ਤਾਜਾ ਖਬਰਾਂ
.
ਲੁਧਿਆਣਾ, 23 ਨਵੰਬਰ- ਪੰਜਾਬੀ ਮਾਂ ਬੋਲੀ ਦੇ ਸੇਵਕ ਤੇ “ਸਾਡਾ ਟੀ ਵੀ “ ਦੇ ਪੇਸ਼ਕਾਰ ਯੂਸਫ਼ ਪੰਜਾਬੀ ਦੇ ਬੁਲਾਵੇ ਤੇ ਹਿੰਦ ਪਾਕਿ ਲਿਖਾਰੀਆਂ ਦੀ ਮਿਲਣੀ ਵਿੱਚ ਲਾਹੌਰ ਵਿਖੇ ਪ੍ਰੋ. ਗੁਰਭਜਨ ਸਿੰਘ ਗਿੱਲ ਦੇ ਗ਼ਜ਼ਲ ਸੰਗ੍ਰਹਿ “ਸੁਰਤਾਲ” ਦੇ ਸ਼ਾਹਮੁਖੀ ਲਿਪੀ ਵਿੱਚ ਦੁਜੇ ਐਡੀਸ਼ਨ ਨੂੰ ਲੋਕ ਅਰਪਨ ਕਰਦਿਆਂ ਏਸ਼ੀਆ ਵਿੱਚ ਸਭ ਤੋਂ ਵੱਧ ਪੜ੍ਹੇ ਜਾਂਦੇ ਪੰਜਾਬੀ ਕਵੀ ਬਾਬਾ ਨਜਮੀ ਨੇ ਕਿਹਾ ਹੈ ਕਿ ਹਿੰਦ ਪਾਕਿ ਸਾਹਿੱਤਕ ਤੇ ਸੱਭਿਆਚਾਰਕ ਸਾਂਝ ਪਕੇਰੀ ਕਰਨ ਲਈ ਦੋਹਾ ਪਾਸਿਆਂ ਦੇ ਲਿਖਾਰੀ ਹੰਭਲਾ ਮਾਰਨ। ਉਨ੍ਹਾਂ ਕਿਹਾ ਕਿ ਗੁਰਭਜਨ ਗਿੱਲ ਮੇਰਾ ਨਿੱਕਾ ਵੀਰ ਹੋਣ ਕਾਰਨ ਸਾਡੀ ਬੁੱਕਲ ਸਾਂਝੀ ਹੈ। ਸਾਡੇ ਦੋਹਾਂ ਵਿਚਕਾਰ ਸਾਂਝ ਦੀ ਤੰਦ ਲੋਕ ਹਿਤਕਾਰੀ ਹੋਣਾ ਹੈ।
ਪੁਸਤਕ ਨੂੰ ਬਾਬਾ ਨਜਮੀ ਦੇ ਨਾਲ ਕੈਨੇਡਾ ਵਿੱਚ ਪੰਜਾਬ ਭਵਨ ਸਰੀ ਦਾ ਨਿਰਮਾਣ ਕਰਨ ਵਾਲੇ ਸੁੱਖੀ ਬਾਠ, ਪਾਕਿਸਤਾਨ ਦੀ ਨਾਮਵਰ ਕਵਿੱਤਰੀ ਤਾਹਿਰਾ ਸਰਾ, ਪੰਜਾਬੀ ਕਵੀ ਸਹਿਜਪ੍ਰੀਤ ਸਿੰਘ ਮਾਂਗਟ, ਇਸ ਵਾਰ ਦੇ ਢਾਹਾਂ ਪੁਰਸਕਾਰ ਵਿਜੇਤਾ ਸ਼ਹਿਜ਼ਾਦ ਅਸਲਮ , ਜਗਤ ਪ੍ਰਸਿੱਧ ਕਹਾਣੀਕਾਰ ਜ਼ੁਬੈਰ ਅਹਿਮਦ ਤੇ ਯੂਸਫ਼ ਪੰਜਾਬੀ ਨੇ ਲੋਕ ਅਰਪਨ ਕੀਤਾ।
