IMG-LOGO
ਹੋਮ ਪੰਜਾਬ: 7 ਪਿੰਡਾਂ ਦੇ ਕਿਸਾਨਾਂ ਨੂੰ ਸਿੰਚਾਈ ਲਈ ਜਲਦ ਮਿਲੇਗਾ ਬਸਤੀ...

7 ਪਿੰਡਾਂ ਦੇ ਕਿਸਾਨਾਂ ਨੂੰ ਸਿੰਚਾਈ ਲਈ ਜਲਦ ਮਿਲੇਗਾ ਬਸਤੀ ਪੀਰਦਾਦ ਵਿਖੇ ਸਥਾਪਤ ਸੀਵਰੇਜ ਟ੍ਰੀਟਮੈਂਟ ਪਲਾਂਟ ਦਾ ਸੋਧਿਆ ਪਾਣੀ

Admin User - Aug 04, 2024 01:48 PM
IMG

.

ਜਲੰਧਰ, 4 ਅਗਸਤ : ਜ਼ਿਲ੍ਹੇ ਦੇ 7 ਪਿੰਡਾਂ ਦੇ ਕਿਸਾਨਾਂ ਨੂੰ ਆਪਣੀ ਖੇਤੀ ਜ਼ਮੀਨ ਦੀ ਸਿੰਜਾਈ ਲਈ ਬਸਤੀ ਪੀਰਦਾਦ ਵਿਖੇ ਸਥਾਪਤ ਸੀਵਰੇਜ ਟ੍ਰੀਟਮੈਂਟ ਪਲਾਂਟ ਤੋਂ ਜਲਦ ਸੋਧਿਆ ਹੋਇਆ ਪਾਣੀ ਮਿਲਣਾ ਸ਼ੁਰੂ ਹੋ ਜਾਵੇਗਾ। 

ਡਿਪਟੀ ਕਮਿਸ਼ਨਰ ਡਾ. ਹਿਮਾਂਸ਼ੂ ਅਗਰਵਾਲ ਨੇ ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ 7.10 ਕਰੋੜ ਰੁਪਏ ਦੀ ਲਾਗਤ ਵਾਲੇ ਇਸ ਪ੍ਰਾਜੈਕਟ ਦਾ ਕੰਮ ਜੰਗੀ ਪੱਧਰ ’ਤੇ ਜਾਰੀ ਹੈ, ਜਿਸ ਦੇ ਮੁਕੰਮਲ ਹੋਣ ਨਾਲ ਇਨ੍ਹਾਂ ਪਿੰਡਾਂ ਦੇ ਕਿਸਾਨਾਂ ਦੀ 550 ਹੈਕਟੇਅਰ ਦੇ ਕਰੀਬ ਖੇਤੀ ਜ਼ਮੀਨ ਨੂੰ ਸਿੰਜਾਈ ਲਈ ਸੋਧੇ ਹੋਏ ਪਾਣੀ ਦੀ ਸਹੂਲਤ ਮਿਲੇਗੀ।

ਜਲੰਧਰ ਸਮਾਰਟ ਸਿਟੀ ਤਹਿਤ ਇਸ ਪ੍ਰਾਜੈਕਟ ਨੂੰ ਭੂਮੀ ਤੇ ਜਲ ਸੰਭਾਲ ਵਿਭਾਗ ਵੱਲੋਂ ਡਿਪੋਜ਼ਿਟ ਕਾਰਜ ਵਜੋਂ ਨੇਪਰੇ ਚਾੜ੍ਹਿਆ ਜਾ ਰਿਹਾ ਹੈ। ਇਸ ਪ੍ਰਾਜੈਕਟ ਤਹਿਤ ਕੁੱਲ 20 ਕਿਲੋਮੀਟਰ ਜ਼ਮੀਨਦੋਜ਼ ਪਾਈਪਲਾਈਨ ਪਾਈ ਜਾਣੀ ਹੈ, ਜਿਸ ਵਿੱਚੋਂ 17 ਕਿਲੋਮੀਟਰ ਪਾਈਪਲਾਈਨ ਪਾਉਣ ਦਾ ਕੰਮ ਮੁਕੰਮਲ ਹੋ ਚੁੱਕਾ ਹੈ। 

ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਬਸਤੀ ਪੀਰ ਦਾਦ ਵਿਖੇ ਸਥਾਪਤ ਸੀਵਰੇਜ ਟ੍ਰੀਟਮੈਂਟ ਪਲਾਂਟ (25 ਐਮ.ਐਲ.ਡੀ.) ਦਾ ਸੋਧਿਆ ਹੋਇਆ ਪਾਣੀ ਜ਼ਮੀਨਦੋਜ਼ ਪਾਈਪਾਂ ਅਤੇ 72 ਲਿਟਰ ਪ੍ਰਤੀ ਸੈਕਿੰਡ ਦੀ ਡਿਸਚਾਰਜ ਸਮਰੱਥਾ ਵਾਲੇ ਪੰਪ ਸੈੱਟਾਂ ਰਾਹੀਂ ਕਿਸਾਨਾਂ ਦੇ ਖੇਤਾਂ ਤੱਕ ਪਹੁੰਚਾਇਆ ਜਾਵੇਗਾ।  

