪਟਿਆਲਾ ਸ਼ਹਿਰ ਦੇ 30 ਕਿਲੋਮੀਟਰ ਘੇਰੇ ਵਿੱਚ ਪੈਂਦੇ ਚੀਕਾ, ਦੇਵੀਗੜ੍ਹ, ਪਿਹੋਵਾ, ਸਨੌਰ ਰੂਟ ਲਈ ਬੱਸਾਂ ਚਲਾਈਆਂ ਗਈਆਂ ਹਨ।

ਉਨ੍ਹਾਂ ਦੱਸਿਆ ਕਿ ਬੱਸਾਂ ਦੇ ਬੇੜੇ ਵਿੱਚ ਵਾਧੇ ਲਈ ਪੰਜਾਬ ਰੋਡਵੇਜ਼/ਪਨਬੱਸ ਵੱਲੋਂ ਕਿਲੋਮੀਟਰ ਸਕੀਮ ਅਧੀਨ 20 ਸੁਪਰ ਇੰਟੈਗਰਲ ਬੀ.ਐਸ-6 ਅਨੁਕੂਲ ਬੱਸਾਂ ਅਤੇ 19 ਐਚ.ਵੀ.ਏ.ਸੀ. ਬੱਸਾਂ ਦੀ ਖ਼ਰੀਦ ਕੀਤੀ ਜਾ ਰਹੀ ਹੈ। ਇਸ ਤੋਂ ਇਲਾਵਾ ਪੀ.ਆਰ.ਟੀ.ਸੀ. ਵੱਲੋਂ ਵੀ 83 ਨਵੀਆਂ ਬੀ.ਐਸ-6 ਅਨੁਕੂਲ ਸਧਾਰਣ ਸਟੈਂਡਰਡ ਬੱਸਾਂ ਆਪਣੇ ਬੇੜੇ ਵਿੱਚ ਸ਼ਾਮਲ ਕਰਨ ਦੀ ਕਾਰਵਾਈ ਅਮਲ ਅਧੀਨ ਹੈ। ਉਨ੍ਹਾਂ ਦੱਸਿਆ ਕਿ ਇਹ ਬੱਸਾਂ ਕਿਲੋਮੀਟਰ ਸਕੀਮ ਅਧੀਨ ਛੇ ਸਾਲਾਂ ਲਈ ਲੀਜ਼ ਆਧਾਰ 'ਤੇ ਲਈਆਂ ਜਾਣਗੀਆਂ।

ਉਨ੍ਹਾਂ ਅੱਗੇ ਦੱਸਿਆ ਕਿ ਸਰਕਾਰ ਨੇ ਸੂਬਾ ਵਾਸੀਆਂ ਨੂੰ ਧਾਰਮਿਕ ਅਸਥਾਨਾਂ ਦੇ ਦਰਸ਼ਨ ਕਰਾਉਣ ਲਈ 27 ਨਵੰਬਰ, 2023 ਨੂੰ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਤੋਂ 'ਮੁੱਖ ਮੰਤਰੀ ਤੀਰਥ ਯਾਤਰਾ ਸਕੀਮ' ਦੀ ਸ਼ੁਰੂਆਤ ਕੀਤੀ ਜਿਸ ਤਹਿਤ ਦੇਸ਼ ਭਰ ਵਿੱਚ ਵੱਖ-ਵੱਖ ਤੀਰਥ ਅਸਥਾਨਾਂ ਦੇ ਦਰਸ਼ਨਾਂ ਲਈ ਸੂਬਾ ਵਾਸੀਆਂ ਨੂੰ ਮੁਫ਼ਤ ਸਫ਼ਰ ਦੀ ਸਹੂਲਤ ਮਿਲ ਰਹੀ ਹੈ। ਇਸ ਸਕੀਮ ਤਹਿਤ ਪਾਵਨ ਅਸਥਾਨ ਸ੍ਰੀ ਹਜ਼ੂਰ ਸਾਹਿਬ (ਨਾਂਦੇੜ), ਸ੍ਰੀ ਪਟਨਾ ਸਾਹਿਬ (ਬਿਹਾਰ), ਵਾਰਾਨਸੀ ਮੰਦਿਰ, ਮਥੁਰਾ ਅਤੇ ਵਰਿੰਦਾਵਨ ਧਾਮ (ਉੱਤਰ ਪ੍ਰਦੇਸ਼), ਖ਼ਵਾਜ਼ਾ ਅਜਮੇਰ ਸ਼ਰੀਫ਼ ਦਰਗਾਹ (ਰਾਜਸਥਾਨ) ਤੋਂ ਇਲਾਵਾ ਸ੍ਰੀ ਅਨੰਦਪੁਰ ਸਾਹਿਬ, ਸ੍ਰੀ ਅੰਮ੍ਰਿਤਸਰ ਸਾਹਿਬ, ਸ੍ਰੀ ਦਮਦਮਾ ਸਾਹਿਬ (ਤਲਵੰਡੀ ਸਾਬੋ), ਸਾਲਾਸਰ ਧਾਮ, ਸ੍ਰੀ ਖਾਟੂ ਸ਼ਿਆਮ ਜੀ, ਮਾਤਾ ਚਿੰਤਪੁਰਨੀ ਜੀ, ਮਾਤਾ ਜਵਾਲਾ ਜੀ, ਮਾਤਾ ਨੈਣਾ ਦੇਵੀ ਜੀ, ਮਾਤਾ ਵੈਸਨੂੰ ਦੇਵੀ ਜੀ ਆਦਿ ਅਸਥਾਨਾਂ ਦੀ ਯਾਤਰਾ ਕਰਵਾਈ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਹੁਣ ਤੱਕ ਕਰੀਬ 35000 ਸ਼ਰਧਾਲੂ ਵੱਖ-ਵੱਖ ਧਾਰਮਿਕ ਅਸਥਾਨਾਂ ਦੇ ਦਰਸ਼ਨ ਕਰ ਚੁੱਕੇ ਹਨ।

