ਤਾਜਾ ਖਬਰਾਂ
.
ਚੰਡੀਗੜ੍ਹ, 19 ਸਤੰਬਰ: ਕਿਸਾਨਾਂ ਨੂੰ ਖਾਦਾਂ ਦੇ ਨਾਲ ਜ਼ਬਰੀ ਹੋਰ ਖੇਤੀ ਉਤਪਾਦ ਵੇਚਣ ਸਬੰਧੀ ਗਤੀਵਿਧੀਆਂ ਨੂੰ ਰੋਕਣ ਲਈ ਪੰਜਾਬ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਵੱਲੋਂ ਚਾਰ ਟੀਮਾਂ ਦਾ ਗਠਨ ਕੀਤਾ ਗਿਆ ਹੈ। ਇਨ੍ਹਾਂ ਟੀਮਾਂ ਦੀ ਨਿਗਰਾਨੀ ਸੰਯੁਕਤ ਡਾਇਰੈਕਟਰ ਪੱਧਰ ਦੇ ਅਧਿਕਾਰੀ ਕਰਨਗੇ।
ਪੰਜਾਬ ਦੇ ਖੇਤੀਬਾੜੀ ਤੇ ਕਿਸਾਨ ਭਲਾਈ ਮੰਤਰੀ ਸ. ਗੁਰਮੀਤ ਸਿੰਘ ਖੁੱਡੀਆਂ ਨੇ ਅੱਜ ਇੱਥੇ ਆਪਣੇ ਦਫ਼ਤਰ ਵਿਖੇ ਮਾਝਾ ਕਿਸਾਨ ਸੰਘਰਸ਼ ਕਮੇਟੀ ਨਾਲ ਮੀਟਿੰਗ ਉਪਰੰਤ ਇਨ੍ਹਾਂ ਟੀਮਾਂ ਦੇ ਗਠਨ ਦੇ ਨਿਰਦੇਸ਼ ਦਿੱਤੇ।
ਖੇਤੀਬਾੜੀ ਮੰਤਰੀ ਨੇ ਮਾਝਾ ਕਿਸਾਨ ਸੰਘਰਸ਼ ਕਮੇਟੀ ਦੇ ਪ੍ਰਧਾਨ ਬਲਵਿੰਦਰ ਸਿੰਘ ਦੀ ਅਗਵਾਈ ਵਾਲੇ ਵਫ਼ਦ ਨੂੰ ਭਰੋਸਾ ਦਿੱਤਾ ਕਿ ਪੰਜਾਬ ਕੋਲ ਆਗਾਮੀ ਹਾੜ੍ਹੀ ਸੀਜ਼ਨ ਲਈ ਲੋੜੀਂਦੀ ਮਾਤਰਾ ਵਿੱਚ ਡੀ.ਏ.ਪੀ./ਐਨ.ਪੀ.ਕੇ./ਐਸ.ਐਸ.ਪੀ. ਉਪਲੱਬਧ ਹੈ ਕਿਉਂਕਿ ਪੰਜਾਬ ਨੂੰ ਲੋੜੀਂਦੀ ਮਾਤਰਾ ਵਿੱਚ ਡੀ.ਏ.ਪੀ. ਅਤੇ ਹੋਰ ਫਾਸਫੇਟਿਕ ਖਾਦਾਂ ਪ੍ਰਾਪਤ ਹੋ ਰਹੀਆਂ ਹਨ।
ਕਿਸਾਨਾਂ ਦੇ ਵਫ਼ਦ ਵੱਲੋਂ ਹੋਰ ਖੇਤੀ ਉਤਪਾਦਾਂ ਨੂੰ ਜ਼ਬਰਦਸਤੀ ਖਾਦਾਂ ਨਾਲ ਵੇਚਣ ਦੇ ਮਾਮਲੇ ਬਾਰੇ ਸ. ਗੁਰਮੀਤ ਸਿੰਘ ਖੁੱਡੀਆਂ ਨੇ ਕਿਹਾ ਕਿ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਸਾਡੇ ਕਿਸਾਨਾਂ ਦਾ ਸ਼ੋਸ਼ਣ ਬਰਦਾਸ਼ਤ ਨਹੀਂ ਕਰੇਗੀ। ਉਨ੍ਹਾਂ ਕਿਹਾ ਕਿ ਜੇਕਰ ਕੋਈ ਵੀ ਵਿਅਕਤੀ ਕਿਸਾਨਾਂ ਨੂੰ ਖਾਦਾਂ ਦੇ ਨਾਲ-ਨਾਲ ਹੋਰ ਵਾਧੂ ਉਤਪਾਦ ਖਰੀਦਣ ਲਈ ਮਜਬੂਰ ਕਰਨ ਦੀ ਕੋਸ਼ਿਸ਼ ਕਰਦਾ ਹੈ ਤਾਂ ਉਸ ਵਿਰੁੱਧ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।
