ਤਾਜਾ ਖਬਰਾਂ
.
ਭਾਰਤ ਸਰਕਾਰ, ਇਸਤਰੀ ਤੇ ਬਾਲ ਵਿਕਾਸ ਮੰਤਰਾਲੇ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਡਿਪਟੀ ਕਮਿਸ਼ਨਰ ਮੋਗਾ ਸ੍ਰੀ ਵਿਸ਼ੇਸ਼ ਸਾਰੰਗਲ ਦੇ ਹੁਕਮਾਂ ਤਹਿਤ ਜ਼ਿਲ੍ਹਾ ਪ੍ਰਸ਼ਾਸ਼ਨ, ਪੁਲਿਸ ਵਿਭਾਗ, ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਸਿਹਤ ਵਿਭਾਗ, ਪੰਚਾਇਤ ਵਿਭਾਗ, ਸਿੱਖਿਆ ਵਿਭਾਗ, ਇਸਤਰੀ ਤੇ ਬਾਲ ਵਿਕਾਸ ਵਿਭਾਗ, ਬਾਲ ਭਲਾਈ ਕਮੇਟੀ ਮੋਗਾ ਅਤੇ ਜੁਵੇਨਾਈਲ ਜਸਟਿਸ ਬੋਰਡ ਮੋਗਾ ਵੱਲੋਂ ʻਬਾਲ ਵਿਆਹ ਮੁਕਤ ਭਾਰਤʼ ਮੁਹਿੰਮ ਵਿੱਚ ਵੈਬਕਾਸਟ ਰਾਹੀਂ ਭਾਗ ਲਿਆ ਗਿਆ ਅਤੇ ਸਹੁੰ ਚੁੱਕ ਸਮਾਗਮ ਦਾ ਆਯੋਜਨ ਕੀਤਾ ਗਿਆ। ਹਾਜ਼ਰੀਨ ਨੇ ਸਹੁੰ ਚੁੱਕੀ ਕਿ ਉਹ ਬਾਲ ਵਿਆਹ ਵਿਰੁੱਧ ਹਰ ਸੰਭਵ ਕੋਸ਼ਿਸ਼ ਕਰਨਗੇ, ਉਹ ਆਪਣੇ ਪਰਿਵਾਰ, ਆਂਢ ਗੁਆਂਢ ਅਤੇ ਭਾਈਚਾਰੇ ਆਦਿ ਕਿਤੇ ਵੀ ਬਾਲ ਵਿਆਹ ਨਹੀਂ ਹੋਣ ਦੇਣਗੇ। ਬਾਲ ਵਿਆਰ ਦੇ ਕਿਸੇ ਵੀ ਯਤਨ ਦੀ ਰਿਪੋਰਟ ਸਬੰਧਤ ਸਰਕਾਰੀ ਦਫ਼ਤਰ ਨੂੰ ਦੇਣਗੇ। ਉਹ ਸਾਰੇ ਬੱਚਿਆਂ ਦੀ ਸਿੱਖਿਆ ਅਤੇ ਸੁਰੱਖਿਆ ਲਈ ਆਪਣੀ ਆਵਾਜ ਬੁਲੰਦ ਕਰਨਗੇ ਅਤੇ ਬਾਲ ਵਿਆਹ ਮੁਕਤ ਭਾਰਤ ਸਿਰਜਣ ਦਾ ਪੂਰਨ ਤੌਰ ਤੇ ਹਮੇਸ਼ਾ ਸਮਰਥਨ ਕਰਦੇ ਰਹਿਣਗੇ।
ਜਾਣਕਾਰੀ ਦਿੰਦਿਆਂ ਵਧੀਕ ਡਿਪਟੀ ਕਮਿਸ਼ਨਰ ਸ਼੍ਰੀਮਤੀ ਚਾਰੂਮਿਤਾ ਨੇ ਦੱਸਿਆ ਕਿ ਬਾਲ ਵਿਆਹ ਇੱਕ ਸਮਾਜਿਕ ਬੁਰਾਈ ਅਤੇ ਕਾਨੂੰਨ ਦੀ ਉਲੰਘਣਾ ਹੈ, ਜੋ ਲੜਕੀਆਂ ਦੀ ਸਿੱਖਿਆ, ਸੁਰੱਖਿਆ, ਸਿਹਤ ਅਤੇ ਵਿਕਾਸ ਵਿੱਚ ਰੁਕਾਵਟ ਪਾਉਂਦਾ ਹੈ ਅਤੇ ਉਨ੍ਹਾਂ ਦੇ ਸੁਪਨਿਆਂ ਨੂੰ ਸਾਕਾਰ ਹੋਣ ਤੋਂ ਰੋਕਦਾ ਹੈ। ਅਜੋਕੇ ਸਮੇਂ ਦੌਰਾਨ ਭਾਵੇਂ ਲੋਕਾਂ ਵਿੱਚ ਬਾਲ ਵਿਆਹ ਪ੍ਰਤੀ ਬਹੁਤ ਜਾਗਰੂਕਤਾ ਫੈਲ ਚੁੱਕੀ ਹੈ, ਪਰੰਤੂ ਕਈ ਮਾਪਿਆ ਵੱਲੋਂ ਅੱਜ ਵੀ ਬੱਚਿਆਂ ਦੇ ਬਾਲ ਵਿਆਹ ਕੀਤੇ ਜਾਂਦੇ ਹਨ। ਉਨ੍ਹਾਂ ਸਬੰਧਿਤ ਵਿਭਾਗਾਂ ਨੂੰ ਹਦਾਇਤ ਜਾਰੀ ਕੀਤੀ ਕਿ ਵੱਧ ਤੋਂ ਵੱਧ ਲੋਕਾਂ ਨੂੰ ਇਸ ਪ੍ਰਤੀ ਜਾਗਰੂਕ ਕੀਤਾ ਜਾਵੇ ਤਾਂ ਕਿ ਜ਼ਿਲ੍ਹੇ ਵਿੱਚ ਬੱਚਿਆਂ ਦੇ ਬਾਲ ਵਿਆਹ ਤੇ ਰੋਕ ਪਾਈ ਜਾ ਸਕੇ। ਇਸਨੂੰ ਰੋਕਣ ਲਈ ਸਮੂਹ ਲੋਕਾਂ ਨੂੰ ਯੋਗਦਾਨ ਵੀ ਦੇਣਾ ਚਾਹੀਦਾ ਹੈ।
ਉਨ੍ਹਾਂ ਦੱਸਿਆ ਕਿ ਪੰਜਬ ਸਰਕਾਰ ਵੱਲੋਂ ਸਮੂਹ ਬਾਲ ਵਿਕਾਸ ਪ੍ਰੋਜੈਕਟ ਅਫਸਰ ਅਤੇ ਸਮੂਹ ਪ੍ਰਿੰਸੀਪਲ, ਸੀਨੀਅਰ ਸੈਕੰਡਰੀ ਸਕੂਲਾਂ ਨੂੰ ਬਤੌਰ ਚਾਈਲਡ ਮੈਰਿਜ ਪ੍ਰੋਬੇਸ਼ਨ ਅਫ਼ਸਰ ਨਿਯੁਕਤ ਕੀਤਾ ਗਿਆ ਹੈ ਅਤੇ ਉਨ੍ਹਾਂ ਹਦਾਇਤ ਕੀਤੀ ਕਿ ਉਹ ਬਾਲ ਵਿਆਹਾਂ ਬਾਰੇ ਪ੍ਰਾਪਤ ਹੁੰਦੀਆਂ ਸ਼ਿਕਾਇਤਾਂ ਦਾ ਤੁਰੰਤ ਪ੍ਰਭਾਵ ਨਾਲ ਨਿਪਟਾਰਾ ਕਰਨ ਅਤੇ ਦੋਸ਼ੀਆਂ ਉੱਪਰ ਕਾਨੂੰਨੀ ਕਾਰਵਾਈ ਕਰਨ ਨੂੰ ਯਕੀਨੀ ਬਣਾਉਣ।
ਸ਼੍ਰੀਮਤੀ ਚਾਰੂਮਿਤਾ ਨੇ ਆਮ ਲੋਕਾਂ ਨੂੰ ਵੀ ਅਪੀਲ ਕੀਤੀ ਕਿ ਜੇਕਰ ਕਿਸੇ ਦੇ ਵੀ ਧਿਆਨ ਵਿੱਚ ਅਜਿਹਾ ਕੇਸ ਆਉਂਦਾ ਹੈ ਤਾਂ ਤੁਰੰਤ ਇਸ ਬਾਰੇ ਸਬੰਧਿਤ ਬਾਲ ਵਿਕਾਸ ਪ੍ਰੋਜੈਕਟ ਅਫਸਰ ਜਾਂ ਸਬੰਧਤ ਸਕੂਲ ਦੇ ਪ੍ਰਿੰਸੀਪਲ ਨਾਲ ਤਾਲਮੇਲ ਕੀਤਾ ਜਾਵੇ। ਉਨ੍ਹਾਂ ਦੱਸਿਆ ਕਿ ਜ਼ਿਲ੍ਹਾ ਪ੍ਰਸ਼ਾਸਨ ਬਾਲ ਵਿਆਹ ਦੇ ਦੋਸ਼ੀਆਂ ਉੱਪਰ ਸਖਤ ਤੋਂ ਸਖਤ ਕਾਨੂੰਨੀ ਕਾਰਵਾਈ ਅਮਲ ਵਿੱਚ ਲਿਆਏਗਾ।
Get all latest content delivered to your email a few times a month.