IMG-LOGO
ਹੋਮ ਪੰਜਾਬ, ਸਾਹਿਤ, ਮਰਹੂਮ ਪੰਜਾਬੀ ਗੀਤਕਾਰ ਹਰਦੇਵ ਦਿਲਗੀਰ ਦਾ ਭਲਕੇ 19 ਸਤੰਬਰ ਨੂੰ...

ਮਰਹੂਮ ਪੰਜਾਬੀ ਗੀਤਕਾਰ ਹਰਦੇਵ ਦਿਲਗੀਰ ਦਾ ਭਲਕੇ 19 ਸਤੰਬਰ ਨੂੰ ਜਨਮਦਿਨ

Admin User - Sep 18, 2024 09:52 PM
IMG

..

ਲੁਧਿਆਣਾ- (ਹਰਦੇਵ ਦਿਲਗੀਰ ਉਰਫ਼ ਦੇਵ ਥਰੀਕੇ ਵਾਲ਼ਾ) ਇੱਕ ਪੰਜਾਬੀ ਗੀਤਕਾਰ ਅਤੇ ਲੇਖਕ ਸੀ।ਕੁਲਦੀਪ ਮਾਣਕ ਨੂੰ ਕਲੀਆਂ ਦਾ ਬਾਦਸ਼ਾਹ ਦਾ ਦਰਜਾ ਦਵਾਉਣ ਵਾਲ਼ੀ ਕਲੀ, ਤੇਰੇ ਟਿੱਲੇ ਤੋਂ ਔਹ ਸੂਰਤ ਦੀਂਹਦੀ ਆ ਹੀਰ ਦੀ ਦੇਵ ਦੀ ਹੀ ਤਾਂ ਲਿਖੀ ਹੋਈ ਹੈ। ਹਰਦੇਵ ਦਿਲਗੀਰ ਦਾ ਜਨਮ 19 ਸਤੰਬਰ 1939 ਨੂੰ ਪਿੰਡ ਥਰੀਕੇ, (ਲੁਧਿਆਣਾ) ਵਿੱਚ ਹੋਇਆ। 
25 ਜਨਵਰੀ 2022 (83 ਸਾਲ) ਦੀ ਉਮਰ ਵਿੱਚ ਉਸ ਆਖ਼ਰੀ ਸਵਾਸ ਲਏ। 
ਹਰਦੇਵ ਦਿਲਗੀਰ ਦਾ ਜਨਮ 19 ਸਤੰਬਰ, 1939 ਈ: ਨੂੰ ਮਾਤਾ ਅਮਰ ਕੌਰ ਦੀ ਕੁੱਖੋਂ, ਪਿਤਾ ਰਾਮ ਸਿੰਘ ਦੇ ਘਰ, ਪਿੰਡ ਥਰੀਕੇ, ਜ਼ਿਲ੍ਹਾ ਲੁਧਿਆਣੇ ਵਿਚ ਹੋਇਆ। ਹਰਦੇਵ ਸਿੰਘ, ਗੁਰਦੇਵ ਸਿੰਘ ,ਰਜਿੰਦਰ ਕੌਰ ਤੇ ਭੁਪਿੰਦਰ ਕੌਰ ਚਾਰ ਭੈਣ ਭਰਾ ਸਨ ਦੇਵ ਹੁਰੀਂ। ਹਰਦੇਵ ਦਾ ਵਿਆਹ ਸ੍ਰੀਮਤੀ ਪ੍ਰੀਤਮ ਕੌਰ ਨਾਲ ਪਿੰਡ ਸਹੌਲੀ (ਲੁਧਿਆਣਾ) ਵਿਖੇ ਹੋਇਆ।ਦੇਵ ਨੇ ਮੁਢਲੀ ਪੜ੍ਹਾਈ ਪਿੰਡ ਦੇ ਪ੍ਰਾਇਮਰੀ ਸਕੂਲ ਤੋਂ, ਅਠਵੀਂ ਲਲਤੋਂ ਕਲਾਂ ਸਕੂਲ ਤੋਂ, ਦਸਵੀਂ ਮਾਲਵਾ ਖਾਲਸਾ ਹਾਈ ਸਕੂਲ, ਲੁਧਿਆਣਾ ਤੋਂ ਪਾਸ ਕੀਤੀ ਅਤੇ ਜੇ. ਬੀ. ਟੀ. ਜਗਰਾਉ ਤੋਂ ਕੀਤੀ। ਉਨ੍ਹਾਂ ਨੂੰ 1960 ਈ: ’ਚ ਅਧਿਆਪਕ ਦੀ ਨੌਕਰੀ ਮਿਲੀ, ਪੂਰੇ 37 ਸਾਲ ਨੌਕਰੀ ਕਰਕੇ ਉਹ  ਪਿੰਡ ਝਾਂਡੇ ਦੇ ਸਕੂਲ ’ਚ 25 ਸਾਲ ਨੌਕਰੀ ਕਰਕੇ 1997 ਵਿੱਚ ਸੇਵਾ ਮੁਕਤ ਹੋਏ। 
