ਤਾਜਾ ਖਬਰਾਂ
.
ਲੁਧਿਆਣਾ, 14 ਨਵੰਬਰ- ਡਿਪਟੀ ਕਮਿਸ਼ਨਰ ਜਤਿੰਦਰ ਜੋਰਵਾਲ ਨੇ ਵੀਰਵਾਰ ਨੂੰ ਮਿਡ-ਡੇਅ-ਮੀਲ ਸਕੀਮ ਤਹਿਤ ਸਕੂਲੀ ਵਿਦਿਆਰਥੀਆਂ ਲਈ ਪੌਸ਼ਟਿਕ, ਸਵੱਛਤਾ ਨਾਲ ਤਿਆਰ ਕੀਤੇ ਭੋਜਨ ਦੀ ਮਹੱਤਤਾ 'ਤੇ ਜ਼ੋਰ ਦਿੰਦਿਆਂ ਕਿਹਾ ਕਿ ਵਿਦਿਆਰਥੀਆਂ ਨੂੰ ਦਿੱਤੇ ਜਾਣ ਵਾਲੇ ਭੋਜਨ ਦੀ ਗੁਣਵੱਤਾ ਨਾਲ ਕੋਈ ਸਮਝੌਤਾ ਨਹੀਂ ਕੀਤਾ ਜਾਣਾ ਚਾਹੀਦਾ।
ਡਿਪਟੀ ਕਮਿਸ਼ਨਰ ਨੇ ਪਿੰਡ ਦਾਦ (ਲੁਧਿਆਣਾ) ਦੇ ਸਰਕਾਰੀ ਹਾਈ ਸਕੂਲ ਦੇ ਨਿਰੀਖਣ ਦੌਰਾਨ ਦੱਸਿਆ ਕਿ ਇਸ ਸਕੀਮ ਨੂੰ ਸਫ਼ਲਤਾ-ਪੂਰਵਕ ਨੇਪਰੇ ਚਾੜ੍ਹਨ ਦੇ ਨਾਲ-ਨਾਲ ਭੋਜਨ ਦੀ ਉੱਚਿਤ ਗੁਣਵੱਤਾ ਅਤੇ ਮਾਤਰਾ ਨੂੰ ਕਾਇਮ ਰੱਖਣਾ ਜ਼ਿਲ੍ਹਾ ਪ੍ਰਸ਼ਾਸਨ ਦੀ ਮੁੱਖ ਤਰਜੀਹ ਹੈ। ਉਹਨਾਂ ਨੇ ਸਕੂਲ ਵਿੱਚ ਪ੍ਰਾਪਤ ਕੀਤੇ, ਵਰਤੇ ਅਤੇ ਸਟੋਰ ਕੀਤੇ ਅਨਾਜ ਦੀ ਸੂਚੀ ਦੀ ਜਾਂਚ ਵੀ ਕੀਤੀ। ਇਸ ਤੋਂ ਇਲਾਵਾ ਉਨ੍ਹਾਂ ਨੇ ਭੋਜਨ ਦੀ ਗੁਣਵੱਤਾ ਦਾ ਮੁਲਾਂਕਣ ਕਰਨ ਲਈ ਭੋਜਨ ਦਾ ਸਵਾਦ ਵੀ ਲਿਆ।
ਜਤਿੰਦਰ ਜੋਰਵਾਲ ਨੇ ਸਕੂਲ ਦੀ ਰਸੋਈ ਅਤੇ ਖਾਣ-ਪੀਣ ਵਾਲੇ ਸਥਾਨ ਦਾ ਵੀ ਦੌਰਾ ਕੀਤਾ ਅਤੇ ਖਾਣਾ ਬਣਾਉਣ ਲਈ ਵਰਤੇ ਜਾਂਦੇ ਸਾਜ਼ੋ-ਸਾਮਾਨ ਦਾ ਵੀ ਨਿਰੀਖਣ ਕੀਤਾ। ਉਨ੍ਹਾਂ ਰਸੋਈ ਦੇ ਸਟਾਫ਼ ਨਾਲ ਵੀ ਵਿਸਥਾਰ-ਪੂਰਵਕ ਗੱਲਬਾਤ ਕੀਤੀ। ਉਨ੍ਹਾਂ ਭੋਜਨ ਬਣਾਉਣ ਦੀ ਪ੍ਰਕਿਰਿਆ ਵਿੱਚ ਸਾਫ਼-ਸਫ਼ਾਈ ਦਾ ਖਾਸ ਧਿਆਨ ਰੱਖਣ ਲਈ ਕਿਹਾ। ਉਨ੍ਹਾਂ ਅੱਗੇ ਸਕੂਲ ਪ੍ਰਬੰਧਕਾਂ ਨੂੰ ਹਦਾਇਤ ਕੀਤੀ ਕਿ ਵਿਦਿਆਰਥੀ ਨੂੰ ਦੁਪਹਿਰ ਦੇ ਖਾਣੇ ਤੋਂ ਬਾਅਦ ਆਈ.ਐਫ.ਏ ਦੀਆਂ ਗੋਲੀਆਂ ਦਾ ਸੇਵਨ ਯਕੀਨੀ ਬਣਾਉਣ, ਤਾਂ ਜੋ ਵਿਦਿਆਰਥੀਆਂ ਦੀ ਸਿਹਤ ਵੀ ਚੰਗੀ ਰਹੇ।
ਆਪਣੇ ਸੰਬੋਧਨ ਦੌਰਾਨ ਡਿਪਟੀ ਕਮਿਸ਼ਨਰ ਨੇ ਵਿਦਿਆਰਥੀਆਂ ਨੂੰ ਆਪਣੇ ਕੈਰੀਅਰ ਦੀ ਸਫਲਤਾ ਲਈ ਸਖ਼ਤ ਮਿਹਨਤ ਕਰਨ ਲਈ ਪ੍ਰੇਰਿਤ ਕੀਤਾ। ਉਨ੍ਹਾਂ ਵਿਦਿਆਰਥੀਆਂ ਨੂੰ ਵੱਖ-ਵੱਖ ਖੇਤਰਾਂ ਵਿੱਚ ਭਵਿੱਖ ਵਿੱਚ ਉਪਲਬਧ ਮੌਕਿਆਂ ਬਾਰੇ ਵੀ ਚਰਚਾ ਕੀਤੀ। ਇਸ ਮੌਕੇ ਡਿਪਟੀ ਕਮਿਸ਼ਨਰ ਦੇ ਨਾਲ ਸਹਾਇਕ ਕਮਿਸ਼ਨਰ ਮੈਡਮ ਕ੍ਰਿਤਿਕਾ ਗੋਇਲ ਤੇ ਹੋਰ ਵੀ ਹਾਜ਼ਰ ਸਨ।
Get all latest content delivered to your email a few times a month.