ਤਾਜਾ ਖਬਰਾਂ
.
ਚੰਡੀਗੜ੍ਹ, 2 ਅਕਤੂਬਰ: ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਸੂਬੇ ਦੇ ਆਜ਼ਾਦੀ ਘੁਲਾਟੀਆਂ ਅਤੇ ਉਨ੍ਹਾਂ ਦੇ ਪਰਿਵਾਰਾਂ ਦੇ ਸਨਮਾਨ ਅਤੇ ਸਹਾਇਤਾ ਲਈ ਵਚਨਬੱਧ ਹੈ। ਇਸੇ ਵਚਨਬੱਧਤਾ ਤਹਿਤ ਸੁਤੰਤਰਤਾ ਸੰਗਰਾਮੀ ਮੰਤਰੀ ਮਹਿੰਦਰ ਭਗਤ ਦੀ ਪ੍ਰਧਾਨਗੀ ਹੇਠ ਚੰਡੀਗੜ੍ਹ ਵਿਖੇ ਸਮੀਖਿਆ ਮੀਟਿੰਗ ਕੀਤੀ ਗਈ। ਮੀਟਿੰਗ ਦਾ ਉਦੇਸ਼ ਆਜ਼ਾਦੀ ਘੁਲਾਟੀਆਂ ਅਤੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਲਈ ਉਪਲਬਧ ਭਲਾਈ ਸਕੀਮਾਂ ਦੇ ਵਿਸਥਾਰ 'ਤੇ ਧਿਆਨ ਕੇਂਦ੍ਰਤ ਕਰਦਿਆਂ ਸੁਤੰਤਰਤਾ ਸੰਗਰਾਮੀ ਵਿਭਾਗ ਦੇ ਚੱਲ ਰਹੇ ਕੰਮਾਂ ਅਤੇ ਪਹਿਲਕਦਮੀਆਂ ਦਾ ਮੁਲਾਂਕਣ ਕਰਨਾ ਸੀ।
ਮੀਟਿੰਗ ਦੌਰਾਨ ਸੁਤੰਤਰਤਾ ਸੰਗਰਾਮੀ ਵਿਭਾਗ ਦੀ ਵਿਸ਼ੇਸ਼ ਮੁੱਖ ਸਕੱਤਰ ਰਾਜੀ ਪੀ. ਸ਼੍ਰੀਵਾਸਤਵ ਨੇ ਮੰਤਰੀ ਭਗਤ ਨੂੰ ਮੌਜੂਦਾ ਪ੍ਰੋਗਰਾਮਾਂ ਦੇ ਕੰਮਕਾਜ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੱਤੀ। ਇਨ੍ਹਾਂ ਵਿੱਚ ਆਜ਼ਾਦੀ ਘੁਲਾਟੀਆਂ ਦੇ ਪਰਿਵਾਰਕ ਮੈਂਬਰਾਂ ਨੂੰ ਪੈਨਸ਼ਨ, ਸਿਹਤ ਸੰਭਾਲ ਸਹਾਇਤਾ, ਸਿੱਖਿਆ ਵਿੱਚ ਰਾਖਵਾਂਕਰਨ ਅਤੇ ਰੁਜ਼ਗਾਰ ਸਬੰਧੀ ਸਹਾਇਤਾ ਦਾ ਪ੍ਰਬੰਧ ਸ਼ਾਮਲ ਹੈ। ਉਨ੍ਹਾਂ ਨੇ ਮੰਤਰੀ ਨੂੰ ਮੁੱਖ ਪਹਿਲਕਦਮੀਆਂ ਜਿਵੇਂ ਸੁਤੰਤਰਤਾ ਸੰਗਰਾਮੀਆਂ ਦੇ ਅਣਵਿਆਹੇ ਅਤੇ ਬੇਰੋਜ਼ਗਾਰ ਪੁੱਤਰਾਂ ਤੇ ਧੀਆਂ ਲਈ ਪੈਨਸ਼ਨ ਲਾਭਾਂ ਦੇ ਨਾਲ-ਨਾਲ ਸੂਬੇ ਦੇ ਮੈਡੀਕਲ ਅਤੇ ਤਕਨੀਕੀ ਕਾਲਜਾਂ ਵਿੱਚ 1 ਫ਼ੀਸਦੀ ਰਾਖਵਾਂਕਰਨ ਅਤੇ ਸਰਕਾਰੀ ਨੌਕਰੀਆਂ ਵਿੱਚ ਦਿੱਤੇ ਜਾ ਰਹੇ ਭਰਤੀ ਸਬੰਧੀ ਮੌਕਿਆਂ ਬਾਰੇ ਜਾਣਕਾਰੀ ਦਿੱਤੀ।
