ਤਾਜਾ ਖਬਰਾਂ
.
ਚੰਡੀਗੜ੍ਹ, 5 ਅਕਤੂਬਰ: ਸ਼੍ਰੋਮਣੀ ਅਕਾਲੀ ਦਲ ਨੇ ਅੱਜ ਸੂਬਾਈ ਚੋਣ ਕਮਿਸ਼ਨ ਨੂੰ ਅਪੀਲ ਕੀਤੀ ਕਿ ਪੰਚਾਇਤ ਚੋਣਾਂ ਲਈ ਨਾਮਜ਼ਦਗੀ ਪੱਤਰ ਦਾਖਲ ਕਰਨ ਦਾ ਸਮਾਂ ਵਧਾਇਆ ਜਾਵੇ ਅਤੇ ਮੋਗਾ ਜ਼ਿਲ੍ਹੇ ਦੇ ਧਰਮਕੋਟ ਵਿਧਾਨ ਸਭਾ ਹਲਕੇ ਦੇ 15 ਪਿੰਡਾਂ ਵਿਚ ਜਿਥੇ ਵਿਰੋਧੀ ਧਿਰ ਦੇ ਉਮੀਦਵਾਰ ਸਰਪੰਚ ਅਤੇ ਪੰਚ ਦੇ ਅਹੁਦਿਆਂ ਲਈ ਨਾਮਜ਼ਦਗੀ ਪੱਤਰ ਦਾਖਲ ਨਹੀਂ ਕਰ ਸਕੇ, ਉਹਨਾਂ ਵਾਸਤੇ ਨਾਮਜ਼ਦਗੀ ਪੱਤਰ ਦਾਖਲ ਕਰਨ ਲਈ ਨਵੀਂਆਂ ਤਾਰੀਕਾਂ ਦਾ ਐਲਾਨ ਕੀਤਾ ਜਾਵੇ।
ਇਥੇ ਜਾਰੀ ਕੀਤੇ ਇਕ ਬਿਆਨ ਵਿਚ ਸੀਨੀਅਰ ਅਕਾਲੀ ਆਗੂ ਤੇ ਸਾਬਕਾ ਮੰਤਰੀ ਡਾ. ਦਲਜੀਤ ਸਿੰਘ ਚੀਮਾ ਨੇ ਸੂਬਾਈ ਚੋਣ ਕਮਿਸ਼ਨ ਦੇ ਧਿਆਨ ਵਿਚ ਇਹ ਵੀ ਲਿਆਂਦਾ ਕਿ ਧਰਮਕੋਟ ਦੇ ਤਿੰਨ ਪਿੰਡਾਂ ਵਿਚ ਉਮੀਦਵਾਰਾਂ ਦੇ ਨਾਮਜ਼ਦਗੀ ਪੱਤਰ ਭਰੇ ਪਰ ਉਹਨਾਂ ਨੂੰ ਕੋਈ ਰਸੀਦ ਨਹੀਂ ਦਿੱਤੀ ਗਈ। ਉਹਨਾਂ ਕਿਹਾ ਕਿ ਇਸ ਤੋਂ ਇਲਾਵਾ ਪਾਰਟੀ ਨੇ ਇਹ ਵੀ ਦੱਸਿਆ ਹੈ ਕਿ ਕਿਵੇਂ ਆਮ ਆਦਮੀ ਪਾਰਟੀ (ਆਪ) ਦੇ ਗੁੰਡਿਆਂ ਨੇ ਵਿਰੋਧੀ ਧਿਰ ਦੇ ਉਮੀਦਵਾਰਾਂ ’ਤੇ ਹਮਲੇ ਕੀਤੇ ਤੇ ਉਹਨਾਂ ਨੂੰ ਨਾਮਜ਼ਦਗੀ ਪੱਤਰ ਦਾਖਲ ਕਰਨ ਤੋਂ ਰੋਕਿਆ। ਉਹਨਾਂ ਮੰਗ ਕੀਤੀ ਕਿ ਹਿੰਸਾਗ੍ਰਸਤ ਸਾਰੀਆਂ ਥਾਵਾਂ ’ਤੇ ਨਾਮਜ਼ਦਗੀ ਪੱਤਰ ਦਾਖਲ ਕਰਨ ਦੀ ਤਾਰੀਕ ਵਧਾਈ ਜਾਵੇ।
