ਤਾਜਾ ਖਬਰਾਂ
.
ਮੋਗਾ, 27 ਨਵੰਬਰ - ਸਥਾਨਕ ਬਲੂਮਿੰਗ ਬਡਜ਼ ਸਕੂਲ ਵਿਖੇ ਅੱਜ ਜ਼ਿਲ੍ਹਾ ਪ੍ਰਸ਼ਾਸ਼ਨ ਵੱਲੋਂ ਜ਼ਿਲ੍ਹਾ ਆਪਦਾ ਪ੍ਰਬੰਧਨ ਅਥਾਰਟੀ ਦੇ ਸਹਿਯੋਗ ਨਾਲ' ਅਰਥਕੁਇਕ ਅਤੇ ਇਵੈਕੁਏਸ਼ਨ ਡਰਿੱਲ' ਕਰਵਾਈ ਗਈ। ਇਸ ਡਰਿੱਲ ਦਾ ਮਕਸਦ ਸਕੂਲ ਵਿਦਿਆਰਥੀਆਂ ਅਤੇ ਸਟਾਫ਼ ਨੂੰ ਭੂਚਾਲ ਆਉਣ ਦੀ ਸੂਰਤ ਵਿੱਚ ਬਚਾਓ ਅਤੇ ਆਫ਼ਤ ਪ੍ਰਬੰਧਨ ਦੀ ਸਿਖ਼ਲਾਈ ਦੇਣਾ ਅਤੇ ਹੰਗਾਮੀ ਹਾਲਤ ਪੈਦਾ ਹੋਣ ਉੱਤੇ ਪ੍ਰਸ਼ਾਸ਼ਨ ਦੀਆਂ ਤਿਆਰੀਆਂ ਦਾ ਜਾਇਜ਼ਾ ਲੈਣਾ ਸੀ। ਇਸ ਡਰਿੱਲ ਦੌਰਾਨ ਸ੍ਰ ਸਾਰੰਗਪ੍ਰੀਤ ਸਿੰਘ ਐੱਸ ਡੀ ਐੱਮ ਮੋਗਾ, ਐਨ ਡੀ ਆਰ ਐਫ ਦੇ ਏਰੀਆ ਮੁਖੀ ਸ਼੍ਰੀ ਡੀ ਐਲ ਜਾਖੜ, ਡੀ ਐੱਸ ਪੀ ਸ੍ਰ ਜੋਰਾ ਸਿੰਘ, ਜ਼ਿਲ੍ਹਾ ਆਪਦਾ ਪ੍ਰਬੰਧਨ ਅਥਾਰਟੀ ਦੇ ਮੁਖੀ ਸ਼੍ਰੀ ਰਾਮ ਚੰਦਰ ਅਤੇ ਹੋਰ ਵੀ ਹਾਜ਼ਰ ਸਨ।
ਅੱਜ ਬਾਅਦ ਦੁਪਹਿਰ 1:03 ਵਜੇ ਸਕੂਲ ਵੱਲੋਂ ਭੂਚਾਲ ਆਉਣ ਸਬੰਧੀ ਹੂਟਰ ਵਜਾਇਆ ਗਿਆ, ਜਿਸ ਉੱਤੇ ਤੁਰੰਤ ਹੀ ਸਾਰੇ ਸਬੰਧਤ ਵਿਭਾਗਾਂ ਨੂੰ ਅਲਰਟ ਕੀਤਾ ਗਿਆ ਅਤੇ ਤੁਰੰਤ ਸਕੂਲ ਵਿਖੇ ਪਹੁੰਚਣ ਲਈ ਕਿਹਾ ਗਿਆ। ਸਾਰੇ ਵਿਭਾਗਾਂ ਵੱਲੋਂ ਤੁਰੰਤ ਹਰਕਤ ਕਰਕੇ ਪ੍ਰਭਾਵਿਤ ਹੋਏ 10 ਵਿਦਿਆਰਥੀਆਂ ਨੂੰ ਬਚਾਇਆ ਗਿਆ। ਮੌਕ ਡਰਿੱਲ ਲਈ ਐਨ ਡੀ ਆਰ ਐੱਫ ਦੀ ਟੀਮ, ਨਗਰ ਨਿਗਮ ਦੇ ਫਾਇਰ ਬ੍ਰਿਗੇਡ ਵਿਭਾਗ, ਸਿਹਤ ਵਿਭਾਗ ਅਤੇ ਪੁਲਿਸ ਵਿਭਾਗ ਤੋਂ ਅਧਿਕਾਰੀ ਅਤੇ ਕਰਮਚਾਰੀ ਪਹੁੰਚੇ ਹੋਏ ਸਨ। ਇਹ ਡਰਿੱਲ 02:00 ਵਜੇ ਮੁਕੰਮਲ ਹੋਈ।