ਕੈਬਨਿਟ ਮੰਤਰੀ ਮਹਿੰਦਰ ਭਗਤ ਨੇ ਅਧਿਕਾਰੀਆਂ ਨੂੰ ਇਹ ਯਕੀਨੀ ਬਣਾਉਣ ਦੇ ਨਿਰਦੇਸ਼ ਦਿੱਤੇ ਕਿ ਆਜ਼ਾਦੀ ਦਿਵਸ ਅਤੇ ਗਣਤੰਤਰ ਦਿਵਸ ਵਰਗੇ ਮਹੱਤਵਪੂਰਨ ਕੌਮੀ ਜਸ਼ਨਾਂ ਦੌਰਾਨ ਆਜ਼ਾਦੀ ਘੁਲਾਟੀਆਂ ਅਤੇ ਉਨ੍ਹਾਂ ਦੇ ਪਰਿਵਾਰਾਂ ਨੂੰ ਪੂਰਾ ਮਾਣ-ਸਤਿਕਾਰ ਦਿੱਤਾ ਜਾਵੇ ਅਤੇ ਨਿਯਮਿਤ ਤੌਰ 'ਤੇ ਸਨਮਾਨਿਤ ਕੀਤਾ ਜਾਵੇ। ਮੰਤਰੀ ਨੇ ਆਜ਼ਾਦੀ ਘੁਲਾਟੀਆਂ ਦੇ ਪਰਿਵਾਰਾਂ ਦੀਆਂ ਚਿੰਤਾਵਾਂ ਦਾ ਸਮੇਂ ਸਿਰ ਹੱਲ ਕਰਨਾ ਯਕੀਨੀ ਬਣਾਉਂਦਿਆਂ ਉਨ੍ਹਾਂ ਨੂੰ ਵੱਧ ਤੋਂ ਵੱਧ ਸਹਾਇਤਾ ਪ੍ਰਦਾਨ ਕਰਨ ਦੀ ਮਹੱਤਤਾ 'ਤੇ ਜ਼ੋਰ ਦਿੱਤਾ।
ਮੰਤਰੀ ਨੇ ਮੌਜੂਦਾ ਭਲਾਈ ਪ੍ਰੋਗਰਾਮਾਂ ਨੂੰ ਹੋਰ ਮਜ਼ਬੂਤ ਕਰਨ ਦੀ ਲੋੜ 'ਤੇ ਵੀ ਜ਼ੋਰ ਦਿੱਤਾ। ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਇਹ ਯਕੀਨੀ ਬਣਾਉਣ ਲਈ ਪੂਰੀ ਤਰ੍ਹਾਂ ਵਚਨਬੱਧ ਹੈ ਕਿ ਆਜ਼ਾਦੀ ਘੁਲਾਟੀਆਂ ਦੀ ਵਿਰਾਸਤ ਨੂੰ ਸੰਭਾਲਿਆ ਜਾ ਸਕੇ ਅਤੇ ਉਨ੍ਹਾਂ ਦੇ ਪਰਿਵਾਰਾਂ ਨੂੰ ਉਹ ਦੇਖਭਾਲ ਅਤੇ ਮਾਨਤਾ ਮਿਲੇ ਜਿਸ ਦੇ ਉਹ ਹੱਕਦਾਰ ਹਨ। ਇਸ ਮੀਟਿੰਗ ਵਿੱਚ ਸੁਤੰਤਰਤਾ ਸੰਗਰਾਮੀ ਵਿਭਾਗ ਦੇ ਸੰਯੁਕਤ ਸਕੱਤਰ ਲਵਜੀਤ ਕਲਸੀ ਅਤੇ ਸੀਨੀਅਰ ਸਹਾਇਕ ਗੁਰਵਿੰਦਰ ਸਿੰਘ ਵੀ ਮੌਜੂਦ ਸਨ।
Get all latest content delivered to your email a few times a month.