ਡਾ. ਚੀਮਾ ਨੇ ਕਿਹਾ ਕਿ ਧਰਮਕੋਟ ਦੇ 15 ਪਿੰਡਾਂ ਵਿਚ ਵਿਰੋਧੀ ਧਿਰ ਦੇ ਉਮੀਦਵਾਰ ਸਾਰਾ ਦਿਨ ਰਿਟਰਨਿੰਗ ਅਫਸਰ ਦੇ ਦਫਤਰ ਦੇ ਬਾਹਰ ਲਾਈਨਾਂ ਵਿਚ ਖੜ੍ਹੇ ਰਹੇ ਪਰ ਉਹਨਾਂ ਦੇ ਨਾਮਜ਼ਦਗੀ ਪੱਤਰ ਦਾਖਲ ਨਹੀਂ ਕਰਵਾਏ ਗਏ। ਉਹਨਾਂ ਕਿਹਾ ਕਿ ਇਹ ਉਮੀਦਵਾਰ ਗਾਗਰਾ, ਔਗੁਣ, ਖੋਸ਼ਾ ਰਣਧੀਰ, ਉਮਰੀਆਣਾ, ਦਾਤਾਵਾਲਾ, ਚੂੰਧਾਕਲਾਂ, ਚੂੰਧਾ ਖੁਰਦ, ਮੂਸੇਵਾਲਾ, ਮਲੇਕ ਕੰਗਾ, ਮਨਾਵਾ, ਡੋਲੇਵਾਲਾ, ਮੁੰਡੀ ਜਮਾਲ, ਫਤਿਹ ਓਲੇ ਸ਼ਾਹ, ਕਾਰਯਾਹ ਵਾਲਾ ਤੇ ਵਰਾਵਣ ਦੇ ਸਨ।
ਅਕਾਲੀ ਆਗੂ ਨੇ ਦੱਸਿਆ ਕਿ ਪਾਰਟੀ ਦੇ ਸੀਨੀਅਰ ਆਗੂ ਸਰਦਾਰ ਬਿਕਰਮ ਸਿੰਘ ਮਜੀਠੀਆ ਨੇ ਇਹ ਵੀ ਦੱਸਿਆ ਹੈ ਕਿ ਜੇਲ੍ਹਾਂ ਵਿਚੋਂ ਗੈਂਗਸਟਰ ਵਿਰੋਧੀ ਧਿਰ ਦੇ ਉਮੀਦਵਾਰਾਂ ਨੂੰ ਧਮਕੀਆਂ ਦੇ ਰਹੇ ਹਨ ਕਿ ਜੇਕਰ ਉਹ ਚੋਣਾਂ ਵਿਚ ਖੜ੍ਹੇ ਹੋਏ ਤਾਂ ਗੰਭੀਰ ਨਤੀਜੇ ਭੁਗਤਣੇ ਪੈਣਗੇ। ਉਹਨਾਂਕਿਹਾ ਕਿ ਕਮਿਸ਼ਨ ਨੂੰ ਇਸ ਗੱਲ ਦੀ ਜਾਂਚ ਦੇ ਹੁਕਮ ਦੇਣੇ ਚਾਹੀਦੇ ਹਨ ਕਿ ਗੈਂਗਸਟਰ ਜੇਲ੍ਹਾਂ ਵਿਚੋਂ ਧਮਕੀਆਂ ਕਿਵੇਂ ਦੇ ਰਹੇ ਹਨ। ਉਹਨਾਂ ਨੇ ਇਹ ਵੀ ਮੰਗ ਕੀਤੀ ਕਿ ਕੁਤਾਹੀ ਕਰਨ ਵਾਲੇ ਅਧਿਕਾਰੀਆਂ ਖਿਲਾਫ ਅਤੇ ਵਿਰੋਧੀ ਧਿਰ ਦੇ ਉਮੀਦਵਾਰਾਂ ’ਤੇ ਹਮਲਾ ਕਰ ਕੇ ਉਹਨਾਂ ਦੇ ਕਾਗਜ਼ ਖੋਹਣ ਵਾਲੇ ਸਾਰੇ ਦੋਸ਼ੀਆਂ ਖਿਲਾਫ ਸਖ਼ਤ ਕਾਰਵਾਈ ਹੋਣੀ ਚਾਹੀਦੀ ਹੈ।
Get all latest content delivered to your email a few times a month.