ਤਾਜਾ ਖਬਰਾਂ
.
ਚੰਡੀਗੜ੍ਹ- ਭਾਰਤੀ ਹਾਕੀ ਟੀਮ ਦਾ ਕਪਤਾਨ ਹਰਮਨਪ੍ਰੀਤ ਸਿੰਘ ਜਿਸ ਨੂੰ ਆਪਣੀ ਕਪਤਾਨੀ ਹੇਠ ਭਾਰਤ ਨੂੰ ਪੈਰਿਸ ਓਲੰਪਿਕ ਖੇਡਾਂ ਵਿੱਚ ਕਾਂਸੀ ਦਾ ਮੈਡਲ ਜਿਤਾਉਣ ਕਰਕੇ ਦੁਨੀਆਂ “ਹਾਕੀ ਦੇ ਸਰਪੰਚ” ਨਾਲ ਪੁਕਾਰਦੀ ਹੈ। ਹਰਮਨਪ੍ਰੀਤ ਸਿੰਘ ਬਾਬਾ ਬਕਾਲਾ ਨੇੜਲੇ ਪਿੰਡ ਤਿੰਮੋਵਾਲ ਦਾ ਜੰਮਪਲ ਹੈ। ਜੂਨੀਅਰ ਹਾਕੀ ਵਿਸ਼ਵ ਕੱਪ ਦੇ ਸੋਨ ਤਮਗੇ ਤੋਂ ਸੁਨਿਹਰੀ ਸਫ਼ਰ ਸ਼ੁਰੂ ਕਰਨ ਵਾਲੇ ਭਾਰਤੀ ਹਾਕੀ ਟੀਮ ਦੇ ਡਿਫੈਂਡਰ ਅਤੇ ਡਰੈਗ ਫਲਿੱਕਰ ਹਰਮਨਪ੍ਰੀਤ ਸਿੰਘ ਨੇ ਟੋਕੀਓ ਤੇ ਪੈਰਿਸ ਵਿਖੇ ਹੋਈਆਂ ਦੋਵੇਂ ਓਲੰਪਿਕ ਖੇਡਾਂ ਵਿੱਚ ਕਾਂਸੀ ਦਾ ਮੈਡਲ ਜਿੱਤਿਆ। ਪੈਰਿਸ ਵਿਖੇ ਉਹ 10 ਗੋਲਾਂ ਨਾਲ ਟਾਪ ਸਕੋਰਰ ਬਣਿਆ।241 ਮੈਚਾਂ ਵਿੱਚ 212 ਗੋਲਾਂ ਨਾਲ ਉਹ ਗੋਲ ਕਰਨ ਵਿੱਚ ਧਿਆਨ ਚੰਦ ਤੇ ਬਲਬੀਰ ਸਿੰਘ ਸੀਨੀਅਰ ਤੋਂ ਬਾਅਦ ਤੀਜੇ ਨੰਬਰ ਉੱਪਰ ਹੈ। ਆਪਣੇ ਖੇਡ ਕਰੀਅਰ ਵਿੱਚ ਹਰਮਨਪ੍ਰੀਤ ਸਿੰਘ ਨੇ ਇੱਕ ਵਾਰ ਏਸ਼ੀਅਨ ਗੇਮਜ਼, ਇੱਕ ਵਾਰ ਏਸ਼ੀਆ ਕੱਪ, ਤਿੰਨ ਵਾਰ ਏਸ਼ੀਅਨ ਚੈਂਪੀਅਨਜ਼ ਟਰਾਫੀ ਵਿੱਚ ਸੋਨ ਤਮਗ਼ਾ, ਦੋ ਵਾਰ ਚੈਂਪੀਅਨਜ਼ ਟਰਾਫੀ ਵਿੱਚ ਚਾਂਦੀ ਦਾ ਤਮਗ਼ਾ, ਪ੍ਰੋ ਲੀਗ ਅਤੇ ਵਿਸ਼ਵ ਹਾਕੀ ਲੀਗ ਵਿੱਚ ਇੱਕ-ਇੱਕ ਵਾਰ ਕਾਂਸੀ ਦਾ ਤਮਗ਼ਾ ਤੇ ਇੱਕ ਵਾਰ ਕਾਮਨਵੈਲਥ ਗੇਮਜ਼ ਵਿੱਚ ਚਾਂਦੀ ਦਾ ਤਮਗ਼ਾ ਜਿੱਤਿਆ ਹੈ। ਪੰਜਾਬ ਪੁਲਿਸ ਵਿੱਚ ਡੀ.