ਤਾਜਾ ਖਬਰਾਂ
.
ਬਰਨਾਲਾ- ਪੰਜਾਬ 'ਚ ਬਰਨਾਲਾ ਦੇ ਹੰਢਿਆਇਆ ਬਾਜ਼ਾਰ 'ਚ ਤੀਜੀ ਮੰਜ਼ਿਲ 'ਤੇ ਰਹਿਣ ਵਾਲੇ ਇਕ ਪਰਿਵਾਰ ਦੇ ਘਰ 'ਚ ਅਚਾਨਕ ਧਮਾਕਾ ਹੋ ਗਿਆ। ਧਮਾਕੇ ਨਾਲ ਪੂਰੇ ਘਰ 'ਚ ਅੱਗ ਫੈਲ ਗਈ। ਧਮਾਕੇ ਦੀ ਆਵਾਜ਼ ਸੁਣ ਕੇ ਬਾਜ਼ਾਰ 'ਚ ਹਫੜਾ-ਦਫੜੀ ਮਚ ਗਈ। ਮੌਕੇ 'ਤੇ ਪਹੁੰਚੀਆਂ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਨੇ ਬੜੀ ਮੁਸ਼ੱਕਤ ਨਾਲ ਅੱਗ 'ਤੇ ਕਾਬੂ ਪਾਇਆ ਅਤੇ ਪਰਿਵਾਰ ਨੂੰ ਸੁਰੱਖਿਅਤ ਬਾਹਰ ਕੱਢਿਆ। ਅੱਗ ਲੱਗਣ ਕਾਰਨ ਲੱਖਾਂ ਰੁਪਏ ਦੇ ਗਰਮ ਕੱਪੜੇ ਸੜ ਕੇ ਸੁਆਹ ਹੋ ਗਏ।
ਮਕਾਨ ਮਾਲਕ ਭਗਵਾਨ ਦਾਸ ਨੇ ਦੱਸਿਆ ਕਿ ਉਹ ਘਰ ਦੇ ਇੱਕ ਕਮਰੇ ਵਿੱਚ ਲੇਟਿਆ ਹੋਇਆ ਸੀ। ਇਸ ਦੌਰਾਨ ਘਰ 'ਚ ਭਿਆਨਕ ਅੱਗ ਲੱਗ ਗਈ। ਉਸ ਦੀ ਇਕ ਲੜਕੀ ਜੋ ਕਿ ਦਿਮਾਗੀ ਤੌਰ 'ਤੇ ਪ੍ਰੇਸ਼ਾਨ ਸੀ, ਅੱਗ ਵਿਚ ਫਸ ਗਈ, ਜਿਸ ਨੂੰ ਲੋਕਾਂ ਦੀ ਮਦਦ ਨਾਲ ਤੁਰੰਤ ਬਾਹਰ ਕੱਢਿਆ ਗਿਆ। ਉਸ ਨੇ ਦੱਸਿਆ ਕਿ ਉਸ ਦਾ ਭਰਾ ਇੱਥੇ ਹੇਠਲੇ ਹਿੱਸੇ ਵਿਚ ਦੁਕਾਨ ਚਲਾਉਂਦਾ ਹੈ, ਜਦੋਂ ਕਿ ਉਸ ਦੀ ਰਿਹਾਇਸ਼ ਉਪਰ ਹੈ। ਉਨ੍ਹਾਂ ਦੱਸਿਆ ਕਿ ਅੱਗ ਲੱਗਣ ਕਾਰਨ ਲੱਖਾਂ ਰੁਪਏ ਦਾ ਨੁਕਸਾਨ ਹੋ ਗਿਆ ਹੈ।
ਫਾਇਰ ਵਿਭਾਗ ਦੇ ਅਧਿਕਾਰੀਆਂ ਨੇ ਦੱਸਿਆ ਕਿ ਉਨ੍ਹਾਂ ਨੂੰ ਫੋਨ 'ਤੇ ਸੂਚਨਾ ਮਿਲੀ ਸੀ ਕਿ ਹੰਡਿਆਇਆ ਬਜ਼ਾਰ 'ਚ ਇਕ ਇਮਾਰਤ ਨੂੰ ਅੱਗ ਲੱਗੀ ਹੈ। ਜਿਸ ਤੋਂ ਬਾਅਦ ਫਾਇਰ ਬ੍ਰਿਗੇਡ ਦੀਆਂ 3 ਗੱਡੀਆਂ ਨੇ ਤੁਰੰਤ ਮੌਕੇ 'ਤੇ ਪਹੁੰਚ ਕੇ ਅੱਗ 'ਤੇ ਕਾਬੂ ਪਾਇਆ। ਉਨ੍ਹਾਂ ਨੇ ਦੱਸਿਆ ਕਿ ਅੱਗ ਭਗਵਾਨ ਦਾਸ ਦੇ ਘਰ ਦੀ ਤੀਜੀ ਮੰਜ਼ਿਲ 'ਤੇ ਲੱਗੀ। ਅੱਗ ਲੱਗਣ ਦਾ ਕਾਰਨ ਗੈਸ ਗੀਜ਼ਰ ਦਾ ਧਮਾਕਾ ਦੱਸਿਆ ਜਾ ਰਿਹਾ ਹੈ ਪਰ ਵਿਭਾਗ ਵੱਲੋਂ ਇਸ ਦੀ ਜਾਂਚ ਕੀਤੀ ਜਾ ਰਹੀ ਹੈ।ਉਨ੍ਹਾਂ ਦੱਸਿਆ ਕਿ ਇਸ ਅੱਗ ਵਿੱਚ ਕੋਈ ਜਾਨੀ ਨੁਕਸਾਨ ਨਹੀਂ ਹੋਇਆ, ਹਾਲਾਂਕਿ ਘਰ ਵਿੱਚ ਰੱਖੀ ਲੱਕੜ, ਕੱਪੜੇ ਅਤੇ ਹੋਰ ਬਹੁਤ ਸਾਰਾ ਸਾਮਾਨ ਅੱਗ ਨਾਲ ਸੜ ਕੇ ਸੁਆਹ ਹੋ ਗਿਆ। ਫਾਇਰ ਅਫ਼ਸਰ ਨੇ ਦੱਸਿਆ ਕਿ ਸ਼ਹਿਰ ਵਿੱਚ ਬਿਜਲੀ ਦੀਆਂ ਤਾਰਾਂ ਦੀ ਵੱਡੀ ਸਮੱਸਿਆ ਕਾਰਨ ਵਾਹਨਾਂ ਦੇ ਲੰਘਣ ਵਿੱਚ ਦਿੱਕਤ ਆ ਰਹੀ ਹੈ।
Get all latest content delivered to your email a few times a month.