ਤਾਜਾ ਖਬਰਾਂ
.
ਚੰਡੀਗੜ੍ਹ, 2 ਦਸੰਬਰ: ਪੰਜਾਬ ਊਰਜਾ ਵਿਕਾਸ ਏਜੰਸੀ (ਪੇਡਾ) ਨੇ ਸੂਬੇ ਵਿੱਚ ਊਰਜਾ ਕੁਸ਼ਲਤਾ ਤੇ ਊਰਜਾ ਸੰਭਾਲ 'ਤੇ ਕੇਂਦਰਿਤ ਖੋਜ ਅਤੇ ਨਵੀਨ ਪ੍ਰੋਜੈਕਟਾਂ ਵਾਸਤੇ ਸਹਿਯੋਗ ਲਈ ਚੰਡੀਗੜ੍ਹ ਯੂਨੀਵਰਸਿਟੀ (ਸੀ.ਯੂ.) ਨਾਲ ਸਮਝੌਤਾ ਸਹੀਬੱਧ ਕੀਤਾ ਹੈ।
ਇਸ ਸਮਝੌਤੇ 'ਤੇ ਅੱਜ ਪੇਡਾ ਦੇ ਦਫ਼ਤਰ ਵਿਖੇ ਪੇਡਾ ਦੇ ਮੁੱਖ ਕਾਰਜਕਾਰੀ ਅਧਿਕਾਰੀ ਸ੍ਰੀ ਸੰਦੀਪ ਹਾਂਸ ਅਤੇ ਚੰਡੀਗੜ੍ਹ ਯੂਨੀਵਰਸਿਟੀ ਦੀ ਮਕੈਨੀਕਲ ਇੰਜਨੀਅਰਿੰਗ ਸ਼ਾਖਾ ਦੇ ਪ੍ਰੋਫ਼ੈਸਰ ਡਾ. ਰਾਜ ਕੁਮਾਰ ਵੱਲੋਂ ਹਸਤਾਖ਼ਰ ਕੀਤੇ ਗਏ।
ਸ੍ਰੀ ਸੰਦੀਪ ਹਾਂਸ ਨੇ ਕਿਹਾ ਕਿ ਇਸ ਸਮਝੌਤੇ ਦਾ ਉਦੇਸ਼ ਪੰਜਾਬ ਦੇ ਘਰੇਲੂ, ਵਪਾਰਕ, ਉਦਯੋਗਿਕ, ਖੇਤੀਬਾੜੀ ਅਤੇ ਟਰਾਂਸਪੋਰਟ ਖੇਤਰਾਂ ਵਿੱਚ ਇਮਾਰਤਾਂ, ਉਦਯੋਗ, ਸਾਫ਼-ਸੁਥਰੀ ਤਕਨਾਲੋਜੀ ਅਤੇ ਊਰਜਾ ਬਚਾਊ ਉਪਕਰਨਾਂ ਸਮੇਤ ਵੱਖ-ਵੱਖ ਖੇਤਰਾਂ ਵਿੱਚ ਊਰਜਾ ਕੁਸ਼ਲਤਾ ਤੇ ਊਰਜਾ ਸੰਭਾਲ ਨਾਲ ਸਬੰਧਤ ਖੋਜ ਅਤੇ ਨਵੇਂ ਪ੍ਰੋਜੈਕਟਾਂ 'ਤੇ ਧਿਆਨ ਕੇਂਦਰਿਤ ਕਰਨਾ ਹੈ।
ਉਨ੍ਹਾਂ ਕਿਹਾ ਕਿ ਚੰਡੀਗੜ੍ਹ ਯੂਨੀਵਰਸਿਟੀ (ਸੀ.ਯੂ.) ਇਸ ਪ੍ਰੋਗਰਾਮ ਨੂੰ ਸਥਾਨਕ ਪੱਧਰ 'ਤੇ ਉਤਸ਼ਾਹਿਤ ਕਰੇਗੀ ਤਾਂ ਜੋ ਇਸ ਵਿੱਚ ਵੱਧ ਤੋਂ ਵੱਧ ਸ਼ਮੂਲੀਅਤ ਨੂੰ ਯਕੀਨੀ ਬਣਾਈ ਜਾ ਸਕੇ। ਇਸ ਤੋਂ ਇਲਾਵਾ ਚੰਡੀਗੜ੍ਹ ਯੂਨੀਵਰਸਿਟੀ ਖੋਜ ਤੇ ਵਿਕਾਸ (ਆਰ ਐਂਡ ਡੀ) ਪ੍ਰੋਜੈਕਟਾਂ ਅਤੇ ਵੱਖ-ਵੱਖ ਤਕਨਾਲੋਜੀਆਂ ਦੇ ਡਿਜ਼ਾਈਨ, ਟੈਸਟਿੰਗ, ਕਾਰਗੁਜ਼ਾਰੀ ਦੇ ਮੁਲਾਂਕਣ ਅਤੇ ਵਿਸ਼ਲੇਸ਼ਣ ਲਈ ਰਣਨੀਤਕ ਖੋਜ ਸਹਾਇਤਾ, ਢੁਕਵੀਂ ਸੇਧ ਅਤੇ ਦਿਸ਼ਾ ਪ੍ਰਦਾਨ ਕਰੇਗੀ।
ਪੇਡਾ ਦੇ ਡਾਇਰੈਕਟਰ ਐਮ.ਪੀ.ਸਿੰਘ ਨੇ ਪੰਜਾਬ ਵਿੱਚ ਊਰਜਾ ਸੰਭਾਲ ਖੋਜ ਅਤੇ ਵਿਕਾਸ ਖੇਤਰ ਵਿੱਚ ਪ੍ਰੋਜੈਕਟ ਸ਼ੁਰੂ ਕਰਨ ਲਈ ਚੰਡੀਗੜ੍ਹ ਯੂਨੀਵਰਸਿਟੀ ਦੇ ਯਤਨਾਂ ਦੀ ਸ਼ਲਾਘਾ ਕੀਤੀ। ਉਨ੍ਹਾਂ ਨੇ ਊਰਜਾ ਸੰਭਾਲ ਨਾਲ ਸਬੰਧਤ ਖੋਜ ਅਤੇ ਵਿਕਾਸ ਪ੍ਰੋਜੈਕਟਾਂ ਨੂੰ ਸ਼ੁਰੂ ਕਰਨ ਲਈ ਵੱਖ-ਵੱਖ ਵਿਚਾਰਾਂ 'ਤੇ ਵੀ ਚਰਚਾ ਕੀਤੀ।
ਇਸ ਮੌਕੇ ਪ੍ਰੋਜੈਕਟ ਇੰਜਨੀਅਰ ਪੇਡਾ ਮਨੀ ਖੰਨਾ, ਰੋਹਿਤ ਕੁਮਾਰ ਅਤੇ ਸੀ.ਯੂ. ਦੇ ਡਾ. ਹਰਪ੍ਰੀਤ ਲੁਬਾਣਾ ਵੀ ਹਾਜ਼ਰ ਸਨ।
Get all latest content delivered to your email a few times a month.