ਇਸ ਮੌਕੇ ਬੋਲਦਿਆਂ ਸਮਾਗਮ ਦੇ ਮੁੱਖ ਪ੍ਰਾਹੁਣੇ ਜਨਾਬ ਸੁਖੀ ਬਾਠ ਨੇ ਕਿਹਾ ਕਿ ਮੈਂ ਗੁਰਭਜਨ ਭਾ ਜੀ ਦੀਆਂ ਕਿਤਾਬਾਂ ਵਿਸ਼ੇਸ਼ ਤੌਰ ਤੇ ਅੰਮ੍ਰਿਤਸਰ ਤੋਂ ਲੈ ਕੇ ਆਇਆ ਸੀ ਤਾਂ ਜੋ ਸ਼ਾਹਮੁਖੀ ਜਾਨਣ ਵਾਲੇ ਪਾਠਕ ਸਾਡੇ ਚੜ੍ਹਦੇ ਪੰਜਾਬ ਦੀ ਸਿਰਜਣਾ ਤੋਂ ਵਾਕਿਫ਼ ਹੋ ਸਕਣ। ਉਨ੍ਹਾਂ ਕਿਹਾ ਕਿ 2016 ਵਿੱਚ ਉਨ੍ਹਾਂ ਦੀ ਪ੍ਰੇਰਨਾ ਨਾਲ ਹੀ ਪੰਜਾਬ ਭਵਨ ਦੀ ਸਥਾਪਨਾ ਕੀਤੀ ਸੀ ਜਿੱਥੇ ਦੁਨੀਆ ਭਰ ਦੇ ਲਿਖਾਰੀ ਕੈਨੇਡਾ ਫੇਰੀ ਦੌਰਾਨ ਆਪਣੀ ਕਲਾ ਦਾ ਜੌਹਰ ਵਿਖਾਉਂਦੇ ਹਨ।
ਕਿਤਾਬ ਸੁਰਤਾਲ ਬਾਰੇ ਬੋਲਦਿਆਂ ਪੰਜਾਬੀ ਸਾਹਿੱਤ ਅਕਾਡਮੀ ਲੁਧਿਆਣਾ ਦੇ ਮੀਤ ਪ੍ਰਧਾਨ ਸਹਿਜਪ੍ਰੀਤ ਸਿੰਘ ਮਾਂਗਟ ਨੇ ਕਿਹਾ ਕਿ
ਹੱਥਲੀ ਕਿਤਾਬ ਗੁਰਭਜਨ ਗਿੱਲ ਦੇ ਗੁਰਮੁਖੀ ਵਿਚ ਛਪੇ ਗ਼ਜ਼ਲ-ਪਰਾਗੇ 'ਸੁਰਤਾਲ' ਦਾ ਦੂਜਾ ਐਡੀਸ਼ਨ ਹੈ । ਜਿਸ ਦਾ ਛਪਣਾ ਇਸ ਗੱਲ ਦੀ ਸ਼ਾਹਦੀ ਭਰਦਾ ਹੈ ਕਿ ਉਸ ਦੀ ਸ਼ਾਇਰੀ ਸਿਆਸੀ ਹੱਦਬੰਦੀਆਂ ਅਤੇ ਲਿਪੀਆਂ ਦੇ ਬੰਧਨਾਂ ਦੇ ਉੱਪਰ ਦੀ ਵਿਚਰਦੀ ਹੈ ਅਤੇ ਭਾਈਚਾਰਕ ਸਾਂਝ ਦੀ ਫ਼ੁਹਾਰ ਬਣ ਕੇ ਦੋਵਾਂ ਪਾਸਿਆਂ ਦੇ ਪਾਠਕਾਂ ਦੇ ਮਨਾਂ ਨੂੰ ਸਰਸ਼ਾਰ ਕਰਦੀ ਹੈ । ਸਾਂਝਾਂ ਦੇ ਵਣਜਾਰੇ ਪ੍ਰੋ. ਗੁਰਭਜਨ ਗਿੱਲ ਨੂੰ ਇਸ ਕਿਤਾਬ ਲਈ ਬਹੁਤ ਬਹੁਤ ਮੁਬਾਰਕਾਂ ਅਤੇ ਦੁਆਵਾਂ ਪੇਸ਼ ਕਰਦਿਆਂ ਮੈਨੂੰ ਬੇਹੱਦ ਪ੍ਰਸੰਨਤਾ ਹੋ ਰਹੀ ਹੈ।