ਪਿੰਡ ਲਲਤੋਂ ਦੇ ਸਰਕਾਰੀ ਮਿਡਲ ਸਕੂਲ ਵਿਚੋਂ ਅਗਲੇਰੀ ਤਾਲੀਮ ਹਾਸਲ ਕਰਦਿਆਂ ਉਸ ਤੇ ਪੰਜਾਬੀ ਅਧਿਆਪਕ  ਤੇ ਉੱਘੇ ਪੰਜਾਬੀ ਲੇਖਕ ਗਿਆਨੀ ਹਰੀ ਸਿੰਧ ਦਿਲਬਰ ਜੀ ਨੇ ਗੂੜ੍ਹਾ ਅਸਰ ਛੱਡਿਆ। 
ਪਹਿਲਾਂ-ਪਹਿਲ ਹਰਦੇਵ ਦਿਲਗੀਰ ਕਹਾਣੀਆਂ ਲਿਖਦਾ ਸੀ। ਉਸ ਦੇ ਸਭ ਤੋਂ ਪਹਿਲਾ ਕੁਝ ਕਹਾਣੀ ਸੰਗ੍ਰਹਿ ਛਪੇ। 
ਉਸ ਦੇ ਮਿੱਤਰ ਪ੍ਰੇਮ ਕੁਮਾਰ ਸ਼ਰਮਾ ਦੀ ਆਵਾਜ਼ ਬੜੀ ਸੁਰੀਲੀ ਸੀ। ਉਹ ਰੀਕਾਰਡਿੰਗ ਕਰਵਾਉਣੀ ਚਾਹੁੰਦਾ ਸੀ ਪਰ ਉਸ ਕੋਲ ਗੀਤ ਨਹੀਂ ਸਨ। 
ਉਨ੍ਹਾਂ ਦਿਨਾਂ ਵਿੱਚ ਗੁਰਦੇਵ ਸਿੰਘ ਮਾਨ ਤੇ ਇੰਦਰਜੀਤ ਹਸਨਪੁਰੀ ਦੇ ਨਾਮ ਦੀ ਗੀਤਕਾਰੀ ਵਿੱਚ ਤੂਤੀ ਬੋਲਦੀ ਸੀ। 
ਉਨ੍ਹਾਂ ਮਿੱਤਰ ਪ੍ਰੇਮ ਸ਼ਰਮਾ ਸਮੇਤ ਨੌਲੱਖਾ ਸਿਨੇਮਾ ਨੇੜੇ ਹਸਨਪੁਰੀ ਦੇ ਦਫ਼ਤਰ ਕਈ ਗੇੜੇ ਮਾਰੇ ਪਰ ਗੀਤਾਂ ਦੀ ਖ਼ੈਰ ਨਾ ਪਈ। ਉਨ੍ਹਾਂ ਆਪਣੇ ਮਿੱਤਰ ਡਾ. ਦੱਤਾ ਕੋਲ ਸ਼ਿਕਵਾ ਕੀਤੀ ਕਿ ਹਸਨਪੁਰੀ ਜੀ ਕੋਈ ਰਾਹ ਨਹੀਂ ਦੇ ਰਹੇ। ਡਾ. ਦੱਤਾ ਨੇ ਹਲਾਸ਼ੇਰੀ ਦਿੱਤੀ ਕਿ ਤੂੰ ਆਪ ਹੀ ਕਿਉਂ ਨਹੀਂ ਲਿਖਦਾ, ਇਸ ਵਿੱਚ ਕਿਹੜੇ ਮੰਤਰ ਪੜ੍ਹਨੇ ਨੇ? 
ਹਰਦੇਵ ਦਿਲਗੀਰ ਨੇ ਦੋ ਗੀਤ ਲਿਖ ਕੇ ਪ੍ਰੇਮ ਸ਼ਰਮਾ ਨੂੰ ਤਿਆਰ ਕਰਵਾ ਦਿੱਤੇ ਜੋ ਹਿਜ਼ ਮਾਸਟਰਜ਼ ਵਾਇਸ ਕੰਪਨੀ ਨੇ ਰੀਕਾਰਡ ਕਰ ਲਏ। 
ਜਦ ਇਹ ਗੀਤ ਸਪੀਕਰਾਂ ਤੇ ਵੱਜਣ ਲੱਗੇ ਤਾਂ ਹਰਦੇਵ ਦਿਲਗੀਰ ਦਾ ਉਤਸ਼ਾਹ ਵਧਿਆ। ਇਸ ਮਗਰੋਂ ਉਸ ਲਗਾਤਾਰ ਗੀਤ ਵੀ ਲਿਖਣੇ ਸ਼ੁਰੂ ਕੀਤੇ। 
ਉਸ ਦੇ ਗੀਤਾਂ ਨੂੰ ਸਿਰਕੱਢ ਗਾਇਕ ਚਾਂਦੀ ਰਾਮ ਚਾਂਦੀ, ਨਰਿੰਦਰ ਬੀਬਾ, ਕਰਮਜੀਤ ਧੂਰੀ ਤੇ ਸਵਰਨ ਲਤਾ, ਕਰਨੈਲ ਗਿੱਲ, ਸੁਰਿੰਦਰ ਸ਼ਿੰਦਾ ਤੇ ਅਨੇਕਾਂ ਹੋਰ ਗਾਇਕ ਗਾਉਣ ਲੱਗੇ। 
ਨਰਿੰਦਰ ਬੀਬਾ ਦੇ ਗਾਏ ਇਹ ਗੀਤ ਲੋਕ ਗੀਤਾਂ ਵਾਂਗ ਪ੍ਰਚੱਲਤ ਹੋਏ। 

ਚੜ੍ਹਦੇ ਚੇਤਰ ਗਿਉਂ ਨੌਕਰੀ, 
ਆਇਆ ਮਹੀਨਾ ਜੇਠ ਵੇ, 
ਤੂੰ ਨੌਕਰ ਕਾਹਦਾ, 
ਘੋੜਾ ਨਾ ਤੇਰੇ ਕੋਈ ਹੇਠ ਵੇ। 

ਮੁਰਗਾਈ ਵਾਂਗੂੰ ਮੈਂ ਤਰਦੀ ਵੇ
ਤੇਰੇ ਮੁੰਡਿਆ ਪਸੰਦ ਨਾ ਆਈ। 
ਮਾਝੇ ਦੀ ਮੈਂ ਜੱਟੀ ਬੇਲੀਆ ਵੇ
ਮੁੰਡਾ ਮਾਲਵੇ ਦਾ ਜੀਹਦੇ ਲੜ ਲਾਈ। 

ਦੋ ਪੈਰ ਘੱਟ ਤੁਰਨਾ 
ਪਰ ਤੁਰਨਾ ਮੜ੍ਹਕ ਦੇ ਨਾਲ। 
ਦਿਨ ਨੂੰ ਬਣਾ ਦਊਂ ਮੱਸਿਆ ਵੇ
ਗੁੱਤ ਖੋਲ੍ਹ ਕੇ ਖਿੰਡਾਵਾਂ ਜਦੋਂ ਵਾਲ਼। 

ਪੰਦਰਾਂ ਵਰ੍ਹੇ ਤੇ ਸਾਡੇ ਸੁਖ ਦੇ ਬੀਤ ਗਏ, 
ਸੋਲ੍ਹਵਾਂ ਵਰ੍ਹਾ ਹੁਣ ਚੜ੍ਹ ਵੇ ਗਿਆ। 
ਲੁੱਟੇ ਗਏ ਵੈਰੀਆ, ਨਾਗ ਲੜ ਵੇ ਗਿਆ। 

