IMG-LOGO
ਹੋਮ ਪੰਜਾਬ, ਵਿਰਾਸਤ, 450 ਸਾਲਾ ਸ਼ਤਾਬਦੀ ਸਮਾਗਮਾਂ ਦੌਰਾਨ ਕੌਮੀ ਇਕਜੁਟਤਾ ਤੇ ਪੰਥਕ ਦ੍ਰਿੜ੍ਹਤਾ...

450 ਸਾਲਾ ਸ਼ਤਾਬਦੀ ਸਮਾਗਮਾਂ ਦੌਰਾਨ ਕੌਮੀ ਇਕਜੁਟਤਾ ਤੇ ਪੰਥਕ ਦ੍ਰਿੜ੍ਹਤਾ ਦੀ ਲੋੜ 'ਤੇ ਜ਼ੋਰ-ਸ਼੍ਰੋਮਣੀ ਕਮੇਟੀ

Admin User - Sep 18, 2024 09:59 PM
IMG

.

ਸ੍ਰੀ ਗੋਇੰਦਵਾਲ ਸਾਹਿਬ, 18 ਸਤੰਬਰ- ਧੰਨ-ਧੰਨ ਸ੍ਰੀ ਗੁਰੂ ਰਾਮਦਾਸ ਜੀ ਦੇ ਗੁਰਤਾਗੱਦੀ ਦਿਵਸ ਅਤੇ ਧੰਨ-ਧੰਨ ਸ੍ਰੀ ਗੁਰੂ ਅਮਰਦਾਸ ਜੀ ਦੇ ਜੋਤੀ-ਜੋਤਿ ਦਿਹਾੜੇ ਦੀ 450 ਸਾਲਾ ਸ਼ਤਾਬਦੀ ਮੌਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਕਰਵਾਏ ਗਏ ਮੁੱਖ ਸਮਾਗਮ ਦੌਰਾਨ ਅੱਜ ਇੱਥੇ ਗੁਰਦੁਆਰਾ ਸ੍ਰੀ ਬਾਉਲੀ ਸਾਹਿਬ ਵਿਖੇ ਸਿੱਖ ਪੰਥ ਦੀਆਂ ਪ੍ਰਮੁੱਖ ਸ਼ਖ਼ਸੀਅਤਾਂ ਨੇ ਗੁਰੂ ਸਾਹਿਬਾਨ ਨੂੰ ਸ਼ਰਧਾ ਤੇ ਸਤਿਕਾਰ ਭੇਟ ਕਰਦਿਆਂ ਸਿੱਖ ਕੌਮ ਨੂੰ ਗੁਰੂ ਸਾਹਿਬਾਨ ਦੇ ਫ਼ਲਸਫ਼ੇ ਅਤੇ ਸਿਧਾਂਤਾਂ ਦੀ ਰੌਸ਼ਨੀ ਵਿਚ ਕੌਮ ਦੀਆਂ ਭਵਿੱਖੀ ਤਰਜੀਹਾਂ ਨਿਰਧਾਰਤ ਕਰਨ ਦੀ ਲੋੜ 'ਤੇ ਜ਼ੋਰ ਦਿੱਤਾ। ਕੌਮੀ ਸ਼ਖ਼ਸੀਅਤਾਂ ਦੇ ਸੰਬੋਧਨ ਦਾ ਸਾਂਝਾ ਸੁਨੇਹਾ ਇਹ ਰਿਹਾ ਕਿ ਅੱਜ ਕੌਮੀ ਇਕਜੁਟਤਾ ਅਤੇ ਪੰਥਕ ਦ੍ਰਿੜ੍ਹਤਾ ਦੀ ਵੱਡੀ ਜ਼ਰੂਰਤ ਹੈ, ਕਿਉਂਕਿ ਕੌਮ ਨੂੰ ਦਰਪੇਸ਼ ਚੁਣੌਤੀਆਂ ਦਾ ਹੱਲ ਇਸੇ ਵਿਚ ਹੈ।