ਉਨ੍ਹਾਂ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਡਰਾਈਵਿੰਗ ਲਾਇਸੈਂਸ ਅਤੇ ਵਾਹਨ ਰਜਿਸਟ੍ਰੇਸ਼ਨ ਨਾਲ ਸਬੰਧਤ 55 ਸਮਾਰਟ ਸੇਵਾਵਾਂ ਦੀ ਸ਼ੁਰੂਆਤ ਕੀਤੀ ਗਈ ਹੈ, ਜਿਨ੍ਹਾਂ ਵਿੱਚੋਂ 38 ਸੇਵਾਵਾਂ ਪੂਰੀ ਤਰ੍ਹਾਂ ਆਨਲਾਈਨ ਉਪਲਬਧ ਹਨ ਜਦਕਿ 17 ਸੇਵਾਵਾਂ ਲਈ ਘੱਟੋ-ਘੱਟ ਦਫ਼ਤਰ ਜਾਣ ਦੀ ਲੋੜ ਹੈ। ਡਰਾਈਵਿੰਗ ਲਾਇਸੈਂਸ ਅਤੇ ਆਰ.ਸੀਜ਼ ਦੇ ਸਮਾਰਟ ਕਾਰਡਾਂ ਦੀ ਚੰਡੀਗੜ੍ਹ ਵਿਖੇ ਇਕੋ ਥਾਂ 'ਤੇ ਪ੍ਰਿਟਿੰਗ ਕਰਕੇ ਸਪੀਡ ਪੋਸਟ ਰਾਹੀਂ ਬਿਨੈਕਾਰ ਦੇ ਘਰ ਭੇਜਣ ਦੀ ਸਹੂਲਤ ਦਿੱਤੀ ਗਈ ਹੈ। ਸਰਕਾਰ ਨੇ ਮੋਟਰ ਵਹੀਕਲ ਇੰਸਪੈਕਟਰ ਵੱਲੋਂ ਮੋਬਾਈਲ ਟੈਬ ਰਾਹੀਂ ਆਧੁਨਿਕ ਤਕਨਾਲੌਜੀ ਆਧਾਰਤ ਵਾਹਨ ਫਿਟਨੈਸ ਦੀ ਸ਼ੁਰੂਆਤ ਕੀਤੀ ਹੈ। ਇਸ ਤੋਂ ਇਲਾਵਾ ਡੀਲਰ ਪੱਧਰ 'ਤੇ ਰਜਿਸਟ੍ਰੇਸ਼ਨ ਦੀ ਸ਼ੁਰੂਆਤ ਕੀਤੀ ਗਈ ਹੈ।

Share:

ਸੰਪਾਦਕ ਦਾ ਡੈਸਕ

Parminder Singh Jatpuri

Editor in Chief

ਕੱਪੜ ਛਾਣ

Watch LIVE TV
Khabarwaale TV
Subscribe

Get all latest content delivered to your email a few times a month.