ਤਾਜਾ ਖਬਰਾਂ
.
ਨਾਕਾਬੰਦੀ ਦੌਰਾਨ ਡਿਊਟੀ 'ਤੇ ਤਾਇਨਾਤ ਇਕ ਪੁਲਿਸ ਅਧਿਕਾਰੀ ਨੂੰ ਮੋਟਰਸਾਈਕਲ ਸਵਾਰ ਨੌਜਵਾਨ ਕਾਫੀ ਦੂਰ ਤਕ ਘੜੀਸਦੇ ਲੈ ਗਏ, ਜਿਸ ਕਾਰਨ ਉਕਤ ਮੁਲਾਜ਼ਮ ਗੰਭੀਰ ਰੂਪ ਨਾਲ ਫੱਟੜ ਹੋ ਗਿਆ। ਪੁਲਿਸ ਅਧਿਕਾਰੀ ਨੇ ਰਾਹਗੀਰਾਂ ਦੀ ਮਦਦ ਨਾਲ ਇਸ ਮੋਟਰਸਾਈਕਲ ਦੇ ਪਿੱਛੇ ਬੈਠੇ ਵਿਅਕਤੀ ਨੂੰ ਤਾਂ ਕਾਬੂ ਕਰ ਲਿਆ, ਪਰ ਬਾਈਕ ਚਾਲਕ ਮੌਕੇ ਤੋਂ ਭੱਜ ਨਿੱਕਲਣ ਵਿੱਚ ਕਾਮਯਾਬ ਹੋ ਗਿਆ। ਘਟਨਾ ਦੀ ਜਾਣਕਾਰੀ ਮਿਲਣ ਮਗਰੋਂ ਪੁਲਿਸ ਦੇ ਉੱਚ ਅਧਿਕਾਰੀਆਂ ਨੇ ਮੌਕੇ ਤੇ ਜਾ ਕ ਪੜਤਾਲ ਸ਼ੁਰੂ ਕਰ ਦਿੱਤੀ ਅਤੇ ਹਿਰਾਸਤ ਵਿੱਚ ਲਏ ਵਿਅਕਤੀ ਕੋਲੋਂ ਉਸਦੇ ਸਾਥੀ ਸਬੰਧੀ ਪੁੱਛਗਿੱਛ ਸ਼ੁਰੂ ਕਰ ਦਿੱਤੀ ਗਈ ਹੈ।
ਘਟਨਾ ਥਾਣਾ ਡਵੀਜ਼ਨ ਨੰਬਰ ਤਿੰਨ ਦੇ ਅਧੀਨ ਆਉਂਦੀ ਸ਼ਿੰਗਾਰ ਸਿਨੇਮਾ ਧਰਮਪੁਰਾ ਚੌਂਕੀ ਦੇ ਇਲਾਕੇ ਦੀ ਹੈ, ਜਿੱਥੇ ਪੁਲਿਸ ਵੱਲੋਂ ਰੁਟੀਨ ਚੈਕਿੰਗ ਲਈ ਸ਼ਿੰਗਾਰ ਸਿਨੇਮਾ ਸਾਹਮਣੇ ਨਾਕਾਬੰਦੀ ਕੀਤੀ ਗਈ ਸੀ। ਇਸ ਦੌਰਾਨ ਬਿਨਾਂ ਨੰਬਰ ਪਲੇਟ ਦੀ ਇੱਕ ਮੋਟਰਸਾਈਕਲ ਤੇ ਸਵਾਰ ਹੋ ਕੇ ਆ ਰਹੇ ਦੋ ਨੌਜਵਾਨਾਂ ਨੇ ਪੁਲਿਸ ਦੇ ਰੋਕਣ ਤੇ ਮੋਟਰਸਾਈਕਲ ਭਜਾਉਣ ਦੀ ਕੋਸ਼ਿਸ਼ ਕੀਤੀ। ਨਾਕੇ ਤੇ ਮੌਜੂਦ ਸਹਾਇਕ ਥਾਣੇਦਾਰ ਸੁਲੱਖਣ ਸਿੰਘ ਨੇ ਉਕਤ ਮੋਟਰ ਸਾਈਕਲ ਨੂੰ ਪਿੱਛੋਂ ਦੀ ਫੜ ਲਿਆ, ਪਰ ਬਾਈਕ ਰੋਕਣ ਦੀ ਥਾਂ ਚਾਲਕ ਨੇ ਰੇਸ ਦੇ ਮੋਟਰਸਾਈਕਲ ਹੋਰ ਤੇਜ ਭਜਾ ਲਈ ਤੇ ਸਹਾਇਕ ਥਾਣੇਦਾਰ ਸੁਲੱਖਣ ਸਿੰਘ ਨੂੰ ਸੜਕ ਤੇ ਕਰੀਬ ਤਿੰਨ ਸੌ ਮੀਟਰ ਤੱਕ ਘੜੀਸਦੇ ਲੈ ਗਏ। ਪੁਲਿਸ ਅਧਿਕਾਰੀ ਨੇ ਦਿਲੇਰੀ ਨਾਲ ਮੋਟਰਸਾਈਕਲ ਦਾ ਕੈਰੀਅਰ ਫੜੀ ਰੱਖਿਆ ਅਤੇ ਅਖੀਰ ਕੁਝ ਰਾਹਗੀਰਾਂ ਨੇ ਹਿੰਮਤ ਕਰਕੇ ਪਿੱਛੇ ਬੈਠੇ ਵਿਅਕਤੀ ਨੂੰ ਹੇਠਾਂ ਸੁੱਟ ਲਿਆ ਪਰ ਚਾਲਕ ਬਾਈਕ ਸਮੇਤ ਫਰਾਰ ਹੋ ਗਿਆ। ਸਹਾਇਕ ਥਾਣੇਦਾਰ ਸੁਲੱਖਣ ਸਿੰਘ ਮੁਤਾਬਕ ਨਾਕੇ ਤੋਂ ਲੰਘਦੀ ਬਿਨਾਂ ਨੰਬਰ ਦੀ ਬਾਈਕ ਤੇ ਸਵਾਰ ਵਿਅਕਤੀ ਸ਼ੱਕੀ ਲੱਗ ਰਹੇ ਸਨ, ਜਿਸ ਕਾਰਨ ਉਸਨੇ ਉਨ੍ਹਾਂ ਨੂੰ ਰੁਕਣ ਦਾ ਇਸ਼ਾਰਾ ਕੀਤਾ। ਬਾਈਕ ਉਸਨੂੰ ਕਾਫੀ ਦੂਰ ਤੱਕ ਘੜੀਸਦੇ ਲੈ ਗਈ। ਥੋੜੀ ਦੂਰ ਤੱਕ ਤਾਂ ਉਸਨੂੰ ਯਾਦ ਹੈ ਪਰ ਅੱਗੇ ਤੱਕ ਸੜਕ ਨਾਲ ਰਗੜ ਲੱਗਣ ਤੇ ਉਹ ਫੱਟੜ ਹੋ ਗਿਆ ਅਤੇ ਉਹ ਬੇਸੁੱਧ ਹੋ ਗਿਆ। ਰਾਹਗੀਰਾਂ ਅਤੇ ਉਸਦੇ ਸਾਥੀ ਮੁਲਜਮਾਂ ਨੇ ਮੌਕੇ ਤੇ ਆ ਕੇ ਉਸਨੂੰ ਇਲਾਜ ਲਈ ਇੱਕ ਨਿੱਜੀ ਹਸਪਤਾਲ ਲਿਆਂਦਾ ਤਾਂ ਪਤਾ ਲੱਗਾ ਕਿ ਉਸਦੀ ਸੱਜੀ ਲੱਤ ਦੀ ਹੱਡੀ ਟੁੱਟੀ ਹੈ। ਜਾਣਕਾਰੀ ਮਿਲਣ ਤੋਂ ਬਾਅਦ ਥਾਣਾ ਮੁਖੀ ਅਤੇ ਪੁਲਿਸ ਦੇ ਹੋਰ ਅਧਿਕਾਰੀ ਮੌਕੇ ਤੇ ਪੁੱਜ ਗਏ ਅਤੇ ਪੜਤਾਲ ਸ਼ੁਰੂ ਕਰ ਦਿੱਤੀ। ਸੀਸੀਟੀਵੀ ਕੈਮਰਿਆਂ ਦੀ ਫੁਟੇਜ ਕਬਜ਼ੇ ਵਿੱਚ ਲੈਕੇ ਬਾਈਕ ਸਵਾਰ ਨੂੰ ਲੱਭਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।
Get all latest content delivered to your email a few times a month.