ਇਸ ਪ੍ਰਾਜੈਕਟ ਦਾ 80 ਫੀਸਦੀ ਕੰਮ ਪੂਰਾ ਹੋ ਚੁੱਕਾ ਹੈ ਅਤੇ ਅਕਤੂਬਰ ਮਹੀਨੇ ਦੇ ਅੰਤ ਤੱਕ ਪ੍ਰਾਜੈਕਟ ਮੁਕੰਮਲ ਕਰ ਲਿਆ ਜਾਵੇਗਾ, ਜਿਸ ਸਦਕਾ ਬਸਤੀ ਪੀਰ ਦਾਦ, ਗਿੱਲ, ਚਮਿਆਰਾ, ਸੰਗਲ ਸੋਹਲ, ਸਫੀਪੁਰ, ਗਾਖਲਾ ਤੇ ਕਤਲੁਪੁਰ ਪਿੰਡਾਂ ਦੇ ਕਿਸਾਨਾਂ ਨੂੰ ਫਾਇਦਾ ਮਿਲੇਗਾ। 

ਇਸ ਪ੍ਰਾਜੈਕਟ ਨਾਲ ਜਿਥੇ ਧਰਤੀ ਹੇਠਲੇ ਪਾਣੀ ਦੀ ਬੱਚਤ ਹੋਵੇਗੀ ਉਥੇ ਕਿਸਾਨਾਂ ਨੂੰ ਵੀ ਫਾਇਦਾ ਹੋਵੇਗਾ ਕਿਉਂਕਿ ਉਨ੍ਹਾਂ ਦਾ ਟਿਊਬਵੈੱਲ ਚਲਾਉਣ ਲਈ ਬਿਜਲੀ, ਡੀਜ਼ਲ ਦੇ ਨਾਲ-ਨਾਲ ਬੋਰ ਡੂੰਘੇ ਕਰਵਾਉਣ ’ਤੇ ਆਉਣ ਵਾਲਾ ਖਰਚਾ ਘਟੇਗਾ। 

ਉਨ੍ਹਾਂ ਕਿਹਾ ਕਿ ਧਰਤੀ ਹੇਠਲੇ ਪਾਣੀ ਦੇ ਡਿਗਦੇ ਪੱਧਰ ਨੂੰ ਹੋਰ ਹੇਠਾਂ ਜਾਣ ਤੋਂ ਰੋਕਣ ਲਈ ਅਜਿਹੇ ਬਦਵਲੇਂ ਸਿੰਜਾਈ ਸਰੋਤ ਬੇਹੱਦ ਮਦਦਗਾਰ ਸਾਬਤ ਹੋ ਸਕਦੇ ਹਨ। 

ਭੂਮੀ ਤੇ ਜਲ ਸੰਭਾਲ ਵਿਭਾਗ ਪੰਜਾਬ ਦੇ ਸਬ ਡਵੀਜ਼ਨਲ ਭੂਮੀ ਸੰਭਾਲ ਅਫ਼ਸਰ ਜਲੰਧਰ ਇੰਜ. ਲੁਪਿੰਦਰ ਕੁਮਾਰ ਨੇ ਦੱਸਿਆ ਕਿ ਸੋਧਿਆ ਹੋਇਆ ਪਾਣੀ ਸਿੰਚਾਈ ਲਈ ਸੁਰੱਖਿਅਤ ਮਾਪਦੰਡਾਂ ਦੇ ਅੰਦਰ ਹੀ ਰਹੇ, ਇਸ ਨੂੰ ਯਕੀਨੀ ਬਣਾਉਣ ਲਈ ਇਹ ਪ੍ਰਣਾਲੀ ਨਿਗਰਾਨੀ ਵਾਲੇ ਯੰਤਰਾਂ ਨਾਲ ਲੈਸ ਹੋਵੇਗੀ। 

 ਇਸ ਪ੍ਰਾਜੈਕਟ ਸਦਕਾ ਇਸ ਇਲਾਕੇ ਵਿੱਚ 30 ਤੋਂ 40 ਫੀਸਦੀ ਜ਼ਮੀਨੀ ਪਾਣੀ ਦੀ ਬੱਚਤ ਹੋਵੇਗੀ। ਇਸ ਨਾਲ ਕਿਸਾਨਾਂ ਦੀ ਧਰਤੀ ਹੇਠਲੇ ਪਾਣੀ ‘ਤੇ ਨਿਰਭਰਤਾ ਘਟੇਗੀ ਕਿਉਂਕਿ ਟ੍ਰੀਟਮੈਂਟ ਪਲਾਂਟ ਦਾ ਸੋਧਿਆ ਹੋਇਆ ਪਾਣੀ ਫ਼ਸਲਾਂ ਦੀ ਸਿੰਚਾਈ ਵਾਸਤੇ ਪੂਰਾ ਸਾਲ ਉਪਲਬਧ ਰਹੇਗਾ।

Share:

ਸੰਪਾਦਕ ਦਾ ਡੈਸਕ

Parminder Singh Jatpuri

Editor in Chief

ਕੱਪੜ ਛਾਣ

Watch LIVE TV
Khabarwaale TV
Subscribe

Get all latest content delivered to your email a few times a month.