ਤਾਜਾ ਖਬਰਾਂ
.
ਸੂਬੇ ’ਚ ਗੰਨੇ ਦੀ ਪਿੜਾਈ ਦਾ ਸੀਜ਼ਨ 30 ਨਵੰਬਰ ਤੋਂ ਸ਼ੁਰੂ ਹੋਣ ਜਾ ਰਿਹਾ ਹੈ। ਹਾਲਾਂਕਿ ਵੱਖ-ਵੱਖ ਮਿੱਲਾਂ ’ਚ ਪਿੜਾਈ ਦਾ ਕੰਮ ਸ਼ੁਰੂ ਕਰਨ ਲਈ ਅਲੱਗ-ਅਲੱਗ ਮਿਤੀਆਂ ਨਿਰਧਾਰਤ ਕੀਤੀਆਂ ਗਈਆਂ ਹਨ। ਹਾਲਾਂਕਿ ਸਰਕਾਰ ਵੱਲੋਂ ਗੰਨੇ ਦੀ ਪਿੜਾਈ ਦਾ ਸੀਜ਼ਨ 25 ਨਵੰਬਰ ਤੋਂ ਸ਼ੁਰੂ ਕਰਨ ਦੇ ਦਿਸ਼ਾ-ਨਿਰਦੇਸ਼ ਦਿੱਤੇ ਗਏ ਸਨ। ਖੰਡ ਮਿੱਲਾਂ ਵੱਲੋਂ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਗਈਆਂ ਸਨ ਅਤੇ ਉਨ੍ਹਾਂ ਵੱਲੋਂ ਕਿਸਾਨਾਂ ਨੇ ਕੀਤੇ ਗਏ ਬਾਂਡ ਮੁਤਾਬਕ ਗੰਨੇ ਦੀ ਪਿੜਾਈ ਸ਼ੁਰੂ ਕਰਨ ਲਈ ਸ਼ੂਗਰਫੈੱਡ ਪੰਜਾਬ ਨੂੰ ਤਰੀਕਾਂ ਨੋਟ ਕਰਵਾ ਦਿੱਤੀਆਂ ਸਨ। ਖੇਤੀਬਾੜੀ ਵਿਭਾਗ ਮੁਤਾਬਕ ਇਸ ਵਾਰ ਸੂਬੇ ਅੰਦਰ ਗੰਨੇ ਦੀ ਬਿਜਾਈ ਹੇਠਲਾ ਰਕਬਾ 95 ਹਜ਼ਾਰ ਹੈਕਟੇਅਰ ਹੈ ਅਤੇ ਇਸ ਸੀਜ਼ਨ ਦੌਰਾਨ ਗੰਨੇ ਦੀ ਪੈਦਾਵਾਰ 781 ਲੱਖ ਕੁਇੰਟਲ ਹੋਣ ਦੀ ਉਮੀਦ ਹੈ। ਸੂਬੇ ਦੀਆ 15 ਖੰਡ ਮਿੱਲਾਂ ਹਨ, ਜਿਨ੍ਹਾਂ ’ਚੋਂ 9 ਸਹਿਕਾਰੀ ਖੇਤਰ ਦੀਆਂ ਤੇ 5 ਪ੍ਰਾਈਵੇਟ ਮਿੱਲਾਂ ਹਨ। ਸ਼ੂਗਰਫੈੱਡ ਦੀ ਐੱਮਡੀ ਸੇਨੂ ਦੁੱਗਲ ਨੇ ਦੱਸਿਆ ਕਿ ਸਹਿਕਾਰੀ ਖੇਤਰ ਦੀਆ 9 ਮਿੱਲਾਂ ਹਨ, ਜਿਨ੍ਹਾਂ ਵਿਚੋਂ ਸੀਜ਼ਨ ਦੌਰਾਨ 2.30 ਲੱਖ ਕੁਇੰਟਲ ਦੇ ਕਰੀਬ ਗੰਨੇ ਦੀ ਪਿੜਾਈ ਕੀਤੀ ਜਾਣੀ ਹੈ। ਉਨ੍ਹਾਂ ਦੱਸਿਆ ਕਿ 30 ਨਵੰਬਰ ਤੋਂ ਗੁਰਦਾਸਪੁਰ ਜ਼ਿਲ੍ਹੇ ਦੀ ਸਹਿਕਾਰੀ ਖੰਡ ਮਿੱਲ ਪਨਿਆੜ ’ਚ ਗੰਨੇ ਦੀ ਪਿੜਾਈ ਸ਼ੁਰੂ ਹੋ ਰਹੀ ਹੈ। ਇਸੇ ਤਰ੍ਹਾਂ ਅਜਨਾਲਾ ਮਿੱਲ ’ਚ 1 ਦਸੰਬਰ, ਭੋਗਪੁਰ ਤੇ ਬੁੱਢੇਵੜ ’ਚ 2 ਦਸੰਬਰ, ਮੋਰਿੰਡਾ ਤੇ ਨਕੋਦਰ ’ਚ 3 ਦਸੰਬਰ, ਬਟਾਲਾ ’ਚ 5 ਦਸੰਬਰ, ਨਵਾਂਸ਼ਹਿਰ ’ਚ 8 ਦਸੰਬਰ ਅਤੇ ਫਾਜ਼ਿਲਕਾ ਦੀ ਖੰਡ ਮਿੱਲ 10 ਦਸੰਬਰ ਤੋਂ ਗੰਨੇ ਦੀ ਪਿੜਾਈ ਦਾ ਕੰਮ ਸ਼ੁਰੂ ਹੋਵੇਗਾ।
Get all latest content delivered to your email a few times a month.