ਕਾਹਨੂੰ ਮਾਰਦੈਂ ਚੰਦਰਿਆ ਛਮਕਾਂ
ਮੈਂ ਕੱਚ ਦੇ ਗਲਾਸ ਵਰਗੀ। 
ਫਿਰ ਰੋਵੇਂਗਾ ਢਿੱਲੇ ਜਹੇ ਬੁੱਲ੍ਹ ਕਰਕੇ, 
ਵੇ ਪਾਲੀ ਬੀਬਾ ਜਦੋਂ ਮਰ ਗਈ। 
ਪੰਜਾਬ ਦੀ ਅਮਰ ਗਾਇਕਾ ਸੁਰਿੰਦਰ ਕੌਰ ਨੇ ਉਸ  ਤੋਂ ਮੰਗ ਕੇ ਗੀਤ ਲਏ ਜੋ ਲੋਕ ਗੀਤਾਂ ਵਾਂਗ ਲੋਕ ਪ੍ਰਵਾਨਗੀ ਹਾਸਲ ਕਰ ਗਏ। 

ਦੀਵਿਆਂ ਵੇਲੇ ਦਰ ਆਪਣੇ ਦਾ ਕਿਸ ਕੁੰਡਾ ਖੜਕਾਇਆ। 
ਨੀ ਉੱਠ ਵੇਖ ਨਣਾਨੇ, ਕੌਣ ਪ੍ਰਾਹੁਣਾ ਆਇਆ। 

ਟਿੱਲੇ ਵਾਲਿਆ 
ਮਿਲਾ ਦੇ ਰਾਂਝਾ ਹੀਰ ਨੂੰ, 
ਤੇਰਾ ਕਿਹੜਾ ਮੁੱਲ ਲੱਗਦਾ? 

ਚਿੱਤਰਕਾਰ ਸੋਭਾ ਸਿੰਘ ਦੀ ਬਣਾਈ ਹੀਰ ਦੀ ਪੇਂਟਿੰਗ  ਦੇਖ ਕੇ ਉਜ ਦੇ ਮਨ ਵਿੱਚ ਹੀਰ ਲਿਖਣ ਦਾ ਖ਼ਿਆਲ ਆਇਆ ਸੀ ਜੋ ਉਸ ਬਾਰ ਬਾਰ ਲਿਖੀ। ਕੁਲਦੀਪ ਮਾਣਕ ਨੇ ਵੀ ਉਸ ਦੇ ਅਨੇਕ ਗੀਤਾਂ ਨੂੰ ਬੁਲੰਦ ਆਵਾਜ਼ ਵਿੱਚ ਗਾ ਕੇ ਅਮਰ ਕੀਤਾ। 
ਦੇਵ ਨੇ ਹਰ ਕਿਸਮ ਦੇ ਗੀਤ ਲਿਖੇ ਜਿੰਨ੍ਹਾਂ ਵਿੱਚ ਲੋਕ-ਗਾਥਾਵਾਂ ਅਤੇ ਕਲੀਆਂ ਵੀ ਸ਼ਾਮਲ ਸਨ।
ਹਰਦੇਵ ਦਿਲਗੀਰ ਨੇ ਜਿੱਥੇ ਹੀਰ, ਸੋਹਣੀ ਅਤੇ ਸੱਸੀ ’ਤੇ ਗੀਤ ਲਿਖੇ ਓਥੇ ਪੰਜਾਬ ਦੀਆਂ ਕੁਝ ਅਜਿਹੀਆਂ ਪ੍ਰੀਤ-ਕਹਾਣੀਆਂ ਨੂੰ ਵੀ ਆਪਣੀ ਕਲਮ ਜ਼ਰੀਏ ਪੇਸ਼ ਕੀਤਾ, ਜਿੰਨ੍ਹਾਂ ਬਾਰੇ ਆਮ ਲੋਕ ਬਹੁਤ ਘੱਟ ਜਾਣਦੇ ਸਨ, ਇਹਨਾਂ ਵਿਚੋਂ ‘ਬੇਗੋ ਨਾਰ-ਇੰਦਰ ਮੱਲ’ ‘ਪਰਤਾਪੀ ਸੁਨਿਆਰੀ-ਕਾਕਾ ਰੁਪਾਲੋਂ’ ਇਤਿਆਦਿ ਦੇ ਨਾਂ ਆਉਂਦੇ ਹਨ। ਇਸ ਦੇ ਨਾਲ਼ ਹੀ ਪੰਜਾਬ ਤੋਂ ਬਿਨਾਂ ਅਰਬੀ ਪ੍ਰੇਮ-ਕਹਾਣੀਆਂ ਯੂਸਫ਼-ਜ਼ੁਲੈਖ਼ਾਂ ਅਤੇ ਸ਼ੀਰੀਂ-ਫ਼ਰਹਾਦ ਨੂੰ ਵੀ ਆਪਣੀ ਕਲਮ ਰਾਹੀਂ ਪੰਜਾਬੀਆਂ ਦੇ ਰੂ-ਬ-ਰੂ ਕੀਤਾ।
ਪੰਜਾਬ ਦੇ ਅਨੇਕਾਂ ਗਾਇਕਾਂ ਨੂੰ ਉਹਨਾਂ ਦੇ ਗੀਤ ਗਾਏ।
ਕੁਲਦੀਪ ਮਾਣਕ ਦੁਆਰਾ ਗਾਏ
ਵਾਰ ਬੰਦਾ ਸਿੰਘ ਬਹਾਦਰ
ਤੇਰੇ ਟਿੱਲੇ ਤੋਂ (ਰਾਂਝੇ ਦੀ ਕਲੀ)
ਯਾਰਾਂ ਦਾ ਟਰੱਕ ਬੱਲੀਏ (ਫ਼ਿਲਮ: ਲੰਬੜਦਾਰਨੀ)ਛੰਨਾ ਚੂਰੀ ਦਾ (ਕਲੀ)
ਜੁਗਨੀ,ਮੇਰੇ ਯਾਰ ਨੂੰ ਮੰਦਾ ਨਾ ਬੋਲੀਂ
ਮਾਂ ਹੁੰਦੀ ਏ ਮਾਂ,ਸਾਹਿਬਾਂ ਬਣੀ ਭਰਾਵਾਂ ਦੀ,ਛੇਤੀ ਕਰ ਸਰਵਣ ਬੱਚਾ,ਜੈਮਲ ਫੱਤਾ ਆਦਿ। 
ਸੁਰਿੰਦਰ ਸ਼ਿੰਦਾ ਦੁਆਰਾ ਗਾਏ ਗੀਤਾਂ ਵਿੱਚ ਜਿਉਣਾ ਮੌੜ , ਸ਼ਹੀਦ ਭਗਤ ਸਿੰਘ, ਕਿਸ਼ਨਾ ਮੌੜ, ਦੁੱਲਾ ਭੱਟੀ, ਜੱਗਾ ਸੂਰਮਾ,ਤੀਆਂ ਲੌਂਗੋਵਾਲ ਦੀਆਂ ਪ੍ਰਮੁੱਖ ਹਨ। ਪੁੱਤ ਜੱਟਾਂ ਦੇ ਸੱਸੀ (ਦੋ ਊਠਾਂ ਵਾਲ਼ੇ ਨੀ) ਤੇ ਸੈਂਕੜੇ ਹੋਰ ਗੀਤ ਪ੍ਰਮੁੱਖ ਹਨ। 
ਜਗਮੋਹਣ ਕੌਰ ਦੁਆਰਾ ਗਾਏ ਗੀਤ
ਜੱਗਾ,ਪੂਰਨ (ਪੂਰਨ ਭਗਤ)
ਪਾਲੀ ਦੇਤਵਾਲੀਆ ਨੇ ਉਸ ਦਾ ਗੀਤ
“ਚਾਲ਼ੀ ਪਿੰਡਾਂ ਦੀ ਜ਼ਮੀਨ ਲੁਧਿਆਣਾ ਖਾ ਗਿਆ” ਪੂਰੀ ਦੁਨੀਆ ਵਿੱਚ ਪਹੁੰਚਾਇਆ। 