ਐਸ.ਪੀ. ਵਜੋਂ ਸੇਵਾਵਾਂ ਨਿਭਾ ਰਿਹਾ ਹਰਮਨਪ੍ਰੀਤ ਸਿੰਘ ਅਰਜੁਨ ਐਵਾਰਡ ਜੇਤੂ ਹੈ। ਉਹ ਤਿੰਨ ਵਾਰ ਐਫ.ਆਈ.ਐਚ. ਵੱਲੋਂ ਵਰਲਡ ਪਲੇਅਰ ਆਫ ਦਾ ਯੀਅਰ ਐਲਾਨਿਆ ਗਿਆ ਹੈ। ਹਰਮਨਪ੍ਰੀਤ ਸਿੰਘ ਨੂੰ ਕਮਲਜੀਤ ਖੇਡਾਂ ਮੌਕੇ ਸੁਰਜੀਤ ਯਾਦਗਾਰੀ ਐਵਾਰਡ ਨਾਲ ਸਨਮਾਨਤ ਕੀਤਾ ਜਾ ਰਿਹਾ ਹੈ।
*ਹਾਕੀ ਓਲੰਪੀਅਨ ਸ਼ਮਸ਼ੇਰ ਸਿੰਘ (ਸ਼ਹੀਦ ਮੇਜਰ ਵਜਿੰਦਰ ਸਿੰਘ ਸ਼ਾਹੀ ਪੰਜਾਬ ਦਾ ਗੌਰਵ ਐਵਾਰਡ)*
ਭਾਰਤੀ ਹਾਕੀ ਟੀਮ ਦਾ ਫਾਰਵਰਡ ਸ਼ਮਸ਼ੇਰ ਸਿੰਘ ਕੌਮਾਂਤਰੀ ਸਰਹੱਦ ਉਤੇ ਸਥਿਤ ਪਿੰਡ ਅਟਾਰੀ ਦਾ ਜੰਮਪਲ ਹੈ। ਸ਼ਮਸ਼ੇਰ ਸਿੰਘ ਪਿਛਲੇ ਸਮੇਂ ਤੋਂ ਭਾਰਤੀ ਅਟੈਕ ਲਾਈਨ ਦਾ ਮੁੱਖ ਖਿਡਾਰੀ ਹੈ ਜਿਸ ਨੇ ਆਪਣੇ ਥੋੜ੍ਹੇ ਜਿਹੇ ਕਰੀਅਰ ਵਿੱਚ ਦੋ ਵਾਰ ਓਲੰਪਿਕਸ ਵਿੱਚ ਮੈਡਲ ਜਿੱਤਿਆ। ਸ਼ਮਸ਼ੇਰ ਸਿੰਘ ਨੇ ਟੋਕੀਓ ਤੇ ਪੈਰਿਸ ਵਿਖੇ ਹੋਈਆਂ ਓਲੰਪਿਕ ਖੇਡਾਂ ਵਿੱਚ ਕਾਂਸੀ ਦਾ ਮੈਡਲ ਜਿੱਤਿਆ।