ਸਾਰੇ ਵਿਭਾਗਾਂ ਵੱਲੋਂ ਸਮੇਂ ਸਿਰ ਕਾਰਵਾਈ ਕਰਦਿਆਂ ਲੋਕਾਂ ਨੂੰ ਬਚਾਉਣ ਅਤੇ ਸਥਿਤੀ ਨੂੰ ਠੀਕ ਕਰਨ ਲਈ ਆਪਣੀ-ਆਪਣੀ ਬਣਦੀ ਡਿਊਟੀ ਨਿਭਾਈ ਗਈ। ਇਸ ਡਰਿੱਲ ਵਿੱਚ ਹਰ ਤਰ੍ਹਾਂ ਦੇ ਉਪਕਰਨ ਅਤੇ ਸਾਧਨਾਂ ਦੀ ਵਰਤੋਂ ਕੀਤੀ ਗਈ, ਜੋ ਕਿ ਕਿਸੇ ਹੰਗਾਮੀ ਸਥਿਤੀ ਵਿੱਚ ਲੋੜੀਂਦੇ ਹੁੰਦੇ ਹਨ। ਲੋਕਾਂ ਨੂੰ ਇਸ ਸਥਿਤੀ ਨਾਲ ਨਿਪਟਣ ਲਈ ਕੀ-ਕੀ ਤਰੀਕੇ ਵਰਤੇ ਜਾਂਦੇ ਹਨ, ਇਸ ਬਾਰੇ ਜਾਣਕਾਰੀ ਦਿੱਤੀ ਗਈ। ਕੁੱਲ ਮਿਲਾ ਕੇ ਇਹ ਮੌਕ ਡਰਿੱਲ ਬਹੁਤ ਹੀ ਸਫ਼ਲ ਅਤੇ ਸਿੱਖਿਆਦਾਇਕ ਰਹੀ। ਇਸ ਸਫ਼ਲ ਡਰਿੱਲ ਲਈ ਸਕੂਲ ਦੇ ਮੁਖੀ ਸ਼੍ਰੀ ਸੰਜੀਵ ਕੁਮਾਰ ਸੈਣੀ ਅਤੇ ਪ੍ਰਿੰਸੀਪਲ ਡਾਕਟਰ ਹਮੀਲੀਆ ਰਾਣੀ, ਚੇਅਰਪਰਸਨ ਸ੍ਰੀਮਤੀ ਕਮਲ ਸੈਣੀ ਅਤੇ ਸਕੂਲ ਨੋਡਲ ਅਫ਼ਸਰ ਸ਼੍ਰੀ ਰਾਹੁਲ ਛਾਬੜਾ ਨੇ ਜ਼ਿਲ੍ਹਾ ਪ੍ਰਸ਼ਾਸ਼ਨ ਦੇ ਸਹਿਯੋਗ ਲਈ ਧੰਨਵਾਦ ਕੀਤਾ। ਸ੍ਰ ਸਾਰੰਗਪ੍ਰੀਤ ਸਿੰਘ ਐੱਸ ਡੀ ਐੱਮ ਮੋਗਾ ਨੇ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸ਼ਨ ਕਿਸੇ ਵੀ ਹੰਗਾਮੀ ਸਥਿਤੀ ਦਾ ਸਾਹਮਣਾ ਕਰਨ ਲਈ ਹਮੇਸ਼ਾਂ ਤਿਆਰ ਹੈ।
Get all latest content delivered to your email a few times a month.