ਤਾਜਾ ਖਬਰਾਂ
.
ਪੰਜਾਬ ਰਾਜ ਮਹਿਲਾ ਕਮਿਸ਼ਨ ਦੀ ਚੇਅਰਪਰਸਨ ਰਾਜ ਲਾਲੀ ਗਿੱਲ ਨੇ ਇਸ ਗੱਲ 'ਤੇ ਗਹਿਰੀ ਚਿੰਤਾ ਪ੍ਰਗਟਾਈ ਹੈ ਕਿ ਪੰਜਾਬ ਵਿੱਚ ਬਹੁਤ ਸਾਰੀਆਂ ਔਰਤਾਂ ਨਸ਼ੇ ਕਰਨ ਦੇ ਨਾਲ-ਨਾਲ ਨਸ਼ਿਆਂ ਦੀ ਤਸਕਰੀ ਦੇ ਕਾਲੇ ਕਾਰੋਬਾਰ 'ਚ ਫਸ ਰਹੀਆਂ ਹਨ। ਅੱਜ ਪਟਿਆਲਾ ਦੀ ਕੇਂਦਰੀ ਜੇਲ੍ਹ ਦਾ ਦੌਰਾ ਕਰਨ ਮਗਰੋਂ ਮੀਡੀਆ ਨਾਲ ਗ਼ੈਰ-ਰਸਮੀ ਗੱਲਬਾਤ ਕਰਦਿਆਂ ਰਾਜ ਲਾਲੀ ਗਿੱਲ ਨੇ ਕਿਹਾ ਕਿ ਉਹ ਹੁਣ ਤੱਕ ਕਈ ਜੇਲ੍ਹਾਂ ਦਾ ਦੌਰਾ ਕਰ ਚੁੱਕੇ ਹਨ ਅਤੇ ਇਨ੍ਹਾਂ ਜੇਲ੍ਹਾਂ ਵਿੱਚ ਔਰਤਾਂ ਵਿੱਚੋਂ 60 ਤੋਂ 70 ਫ਼ੀਸਦੀ ਔਰਤਾਂ ਐਨ.ਡੀ.ਪੀ.ਐਸ. ਐਕਟ ਦੇ ਮਾਮਲਿਆਂ ਕਰਕੇ ਜੇਲ੍ਹਾਂ ਵਿੱਚ ਪਹੁੰਚ ਰਹੀਆਂ ਹਨ, ਜੋ ਕਿ ਸਾਡੇ ਸਮਾਜ ਲਈ ਇੱਕ ਬੇਹੱਦ ਚਿੰਤਾਜਨਕ ਵਰਤਾਰਾ ਹੈ। ਚੇਅਰਪਰਸਨ ਨੇ ਪਟਿਆਲਾ ਦੀ ਕੇਂਦਰੀ ਜੇਲ੍ਹ ਦਾ ਦੌਰਾ ਕਰਕੇ ਇੱਥੇ ਬੰਦ ਸਜ਼ਾਯਾਫ਼ਤਾ ਤੇ ਹਵਾਲਾਤੀ 128 ਔਰਤਾਂ ਦੀਆਂ ਮੁਸ਼ਕਿਲਾਂ ਸੁਣੀਆਂ ਅਤੇ ਬੰਦੀ ਮਹਿਲਾਵਾਂ ਨੂੰ ਦਰਪੇਸ਼ ਮੁਸ਼ਕਿਲਾਂ ਦੇ ਤੁਰੰਤ ਹੱਲ ਲਈ ਜੇਲ੍ਹ ਸੁਪਰਡੈਂਟ ਵਰੁਣ ਸ਼ਰਮਾ ਨੂੰ ਲੋੜੀਂਦੇ ਨਿਰਦੇਸ਼ ਵੀ ਦਿੱਤੇ।
ਚੇਅਰਪਰਸਨ ਨੇ ਦੱਸਿਆ ਕਿ ਉਨ੍ਹਾਂ ਨੂੰ ਜੇਲ੍ਹਾਂ ਵਿੱਚ ਬਹੁਤ ਸਾਰੀਆਂ ਅਜਿਹੀਆਂ ਲੜਕੀਆਂ ਮਿਲੀਆਂ ਹਨ, ਜੋ ਕਿ ਇਨ੍ਹਾਂ ਕੰਪਨੀਆਂ ਵਿੱਚ ਕੰਮ ਕਰਦੀਆਂ ਸਨ ਪਰੰਤੂ ਬਾਅਦ ਵਿੱਚ ਇਹ ਕੰਪਨੀਆਂ ਫਰਾਡ ਨਿਕਲ ਗਈਆਂ ਅਤੇ ਇਹ ਲੜਕੀਆਂ ਪੁਲਿਸ ਦੀ ਗ੍ਰਿਫ਼ਤ ਵਿੱਚ ਆ ਗਈਆਂ। ਉਨ੍ਹਾਂ ਕਿਹਾ ਕਿ ਇਨ੍ਹਾਂ ਦਾ ਕਸੂਰ ਐਨਾ ਸੀ ਕਿ ਇਨ੍ਹਾਂ ਨੇ ਕੰਪਨੀ ਤੋਂ ਨਾ ਕੋਈ ਨਿਯੁਕਤੀ ਪੱਤਰ ਤੇ ਨਾ ਹੀ ਕੋਈ ਜਾਬ ਕਾਰਡ ਲਿਆ ਸੀ। ਉਨਾਂ ਨੇ ਨੌਜਵਾਨਾਂ ਨੂੰ ਅਪੀਲ ਕੀਤੀ ਕਿ ਉਹ ਕੇਵਲ ਨੌਕਰੀ ਤੇ ਤਨਖਾਹ ਦੇ ਲਾਲਚ 'ਚ ਆ ਕੇ ਕਾਲ ਸੈਂਟਰ ਤੇ ਇਮੀਗ੍ਰੇਸ਼ਨ ਸੈਂਟਰ 'ਚ ਕੰਮ ਤੋਂ ਪਹਿਲਾਂ ਇਨ੍ਹਾਂ ਕੰਪਨੀਆਂ ਦੀ ਪੜਤਾਲ ਕਰ ਲੈਣ। ਰਾਜ ਲਾਲੀ ਗਿੱਲ ਨੇ ਉਨ੍ਹਾਂ ਸਲਾਹ ਦਿੱਤੀ ਕਿ ਜਿਹੜੇ ਬੱਚੇ ਜਾਂ ਬੱਚੀਆਂ ਕਾਲ ਸੈਂਟਰਾਂ ਜਾਂ ਇਮੀਗ੍ਰੇਸ਼ਨ ਸੈਂਟਰ 'ਚ ਕੰਮ ਕਰਨਾ ਚਾਹੁੰਦੇ ਹਨ, ਉਹ ਆਪਣੀ ਨਿਯੁਕਤੀ ਤੋਂ ਪਹਿਲਾਂ ਕੰਪਨੀ ਦੀ ਪੜਤਾਲ ਜਰੂਰ ਕਰ ਲਿਆ ਕਰਨ ਤਾਂ ਕਿ ਉਨ੍ਹਾਂ ਨਾਲ ਕੋਈ ਧੋਖਾਧੜੀ ਨਾ ਹੋ ਸਕੇ।
Get all latest content delivered to your email a few times a month.