ਤਾਜਾ ਖਬਰਾਂ
.
ਨਗਰ ਨਿਗਮ ਤੇ ਨਗਰ ਪ੍ਰੀਸ਼ਦਾਂ ਦੀਆਂ ਚੋਣਾਂ ਕਰਵਾਉਣ ਨੂੰ ਲੈ ਕੇ ਸੁਪਰੀਮ ਕੋਰਟ ਤੋਂ ਰਾਹਤ ਨਾ ਮਿਲਣ ਤੋਂ ਬਾਅਦ ਹੁਣ ਪੰਜਾਬ ਸਰਕਾਰ ਕਦੇ ਵੀ ਚੋਣਾਂ ਕਰਵਾਉਣ ਦਾ ਐਲਾਨ ਕਰ ਸਕਦੀ ਹੈ। ਉਥੇ ਸੂਬਾਈ ਚੋਣ ਕਮਿਸ਼ਨ ਨੇ 5 ਨਗਰ ਨਿਗਮਾਂ (ਅੰਮ੍ਰਿਤਸਰ, ਜਲੰਧਰ, ਲੁਧਿਆਣਾ, ਪਟਿਆਲਾ ਤੇ ਫਗਵਾੜਾ) ਅਤੇ 43 ਨਗਰ ਪ੍ਰੀਸ਼ਦਾਂ ਤੇ ਨਗਰ ਪੰਚਾਇਤਾਂ ਅਤੇ ਪੰਜਾਬ ਦੀਆਂ ਵੱਖ-ਵੱਖ ਨਗਰ ਪਾਲਿਕਵਾਂ ਦੀਆਂ 52 ਉਪ ਚੋਣਾਂ ਲਈ ਵੋਟਰ ਸੂਚੀਆਂ ’ਚ ਸੋਧ ਦਾ ਸ਼ਡਿਊਲ ਜਾਰੀ ਕਰ ਦਿੱਤਾ ਹੈ।
ਸੂਬਾਈ ਚੋਣ ਕਮਿਸ਼ਨਰ ਰਾਜ ਕਮਲ ਚੌਧਰੀ ਨੇ ਦੱਸਿਆ ਕਿ ਵੋਟਰ ਸੂਚੀ ਦੇ ਖਰੜੇ ਦਾ ਪ੍ਰਕਾਸ਼ਨ ਚੋਣ ਰਜਿਸਟ੍ਰੇਸ਼ਨ ਅਧਿਕਾਰੀਆਂ ਵੱਲੋਂ ਵੀਰਵਾਰ 14 ਨਵੰਬਰ ਨੂੰ ਪ੍ਰਕਾਸ਼ਿਤ ਕੀਤਾ ਜਾਵੇਗਾ। ਦਾਅਵੇ ਤੇ ਇਤਰਾਜ਼ 18 ਤੋਂ 25 ਨਵੰਬਰ ਤੱਕ ਦਰਜ ਕੀਤੇ ਜਾ ਸਕਦੇ ਹਨ ਜਿਨ੍ਹਾਂ ਦਾ ਨਿਪਟਾਰਾ 3 ਦਸੰਬਰ ਤੱਕ ਕੀਤਾ ਜਾਵੇਗਾ ਅਤੇ ਵੋਟਰ ਸੂਚੀ ਦਾ ਅੰਤਿਮ ਪ੍ਰਕਾਸ਼ਨ 7 ਦਸੰਬਰ ਨੂੰ ਕੀਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਸਾਰੇ ਡਿਪਟੀ ਕਮਿਸ਼ਨਰਾਂ ਨੂੰ ਨਿਰਦੇਸ਼ ਦਿੱਤੇ ਗਏ ਹਨ ਕਿ ਉਹ ਮੌਜੂਦਾ ਵੋਟਰ ਸੂਚੀਆਂ ਨੂੰ 14 ਨਵੰਬਰ ਨੂੰ ਚੋਣ ਰਜਿਸਟ੍ਰੇਸ਼ਨ ਅਧਿਕਾਰੀਆਂ ਦੇ ਦਫਤਰਾਂ ਦੇ ਨਾਲ-ਨਾਲ ਸਬੰਧਤ ਨਗਰ ਪਾਲਿਕਾਵਾਂ ’ਚ ਜਨਤਕ ਰੂਪ ’ਚ ਮੁਹੱਈਆ ਕਰਵਾਉਣ। ਸੋਧ ਲਈ ਅਨੁਸੂਚੀ ਅਨੁਸਾਰ, ਪੰਜਾਬ ਮਿਊਂਸਪਲ ਚੋਣ ਨਿਯਮ, 1994 ਦੇ ਨਿਯਮ 14 ਤਹਿਤ, ਕੋਈ ਵੀ ਪਾਤਰ ਵਿਅਕਤੀ ਫਾਰਮ ਨੰਬਰ 7 (ਨਾਂ ਜੋੜਨ ਦੇ ਦਾਅਵੇ ਲਈ), ਫਾਰਮ 8 (ਨਾਂ ਜੋੜਨ ’ਤੇ ਇਤਰਾਜ਼ ਲਈ) ਅਤੇ ਫਾਰਮ 9 (ਕਿਸੇ ਐਂਟਰੀ ’ਤੇ ਇਤਰਾਜ਼ ਲਈ) ਜ਼ਰੀਏ ਬਿਨੈ ਕਰ ਸਕਦਾ ਹੈ।
ਉਨ੍ਹਾਂ ਦੱਸਿਆ ਕਿ ਡਿਪਟੀ ਕਮਿਸ਼ਨਰਾਂ ਨੂੰ ਇਹ ਵੀ ਨਿਰਦੇਸ਼ ਦਿੱਤੇ ਗਏ ਹਨ ਕਿ ਉਹ ਸਬੰਧਤ ਨਗਰ ਪਾਲਿਕਾਵਾਂ ’ਚ 20 ਅਤੇ 21 ਨਵੰਬਰ ਨੂੰ ਆਮ ਜਨਤਾ ਦੀ ਸਹੂਲਤ ਹਿੱਤ ਦਾਅਵੇ ਤੇ ਇਤਰਾਜ਼ (ਫਾਰਮ 7, 8 ਅਤੇ 9 ’ਚ) ਜਮ੍ਹਾਂ ਕਰਨ ਲਈ ਵਿਸ਼ੇਸ਼ ਪ੍ਰਬੰਧ ਕਰਨ।
Get all latest content delivered to your email a few times a month.