ਗੁਰਦੁਆਰਾ ਸਾਹਿਬ ਵਿਖੇ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਮਗਰੋਂ ਸ਼ਤਾਬਦੀ ਦੇ ਵਿਸ਼ਾਲ ਸਮਾਗਮ ਦੌਰਾਨ ਸੰਬੋਧਨ ਕਰਦਿਆਂ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ ਨੇ ਕਿਹਾ ਕਿ ਗੁਰੂ ਸਾਹਿਬਾਨ ਦੇ ਉਪਦੇਸ਼ ਹਰ ਸਿੱਖ ਲਈ ਜੀਵਨ ਦਾ ਆਦਰਸ਼ ਹਨ। ਉਨ੍ਹਾਂ ਕਿਹਾ ਕਿ ਪੂਰੀ ਦੁਨੀਆ ਦੇ ਧਾਰਮਿਕ ਫਲਸਫੇ ਅੰਦਰ ਸਿੱਖ ਗੁਰੂ ਸਾਹਿਬਾਨ ਦੀ ਵਿਚਾਰਧਾਰਾ ਨਿਰਾਲੇ ਤੇ ਆਦਰਸ਼ਕ ਜੀਵਨ ਦਾ ਅਧਾਰ ਹੈ। ਉਨ੍ਹਾਂ ਕਿਹਾ ਕਿ ਗੁਰੂ ਸਾਹਿਬਾਨ ਦੀ ਦਰਸਾਈ ਜੀਵਨ ਜਾਚ ਦੀ ਰੌਸ਼ਨੀ ਵਿਚ ਸਿੱਖ ਕੌਮ ਆਪਾ ਪੜਚੋਲ ਕੇ ਵਿਆਪਕ ਪੰਥਕ ਏਜੰਡਾ ਨਿਰਧਾਰਿਤ ਕਰੇ। ਸਿੱਖਾਂ ਦੀਆਂ ਕੌਮੀ ਤਰਜੀਹਾਂ ਅਤੇ ਹਿਤਾਂ ਨੂੰ ਵਿਸ਼ਾਲ ਪ੍ਰਸੰਗ ਵਿਚ ਵਿਚਾਰ ਕੇ ਸ਼ਕਤੀਸ਼ਾਲੀ ਬੌਧਿਕ, ਧਾਰਮਿਕ, ਸੱਭਿਆਚਾਰਕ, ਆਰਥਿਕ ਅਤੇ ਰਾਜਨੀਤਕ ਮੰਚ ਮਜਬੂਤ ਕਰਨਾ ਅੱਜ ਪਹਿਲੀ ਲੋੜ ਹੈ। ਉਨ੍ਹਾਂ

 ਕੌਮੀ ਸੰਕਟਾਂ ਦੀ ਗੱਲ ਕਰਦਿਆਂ ਕਿਹਾ ਕਿ ਆਪਸੀ ਧੜੇਬੰਦੀਆਂ, ਵਖਰੇਵਿਆਂ ਤੋਂ ਉੱਪਰ ਉੱਠ ਕੇ ਏਕਤਾ ਦੇ ਰਾਹ ਤੁਰਨਾ ਹੀ ਇਨ੍ਹਾਂ ਵਿਚੋਂ ਨਿਕਲਣ ਦਾ ਅਸਲ ਮਾਰਗ ਹੈ, ਜਿਸ ਨੂੰ ਯਕੀਨੀ ਤੌਰ 'ਤੇ ਅਪਨਾਉਣਾ ਪਵੇਗਾ। ਉਨ੍ਹਾਂ ਕਿਹਾ ਕਿ ਇਤਿਹਾਸ ਇਸ ਗੱਲ ਦਾ ਗਵਾਹ ਹੈ ਕਿ ਜਦੋਂ ਕੌਮ ਦੀ ਰਾਜਸੀ ਸ਼ਕਤੀ ਇਕਮੁੱਠ ਸੀ ਤਾਂ ਦਿੱਲੀ ਅਤੇ ਲਾਹੌਰ ਦੇ ਤਖ਼ਤਾਂ 'ਤੇ ਖ਼ਾਲਸਈ ਨਿਸ਼ਾਨ ਝੁਲਦੇ ਸਨ। ਗਿਆਨੀ ਰਘਬੀਰ ਸਿੰਘ ਨੇ ਸ਼ਤਾਬਦੀ ਦੇ ਇਤਿਹਾਸਕ ਮੌਕੇ 'ਤੇ ਸਿੱਖ ਕੌਮ ਨੂੰ ਸੱਦਾ ਦਿੱਤਾ ਕਿ ਗੁਰੂ ਸਾਹਿਬਾਨ ਦੀ ਪਵਿੱਤਰ ਸਰਜ਼ਮੀਂ ਉੱਤੇ 'ਰਾਜ ਕਰੇਗਾ ਖ਼ਾਲਸਾ' ਦੇ ਬੋਲ-ਬਾਲੇ ਕਾਇਮ ਕਰਨ ਦੀ ਦਿਸ਼ਾ ਵੱਲ ਸਰਗਰਮੀ ਨਾਲ ਵਧਿਆ ਜਾਵੇ।

