ਤਾਜਾ ਖਬਰਾਂ
.
ਚੰਡੀਗੜ੍ਹ- ਚੰਡੀਗੜ੍ਹ 'ਚ ਦੋ ਕਲੱਬਾਂ ਦੇ ਬਾਹਰ ਬੰਬ ਸੁੱਟਣ ਵਾਲੇ ਦੋਸ਼ੀਆਂ ਅਤੇ ਪੁਲਿਸ ਵਿਚਾਲੇ ਸ਼ੁੱਕਰਵਾਰ ਸ਼ਾਮ ਨੂੰ ਹਿਸਾਰ 'ਚ ਮੁਕਾਬਲਾ ਹੋਇਆ। ਜਿਸ ਵਿੱਚ ਦੋਵੇਂ ਮੁਲਜ਼ਮਾਂ ਦੀਆਂ ਲੱਤਾਂ ਵਿੱਚ ਗੋਲੀਆਂ ਲੱਗੀਆਂ ਸਨ। ਇਸ ਤੋਂ ਬਾਅਦ ਪੁਲਸ ਨੇ ਉਨ੍ਹਾਂ ਨੂੰ ਗ੍ਰਿਫਤਾਰ ਕਰ ਲਿਆ। ਦੋਵਾਂ ਨੂੰ ਹਿਸਾਰ ਦੇ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਹੈ। ਉਨ੍ਹਾਂ ਨੂੰ ਫੜਨ ਲਈ ਚੰਡੀਗੜ੍ਹ ਪੁਲਿਸ ਅਤੇ ਹਿਸਾਰ ਦੀ ਐਸਟੀਐਫ ਨੇ ਸਾਂਝਾ ਆਪ੍ਰੇਸ਼ਨ ਚਲਾਇਆ। ਏਐਸਆਈ ਸੰਦੀਪ ਅਤੇ ਅਨੂਪ ਮੁਲਜ਼ਮਾਂ ਦੀ ਗੋਲੀਬਾਰੀ ਵਿੱਚ ਵਾਲ-ਵਾਲ ਬਚ ਗਏ ਕਿਉਂਕਿ ਉਨ੍ਹਾਂ ਨੇ ਬੁਲੇਟ ਪਰੂਫ਼ ਜੈਕਟ ਪਾਈ ਹੋਈ ਸੀ। ਦੋਵਾਂ ਦੀਆਂ ਬੁਲੇਟਪਰੂਫ ਜੈਕਟਾਂ 'ਤੇ ਗੋਲੀਆਂ ਲੱਗੀਆਂ। ਮੁਲਜ਼ਮਾਂ ਕੋਲੋਂ ਆਟੋਮੈਟਿਕ ਪਿਸਤੌਲ ਬਰਾਮਦ ਹੋਏ ਹਨ।
ਮੁਢਲੀ ਪੁੱਛਗਿੱਛ ਦੌਰਾਨ ਮੁਲਜ਼ਮਾਂ ਨੇ ਦੱਸਿਆ ਕਿ ਉਨ੍ਹਾਂ ਨੇ ਗੈਂਗਸਟਰ ਲਾਰੈਂਸ ਦੇ ਸਾਥੀ ਗੋਲਡੀ ਬਰਾੜ ਦੀਆਂ ਹਦਾਇਤਾਂ ’ਤੇ ਕਲੱਬ ਦੇ ਬਾਹਰ ਬੰਬ ਸੁੱਟੇ ਸਨ। ਧਮਾਕੇ ਤੋਂ ਬਾਅਦ ਗੋਲਡੀ ਬਰਾੜ ਨੇ ਪੋਸਟਰ ਲਗਾ ਕੇ ਇਸ ਦੀ ਜ਼ਿੰਮੇਵਾਰੀ ਵੀ ਲਈ ਸੀ। ਹਾਲਾਂਕਿ ਕੁਝ ਸਮੇਂ ਬਾਅਦ ਪੋਸਟ ਨੂੰ ਡਿਲੀਟ ਕਰ ਦਿੱਤਾ ਗਿਆ।