ਤਾਜਾ ਖਬਰਾਂ
.
ਸੰਸਦ ਮੈਂਬਰ ਸੰਜੀਵ ਅਰੋੜਾ (ਰਾਜ ਸਭਾ) ਨੇ ਸੋਮਵਾਰ ਸ਼ਾਮ ਨੂੰ ਸਿਵਲ ਹਸਪਤਾਲ, ਲੁਧਿਆਣਾ ਵਿਖੇ ਚੱਲ ਰਹੇ ਨਵੀਨੀਕਰਨ ਅਤੇ ਅਪਗ੍ਰੇਡੇਸ਼ਨ ਦੇ ਕੰਮ ਦੀ ਪ੍ਰਗਤੀ ਦਾ ਜਾਇਜ਼ਾ ਲੈਣ ਲਈ ਸਿਹਤ, ਪੰਜਾਬ ਹੈਲਥ ਸਿਸਟਮ ਕਾਰਪੋਰੇਸ਼ਨ, ਲੋਕ ਨਿਰਮਾਣ ਵਿਭਾਗ ਅਤੇ ਠੇਕੇਦਾਰਾਂ ਸਮੇਤ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਨਾਲ ਮੀਟਿੰਗ ਦੀ ਪ੍ਰਧਾਨਗੀ ਕੀਤੀ।
ਮੀਟਿੰਗ ਵਿੱਚ ਸਿਵਲ ਸਰਜਨ ਡਾ: ਪ੍ਰਦੀਪ ਕੁਮਾਰ, ਸੀਨੀਅਰ ਮੈਡੀਕਲ ਅਫ਼ਸਰ ਡਾ: ਹਰਪ੍ਰੀਤ ਸਿੰਘ, ਲੋਕ ਨਿਰਮਾਣ ਵਿਭਾਗ ਦੇ ਕਾਰਜਕਾਰੀ ਇੰਜਨੀਅਰ ਕਮਲਜੀਤ ਸਿੰਘ, ਕਬੀਰ ਇਨਫਰਾ ਤੋਂ ਇਜ਼ੂ ਕਾਲੜਾ, ਕ੍ਰੇਸੈਂਟੀਆ ਪ੍ਰੋਜੈਕਟ ਮੈਨੇਜਮੈਂਟ ਤੋਂ ਮੋਹਿਤ ਕੰਵਰ ਅਤੇ ਪੰਜਾਬ ਹੈਲਥ ਸਿਸਟਮ ਕਾਰਪੋਰੇਸ਼ਨ ਦੇ ਇੱਕ ਅਧਿਕਾਰੀ ਹਾਜ਼ਰ ਸਨ।
ਐਮਪੀ ਸੰਜੀਵ ਅਰੋੜਾ ਨੇ ਮੁਕੰਮਲ ਹੋਏ ਕੰਮਾਂ ਦੇ ਨਾਲ-ਨਾਲ ਚੱਲ ਰਹੇ ਕੰਮਾਂ ਬਾਰੇ ਵੀ ਜਾਣਕਾਰੀ ਲਈ। ਅਪਗ੍ਰੇਡੇਸ਼ਨ ਨੂੰ ਸੀਐਸਆਰ ਅਤੇ ਐਮਪੀਐਲਏਡੀ ਪਹਿਲਕਦਮੀਆਂ ਰਾਹੀਂ ਫੰਡ ਦਿੱਤਾ ਜਾ ਰਿਹਾ ਹੈ ਜਿਸਦਾ ਉਦੇਸ਼ ਹਸਪਤਾਲ ਨੂੰ ਕਿਸੇ ਵੀ ਬਿਹਤਰ ਪ੍ਰਾਈਵੇਟ ਹਸਪਤਾਲ ਦੇ ਬਰਾਬਰ ਮਿਆਰਾਂ ਵਾਲੀ ਸੁਵਿਧਾ ਵਿੱਚ ਬਦਲਣਾ ਹੈ।
ਬਕਾਇਆ ਕੰਮਾਂ ਵਿੱਚ ਛੱਤ ਦੀ ਵਾਟਰ ਪਰੂਫਿੰਗ, ਅੱਗ ਸੁਰੱਖਿਆ ਉਪਾਅ, ਬਾਗਬਾਨੀ ਵਿੱਚ ਸੁਧਾਰ, ਪੇਂਟਿੰਗ, ਛੱਤ ਵਾਲੇ ਪੱਖੇ ਅਤੇ ਬਿਹਤਰ ਰੋਸ਼ਨੀ, ਅੰਦਰੂਨੀ ਸੜਕਾਂ ਦਾ ਮੁੜ ਨਿਰਮਾਣ ਅਤੇ ਚੌੜਾ ਕਰਨਾ, ਪਾਰਕਿੰਗ ਖੇਤਰਾਂ ਵਿੱਚ ਪੇਵਰ ਵਿਛਾਉਣ, ਮਰੀਜ਼ਾਂ ਅਤੇ ਉਨ੍ਹਾਂ ਦੇ ਨਾਲ ਆਉਂਦੇ ਲੋਕਾਂ ਲਈ ਸ਼ੈੱਡਾਂ ਦਾ ਨਿਰਮਾਣ ਕਰਨਾ ਸ਼ਾਮਲ ਹੈ। ਮੁਕੰਮਲ ਕੀਤੇ ਗਏ ਕੰਮਾਂ ਵਿੱਚ ਨਵੀਆਂ ਸੀਵਰ ਲਾਈਨਾਂ, ਚੂਹਿਆਂ ਨੂੰ ਕੰਟਰੋਲ ਕਰਨ ਦੇ ਉਪਾਅ, ਚਾਰਦੀਵਾਰੀ ਦੀ ਮਜ਼ਬੂਤੀ, ਟਾਈਲਾਂ ਦਾ ਕੰਮ, ਬਾਥਰੂਮ ਦੀ ਮੁਰੰਮਤ, ਕੂੜੇ ਦੇ ਡੰਪ ਨੂੰ ਹਟਾਉਣਾ ਅਤੇ ਦੋ ਲਿਫਟਾਂ ਦੀ ਮੁਰੰਮਤ ਸ਼ਾਮਲ ਹੈ।
ਅਰੋੜਾ ਨੇ ਅਧਿਕਾਰੀਆਂ ਨੂੰ ਅਗਲੇ ਸਾਲ ਜਨਵਰੀ ਤੱਕ ਸਾਰੇ ਕੰਮ ਜਲਦੀ ਮੁਕੰਮਲ ਕਰਨ ਦੀ ਤਾਕੀਦ ਕੀਤੀ। ਉਨ੍ਹਾਂ ਨੇ ਬਿਹਤਰ ਰੋਸ਼ਨੀ ਦੀ ਲੋੜ 'ਤੇ ਜ਼ੋਰ ਦਿੱਤਾ ਅਤੇ ਲੋੜ ਪੈਣ 'ਤੇ ਟੈਂਡਰ ਜਾਰੀ ਕਰਨ ਸਮੇਤ ਬਕਾਇਆ ਕੰਮਾਂ 'ਤੇ ਤੁਰੰਤ ਕਾਰਵਾਈ ਕਰਨ ਲਈ ਕਿਹਾ। ਹਸਪਤਾਲ ਦੇ ਅੰਦਰ ਖਾਲੀ ਪਈ ਜ਼ਮੀਨ ਨੂੰ ਵਾਧੂ ਪਾਰਕਿੰਗ ਲਈ ਵਰਤਣ ਦੀ ਸੰਭਾਵਨਾ ਵੀ ਵਿਚਾਰੀ ਗਈ।
ਅਰੋੜਾ ਨੇ ਸਿਹਤ ਵਿਭਾਗ ਦੇ ਅਧਿਕਾਰੀਆਂ ਦੀਆਂ ਮੰਗਾਂ 'ਤੇ ਹੁੰਗਾਰਾ ਭਰਦਿਆਂ 50 ਹੀਟਰ ਮੁਹੱਈਆ ਕਰਵਾਉਣ ਦਾ ਭਰੋਸਾ ਦਿੱਤਾ। ਅਰੋੜਾ ਦੀ ਬੇਨਤੀ 'ਤੇ, ਟ੍ਰਾਈਡੈਂਟ ਗਰੁੱਪ ਦੇ ਚੇਅਰਮੈਨ ਐਮਰੀਟਸ ਰਜਿੰਦਰ ਗੁਪਤਾ ਨੇ ਇਨਡੋਰ ਮਰੀਜ਼ਾਂ ਲਈ 500 ਬੈੱਡਸ਼ੀਟਾਂ ਮੁਹੱਈਆ ਕਰਵਾਉਣ ਦਾ ਵਾਅਦਾ ਕੀਤਾ। ਅਰੋੜਾ ਨੇ ਪ੍ਰਦਾਨ ਕੀਤੀ ਸੂਚੀ ਦੇ ਆਧਾਰ 'ਤੇ ਹਸਪਤਾਲ ਨੂੰ ਵਾਧੂ ਮੈਡੀਕਲ ਉਪਕਰਨ ਮੁਹੱਈਆ ਕਰਵਾਉਣ ਲਈ ਵੀ ਭਰੋਸਾ ਦਿੱਤਾ। ਵਾਧੂ ਫਰਨੀਚਰ ਦੀਆਂ ਲੋੜਾਂ ਬਾਰੇ ਵੀ ਚਰਚਾ ਕੀਤੀ ਗਈ ਅਤੇ ਜਲਦੀ ਸਪਲਾਈ ਦਾ ਭਰੋਸਾ ਦਿੱਤਾ ਗਿਆ।
Get all latest content delivered to your email a few times a month.