ਸਮਾਗਮ ਦੌਰਾਨ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਗੁਰੂ ਸਾਹਿਬਾਨ ਨੂੰ ਸਤਿਕਾਰ ਭੇਟ ਕਰਨ ਦੇ ਨਾਲ-ਨਾਲ ਪੰਜਾਬ ਦੀ ਭਗਵੰਤ ਮਾਨ ਸਰਕਾਰ ਨੂੰ ਤਿੱਖੇ ਸਵਾਲ ਕਰਦਿਆਂ ਕਿਹਾ ਕਿ ਬੀਤੇ 'ਚ ਸ਼ਤਾਬਦੀਆਂ ਦੇ ਮੌਕੇ 'ਤੇ ਹਰ ਸਰਕਾਰ ਵੱਲੋਂ ਭਰਵੀਂ ਸ਼ਮੂਲੀਅਤ ਕਰਕੇ ਸ਼ਰਧਾ ਪ੍ਰਗਟਾਈ ਜਾਂਦੀ ਰਹੀ, ਲੇਕਿਨ ਮੌਜੂਦਾ ਸਰਕਾਰ ਦਾ ਨਕਾਰਾਤਮਕ ਰਵੱਈਆ ਬੇਹੱਦ ਦੁਖਦਾਈ ਹੈ। ਉਨ੍ਹਾਂ ਕਿਹਾ ਕਿ ਸਰਕਾਰ ਵੱਲੋਂ ਇੱਥੇ ਵਿਕਾਸ ਕਾਰਜ ਅਤੇ ਸ਼ਮੂਲੀਅਤ ਤਾਂ ਦੂਰ ਦੀ ਗੱਲ, ਬਲਕਿ ਗੁਰੂ ਸਾਹਿਬ ਨੂੰ ਸਮਰਪਿਤ ਹੁੰਦਿਆਂ ਪੰਜਾਬ ਅੰਦਰ ਛੁੱਟੀ ਤੱਕ ਦਾ ਐਲਾਨ ਨਹੀਂ ਕੀਤਾ। ਇਹ ਪੰਜਾਬ ਦੇ ਲੋਕਾਂ ਦੀ ਸਹੀ ਤਰਜਮਾਨੀ ਨਹੀਂ ਹੈ। ਉਨ੍ਹਾਂ ਤਖ਼ਤ ਸ੍ਰੀ ਹਜ਼ੂਰ ਸਾਹਿਬ ਅਤੇ ਤਖ਼ਤ ਸ੍ਰੀ ਪਟਨਾ ਸਾਹਿਬ ਵਿਖੇ ਬੀਤੇ ਦਿਨੀਂ ਕੇਂਦਰ ਸਰਕਾਰ ਦੇ ਨੁਮਾਇੰਦਿਆਂ ਦੀ ਆਮਦ ਮੌਕੇ ਹੋਈ ਮਰਯਾਦਾ ਦੇ ਉਲੰਘਣਾ 'ਤੇ ਵੀ ਚਿੰਤਾ ਪ੍ਰਗਟ ਕੀਤੀ। ਐਡਵੋਕੇਟ ਧਾਮੀ ਨੇ ਕਿਹਾ ਕਿ ਤਖ਼ਤਾਂ ਦੀ ਇੱਕ ਵੱਖਰੀ ਮਰਯਾਦਾ ਹੈ ਜਿਸ ਨੂੰ ਯਕੀਨੀ ਬਣਾਉਣਾ ਜਥੇਦਾਰਾਂ ਦੀ ਜਿੰਮੇਵਾਰੀ ਹੈ। ਉਨ੍ਹਾਂ ਤਖ਼ਤ ਸ੍ਰੀ ਹਜ਼ੂਰ ਸਾਹਿਬ ਦਾ ਜ਼ਿਕਰ ਕਰਦਿਆਂ ਕਿਹਾ ਕਿ ਸਿੱਖਾਂ ਦੇ ਕਾਤਲਾਂ ਦੀ ਵਕਾਲਤ ਕਰਨ ਵਾਲੇ ਆਗੂ ਨੂੰ ਤਖ਼ਤ ਤੋਂ ਸਨਮਾਨ ਦੇਣਾ ਸਿੱਖ ਮਰਯਾਦਾ ਤੇ ਰਵਾਇਤ ਦਾ ਵੱਡਾ ਉਲੰਘਣ ਹੈ। ਉਨ੍ਹਾਂ ਸਰਕਾਰਾਂ ਵੱਲੋਂ ਸਿੱਖਾਂ ਨਾਲ ਸਮੇਂ-ਸਮੇਂ ਕੀਤੀਜਾਂਦੀ ਧੱਕੇਸ਼ਾਹੀ ਅਤੇ ਅਨਿਆਂ ਦੀ ਅਲੋਚਨਾ ਕਰਦਿਆਂ ਕਿਹਾ ਕਿ ਕਦੇ ਮੁਕਾਬਲਾ ਪ੍ਰੀਖਿਆਵਾਂ ਦੌਰਾਨ ਵਿਦਿਆਰਥੀਆਂ ਦੇ ਕਕਾਰ ਲੁਹਾਏ ਜਾਂਦੇ ਹਨ ਅਤੇ ਕਦੇ ਸੋਸ਼ਲ ਮੀਡੀਆ 'ਤੇ ਨਫ਼ਰਤੀ ਪ੍ਰਚਾਰ ਨਾਲ ਨਿਸ਼ਾਨਾ ਬਣਾਇਆ ਜਾਂਦਾ ਹੈ। ਇੱਥੋਂ ਤੱਕ ਕਿ ਬੰਦੀ ਸਿੰਘਾਂ ਦੇ ਮਾਮਲੇ 'ਚ ਸਰਕਾਰਾਂ ਦਾ ਅੜੀਅਲ ਰਵੱਈਆ ਇਨ੍ਹਾਂ ਦਾ ਚਿਹਰਾ ਨੰਗਾ ਕਰ ਰਿਹਾ ਹੈ। ਉਨ੍ਹਾਂ ਆਖਿਆ ਕਿ ਭਾਈ ਬਲਵੰਤ ਸਿੰਘ ਰਾਜੋਆਣਾ ਦੇ ਮਾਮਲੇ ਵਿੱਚ ਸ਼੍ਰੋਮਣੀ ਕਮੇਟੀ ਵੱਲੋਂ ਫਿਰ ਤੋਂ ਪਟੀਸ਼ਨ ਦਾਇਰ ਕੀਤੀ ਗਈ ਹੈ ਅਤੇ ਬਾਕੀ ਬੰਦੀ ਸਿੰਘਾਂ ਦੀ ਰਿਹਾਈ ਲਈ ਸੰਘਰਸ਼ ਵੀ ਜਾਰੀ ਰਹੇਗਾ।ਸ਼੍ਰੋਮਣੀ ਕਮੇਟੀ ਪ੍ਰਧਾਨ ਨੇ ਕਾਂਗਰਸ ਦੇ ਪ੍ਰਮੁੱਖ ਆਗੂ ਵੱਲੋਂ ਸਿੱਖਾਂ ਨੂੰ ਲੈ ਕੇ ਅਮਰੀਕਾ ਵਿੱਚ ਕੀਤੀ ਟਿੱਪਣੀ 'ਤੇ ਵੀ ਆਪਣੀ ਪ੍ਰਤੀਕਿਰਿਆ ਦਿੱਤੀ। ਉਨ੍ਹਾਂ ਕਿਹਾ ਕਿ ਭਾਵੇਂ ਕਾਂਗਰਸ ਆਗੂ ਦਾ ਬਿਆਨ ਗਲਤ ਨਹੀਂ ਹੈ ਪਰ ਸਿੱਖ ਇਹ ਵੀ ਨਹੀਂ ਭੁੱਲ ਸਕਦੇ ਕਿ 1947 ਤੋਂ ਲੈ ਕੇ 1984ਤੋਂ ਬਾਅਦਤੱਕ ਕਾਂਗਰਸ ਵੱਲੋਂ ਸਿੱਖਾਂ ਨਾਲ ਕਿਸ ਕਦਰ ਵਿਤਕਰਾ ਅਤੇ ਨਸਲਕੁਸ਼ੀ ਕੀਤੀ ਜਾਂਦੀ ਰਹੀ। ਉਨ੍ਹਾਂ ਕੌਮ ਨੂੰ ਅਪੀਲ ਕੀਤੀ ਕਿ ਪੰਥ ਵਿਰੋਧੀ ਕਿਸੇ ਵੀ ਏਜੰਡੇ ਨੂੰ ਕਾਮਯਾਬ ਨਾ ਹੋਣ ਦਿੱਤਾ ਜਾਵੇ ਅਤੇ ਏਕੇ ਨਾਲ ਕੌਮੀ ਹੱਕਾਂ ਵਾਸਤੇ ਯਤਨ ਕੀਤੇ ਜਾਣ।

ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਸੰਬੋਧਨ ਦੌਰਾਨ ਕਿਹਾ ਕਿ ਸ਼ਤਾਬਦੀਆਂ ਦੇ ਮੌਕੇ ਉੱਤੇ ਪੰਥਕ ਏਕਤਾ ਦਾ ਪ੍ਰਭਾਵ ਪੂਰੀ ਦੁਨੀਆ ਵਿੱਚ ਜਾਂਦਾ ਹੈ ਲੇਕਿਨ ਇਹ ਨਿਰੰਤਰ ਬਣਿਆ ਰਹਿਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਜੇਕਰ ਸਿੱਖ ਸ਼ਕਤੀ ਇਕੱਠੀ ਹੋਵੇ ਤਾਂ ਸਰਕਾਰਾਂ ਝੁਕਦਿਆਂ ਸਮਾਂ ਨਹੀਂ ਲੱਗਦਾ ਅਤੇ ਮਸਲੇ ਆਪ ਹੱਲ ਹੁੰਦੇ ਹਨ। ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ ਸਰਕਾਰਾਂ ਹਮੇਸ਼ਾ ਕੌਮ ਨੂੰ ਧੜਿਆਂ ਵਿੱਚ ਵੰਡਣ ਦਾ ਛੜਯੰਤਰ ਰਚਦੀਆਂ ਹਨ ਪਰ ਕੌਮ ਨੇ ਸੁਚੇਤ ਰਹਿਣਾ ਹੈ। ਉਨ੍ਹਾਂ ਸਿੱਖਾਂ ਨੂੰ ਧਾਰਮਿਕ, ਰਾਜਨੀਤਕ, ਸਮਾਜਿਕ ਤੇ ਆਰਥਿਕ ਤੌਕ 'ਤੇ ਸਥਿਰ ਰਹਿਣ ਲਈ ਯਤਨਸ਼ੀਲ ਹੋਣ ਵਾਸਤੇ ਆਖਿਆ। ਉਨ੍ਹਾਂ ਇਹ ਵੀ ਕਿਹਾ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਸਿੱਖਾਂ ਦੀ ਅਗਵਾਈ ਦਾ ਕੇਂਦਰ ਹੈ, ਜਿੱਥੇ ਪੂਰੀ ਕੌਮ ਨੂੰ ਪੰਥਕ ਮਾਮਲਿਆਂ ਵਿੱਚ ਸਾਰੇ ਮਤਭੇਦ ਪਾਸੇ ਰੱਖ ਕੇ ਇਕਜੁਟ