ਮੁਲਜ਼ਮਾਂ ਦੀ ਪਛਾਣ ਅਜੀਤ ਵਾਸੀ ਪਿੰਡ ਖਰੜ ਅਤੇ ਵਿਨੈ (21) ਵਾਸੀ ਪਿੰਡ ਦੇਵਾ (ਹਿਸਾਰ) ਵਜੋਂ ਹੋਈ ਹੈ। ਦੋਵੇਂ ਕਬੱਡੀ ਦੇ ਖਿਡਾਰੀ ਹਨ। ਵਿਨੈ ਬੀਏ ਪਾਸ ਹੈ ਅਤੇ ਅਜੀਤ 10ਵੀਂ ਪਾਸ ਹੈ। ਅਜੀਤ ਖ਼ਿਲਾਫ਼ ਪਹਿਲਾਂ ਹੀ ਅਸਲਾ ਐਕਟ ਤਹਿਤ ਕੇਸ ਦਰਜ ਹੈ।ਚੰਡੀਗੜ੍ਹ ਦੀ ਐਸਐਸਪੀ ਕੰਵਰਦੀਪ ਕੌਰ ਨੇ ਕਲੱਬਾਂ ਦੇ ਬਾਹਰ ਬੰਬ ਸੁੱਟਣ ਦੀ ਘਟਨਾ ਦੀ ਜਾਂਚ ਲਈ ਕ੍ਰਾਈਮ ਬ੍ਰਾਂਚ, ਅਪਰੇਸ਼ਨ ਸੈੱਲ ਅਤੇ ਜ਼ਿਲ੍ਹਾ ਕਰਾਈਮ ਸੈੱਲ ਦੀ ਸਾਂਝੀ ਟੀਮ ਬਣਾਈ ਸੀ। ਇਸ ਟੀਮ ਨੇ ਵੀਰਵਾਰ ਨੂੰ ਬੰਬ ਧਮਾਕਿਆਂ ਵਿਚ ਸ਼ਾਮਲ ਲੋਕਾਂ ਦੀ ਪਛਾਣ ਕਰ ਲਈ ਸੀ ਅਤੇ ਉਨ੍ਹਾਂ ਦੀ ਭਾਲ ਵਿਚ ਹਿਸਾਰ ਪਹੁੰਚੀ ਸੀ। ਇੱਥੇ ਟੀਮ ਨੇ ਹਿਸਾਰ ਐਸ.ਟੀ.ਐਫ. ਟੀਮ ਦੀ ਸਹਾਇਤਾ ਲਈ।
ਸ਼ੁੱਕਰਵਾਰ ਸ਼ਾਮ ਕਰੀਬ 8 ਵਜੇ ਦੋਵੇਂ ਬਾਈਕ 'ਤੇ ਹਿਸਾਰ ਤੋਂ ਪਿੰਡ ਪੀਰਾਂਵਾਲੀ ਜਾ ਰਹੇ ਸਨ। ਇਸ ਦੀ ਸੂਚਨਾ ਮਿਲਦੇ ਹੀ ਟੀਮ ਉਨ੍ਹਾਂ ਦਾ ਪਿੱਛਾ ਕਰਨ ਗਈ। ਅਜੀਤ ਮੋਟਰਸਾਈਕਲ ਚਲਾ ਰਿਹਾ ਸੀ। ਇਸ ਦੌਰਾਨ ਭੱਜਦੇ ਸਮੇਂ ਉਨ੍ਹਾਂ ਦੀ ਬਾਈਕ ਚਿੱਕੜ ਕਾਰਨ ਫਿਸਲ ਗਈ। ਇਸ ਤੋਂ ਬਾਅਦ ਦੋਵੇਂ ਪੈਦਲ ਭੱਜਣ ਲੱਗੇ। ਜਦੋਂ ਪੁਲਿਸ ਨੇ ਪਿੱਛਾ ਕੀਤਾ ਤਾਂ ਉਨ੍ਹਾਂ ਨੇ ਫਾਇਰਿੰਗ ਸ਼ੁਰੂ ਕਰ ਦਿੱਤੀ। ਇਸ 'ਤੇ ਪੁਲਸ ਨੇ ਜਵਾਬੀ ਕਾਰਵਾਈ ਕੀਤੀ, ਜਿਸ 'ਚ ਦੋਹਾਂ ਦੀਆਂ ਲੱਤਾਂ 'ਚ ਗੋਲੀਆਂ ਲੱਗੀਆਂ।ਗੋਲੀ ਲੱਗਣ ਨਾਲ ਜ਼ਖਮੀ ਹੋਣ ਤੋਂ ਬਾਅਦ ਪੁਲਸ ਨੇ ਦੋਵਾਂ ਨੂੰ ਫੜ ਕੇ ਹਸਪਤਾਲ ਪਹੁੰਚਾਇਆ।
Get all latest content delivered to your email a few times a month.