ਇਸ ਦੌਰਾਨ ਵਿਸ਼ੇਸ਼ ਮੁੱਖ ਸਕੱਤਰ (ਖੇਤੀਬਾੜੀ) ਸ੍ਰੀ ਕੇ.ਏ.ਪੀ. ਸਿਨਹਾ ਨੇ ਦੱਸਿਆ ਕਿ ਪੰਜਾਬ ਵਿੱਚ ਲਗਭਗ 35 ਲੱਖ ਹੈਕਟੇਅਰ ਰਕਬੇ ਵਿੱਚ ਕਣਕ ਦੀ ਬਿਜਾਈ ਹੋਣ ਦੀ ਸੰਭਾਵਨਾ ਹੈ, ਜਿਸ ਲਈ ਲਗਭਗ 5.50 ਲੱਖ ਮੀਟ੍ਰਿਕ ਟਨ ਡਾਇਮੋਨੀਅਮ ਫਾਸਫੇਟ (ਡੀਏਪੀ) ਖਾਦ ਦੀ ਲੋੜ ਹੈ। ਉਨ੍ਹਾਂ ਦੱਸਿਆ ਕਿ ਪਿਛਲੇ ਮਹੀਨੇ ਅਗਾਮੀ ਹਾੜ੍ਹੀ ਸੀਜ਼ਨ ਲਈ ਪੰਜਾਬ ਦੇ ਕਿਸਾਨਾਂ ਲਈ ਖਾਦਾਂ ਦੀ ਲੋੜੀਂਦੀ ਸਪਲਾਈ ਨੂੰ ਯਕੀਨੀ ਬਣਾਉਣ ਲਈ ਕੇਂਦਰੀ ਰਸਾਇਣ ਅਤੇ ਖਾਦ ਮੰਤਰੀ ਨਾਲ ਉਨ੍ਹਾਂ ਨੇ ਮੀਟਿੰਗ ਕੀਤੀ ਸੀ।
ਖੇਤੀਬਾੜੀ ਮੰਤਰੀ ਨੇ ਗੰਨੇ ਦੀਆਂ ਕੀਮਤਾਂ ਵਿੱਚ ਵਾਧੇ ਦੀ ਮੰਗ ਬਾਰੇ ਗੱਲ ਕਰਦਿਆਂ ਕਿਹਾ ਕਿ ਸੂਬੇ ਨੇ 27 ਸਤੰਬਰ ਨੂੰ ਸੂਬਾਈ ਗੰਨਾ ਕੰਟਰੋਲ ਬੋਰਡ ਨਾਲ ਮੀਟਿੰਗ ਤੈਅ ਕੀਤੀ ਹੈ ਅਤੇ ਸਾਰੀਆਂ ਮਿੱਲਾਂ ਨਿਰਧਾਰਤ ਸਮੇਂ ’ਤੇ ਪਿੜਾਈ ਸ਼ੁਰੂ ਕਰਨਗੀਆਂ। ਉਨ੍ਹਾਂ ਇਹ ਵੀ ਦੱਸਿਆ ਕਿ ਬਟਾਲਾ ਦੀ ਸਹਿਕਾਰੀ ਖੰਡ ਮਿੱਲ ਦੀ ਸਮਰੱਥਾ 1500 ਪਿੜਾਈ ਪ੍ਰਤੀ ਦਿਨ (ਟੀ.ਸੀ.ਡੀ.) ਤੋਂ ਵਧਾ ਕੇ 3500 ਟਨ ਟੀ.ਸੀ.ਡੀ. ਕਰ ਦਿੱਤੀ ਗਈ ਹੈ।
ਮੀਟਿੰਗ ਵਿੱਚ ਸ਼ੂਗਰਫੈੱਡ ਦੇ ਐਮ.ਡੀ. ਸੇਨੂੰ ਦੁੱਗਲ, ਡਾਇਰੈਕਟਰ ਖੇਤੀਬਾੜੀ ਜਸਵੰਤ ਸਿੰਘ ਅਤੇ ਵਿਭਾਗ ਦੇ ਹੋਰ ਸੀਨੀਅਰ ਅਧਿਕਾਰੀ ਵੀ ਮੌਜੂਦ ਸਨ।
Get all latest content delivered to your email a few times a month.