ਤਾਜਾ ਖਬਰਾਂ
.....................
ਨੇਪਾਲ ਵਿੱਚ ਮੀਂਹ ਕਾਰਨ ਆਏ ਹੜ੍ਹਾਂ ਅਤੇ ਜ਼ਮੀਨ ਖਿਸਕਣ ਕਾਰਨ ਮਰਨ ਵਾਲਿਆਂ ਦੀ ਗਿਣਤੀ ਐਤਵਾਰ ਨੂੰ 170 ਹੋ ਗਈ, ਜਦੋਂ ਕਿ 42 ਲਾਪਤਾ ਹਨ। ਅਧਿਕਾਰੀਆਂ ਨੇ ਦੱਸਿਆ ਕਿ ਸ਼ੁੱਕਰਵਾਰ ਤੋਂ ਪੂਰਬੀ ਅਤੇ ਮੱਧ ਨੇਪਾਲ ਦੇ ਵੱਡੇ ਹਿੱਸੇ ਪਾਣੀ ਵਿਚ ਡੁੱਬ ਗਏ ਹਨ ਅਤੇ ਦੇਸ਼ ਦੇ ਕਈ ਹਿੱਸਿਆਂ ਵਿਚ ਹੜ੍ਹ ਆ ਗਏ ਹਨ। ਪੁਲਸ ਮੁਤਾਬਕ ਨੇਪਾਲ ‘ਚ ਹੜ੍ਹ ਅਤੇ ਜ਼ਮੀਨ ਖਿਸਕਣ ਕਾਰਨ ਹੁਣ ਤੱਕ 170 ਲੋਕਾਂ ਦੀ ਮੌਤ ਹੋ ਚੁੱਕੀ ਹੈ। 56 ਜ਼ਿਲ੍ਹਿਆਂ ਵਿੱਚ ਅਲਰਟ ਜਾਰੀ ਕੀਤਾ ਗਿਆ ਹੈ। ਗ੍ਰਹਿ ਮੰਤਰਾਲੇ ਦੇ ਅਧਿਕਾਰੀਆਂ ਮੁਤਾਬਕ ਹੜ੍ਹ ਅਤੇ ਜ਼ਮੀਨ ਖਿਸਕਣ ਕਾਰਨ 42 ਲੋਕ ਲਾਪਤਾ ਹਨ। ਹੜ੍ਹ ਨਾਲ ਸਬੰਧਤ ਘਟਨਾਵਾਂ ਵਿੱਚ 111 ਲੋਕ ਜ਼ਖ਼ਮੀ ਹੋਏ ਹਨ। ਸਾਰੀਆਂ ਸੁਰੱਖਿਆ ਏਜੰਸੀਆਂ ਦੀ ਮਦਦ ਨਾਲ ਖੋਜ ਅਤੇ ਬਚਾਅ ਕਾਰਜ ਜਾਰੀ ਹਨ। ਉਨ੍ਹਾਂ ਕਿਹਾ ਕਿ ਨੇਪਾਲੀ ਫੌਜ ਨੇ ਦੇਸ਼ ਭਰ ਵਿੱਚ ਫਸੇ 162 ਲੋਕਾਂ ਨੂੰ ਏਅਰਲਿਫਟ ਕੀਤਾ ਹੈ। ਨੇਪਾਲੀ ਫੌਜ, ਨੇਪਾਲ ਪੁਲਸ ਅਤੇ ਹਥਿਆਰਬੰਦ ਪੁਲਸ ਬਲਾਂ ਦੇ ਜਵਾਨਾਂ ਨੇ ਹੜ੍ਹ ਅਤੇ ਪਾਣੀ ਭਰਨ ਤੋਂ ਪ੍ਰਭਾਵਿਤ ਲਗਭਗ 4,000 ਲੋਕਾਂ ਨੂੰ ਬਚਾਇਆ ਹੈ। ਬਚਾਏ ਗਏ ਲੋਕਾਂ ਨੂੰ ਅਨਾਜ ਸਮੇਤ ਸਾਰੀ ਲੋੜੀਂਦੀ ਰਾਹਤ ਸਮੱਗਰੀ ਵੰਡ ਦਿੱਤੀ ਗਈ ਹੈ। ਕਾਠਮੰਡੂ ਦੇ ਬਾਹਰਵਾਰ ਬਲਖੂ ਇਲਾਕੇ ਵਿੱਚ ਸਮਾਜ ਸੇਵੀਆਂ ਦੀ ਮਦਦ ਨਾਲ 400 ਲੋਕਾਂ ਨੂੰ ਭੋਜਨ ਵੰਡਿਆ ਗਿਆ। ਜ਼ਮੀਨ ਖਿਸਕਣ ਕਾਰਨ ਸ਼ਨੀਵਾਰ ਤੋਂ ਰਾਸ਼ਟਰੀ ਰਾਜਮਾਰਗ ਜਾਮ ਹੋ ਗਏ ਹਨ ਅਤੇ ਸੈਂਕੜੇ ਲੋਕ ਵੱਖ-ਵੱਖ ਰਾਜਮਾਰਗਾਂ ‘ਤੇ ਫਸੇ ਹੋਏ ਹਨ। ਹੜ੍ਹਾਂ, ਜ਼ਮੀਨ ਖਿਸਕਣ ਅਤੇ ਪਾਣੀ ਭਰਨ ਕਾਰਨ ਬੰਦ ਪਏ ਕੌਮੀ ਮਾਰਗ ਨੂੰ ਖੋਲ੍ਹਣ ਲਈ ਯਤਨ ਕੀਤੇ ਜਾ ਰਹੇ ਹਨ। ਕਾਠਮੰਡੂ ਨੂੰ ਹੋਰ ਜ਼ਿਲ੍ਹਿਆਂ ਨਾਲ ਜੋੜਨ ਵਾਲੇ ਮੁੱਖ ਜ਼ਮੀਨੀ ਮਾਰਗ, ਤ੍ਰਿਭੁਵਨ ਹਾਈਵੇਅ ‘ਤੇ ਆਵਾਜਾਈ ਮੁੜ ਸ਼ੁਰੂ ਹੋ ਗਈ ਹੈ।
ਅਧਿਕਾਰੀਆਂ ਮੁਤਾਬਕ ਨੇਪਾਲ ‘ਚ ਹੜ੍ਹ ਕਾਰਨ ਘੱਟੋ-ਘੱਟ 322 ਘਰ ਅਤੇ 16 ਪੁਲ ਨੁਕਸਾਨੇ ਗਏ ਹਨ। ਚਸ਼ਮਦੀਦਾਂ ਨੇ ਦੱਸਿਆ ਕਿ ਉਨ੍ਹਾਂ ਨੇ 40-45 ਸਾਲਾਂ ਵਿੱਚ ਕਾਠਮੰਡੂ ਘਾਟੀ ਵਿੱਚ ਕਦੇ ਵੀ ਇੰਨਾ ਭਿਆਨਕ ਹੜ੍ਹ ਅਤੇ ਪਾਣੀ ਭਰਿਆ ਨਹੀਂ ਦੇਖਿਆ। ਵਿਗਿਆਨੀਆਂ ਦਾ ਕਹਿਣਾ ਹੈ ਕਿ ਜਲਵਾਯੂ ਪਰਿਵਰਤਨ ਕਾਰਨ ਪੂਰੇ ਏਸ਼ੀਆ ਵਿਚ ਬਾਰਿਸ਼ ਦੀ ਮਾਤਰਾ ਅਤੇ ਸਮਾਂ ਬਦਲ ਰਿਹਾ ਹੈ, ਪਰ ਹੜ੍ਹਾਂ ਦੇ ਵਧਦੇ ਪ੍ਰਭਾਵ ਦਾ ਇਕ ਵੱਡਾ ਕਾਰਨ ਮਨੁੱਖੀ ਗਤੀਵਿਧੀਆਂ ਜਿਵੇਂ ਕਿ ਗੈਰ-ਯੋਜਨਾਬੱਧ ਉਸਾਰੀ ਹੈ। ਹੜ੍ਹਾਂ ਅਤੇ ਜ਼ਮੀਨ ਖਿਸਕਣ ਕਾਰਨ ਦੇਸ਼ ਦੇ ਕਈ ਹਿੱਸਿਆਂ ਵਿੱਚ ਜਨਜੀਵਨ ਪ੍ਰਭਾਵਿਤ ਹੋ ਗਿਆ ਹੈ। ਕਈ ਹਾਈਵੇਅ ਅਤੇ ਸੜਕਾਂ ਟੁੱਟ ਗਈਆਂ ਹਨ, ਸੈਂਕੜੇ ਘਰ ਅਤੇ ਪੁਲ ਨੁਕਸਾਨੇ ਗਏ ਹਨ ਅਤੇ ਸੈਂਕੜੇ ਪਰਿਵਾਰ ਬੇਘਰ ਹੋ ਗਏ ਹਨ।ਸੜਕਾਂ ਜਾਮ ਹੋਣ ਕਾਰਨ ਹਜ਼ਾਰਾਂ ਯਾਤਰੀ ਵੱਖ-ਵੱਖ ਥਾਵਾਂ ‘ਤੇ ਫਸੇ ਹੋਏ ਹਨ। ਅਧਿਕਾਰੀਆਂ ਨੇ ਦੱਸਿਆ ਕਿ ਸ਼ਨੀਵਾਰ ਨੂੰ ਕਾਠਮੰਡੂ ਦੀ ਸਰਹੱਦ ਨਾਲ ਲੱਗਦੇ ਧਾਡਿੰਗ ਜ਼ਿਲੇ ‘ਚ ਜ਼ਮੀਨ ਖਿਸਕਣ ‘ਚ ਇਕ ਬੱਸ ਦੇ ਦੱਬਣ ਨਾਲ ਘੱਟੋ-ਘੱਟ 19 ਲੋਕਾਂ ਦੀ ਮੌਤ ਹੋ ਗਈ। ਭਗਤਾਪੁਰ ਸ਼ਹਿਰ ‘ਚ ਜ਼ਮੀਨ ਖਿਸਕਣ ਕਾਰਨ ਇਕ ਮਕਾਨ ਦੇ ਢਹਿ ਜਾਣ ਕਾਰਨ ਪੰਜ ਲੋਕਾਂ ਦੀ ਮੌਤ ਹੋ ਗਈ।
Get all latest content delivered to your email a few times a month.