100 ਤੋਂ ਵੱਧ ਕੌਮਾਂਤਰੀ ਮੈਚ ਖੇਡਣ ਵਾਲੇ ਸ਼ਮਸ਼ੇਰ ਸਿੰਘ ਨੇ ਏਸ਼ੀਅਨ ਗੇਮਜ਼ ਤੇ ਏਸ਼ੀਅਨ ਚੈਂਪੀਅਨਜ਼ ਟਰਾਫੀ ਵਿੱਚ ਸੋਨੇ ਦਾ ਤਮਗ਼ਾ, ਇਕ ਵਾਰ ਏਸ਼ੀਅਨ ਚੈਂਪੀਅਨਜ਼ ਟਰਾਫੀ ਵਿੱਚ ਕਾਂਸੀ ਦਾ ਤਮਗ਼ਾ ਅਤੇ ਬਰਮਿੰਘਮ ਕਾਮਨਵੈਲਥ ਗੇਮਜ਼ ਵਿੱਚ ਚਾਂਦੀ ਦਾ ਤਮਗ਼ਾ ਜਿੱਤਿਆ ਹੈ। ਪੰਜਾਬ ਪੁਲਿਸ ਵਿੱਚ ਡੀ.ਐਸ.ਪੀ. ਵਜੋਂ ਸੇਵਾਵਾਂ ਨਿਭਾ ਰਿਹਾ ਸ਼ਮਸ਼ੇਰ ਸਿੰਘ ਅਰਜੁਨ ਐਵਾਰਡ ਜੇਤੂ ਹੈ। ਸ਼ਮਸ਼ੇਰ ਸਿੰਘ ਨੂੰ ਕਮਲਜੀਤ ਖੇਡਾਂ ਮੌਕੇ ਸ਼ਹੀਦ ਮੇਜਰ ਵਜਿੰਦਰ ਸਿੰਘ ਸ਼ਾਹੀ ਪੰਜਾਬ ਦਾ ਗੌਰਵ ਐਵਾਰਡ ਨਾਲ ਸਨਮਾਨਤ ਕੀਤਾ ਜਾ ਰਿਹਾ ਹੈ।
*ਹਾਕੀ ਓਲੰਪੀਅਨ ਜਰਮਨਪ੍ਰੀਤ ਸਿੰਘ (ਮਾਝੇ ਦਾ ਮਾਣ ਐਵਾਰਡ)*
ਜਰਮਨਪ੍ਰੀਤ ਸਿੰਘ ਭਾਰਤੀ ਹਾਕੀ ਟੀਮ ਵਿੱਚ ਮਿਡਫੀਲਡ ਵਿੱਚ ਖੇਡਦਾ ਹੋਣ ਕਰਕੇ ਭਾਰਤੀ ਹਾਕੀ ਟੀਮ ਦੀ ਜਿੰਦ-ਜਾਨ ਹੈ। ਸਾਬਤ ਸੂਰਤ ਦਿੱਖ ਅਤੇ ਆਪਣੀ ਦਮਖਮ ਦੀ ਖੇਡ ਸਦਕਾ ਜਰਮਨਪ੍ਰੀਤ ਸਿੰਘ ਪੈਰਿਸ ਓਲੰਪਿਕਸ ਵਿੱਚ ਸਭ ਤੋਂ ਵੱਧ ਖਿੱਚ ਦਾ ਕੇਂਦਰ ਰਿਹਾ ਜਿੱਥੇ ਭਾਰਤੀ ਟੀਮ ਨੇ ਕਾਂਸੀ ਦਾ ਮੈਡਲ ਜਿੱਤਿਆ। ਬਾਬਾ ਬਕਾਲਾ ਨੇੜਲੇ ਪਿੰਡ ਰਾਜ਼ਦਾਨ ਦੇ ਜੰਮਪਲ ਜਰਮਨਪ੍ਰੀਤ ਸਿੰਘ ਨੇ 123 ਕੌਮਾਂਤਰੀ ਮੈਚ ਖੇਡੇ ਹਨ। ਆਪਣੇ ਖੇਡ ਕਰੀਅਰ ਵਿੱਚ ਜਰਮਨਪ੍ਰੀਤ ਸਿੰਘ ਨੇ ਏਸ਼ੀਅਨ ਗੇਮਜ਼ ਵਿੱਚ ਇੱਕ ਸੋਨੇ ਦਾ ਤਮਗ਼ਾ, ਏਸ਼ੀਅਨ ਚੈਂਪੀਅਨਜ਼ ਟਰਾਫੀ ਵਿੱਚ ਤਿੰਨ ਵਾਰ ਸੋਨੇ ਦਾ ਤਮਗ਼ਾ ਤੇ ਇੱਕ ਵਾਰ ਕਾਂਸੀ ਦਾ ਤਮਗ਼ਾ, ਚੈਂਪੀਅਨਜ਼ ਟਰਾਫੀ ਤੇ ਕਾਮਨਵੈਲਥ ਗੇਮਜ਼ ਵਿੱਚ ਇੱਕ-ਇੱਕ ਵਾਰ ਚਾਂਦੀ ਦਾ ਤਮਗ਼ਾ ਜਿੱਤਿਆ ਹੈ। ਜਰਮਨਪ੍ਰੀਤ ਸਿੰਘ ਨੂੰ ਕਮਲਜੀਤ ਖੇਡਾਂ ਮੌਕੇ ਮਾਝੇ ਦਾ ਮਾਣ ਐਵਾਰਡ ਨਾਲ ਸਨਮਾਨਤ ਕੀਤਾ ਜਾ ਰਿਹਾ ਹੈ।
*ਓਲੰਪੀਅਨ ਅਥਲੀਟ ਤੇਜਿੰਦਰ ਪਾਲ ਸਿੰਘ ਤੂਰ (ਕਮਲਜੀਤ ਯਾਦਗਾਰੀ ਐਵਾਰਡ)*
ਓਲੰਪੀਅਨ ਅਥਲੀਟ ਤੇਜਿੰਦਰ ਪਾਲ ਸਿੰਘ ਤੂਰ ਮੋਗਾ ਨੇੜਲੇ ਪਿੰਡ ਖੋਸਾ ਪਾਂਡੋ ਦਾ ਜੰਮਪਲ ਹੈ। ਤੇਜਿੰਦਰ ਪਾਲ ਸਿੰਘ ਨੇ ਪੈਰਿਸ ਓਲੰਪਿਕ ਖੇਡਾਂ ਵਿੱਚ ਸ਼ਾਟਪੁੱਟ ਮੁਕਾਬਲਿਆਂ ਵਿੱਚ ਹਿੱਸਾ ਲਿਆ। ਉਸ ਨੇ ਟੋਕੀਓ ਓਲੰਪਿਕਸ ਵਿੱਚ ਵੀ ਹਿੱਸਾ ਲਿਆ ਸੀ। ਤੂਰ ਨੇ ਦੋ ਵਾਰ ਏਸ਼ੀਅਨ ਗੇਮਜ਼ ਵਿੱਚ ਸੋਨੇ ਦਾ ਤਮਗ਼ਾ ਜਿੱਤਿਆ ਹੈ। ਇਸ ਤੋਂ ਇਲਾਵਾ ਤੂਰ ਨੇ ਏਸ਼ੀਅਨ ਚੈਂਪੀਅਨਸ਼ਿਪ ਵਿੱਚ ਦੋ ਵਾਰ ਸੋਨੇ ਅਤੇ ਇੱਕ ਵਾਰ ਚਾਂਦੀ ਦਾ ਤਮਗ਼ਾ ਜਿੱਤਿਆ ਹੈ। ਉਸ ਨੇ ਏਸ਼ੀਅਨ ਇੰਡੋਰ ਚੈਂਪੀਅਨਸ਼ਿਪ ਵਿੱਚ ਵੀ ਦੋ ਵਾਰ ਸੋਨੇ ਅਤੇ ਇੱਕ ਵਾਰ ਚਾਂਦੀ ਦਾ ਤਮਗ਼ਾ ਜਿੱਤਿਆ ਹੈ। 21.73 ਮੀਟਰ ਦੀ ਥਰੋਅ ਨਾਲ ਉਹ ਏਸ਼ੀਆ ਦਾ ਰਿਕਾਰਡ ਹੋਲਡਰ ਵੀ ਰਿਹਾ ਹੈ। ਪੰਜਾਬ ਪੁਲਿਸ ਵਿੱਚ ਡੀ.ਐਸ.