ਹਰਦੇਵ ਦਿਲਗੀਰ ਦੇ ਜਿਉਂਦੇ ਜੀਅ ਸੁਖਦੇਵ ਸਿੰਘ ਸੋਖਾ ਉਦੋਪੁਰੀਆ ਨੇ
ਦੇਵ ਥਰੀਕਿਆਂ ਵਾਲ਼ਾ ਐਪਰੀਸੇਸ਼ਨ ਸੁਸਾਇਟੀ ਬਣਾ ਕੇ ਉਸ ਨੂੰ ਆਜੀਵਨ ਪੈਨਸ਼ਨ ਲਾਈ। ਉਸ ਦੇ ਸਨਮਾਨ ਵਿੱਚ ਇਕ ਪੁਸਤਕ “ਥਰੀਕਿਆਂ ਵਾਲਾ ਦੇਵ”ਡਾ. ਨਿਰਮਲ ਜੌੜਾ ਤੋਂ ਸੰਪਾਦਿਤ ਕਰਕੇ ਛਪਵਾਈ। ਚੇਤਨਾ ਪ੍ਰਕਾਸ਼ਨ ਲੁਧਿਆਣਾ ਨੇ ਵੀ ਉਸ ਦੇ ਲਿਖੇ ਸਾਹਿੱਤਕ ਗੀਤਾਂ ਦੇ ਕੁਝ ਸੰਗ੍ਰਹਿ ਪ੍ਰਕਾਸ਼ਤ ਕੀਤੇ। 
ਸਾਨੂੰ ਮਾਣ ਹੈ ਕਿ ਹਰਦੇਵ ਦਿਲਗੀਰ ਦੇ ਆਖ਼ਰੀ ਦਸ ਜਨਮ ਦਿਨ ਅਸੀਂ ਸਭ ਦੋਸਤਾਂ ਨੇ ਥਰੀਕੇ ਪੰਡ ਜਾ ਕੇ ਹਰਦੇਵ ਦਿਲਗੀਰ ਪਰਿਵਾਰ ਨਾਸ ਮਨਾਏ। ਆਪਣੀ ਜੀਵਨ ਸਾਥਣ ਪ੍ਰੀਤਮ ਕੌਰ ਦੇ ਅਕਾਲ ਚਲਾਣੇ ਨਾਲ ਉਹ ਬੇਹੱਦ ਉਦਾਸ ਹੋ ਗਿਆ ਸੀ। ਪਹਿਲਾਂ ਵੀ ਪਰਿਵਾਰ ਵਿੱਚ ਹੋਈਆਂ ਮੌਤਾਂ ਨੇ ਉਸ ਨੂੰ ਪਿੰਜ  ਦਿੱਤਾ ਸੀ। 
ਹਰਦੇਵ ਦਿਲਗੀਰ ਨੂੰ ਭਾਵੇਂ ਪੰਜਾਬ ਦੇ ਮੁੱਖ ਮੰਤਰੀ ਸ. ਬੇਅੰਤ ਸਿੰਘ ਨੇ ਥਰੀਕੇ ਪਹੁੰਚ ਕੇ ਮਾਰੂਤੀ ਕਾਰ ਨਾਲ ਸਨਮਾਨਿਤ ਕੀਤਾ ਪਰ ਉਸ ਨੇ ਕਾਰ ਚਲਾਉਣੀ ਕਦੇ ਨਾ ਸਿੱਖੀ। ਸਕੂਟਰ ਵੀ ਨਹੀ ਸਿੱਖਿਆ, ਸਾਰੀ ਉਮਰ ਸਾਈਕਲ ਸਵਾਰ ਹੀ ਰਿਹਾ। 
ਜੇ ਕਦੇ ਹਾਸੇ ਵਿੱਚ ਅਸੀਂ ਕਹਿਣਾ ਕਿ ਬਾਈ ਜੀ ਸਕੂਟਰ ਤਾਂ ਸਿੱਖ ਹੀ ਲਵੋ ਤਾਂ ਉਸ ਦਾ ਮੋੜਵਾਂ ਉੱਤਰ ਹੁੰਦਾ,” ਮੇਰਾ ਮੁਰਸ਼ਦ ਹਰੀ ਸਿੰਘ ਦਿਲਬਰ ਸਾਰੀ ਉਮਰ ਪੈਦਲ ਹੀ ਤੁਰਦਾ ਰਿਹਾ, ਮੈਂ ਤਾ ਫੇਰ ਵੀ ਸਾਈਕਲ ਤੇ ਹਾਂ। 
ਹਰਦੇਵ ਦਿਲਗੀਰ ਸਾਰੀ ਉਮਰ ਕਿਤਾਬਾਂ ਪੜ੍ਹਦਾ ਨਹੀਂ, ਪੀਂਦਾ ਰਿਹਾ। ਉਸ ਦੀ ਲਾਇਬਰੇਰੀ ਵਿੱਚ ਹਰ ਨਵੀਂ ਕਿਤਾਬ ਦੀ ਆਮਦ ਯਕੀਨੀ ਹੁੰਦੀ ਸੀ। ਦੇਵ ਦੇ ਜਾਣ ਨਾਲ ਮਨ ਡਾਢਾ ਨਿਢਾਲ ਹੈ। 
🟩

Share:

ਸੰਪਾਦਕ ਦਾ ਡੈਸਕ

Parminder Singh Jatpuri

Editor in Chief

ਕੱਪੜ ਛਾਣ

Watch LIVE TV
Khabarwaale TV
Subscribe

Get all latest content delivered to your email a few times a month.