ਜੁਬੈਰ ਅਹਿਮਦ ਨੇ ਕਿਹਾ ਕਿ ਸੁਰਤਾਲ ਦੇ ਪਹਿਲੇ ਐਡੀਸ਼ਨ ਨੂੰ ਮੈਂ ਸਾਲ ਕੁ ਪਹਿਲਾਂ ਪੜ੍ਹਿਆ ਸੀ। ਇਸ ਵਿੱਚ ਮੁਹੱਬਤ ਦਾ ਸੰਸਾਰ ਹੈ। ਉਨ੍ਹਾਂ ਦੀਆਂ ਕਿਤਾਬਾਂ ਰਾਵੀ, ਗੁਲਨਾਰ, ਖ਼ੈਰ ਪੰਜਾਂ ਪਾਣੀਆਂ ਦੀ ਅਤੇ ਮਿਰਗਾਵਲੀ ਸ਼ਾਹਮੁਖੀ ਰਸਮੁਲ ਖ਼ਤ ਵਿੱਚ ਕਿਤਾਬ ਕਿਤਾਬ ਅਤੇ ਲਾਹੌਰ ਦੀਆਂ ਹੋਰ ਦੁਕਾਨਾਂ ਤੇ ਮਿਲ ਜਾਂਦੀ ਹੈ।
ਤਾਹਿਰਾ ਸਰਾ ਨੇ ਕਿਹਾ ਕਿ ਯੂ ਟਿਉਬ ਵਿੱਚੋਂ ਮੇਰੀਆਂ ਲਿਖਤਾਂ ਲੱਭ ਕੇ ਗੁਰਭਜਨ ਗਿੱਲ ਜੀ ਨੇ ਹੀ ਪਹਿਲੀ ਵਾਰ ਪੰਜ ਸਾਲ ਪਹਿਲਾਂ ਮੈਨੂੰ ਚੜ੍ਹਦੇ ਪੰਜਾਬ ਵਿੱਚ ਜਾਣੂੰ ਕਰਵਾਇਆ। ਮੇਰੀਆਂ ਦੋ ਕਿਤਾਬਾਂ ਸ਼ੀਸ਼ਾ ਅਤੇ ਬੋਲਦੀ ਮਿੱਟੀ ਦੇ ਪ੍ਰਕਾਸ਼ਨ ਵਿੱਚ ਵੀ ਉਨ੍ਹਾਂ ਮੇਰੀ ਅਗਵਾਈ ਕੀਤੀ, ਜਿਸ ਦਾ ਮੈਨੂੰ ਮਾਣ ਹੈ। ਉਨ੍ਹਾਂ ਦੀ ਸ਼ਾਇਰੀ ਵਕਤ ਦੀਆਂ ਬਾਤਾਂ ਵਕਤ ਨਾਲ ਪਾਉਂਦੀ ਹੈ।
ਸਮਾਗਮ ਵਿੱਚ ਸੱਯਦ ਅੰਜੁਮ ਖੋਖਰ,ਅਹਿਮਦ ਇਕਬਾਲ ਬਜ਼ਮੀ, ਪਰਵੇਜ਼ ਵੈਂਡਲ ਸਮੇਤ ਕਈ ਅਦਬੀ ਸ਼ਖਸੀਅਤਾਂ ਹਾਜ਼ਰ ਸਨ।
ਸਮਾਗਮ ਦੇ ਮੁੱਖ ਪ੍ਰਬੰਧਕ ਯੂਸਫ਼ ਪੰਜਾਬੀ ਨੇ ਆਏ ਮਹਿਮਾਨਾਂ ਦਾ ਧੰਨਵਾਦ ਕੀਤਾ ਤੇ ਆਏ ਮਹਿਮਾਨਾਂ ਨੂੰ ਜਲੇਬੀਆਂ ਖੁਆ ਕੇ ਤੇਰਿਆ।
Get all latest content delivered to your email a few times a month.