ਪੀ. ਵਜੋਂ ਸੇਵਾਵਾਂ ਨਿਭਾ ਰਿਹਾ ਤੇਜਿੰਦਰ ਪਾਲ ਸਿੰਘ ਤੂਰ ਅਰਜੁਨ ਐਵਾਰਡ ਜੇਤੂ ਹੈ। ਤੇਜਿੰਦਰ ਪਾਲ ਸਿੰਘ ਤੂਰ ਨੂੰ ਕਮਲਜੀਤ ਖੇਡਾਂ ਮੌਕੇ ਕਮਲਜੀਤ ਯਾਦਗਾਰੀ ਐਵਾਰਡ ਨਾਲ ਸਨਮਾਨਤ ਕੀਤਾ ਜਾ ਰਿਹਾ ਹੈ।
*ਓਲੰਪੀਅਨ ਨਿਸ਼ਾਨੇਬਾਜ਼ ਅਰਜੁਨ ਸਿੰਘ ਚੀਮਾ (ਅਮਰਜੀਤ ਸਿੰਘ ਗਰੇਵਾਲ ਯਾਦਗਾਰੀ ਐਵਾਰਡ)*
ਓਲੰਪੀਅਨ ਨਿਸ਼ਾਨੇਬਾਜ਼ ਅਰਜੁਨ ਸਿੰਘ ਚੀਮਾ ਸ਼ਹੀਦਾਂ ਦੀ ਧਰਤੀ ਫਤਹਿਗੜ੍ਹ ਸਾਹਿਬ ਜ਼ਿਲੇ ਦੇ ਉਦਯੋਗਿਕ ਸ਼ਹਿਰ ਮੰਡੀ ਗੋਬਿੰਦਗੜ੍ਹ ਦਾ ਜੰਮਪਲ ਹੈ।10 ਮੀਟਰ ਏਅਰ ਰਾਈਫਲ ਈਵੈਂਟ ਦੇ ਨਿਸ਼ਾਨੇਬਾਜ਼ ਅਰਜੁਨ ਸਿੰਘ ਚੀਮਾ ਨੇ ਪੈਰਿਸ ਓਲੰਪਿਕ ਖੇਡਾਂ ਵਿੱਚ ਵਿੱਚ ਹਿੱਸਾ ਲਿਆ। ਅਰਜੁਨ ਸਿੰਘ ਚੀਮਾ ਨੇ ਪਿਛਲੇ ਸਾਲ ਹਾਂਗਜ਼ੂ ਵਿਖੇ ਹੋਈਆਂ ਏਸ਼ੀਅਨ ਗੇਮਜ਼ ਵਿੱਚ ਸੋਨੇ ਦਾ ਤਮਗ਼ਾ ਜਿੱਤਿਆ। ਅਰਜੁਨ ਸਿੰਘ ਚੀਮਾ ਨੇ ਏਸ਼ੀਅਨ ਚੈਂਪੀਅਨਸ਼ਿਪ ਵਿੱਚ ਦੋ ਕਾਂਸੀ ਦੇ ਤਮਗ਼ੇ ਜਿੱਤੇ। ਅਤੇ ਇੱਕ ਵਾਰ ਚਾਂਦੀ ਦਾ ਤਮਗ਼ਾ ਜਿੱਤਿਆ ਹੈ। ਉਸ ਨੇ ਜੂਨੀਅਰ ਵਰਗ ਵਿੱਚ ਖੇਡਦਿਆਂ ਵਿਸ਼ਵ ਚੈਂਪੀਅਨਸ਼ਿਪ ਅਤੇ ਵਿਸ਼ਵ ਕੱਪ ਵਿੱਚ ਵੀ ਸੋਨ ਤਮਗ਼ੇ ਜਿੱਤੇ ਹਨ। ਅਰਜੁਨ ਸਿੰਘ ਚੀਮਾ ਨੂੰ ਕਮਲਜੀਤ ਖੇਡਾਂ ਮੌਕੇ ਅਮਰਜੀਤ ਸਿੰਘ ਗਰੇਵਾਲ ਯਾਦਗਾਰੀ ਐਵਾਰਡ ਨਾਲ ਸਨਮਾਨਤ ਕੀਤਾ ਜਾ ਰਿਹਾ ਹੈ।
