ਤਾਜਾ ਖਬਰਾਂ
.
ਲੁਧਿਆਣਾ, 21 ਨਵੰਬਰ- ਸੰਸਦ ਮੈਂਬਰ (ਰਾਜ ਸਭਾ) ਸੰਜੀਵ ਅਰੋੜਾ ਦੇ ਪਰਿਵਾਰਕ ਮੈਂਬਰਾਂ ਨੇ ਵੀਰਵਾਰ ਨੂੰ ਸਿਵਲ ਹਸਪਤਾਲ ਦੇ ਨੇਤਰ ਰੋਗ ਵਿਭਾਗ ਨੂੰ 9 ਲੱਖ ਰੁਪਏ ਦੀ ਮਸ਼ੀਨ ਦਾਨ ਕੀਤੀ।
ਇਸ ਮੌਕੇ ਸਿਵਲ ਸਰਜਨ ਡਾ: ਪ੍ਰਦੀਪ ਕੁਮਾਰ ਅਤੇ ਸੀਨੀਅਰ ਮੈਡੀਕਲ ਅਫ਼ਸਰ ਡਾ: ਹਰਪ੍ਰੀਤ ਸਿੰਘ ਹਾਜ਼ਰ ਸਨ | ਇਸ ਮੌਕੇ ਸਿਵਲ ਸਰਜਨ ਡਾ: ਪ੍ਰਦੀਪ ਕੁਮਾਰ ਨੇ ਐਮ.ਪੀ ਸੰਜੀਵ ਅਰੋੜਾ ਦੇ ਪਰਿਵਾਰਕ ਮੈਂਬਰਾਂ, ਉਨ੍ਹਾਂ ਦੇ ਭਤੀਜੇ ਰਿਜੁਲ ਅਰੋੜਾ ਅਤੇ ਰਿਜੁਲ ਅਰੋੜਾ ਦੀ ਭਰਜਾਈ ਸਾਕਸ਼ੀ ਅਰੋੜਾ ਪਤਨੀ ਰਿਤੇਸ਼ ਅਰੋੜਾ (ਸੀ.ਐਮ.ਡੀ., ਰਿਤੇਸ਼ ਇੰਟਰਨੈਸ਼ਨਲ ਲਿਮਟਿਡ) ਅਤੇ ਰਿਜੁਲ ਦੀ ਪਤਨੀ ਯਾਸ਼ਨਾਂ ਅਰੋੜਾ ਵੱਲੋਂ ਮਸ਼ੀਨ ਦਾਨ ਕਰਨ ਦੀ ਪਹਿਲਕਦਮੀ ਦੀ ਪ੍ਰਸੰਸਾ ਕੀਤੀ। ਉਨ੍ਹਾਂ ਕਿਹਾ ਕਿ ਹਸਪਤਾਲ ਦੇ ਅਹਾਤੇ ਵਿੱਚ ਅਜਿਹੀ ਮਸ਼ੀਨ ਲਗਾਉਣ ਦੀ ਸਖ਼ਤ ਜ਼ਰੂਰਤ ਸੀ, ਉਨ੍ਹਾਂ ਕਿਹਾ ਕਿ ਇਹ ਮਸ਼ੀਨ ਰੋਜ਼ਾਨਾ 60-70 ਦੇ ਕਰੀਬ ਅੱਖਾਂ ਦੇ ਮਰੀਜ਼ਾਂ ਦੀ ਸੇਵਾ ਕਰੇਗੀ।
ਸਿਵਲ ਸਰਜਨ ਡਾ: ਪ੍ਰਦੀਪ ਕੁਮਾਰ ਨੇ ਨੇਤਰ ਰੋਗ ਵਿਭਾਗ ਨੂੰ ਮਸ਼ੀਨ ਦਾਨ ਕਰਨ 'ਤੇ ਉਨ੍ਹਾਂ ਦਾ ਤਹਿ ਦਿਲੋਂ ਧੰਨਵਾਦ ਕੀਤਾ | ਉਨ੍ਹਾਂ ਕਿਹਾ ਕਿ ਸੰਸਦ ਮੈਂਬਰ ਸੰਜੀਵ ਅਰੋੜਾ ਦੇ ਪਰਿਵਾਰਕ ਮੈਂਬਰਾਂ ਨੇ ਭਵਿੱਖ ਵਿੱਚ ਵੀ ਲੋੜ ਪੈਣ 'ਤੇ ਸਿਵਲ ਹਸਪਤਾਲ ਨੂੰ ਹਰ ਤਰ੍ਹਾਂ ਦੀ ਸਹਾਇਤਾ ਦੇਣ ਦਾ ਭਰੋਸਾ ਦਿੱਤਾ ਹੈ। ਉਨ੍ਹਾਂ ਕਿਹਾ ਕਿ ਸੰਸਦ ਮੈਂਬਰ ਅਰੋੜਾ ਦੇ ਪਰਿਵਾਰਕ ਮੈਂਬਰਾਂ ਨੇ ਵੀ ਭਵਿੱਖ ਵਿੱਚ ਮਸ਼ੀਨ ਦੇ ਕਿਸੇ ਵੀ ਹਿੱਸੇ ਨੂੰ ਬਦਲਣ ਜਾਂ ਮੁਰੰਮਤ ਕਰਨ ਦਾ ਭਰੋਸਾ ਦਿੱਤਾ ਹੈ। ਉਨ੍ਹਾਂ ਆਸ ਪ੍ਰਗਟਾਈ ਕਿ ਨਵੀਂ ਮਸ਼ੀਨ ਲੱਗਣ ਨਾਲ ਅੱਖਾਂ ਦੀਆਂ ਬਿਮਾਰੀਆਂ ਤੋਂ ਪੀੜਤ ਮਰੀਜ਼ਾਂ ਨੂੰ ਕਾਫੀ ਫਾਇਦਾ ਹੋਵੇਗਾ।
ਆਪਣੇ ਸੰਖੇਪ ਸੰਬੋਧਨ ਵਿੱਚ ਰਿਜੁਲ ਅਰੋੜਾ ਨੇ ਕਿਹਾ ਕਿ ਉਨ੍ਹਾਂ ਨੇ ਆਪਣੇ ਅੰਕਲ (ਚਾਚਾ) ਐਮਪੀ ਸੰਜੀਵ ਅਰੋੜਾ ਦੀ ਸਲਾਹ ਅਤੇ ਪ੍ਰੇਰਨਾ ਲੈ ਕੇ ਇਹ ਮਸ਼ੀਨ ਦਾਨ ਕੀਤੀ ਹੈ। ਉਨ੍ਹਾਂ ਆਸ ਪ੍ਰਗਟਾਈ ਕਿ ਇਹ ਮਸ਼ੀਨ ਲੁਧਿਆਣਾ ਸ਼ਹਿਰ ਦੇ ਅੱਖਾਂ ਦੇ ਮਰੀਜ਼ਾਂ ਦੀ ਵੱਧ ਚੜ੍ਹ ਕੇ ਸੇਵਾ ਕਰੇਗੀ। ਉਨ੍ਹਾਂ ਉੱਥੇ ਮੌਜੂਦ ਹੋਰ ਪਰਿਵਾਰਕ ਮੈਂਬਰਾਂ ਨਾਲ ਸਿਵਲ ਹਸਪਤਾਲ ਦੇ ਨੇਤਰ ਵਿਗਿਆਨ ਵਿਭਾਗ ਵਿੱਚ ਅੱਖਾਂ ਦੇ ਮਰੀਜ਼ਾਂ ਦੀ ਜਾਂਚ ਲਈ ਵਰਤੀ ਜਾਂਦੀ ਮਸ਼ੀਨ ਨੂੰ ਵੀ ਦੇਖਿਆ।
ਜ਼ਿਕਰਯੋਗ ਹੈ ਕਿ ਐਮ.ਪੀ ਸੰਜੀਵ ਅਰੋੜਾ ਪਹਿਲਾਂ ਹੀ ਸਿਵਲ ਹਸਪਤਾਲ, ਲੁਧਿਆਣਾ ਨੂੰ ਸੀ.ਐਸ.ਆਰ. ਅਤੇ ਐਮ.ਪੀ.ਐਲ.ਏ.ਡੀ. ਫੰਡਾਂ ਨਾਲ ਅਪਗ੍ਰੇਡ ਕਰਨ ਦਾ ਕੰਮ ਕਰ ਰਹੇ ਹਨ, ਜਿਸ ਦਾ ਉਦੇਸ਼ ਹਸਪਤਾਲ ਨੂੰ ਸ਼ਹਿਰ ਦੇ ਕਿਸੇ ਵੀ ਬਿਹਤਰ ਪ੍ਰਾਈਵੇਟ ਹਸਪਤਾਲ ਦੇ ਬਰਾਬਰ ਮਿਆਰਾਂ ਵਾਲੀ ਸੁਵਿਧਾ ਵਿੱਚ ਤਬਦੀਲ ਕਰਨਾ ਹੈ।
Get all latest content delivered to your email a few times a month.