ਤਾਜਾ ਖਬਰਾਂ
.
ਬਰਨਾਲਾ, 1 ਅਕਤੂਬਰ- ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਦੇ ਦਿਸ਼ਾ - ਨਿਰਦੇਸ਼ਾਂ ਅਨੁਸਾਰ ਝੋਨੇ ਦੀ ਖਰੀਦ ਮੰਡੀਆਂ ਸੁਚਾਰੂ ਤਰੀਕੇ ਨਾਲ ਕਰਵਾਉਣ ਅਤੇ ਪਰਾਲੀ ਸਾੜਨ ਦੇ ਮਾਮਲਿਆਂ ਨੂੰ ਰੋਕਣ ਲਈ ਜ਼ਿਲ੍ਹਾ ਪ੍ਰਸ਼ਾਸਨ ਬਰਨਾਲਾ ਸਖਤ ਹੈ ਤੇ ਮਾਪਦੰਡਾਂ ਨਾਲੋਂ ਵੱਧ ਨਮੀਂ ਦੇ ਮਾਮਲੇ ਵਿਚ ਇਕ ਫਰਮ ਖਿਲਾਫ ਸਖਤ ਨੋਟਿਸ ਲਿਆ ਗਿਆ ਹੈ।
ਡਿਪਟੀ ਕਮਿਸ਼ਨਰ ਬਰਨਾਲਾ ਮੈਡਮ ਪੂਨਮਦੀਪ ਕੌਰ ਨੇ ਦੱਸਿਆ ਕਿ ਝੋਨੇ ਦੀ ਸਰਕਾਰੀ ਖਰੀਦ ਸ਼ੁਰੂ ਹੋ ਗਈ ਹੈ। ਉਨ੍ਹਾਂ ਦੱਸਿਆ ਕਿ ਅਨਾਜ ਮੰਡੀ ਬਰਨਾਲਾ ਵਿਚ ਕੰਮ ਕਰਦੀ ਫਰਮ ਬਚਨਾ ਰਾਮ ਐਂਡ ਕੰਪਨੀ ਵਲੋਂ ਆਪਣੇ ਫੜ 'ਤੇ ਪਿੰਡ ਵਜੀਦਕੇ ਕਲਾਂ ਦੇ ਕਿਸਾਨ ਦੇ 21 ਫੀਸਦੀ ਨਮੀਂ ਵਾਲੀ ਵਾਲੇ ਝੋਨੇ ਦੀ ਜਿਣਸ ਢੇਰੀ ਕਰਵਾਈ ਗਈ। ਮਾਪਦੰਡਾਂ ਨੂੰ ਅੱਖੋਂ-ਪਰੋਖੇ ਕਰਨ ਦੇ ਮਾਮਲੇ ਵਿਚ ਸਬੰਧਤ ਫਰਮ ਦਾ ਲਾਇਸੈਂਸ ਰੱਦ ਕਰਨ ਸਬੰਧੀ ਨੋਟਿਸ ਜਾਰੀ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਮਾਪਦੰਡਾਂ ਅਨੁਸਾਰ ਝੋਨੇ ਦੀ ਫ਼ਸਲ ਵਿੱਚ 17 ਫੀਸਦੀ ਤੋਂ ਵੱਧ ਨਮੀਂ ਨਹੀਂ ਹੋਣੀ ਚਾਹੀਦੀ।
ਉਨ੍ਹਾਂ ਦੱਸਿਆ ਕਿ ਪੰਜਾਬ ਖੇਤੀਬਾੜੀ ਉਪਜ ਮੰਡੀਆਂ ਐਕਟ, 1961 ਅਤੇ ਇਸ ਐਕਟ ਅਧੀਨ ਬਣੇ ਪੰਜਾਬ ਖੇਤੀਬਾੜੀ ਉਪਜ ਮੰਡੀਆਂ (ਜਨਰਲ ਰੂਲਜ਼), 1962 ਅਤੇ ਪੰਜਾਬ ਮਾਰਕਿਟ ਕਮੇਟੀਜ਼ ਬਾਈਲਾਅਜ, 1963 ਦੀਆਂ ਧਾਰਾਵਾਂ, ਰੂਲਜ਼ ਅਤੇ ਉਪਬੰਧਾਂ ਦੀ ਪਾਲਣਾ ਕਰਨ ਦੀ ਫਰਮ ਪਾਬੰਦ ਹੈ। ਲਾਇਸੈਂਸ ਦੀ ਸ਼ਰਤ ਨੰਬਰ 1 ਅਨੁਸਾਰ ਫਰਮ ਦੀ ਡਿਊਟੀ ਬਣਦੀ ਹੈ ਕਿ ਉਹ ਐਕਟ, ਰੂਲਜ਼, ਬਾਈਲਾਅਜ ਅਤੇ ਸਮੇਂ ਸਮੇਂ ਸਿਰ ਜਾਰੀ ਕੀਤੀਆਂ ਹਦਾਇਤਾਂ ਦੀ ਇੰਨ ਬਿੰਨ ਪਾਲਣਾ ਕਰੇ। ਲਾਇਸੈਂਸ ਦੀ ਸ਼ਰਤ ਨੰਬਰ 2 ਅਨੁਸਾਰ ਉਸ ਦੀ ਇਹ ਵੀ ਡਿਊਟੀ ਬਣਦੀ ਹੈ ਕਿ ਐਕਟ, ਰੂਲਜ਼ ਅਤੇ ਬਾਈਲਾਅਜ਼ ਦੀ ਉਲੰਘਣਾ ਨਹੀਂ ਕਰੇਗੀ, ਜੇਕਰ ਕੋਈ ਉਲੰਘਣਾ ਨੋਟਿਸ ਵਿੱਚ ਆਉਂਦੀ ਹੈ ਤਾਂ ਉਸ ਦੀ ਲਿਖਤੀ ਰਿਪੋਰਟ ਮਾਰਕਿਟ ਕਮੇਟੀ ਨੂੰ ਦੇਵੇਗੀ। ਲਾਇਸੈਂਸ ਦੀ ਸ਼ਰਤ ਨੰਬਰ 04 ਅਨੁਸਾਰ ਲਾਇਸੰਸੀ ਨੇ ਆਪਣਾ ਵਪਾਰ ਇਮਾਨਦਾਰੀ ਤੇ ਸਹੀ ਢੰਗ ਨਾਲ ਕਰਨਾ ਹੁੰਦਾ ਹੈ। ਉਨ੍ਹਾਂ ਕਿਹਾ ਕਿ ਸਬੰਧਤ ਫਰਮ ਵਲੋਂ ਸ਼ਰਤ ਨੰਬਰ 1, 2 ਤੇ 4 ਦੀ ਉਲੰਘਣਾ ਕੀਤੀ ਗਈ ਹੈ।
ਉਨ੍ਹਾਂ ਦੱਸਿਆ ਕਿ ਫਰਮ ਤੋਂ 24 ਘੰਟਿਆਂ ਦੇ ਅੰਦਰ ਜਵਾਬ ਮੰਗਿਆ ਗਿਆ ਹੈ ਤੇ ਜਵਾਬ ਤਸੱਲੀਬਖ਼ਸ਼ ਨਾ ਹੋਣ ਦੀ ਸੂਰਤ ਵਿੱਚ ਅਗਲੀ ਕਾਰਵਾਈ ਕੀਤੀ ਜਾਵੇਗੀ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਜ਼ਿਲ੍ਹਾ ਪ੍ਰਸ਼ਾਸਨ ਬਰਨਾਲਾ ਵੱਲੋਂ ਸ਼ਾਮ 6 ਵਜੇ ਤੋਂ ਸਵੇਰੇ 10 ਵਜੇ ਤੱਕ ਕੰਬਾਈਨ ਹਾਰਵੈਸਟਰ ਮਸ਼ੀਨਾਂ ਚਲਾਉਣ 'ਤੇ ਸਖ਼ਤ ਮਨਾਹੀ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਇਸ ਸਮੇਂ ਦੌਰਾਨ ਕੰਬਾਈਨ ਹਾਰਵੈਸਟਿੰਗ ਮਸ਼ੀਨਾਂ ਦੀ ਵਰਤੋਂ 'ਤੇ ਪੂਰਨ ਤੌਰ 'ਤੇ ਮਨਾਹੀ ਹੈ ਤਾਂ ਜੋ ਇਹ ਯਕੀਨੀ ਬਣਾਇਆ ਜਾ ਸਕੇ ਕਿ ਵੱਢੀ ਫ਼ਸਲ ਵਿੱਚ ਵੱਧ ਨਮੀ ਨਾ ਹੋਵੇ। ਜੇਕਰ ਕੋਈ ਕਿਸਾਨ ਜ਼ਿਆਦਾ ਨਮੀ ਵਾਲੀ ਫ਼ਸਲ ਲਿਆਉਂਦਾ ਹੈ ਤਾਂ ਉਸ ਨੂੰ ਮੰਡੀ ਵਿੱਚ ਆਉਣ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ। ਡਿਪਟੀ ਕਮਿਸ਼ਨਰ ਨੇ ਅੱਗੇ ਦੱਸਿਆ ਕਿ ਰਾਈਸ ਸ਼ੈਲਰ ਮਾਲਕਾਂ ਨੇ ਵੀ ਨਮੀ ਵਾਲੇ ਝੋਨੇ ਦੀ ਖਰੀਦ ਕਰਨ ਤੋਂ ਇਨਕਾਰ ਕੀਤਾ ਹੈ।
Get all latest content delivered to your email a few times a month.