ਤਾਜਾ ਖਬਰਾਂ
.
ਮੋਹਾਲੀ- ਪੰਜਾਬ ਦੇ ਮੋਹਾਲੀ 'ਚ ਸ਼ਨੀਵਾਰ ਸ਼ਾਮ ਨੂੰ ਇਕ ਬਹੁਮੰਜ਼ਿਲਾ ਇਮਾਰਤ ਢਹਿ ਗਈ। NDRF ਅਤੇ ਫੌਜ ਨੇ ਸਥਾਨਕ ਪ੍ਰਸ਼ਾਸਨ ਦੇ ਨਾਲ ਮਿਲ ਕੇ ਬਚਾਅ ਕਾਰਜ ਚਲਾਇਆ। ਇਹ ਆਪਰੇਸ਼ਨ 24 ਘੰਟੇ ਤੱਕ ਜਾਰੀ ਰਿਹਾ, ਜਿਸ 'ਚ ਸਿਰਫ਼ 2 ਲੋਕ ਹੀ ਮਿਲੇ ਹਨ। ਰਾਤ ਨੂੰ ਸਭ ਤੋਂ ਪਹਿਲਾਂ ਹਿਮਾਚਲ ਦੀ ਰਹਿਣ ਵਾਲੀ ਲੜਕੀ ਮਿਲੀ। ਉਦੋਂ ਉਸ ਦੇ ਸਾਹ ਚੱਲਦੇ ਸੀ। ਉਸ ਨੂੰ ਹਸਪਤਾਲ ਲਿਜਾਇਆ ਗਿਆ, ਪਰ ਉੱਥੇ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ।
ਅੰਬਾਲਾ ਦੇ ਰਹਿਣ ਵਾਲੇ ਨੌਜਵਾਨ ਦੀ ਲਾਸ਼ ਐਤਵਾਰ ਸਵੇਰੇ 11 ਵਜੇ ਮਿਲੀ। ਹਾਲਾਂਕਿ ਪਹਿਲਾਂ 5 ਲੋਕਾਂ ਦੇ ਦੱਬੇ ਹੋਣ ਦਾ ਖਦਸ਼ਾ ਜਤਾਇਆ ਜਾ ਰਿਹਾ ਸੀ ਪਰ ਤਲਾਸ਼ੀ ਦੌਰਾਨ ਸਿਰਫ 2 ਹੀ ਮਿਲੇ ਹਨ। ਸ਼ਾਮ ਕਰੀਬ 5 ਵਜੇ ਬਚਾਅ ਕਾਰਜ ਰੋਕ ਦਿੱਤਾ ਗਿਆ।
ਇਸ ਦੌਰਾਨ ਇਮਾਰਤ ਦੇ ਢਹਿ ਜਾਣ ਦੀ ਵੀਡੀਓ ਵੀ ਸਾਹਮਣੇ ਆਈ ਹੈ, ਜਿਸ 'ਚ ਇਮਾਰਤ ਨੂੰ ਜ਼ਮੀਨ 'ਤੇ ਢਹਿ-ਢੇਰੀ ਕਰਦੇ ਦੇਖਿਆ ਜਾ ਰਿਹਾ ਹੈ। ਇਸ ਤੋਂ ਇਲਾਵਾ ਜਾਂਚ ਦੌਰਾਨ ਮਲਬੇ ਵਿੱਚ ਇਮਾਰਤ ਦੇ ਸੀਸੀਟੀਵੀ ਦਾ ਡੀਵੀਆਰ ਮਿਲਿਆ ਹੈ। ਪੁਲੀਸ ਨੇ ਇਸ ਨੂੰ ਰਿਕਾਰਡ ਵਿੱਚ ਸ਼ਾਮਲ ਕੀਤਾ ਹੈ। ਪੁਲੀਸ ਨੇ ਇਮਾਰਤ ਮਾਲਕਾਂ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ।
