ਤਾਜਾ ਖਬਰਾਂ
ਜਲੰਧਰ 30 ਅਪ੍ਰੈਲ :- ਕਮਿਸ਼ਨਰੇਟ ਪੁਲਿਸ ਜਲੰਧਰ ਵਲੋਂ ਅੱਜ ਸੋਢਲ ਰੋਡ ਦੇ ਫਾਈਨਾਂਸਰ ਗੁਰਮੀਤ ਸਿੰਘ ਟਿੰਕੂ ਦੇ ਕਤਲ ਕੇਸ ਦੀ ਗੁੱਥੀ ਨੂੰ ਸੁਲਝਾਉਂਦਿਆਂ ਅਪਰਾਧ ’ਚ ਸ਼ਾਮਿਲ ਦੋ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮਾਂ ਦੀ ਪਹਿਚਾਣ ਹਰਪ੍ਰੀਤ ਸਿੰਘ ਉਰਫ਼ ਹੈਪੀ ਮੱਲ ਈਸੇਵਾਲ ਪਿੰਡ ਅਤੇ ਸੁਰਿੰਦਰ ਸਿੰਘ ਮਮਦੋਟ ਜ਼ਿਲ੍ਹਾ ਫਿਰੋਜ਼ਪੁਰ ਵਜੋਂ ਹੋਈ ਹੈ। ਪੁਲਿਸ ਕਰਮੀਆਂ ਵਲੋਂ .32 ਬੋਰ ਪਿਸਤੌਲ ਅਤੇ ਤਿੰਨ ਜਿੰਦਾ ਕਾਰਤੂਸ ਵੀ ਬਰਾਮਦ ਕੀਤੇ ਗਏ ਹਨ।
ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦਿਆਂ ਪੁਲਿਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਨੇ ਦੱਸਿਆ ਕ ਗੁਰਮੀਤ ਸਿੰਘ ਟਿੰਕੂ ਵਲੋਂ ਪ੍ਰੀਤ ਨਗਰ ਸੋਢਲ ਰੋਡ ਵਿਖੇ ਪੀ.ਵੀ.ਸੀ. ਫਾਈਨਾਂਸ ਦੇ ਨਾਮ ’ਤੇ ਆਪਣਾ ਕਾਰੋਬਾਰ ਚਲਾਇਆ ਜਾ ਰਿਹਾ ਸੀ ਅਤੇ 6 ਮਾਰਚ ਨੂੰ ਅਮਨ ਨਗਰ ਦੇ ਪੁਨੀਤ ਸ਼ਰਮਾ ਅਤੇ ਨਿਊ ਗੋਬਿੰਦ ਨਗਰ ਜ਼ਿਲ੍ਹਾ ਜਲੰਧਰ ਦੇ ਨਰਿੰਦਰ ਸ਼ਾਰਦਾ ਵਲੋਂ ਕੁਝ ਅਣਪਛਾਤੇ ਲੋਕਾਂ ਨਾਲ ਮਿਲ ਕੇ ਟਿੰਕੂ ’ਤੇ ਹਮਲਾ ਕਰਦਿਆਂ ਗੋਲੀਆਂ ਮਾਰ ਕੇ ਮੌਕੇ ਤੋਂ ਫਰਾਰ ਹੋ ਗਏ। ਉਨ੍ਹਾਂ ਦੱਸਿਆ ਕਿ ਤਕਨੀਕੀ ਜਾਂਚ, ਸੀ.ਸੀ.ਟੀ.ਵੀ. ਫੁਟੇਜ ਅਤੇ ਖੁਫੀਆਂ ਢੰਗ ਨਾਲ ਸੀ.ਆਈ.ਏ ਅਤੇ ਪੁਲਿਸ ਥਾਣਾ-8 ਦੀ ਟੀਮ ਵਲੋਂ ਇਸ ਕੇਸ ਵਿੱਚ ਸ਼ਾਮਿਲ ਦੋ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ। ਸ੍ਰ.