ਤਾਜਾ ਖਬਰਾਂ
.
ਚੰਡੀਗੜ੍ਹ/ਜਲਾਲਾਬਾਦ, 5 ਅਕਤੂਬਰ- ਆਮ ਆਦਮੀ ਪਾਰਟੀ ਨੇ ਜਲਾਲਾਬਾਦ ਦੇ ਬੀਡੀਪੀਓ ਦਫ਼ਤਰ ਵਿੱਚ ਹੋਈ ਹਿੰਸਕ ਝੜਪ ਲਈ ਅਕਾਲੀ ਦਲ ਨੂੰ ਜ਼ਿੰਮੇਵਾਰ ਠਹਿਰਾਇਆ ਹੈ ਅਤੇ ਅਕਾਲੀ ਆਗੂਆਂ ’ਤੇ ‘ਆਪ’ ਦੇ ਸਰਪੰਚ ਉਮੀਦਵਾਰ ’ਤੇ ਗੋਲੀ ਚਲਾਉਣ ਦਾ ਦੋਸ਼ ਲਾਇਆ ਹੈ। ਗੋਲੀ ਲੱਗਣ ਨਾਲ 'ਆਪ' ਦਾ ਸਰਪੰਚ ਉਮੀਦਵਾਰ ਗੰਭੀਰ ਜ਼ਖ਼ਮੀ ਹੋ ਗਿਆ। ਉਸ ਨੂੰ ਲੁਧਿਆਣਾ ਦੇ ਡੀਐਮਸੀਐਚ ਵਿੱਚ ਦਾਖਲ ਕਰਵਾਇਆ ਗਿਆ ਹੈ।
ਇਸ ਘਟਨਾ 'ਤੇ 'ਆਪ' ਆਗੂ ਨੀਲ ਗਰਗ ਨੇ ਕਿਹਾ ਕਿ ਪਿਛਲੇ ਤਿੰਨ-ਚਾਰ ਦਿਨਾਂ ਤੋਂ ਆਮ ਆਦਮੀ ਤੇ ਵਿਰੋਧੀ ਪਾਰਟੀਆਂ ਲਗਾਤਾਰ ਪ੍ਰਸ਼ਾਸਨ ਦੀ ਦੁਰਵਰਤੋਂ ਦੇ ਦੋਸ਼ ਲਗਾ ਰਹੀਆਂ ਹਨ। ਜਦੋਂਕਿ ਅਸਲ ਵਿੱਚ ਇਹ ਲੋਕ ਲਗਾਤਾਰ ਗੁੰਡਾਗਰਦੀ ਕਰਕੇ ਪੁਲੀਸ ਪ੍ਰਸ਼ਾਸਨ ’ਤੇ ਦਬਾਅ ਬਣਾ ਰਹੇ ਹਨ। ਉਹ ਸਾਡੇ ਸਰਪੰਚ ਉਮੀਦਵਾਰਾਂ ਨਾਲ ਹਿੰਸਾ ਕਰ ਰਹੇ ਹਨ। ਅੱਜ ਜਲਾਲਾਬਾਦ ਵਿੱਚ ਉਨ੍ਹਾਂ ਨੇ ਸਾਡੇ ਇੱਕ ਉਮੀਦਵਾਰ ਨੂੰ ਗੋਲੀ ਮਾਰ ਦਿੱਤੀ।
ਨੀਲ ਗਰਗ ਨੇ ਕਿਹਾ ਕਿ ਅਪਰਾਧਿਕ ਪ੍ਰਵਿਰਤੀ ਵਾਲੇ ਲੋਕ ਹੀ ਅਜਿਹਾ ਕਰ ਸਕਦੇ ਹਨ। ਪੰਜਾਬ ਦੇ ਲੋਕ ਅਜਿਹੇ ਲੋਕਾਂ ਨੂੰ ਚੰਗੀ ਤਰ੍ਹਾਂ ਜਾਣਦੇ ਹਨ। ਇਨ੍ਹਾਂ ਲੋਕਾਂ ਨੇ ਪੰਜਾਬ ਵਿੱਚ ਗੈਂਗਸਟਰ ਪੈਦਾ ਕੀਤੇ ਹਨ। ਇਸ ਚੋਣ ਵਿੱਚ ਵੀ ਲੋਕ ਉਨ੍ਹਾਂ ਤੋਂ ਵਿਧਾਨ ਸਭਾ ਚੋਣਾਂ ਵਾਂਗ ਬਦਲਾ ਲੈਣਗੇ।
ਨੀਲ ਗਰਗ ਨੇ ਕਿਹਾ ਕਿ ਡਰਾਉਣਾ-ਧਮਕਾਉਣਾ ਆਮ ਆਦਮੀ ਪਾਰਟੀ ਦਾ ਸੱਭਿਆਚਾਰ ਨਹੀਂ ਹੈ। ਅਸੀਂ ਲੋਕਤੰਤਰ ਵਿੱਚ ਵਿਸ਼ਵਾਸ ਰੱਖਣ ਵਾਲੇ ਲੋਕ ਹਾਂ। ਆਮ ਆਦਮੀ ਪਾਰਟੀ ਨੇ ਨਾ ਤਾਂ ਕਿਸੇ ਉਮੀਦਵਾਰ ਨੂੰ ਨਾਮਜ਼ਦਗੀ ਭਰਨ ਤੋਂ ਰੋਕਿਆ ਹੈ ਅਤੇ ਨਾ ਹੀ ਅਜਿਹਾ ਕਰਨ ਦਾ ਕੋਈ ਇਰਾਦਾ ਹੈ। ਅਸੀਂ ਪੂਰੀ ਤਰ੍ਹਾਂ ਨਿਰਪੱਖ ਅਤੇ ਆਜ਼ਾਦ ਪੰਚਾਇਤੀ ਚੋਣਾਂ ਚਾਹੁੰਦੇ ਹਾਂ।
ਆਪ ਆਗੂ ਨੇ ਚੋਣ ਕਮਿਸ਼ਨ ਨੂੰ ਸੁਤੰਤਰ ਅਤੇ ਨਿਰਪੱਖ ਢੰਗ ਨਾਲ ਕਰਵਾਉਣ ਦੀ ਅਪੀਲ ਕੀਤੀ ਅਤੇ ਕਿਹਾ ਜਿੱਥੇ ਸੁਰੱਖਿਆ ਦੀ ਲੋੜ ਹੋਵੇ, ਉੱਥੇ ਸੁਰੱਖਿਆ ਬਲਾਂ ਨੂੰ ਪੂਰੀ ਮੁਸਤੈਦੀ ਨਾਲ ਤਾਇਨਾਤ ਕੀਤਾ ਜਾਵੇ ਤਾਂ ਜੋ ਉਮੀਦਵਾਰ ਨਿਡਰ ਹੋ ਕੇ ਚੋਣ ਲੜ ਸਕਣ ਅਤੇ ਲੋਕ ਆਪਣੀ ਵੋਟ ਦਾ ਇਸਤੇਮਾਲ ਕਰ ਸਕਣ।
Get all latest content delivered to your email a few times a month.