*ਓਲੰਪੀਅਨ ਪੈਰਾ ਅਥਲੀਟ ਮੁਹੰਮਦ ਇਆਸਰ (ਹਰਜੀਤ ਬਰਾੜ ਬਾਜਾਖਾਨਾ ਯਾਦਗਾਰੀ ਐਵਾਰਡ)*
ਮਾਲੇਰਕੋਟਲਾ ਦੇ ਜੰਮਪਲ ਓਲੰਪੀਅਨ ਪੈਰਾ ਅਥਲੀਟ ਮੁਹੰਮਦ ਇਆਸਰ ਨੇ ਪੈਰਿਸ ਪੈਰਾਲੰਪਿਕਸ ਵਿੱਚ ਸ਼ਾਟਪੁੱਟ ਮੁਕਾਬਲੇ ਵਿੱਚ ਹਿੱਸਾ ਲਿਆ। ਪੈਰਾਲੰਪਿਕਸ ਵਿੱਚ ਹਿੱਸਾ ਲੈਣ ਵਾਲੇ ਤਿੰਨ ਪੰਜਾਬੀ ਪੈਰਾ ਖਿਡਾਰੀਆਂ ਵਿੱਚੋਂ ਉਹ ਇੱਕ ਸੀ। ਮੁਹੰਮਦ ਇਆਸਰ ਨੇ ਪੈਰਾ ਏਸ਼ੀਅਨ ਗੇਮਜ਼ ਵਿੱਚ ਕਾਂਸੀ ਦਾ ਤਮਗ਼ਾ ਜਿੱਤਿਆ ਹੈ।ਆਪਣੇ ਸ਼ਾਨਦਾਰ ਖੇਡ ਕਰੀਅਰ ਵਿੱਚ ਮੁਹੰਮਦ ਇਆਸਰ ਨੇ ਵਿਸ਼ਵ ਪੈਰਾ ਅਥਲੈਟਿਕਸ ਗਰੈਂਡ ਪ੍ਰੀਕਸ ਵਿੱਚ ਦੋ ਵਾਰ ਸੋਨੇ, ਇੱਕ ਵਾਰ ਚਾਂਦੀ ਤੇ ਇੱਕ ਵਾਰ ਕਾਂਸੀ ਦਾ ਤਮਗ਼ਾ ਜਿੱਤਿਆ ਹੈ। ਪੈਰਾ ਵਿਸ਼ਵ ਗੇਮਜ਼ ਵਿੱਚ ਚਾਂਦੀ ਦਾ ਤਮਗ਼ਾ ਜਿੱਤਿਆ। ਸ਼ਾਰਜਾਹ ਕੌਮਾਂਤਰੀ ਮੁਕਾਬਲੇ ਵਿੱਚ ਚਾਂਦੀ ਦਾ ਤਮਗ਼ਾ ਜਿੱਤਿਆ।ਮੁਹੰਮਦ ਇਆਸਰ ਨੇ ਲਗਾਤਾਰ ਤਿੰਨ ਵਾਰ ਨੈਸ਼ਨਲ ਚੈਂਪੀਅਨਸ਼ਿਪ ਜਿੱਤ ਕੇ ਗੋਲਡਨ ਹੈਟ੍ਰਿਕ ਪੂਰੀ ਕੀਤੀ ਹੈ। ਮੁਹੰਮਦ ਇਆਸਰ ਨੂੰ ਕਮਲਜੀਤ ਖੇਡਾਂ ਮੌਕੇ ਹਰਜੀਤ ਬਰਾੜ ਬਾਜਾਖਾਨਾ ਯਾਦਗਾਰੀ ਐਵਾਰਡ ਨਾਲ ਸਨਮਾਨਤ ਕੀਤਾ ਜਾ ਰਿਹਾ ਹੈ।
Get all latest content delivered to your email a few times a month.