ਤਾਜਾ ਖਬਰਾਂ
.
ਨੈਸ਼ਨਲ ਐਂਟੀ ਡੋਪਿੰਗ ਏਜੰਸੀ ਨੇ ਮੰਗਲਵਾਰ ਨੂੰ ਵੱਡੀ ਕਾਰਵਾਈ ਕਰਦੇ ਹੋਏ ਭਲਵਾਨ ਬਜਰੰਗ ਪੂਨੀਆ ਨੂੰ ਚਾਰ ਸਾਲ ਲਈ ਬੈਨ ਕਰ ਦਿੱਤਾ। ਇਸ ਭਲਵਾਨ ਨੇ 10 ਮਾਰਚ ਨੂੰ ਕੌਮੀ ਟੀਮ ਲਈ ਚੋਣ ਟਰਾਇਲ ਦੌਰਾਨ ਡੋਪ ਟੈਸਟ ਲਈ ਆਪਣਾ ਨਮੂਨਾ ਦੇਣ ਤੋਂ ਇਨਕਾਰ ਕਰ ਦਿੱਤਾ ਸੀ। ਨਾਡਾ ਨੇ ਇਸ ਅਪਰਾਧ ਲਈ ਟੋਕੀਓ ਖੇਡਾਂ ਦੇ ਕਾਂਸੀ ਤਮਗਾ ਜੇਤੂ ਨੂੰ ਪਹਿਲਾਂ 23 ਅਪ੍ਰੈਲ ਨੂੰ ਮੁਅੱਤਲ ਕਰ ਦਿੱਤਾ ਸੀ, ਜਿਸ ਤੋਂ ਬਾਅਦ ਯੂ.ਡਬਲਿਊ.ਡਬਲਿਊ.ਡਬਲਿਊ ਨੇ ਵੀ ਉਸ ਨੂੰ ਮੁਅੱਤਲ ਕਰ ਦਿੱਤਾ ਸੀ।
ਦੱਸ ਦਈਏ ਕਿ ਬਜਰੰਗ ਨੇ ਅਸਥਾਈ ਮੁਅੱਤਲੀ ਵਿਰੁੱਧ ਅਪੀਲ ਕੀਤੀ ਸੀ। ਨਾਡਾ ਦੇ ਅਨੁਸ਼ਾਸਨੀ ਡੋਪਿੰਗ ਪੈਨਲ (ਏਡੀਡੀਪੀ) ਨੇ 31 ਮਈ ਨੂੰ ਨਾਡਾ ਦੁਆਰਾ ਨੋਟਿਸ ਜਾਰੀ ਕੀਤੇ ਜਾਣ ਤੱਕ ਇਸ ਨੂੰ (ਸਸਪੈਂਸ਼ਨ) ਰੱਦ ਕਰ ਦਿੱਤਾ ਸੀ। ਇਸ ਤੋਂ ਬਾਅਦ ਨਾਡਾ ਨੇ ਭਲਵਾਨ ਨੂੰ 23 ਜੂਨ ਨੂੰ ਨੋਟਿਸ ਭੇਜਿਆ ਸੀ। ਬਜਰੰਗ ਨੇ 11 ਜੁਲਾਈ ਨੂੰ ਇਸ ਦੋਸ਼ ਨੂੰ ਲਿਖਤੀ ਰੂਪ ਵਿੱਚ ਚੁਣੌਤੀ ਦਿੱਤੀ ਸੀ, ਜਿਸ ਤੋਂ ਬਾਅਦ 20 ਸਤੰਬਰ ਅਤੇ 4 ਅਕਤੂਬਰ ਨੂੰ ਸੁਣਵਾਈ ਹੋਈ।
ਏਡੀਡੀਪੀ ਨੇ ਆਪਣੇ ਆਦੇਸ਼ ਵਿੱਚ ਕਿਹਾ, "ਪੈਨਲ ਮੰਨਦਾ ਹੈ ਕਿ ਅਥਲੀਟ ਧਾਰਾ 10.3.1 ਦੇ ਤਹਿਤ ਪਾਬੰਦੀਆਂ ਲਈ ਜਵਾਬਦੇਹ ਹੈ ਅਤੇ ਉਸਨੂੰ ਚਾਰ ਸਾਲਾਂ ਦੀ ਮਿਆਦ ਲਈ ਅਯੋਗ ਠਹਿਰਾਇਆ ਜਾ ਸਕਦਾ ਹੈ।" ਮੁਅੱਤਲੀ ਦਾ ਮਤਲਬ ਹੈ ਕਿ ਬਜਰੰਗ ਪ੍ਰਤੀਯੋਗੀ ਕੁਸ਼ਤੀ 'ਚ ਵਾਪਸੀ ਨਹੀਂ ਕਰ ਸਕਣਗੇ।
ਇਸ ਤੋਂ ਇਲਾਵਾ ਉਹ ਵਿਦੇਸ਼ ਵਿੱਚ ਕੋਚਿੰਗ ਦੀ ਨੌਕਰੀ ਲਈ ਅਪਲਾਈ ਨਹੀਂ ਕਰ ਪਾਉਣਗੇ। ਆਦੇਸ਼ ਵਿੱਚ ਅੱਗੇ ਕਿਹਾ ਗਿਆ ਹੈ ਕਿ, "ਐਥਲੀਟ ਦੀ ਅਯੋਗਤਾ ਦੀ ਚਾਰ ਸਾਲ ਦੀ ਮਿਆਦ ਉਸ ਮਿਤੀ ਤੋਂ ਸ਼ੁਰੂ ਹੋਵੇਗੀ ਜਿਸ ਦਿਨ ਨੋਟੀਫਿਕੇਸ਼ਨ ਭੇਜਿਆ ਗਿਆ ਸੀ।" ਬਜਰੰਗ ਨੂੰ ਇਸ ਸਾਲ 23 ਅਪ੍ਰੈਲ ਨੂੰ ਨੋਟੀਫਿਕੇਸ਼ਨ ਭੇਜਿਆ ਗਿਆ ਸੀ।
Get all latest content delivered to your email a few times a month.