ਹੋਣਾ ਚਾਹੀਦਾ ਹੈ।

ਇਸ ਮੌਕੇ ਸ਼੍ਰੋਮਣੀ ਅਕਾਲੀ ਦਲ ਦੇ ਕਾਰਜਕਾਰੀ ਪ੍ਰਧਾਨ ਸ. ਬਲਵਿੰਦਰ ਸਿੰਘ ਭੂੰਦੜ ਨੇ ਸੰਗਤ ਨਾਲ ਵਿਚਾਰ ਸਾਂਝੇ ਕਰਦਿਆਂ ਕਿਹਾ ਕਿ ਸ਼ਤਾਬਦੀਆਂ ਦੇ ਦਿਹਾੜੇ ਸਿੱਖ ਕੌਮ ਲਈ ਬੇਹੱਦ ਮਹੱਤਵਪੂਰਨ ਹਨ ਕਿਉਂਕਿ ਇਹ ਕੌਮੀ ਜਾਹੋ ਜਲਾਲ ਨੂੰ ਹੋਰ ਉਭਾਰਦੇ ਹਨ ਉਨ੍ਹਾਂ ਗੁਰੂ ਸਾਹਿਬ ਨੂੰ ਸ਼ਰਧਾ ਤੇ ਸਤਿਕਾਰ ਭੇਟ ਕਰਦਿਆਂ ਆਖਿਆਂ ਕਿ ਸੇਵਾ, ਸਿਮਰਨ, ਨਿਮਰਤਾ, ਪਿਆਰ, ਸਹਿਣਸ਼ੀਲਤਾ ਅਤੇ ਸਦਭਾਵਨਾ ਤੀਸਰੇ ਪਾਤਸ਼ਾਹ ਦੀ ਸ਼ਖ਼ਸੀਅਤ ਦੇ ਅਹਿਮ ਗੁਣ ਹਨ, ਜਿਸ ਦੀ ਪ੍ਰੇਰਣਾ ਸਾਨੂੰ ਵੀ ਲੈਣ ਚਾਹੀਦੀ ਹੈ।

Share:

ਸੰਪਾਦਕ ਦਾ ਡੈਸਕ

Parminder Singh Jatpuri

Editor in Chief

ਕੱਪੜ ਛਾਣ

Watch LIVE TV
Khabarwaale TV
Subscribe

Get all latest content delivered to your email a few times a month.