ਮੁਹਾਲੀ ਦੇ ਐਸਐਸਪੀ ਦੀਪਕ ਪਾਰੀਕ ਨੇ ਦੱਸਿਆ ਕਿ ਪੁਲੀਸ ਨੇ ਬੀਤੀ ਰਾਤ ਥਾਣਾ ਸੋਹਾਣਾ ਵਿੱਚ ਇਮਾਰਤ ਮਾਲਕਾਂ ਪਰਵਿੰਦਰ ਸਿੰਘ ਅਤੇ ਗਗਨਦੀਪ ਸਿੰਘ ਵਾਸੀ ਚਾਓ ਮਾਜਰਾ ਖ਼ਿਲਾਫ਼ ਬੀਐਨਐਸ ਦੀ ਧਾਰਾ 105 ਤਹਿਤ ਕੇਸ ਦਰਜ ਕਰ ਲਿਆ ਹੈ। ਉਨ੍ਹਾਂ ਦੀ ਤਲਾਸ਼ ਜਾਰੀ ਹੈ।ਉਨ੍ਹਾਂ ਨੇ ਕਿਹਾ ਕਿ ਦੋ ਦੋਸ਼ੀ ਹਨ, ਸਾਡੀ ਟੀਮ ਉਨ੍ਹਾਂ ਨੂੰ ਫੜਨ ਲਈ ਕੰਮ ਕਰ ਰਹੀ ਹੈ। ਅਸੀਂ ਜਲਦੀ ਹੀ ਉਨ੍ਹਾਂ ਨੂੰ ਫੜ ਲਵਾਂਗੇ। ਕੰਮ ਸ਼ੁਰੂ ਕਰਨ ਵਾਲੇ ਠੇਕੇਦਾਰ ਦੀ ਪਛਾਣ ਕਰ ਲਈ ਗਈ ਹੈ। ਅਸੀਂ ਉਸ ਵਿਰੁੱਧ ਵੀ ਕੇਸ ਦਰਜ ਕਰਕੇ ਉਸ ਨੂੰ ਗ੍ਰਿਫਤਾਰ ਕਰਾਂਗੇ। ਇਸ ਮਾਮਲੇ 'ਚ ਸਖ਼ਤ ਕਾਰਵਾਈ ਕੀਤੀ ਜਾਵੇਗੀ ਤਾਂ ਜੋ ਭਵਿੱਖ 'ਚ ਅਜਿਹੀਆਂ ਘਟਨਾਵਾਂ ਨਾ ਦੁਹਰਾਈਆਂ ਜਾਣ। ਸਾਰੀਆਂ ਟੀਮਾਂ ਨੇ ਵਧੀਆ ਤਾਲਮੇਲ ਬਣਾ ਕੇ ਘਟਨਾ 'ਤੇ ਕੰਮ ਕੀਤਾ ਹੈ।
ਮੋਹਾਲੀ ਦੇ ਐਡੀਸ਼ਨਲ ਡੀਸੀ ਵਿਰਾਜ ਐਸ ਤਿੜਕੇ ਨੇ ਦੱਸਿਆ ਕਿ 24 ਘੰਟਿਆਂ ਬਾਅਦ ਬਚਾਅ ਮੁਹਿੰਮ ਨੂੰ ਬੰਦ ਕਰ ਦਿੱਤਾ ਗਿਆ ਹੈ। ਆਪਰੇਸ਼ਨ ਦੌਰਾਨ NDRF ਅਤੇ ਫੌਜ ਦੀ ਟੀਮ ਨੂੰ ਸਿਰਫ 2 ਲੋਕ ਮਿਲੇ ਹਨ। NDRF ਦੀ ਟੀਮ ਨੇ ਪ੍ਰਸ਼ਾਸਨ ਨੂੰ ਆਪਣੀ ਰਿਪੋਰਟ ਸੌਂਪ ਦਿੱਤੀ ਹੈ। ਜਲਦੀ ਹੀ ਇਲਾਕੇ ਦੀਆਂ ਸਾਰੀਆਂ ਬਹੁਮੰਜ਼ਿਲਾ ਇਮਾਰਤਾਂ ਦਾ ਸਰਵੇ ਕਰਵਾਇਆ ਜਾਵੇਗਾ। ਜੇਕਰ ਕੋਈ ਕਮੀ ਪਾਈ ਗਈ ਤਾਂ ਕਾਰਵਾਈ ਕੀਤੀ ਜਾਵੇਗੀ।
Get all latest content delivered to your email a few times a month.