ਭੁੱਲਰ ਨੇ ਦੱਸਿਆ ਕਿ ਮੁੱਢਲੀ ਪੁਛਗਿੱਛ ਵਿੱਚ ਮੁਲ਼ਜਮਾਂ ਨੇ ਦੱਸਿਆ ਕਿ ਗੁਰਮੀਤ ਨੇ ਘਰ ’ਤੇ ਹਮਲਾ ਕਰਕੇ ਪੁਨੀਤ ਸ਼ਰਮਾ ਦੀ ਕਰ ਨੂੰ ਤੋੜ ਦਿੱਤਾ ਸੀ , ਜਿਸ ’ਤੇ ਗੁਰਮੀਤ ਅਤੇ ਹੋਰਨਾਂ ’ਤੇ ਕੇਸ ਦਰਜ਼ ਕੀਤਾ ਗਿਆ ਸੀ। ਕਮਿਸ਼ਨਰ ਪੁਲਿਸ ਨੇ ਦੱਸਿਆ ਕਿ ਇਸੇ ਪੁਰਾਣੀ ਰੰਜ਼ਿਸ ਦੇ ਚਲਦਿਆਂ ਪੁਨੀਤ ਸ਼ਰਮਾ ਅਤੇ ਨਰਿੰਦਰ ਸ਼ਾਰਦਾ ਵਲੋਂ ਗੁਰਮੀਤ ਨੂੰ ਖ਼ਤਮ ਕਰਨ ਦੀ ਸਾਜਿਸ਼ ਰਚੀ ਗਈ ਅਤੇ ਇਸ ਵਿੱਚ ਉਨਾ ਨੇ ਹੈਪੀ ਮੱਲ ਜੋ ਪਟਿਆਲਾ ਜੇਲ੍ਹ ਵਿੱਚ ਬੰਦ ਸੀ ਦੀ ਸਹਾਇਤਾ ਲਈ ਗਈ। ਦੋਵੇਂ ਪੁਨੀਤ ਅਤੇ ਮੱਲ ਇਕ ਦੂਜੇ ਨੂੰ ਜਾਣਦੇ ਸਨ ਕਿਉਂਕਿ ਉਹ ਜੇਲ੍ਹ ਵਿੱਚ ਮਿਲ ਚੁੱਕੇ ਸਨ। ਪੁਲਿਸ ਕਮਿਸ਼ਨਰ ਨੇ ਅੱਗੇ ਦੱਸਿਆ ਕਿ ਮੱਲ ਵਲੋਂ ਪੁਨੀਤ ਅਤੇ ਸ਼ਾਰਦਾ ਦੀ ਹੈਪੀ ਭੁੱਲਰ (ਜੋ ਕਿ ਖਰੜ ਕਤਲ ਕੇਸ ਵਿੱਚ ਪੀ.ਓ. ਹੈ), ਜੀਤਾ ਖਿਲਚੀ ਅਤੇ ਸੁਰਿੰਦਰ ਸਿੰਘ ਮਮਦੋਟ ਨਾਲ ਕਤਲ ਨੂੰ ਅੰਜ਼ਾਮ ਦੇਣ ਲਈ ਮੀਟਿੰਗ ਕਰਵਾਈ ਗਈ। ਉਨ੍ਹਾਂ ਦੱਸਿਆ ਕਿ ਯੋਜਨਾ ਅਨੁਸਾਰ ਸਾਰੇ ਮੁਲਜ਼ਮ 6 ਮਾਰਚ ਨੂੰ ਟਿੰਕੂ ਦੇ ਕਤਲ ਤੋਂ ਦੋ ਦਿਨ ਪਹਿਲਾਂ ਇਥੇ ਆਏ। ਸ੍ਰ.ਭੁੱਲਰ ਨੇ ਅੱਗੇ ਦੱਸਿਆ ਕਿ ਹਰਪ੍ਰੀਤ ਅਤੇ ਸੁਰਿੰਦਰ ਨੂੰ ਪਟਿਆਲਾ ਅਤੇ ਫਿਰੋਜ਼ਪੁਰ ਜੇਲ੍ਹ ਤੋਂ ਲਿਆਉਣ ਉਪਰੰਤ ਗ੍ਰਿਫ਼ਤਾਰ ਕੀਤਾ ਗਿਆ ਹੈ। ਹਰਪ੍ਰੀਤ ਪੰਜਾਬ ਦੇ ਵੱਖ-ਵੱਖ ਪੁਲਿਸ ਥਾਣਿਆਂ ਵਿੱਚ ਪੰਜ ਅਪਰਾਧਿਕ ਮਾਮਲਿਆਂ ਦਾ ਸਾਹਮਣਾ ਕਰ ਰਿਹਾ ਹੈ ਅਤੇ ਸੁਰਿੰਦਰ ਸਿੰਘ ਦੇ ਖਿਲਾਫ਼ ਸੱਤ ਕੇਸ ਦਰਜ ਹਨ।
ਸ੍ਰ.ਭੁੱਲਰ ਨੇ ਦੱਸਿਆ ਕਿ ਰਿਮਾਂਡ ਦੌਰਾਨ ਦੋਵਾਂ ਮੁਲਜ਼ਮਾਂ ਪਾਸੋਂ ਪੁਨੀਤ, ਨਰਿੰਦਰ, ਜੀਤਾ ਅਤੇ ਹਰਪ੍ਰੀਤ ਕਿਥੇ ਹਨ ਬਾਰੇ ਬਾਰੀਕੀ ਨਾਲ ਪੁਛਗਿਛ ਕੀਤੀ ਗਈ। ਉਨ੍ਹਾਂ ਕਿਹਾ ਕਿ ਪੁਲਿਸ ਟੀਮਾਂ ਬਾਕੀ ਰਹਿੰਦੇ ਮੁਲਜ਼ਮਾਂ ਨੂੰ ਫੜਨ ਲਈ ਛਾਪੇ ਮਾਰ ਰਹੀ ਹੈ ਅਤੇ ਜਲਦੀ ਹੀ ਸਾਰੇ ਜੇਲ੍ਹ ਦੀਆਂ ਸਲਾਖਾਂ ਪਿਛੇ ਹੋਣਗੇ।
Get all latest content delivered to your email a few times a month.