ਤਾਜਾ ਖਬਰਾਂ
ਹਰਿਆਣਾ ਦੇ ਸਿਰਸਾ ਜ਼ਿਲ੍ਹੇ ਦੇ ਡੇਰਾ ਜਗਮਾਲਵਾਲੀ ਦੇ ਮੁਖੀ ਮਹਾਰਾਜ ਬਹਾਦੁਰ ਚੰਦ ਵਕੀਲ ਦਾ ਵੀਰਵਾਰ ਸਵੇਰੇ ਦੇਹਾਂਤ ਹੋ ਗਿਆ। ਉਨ੍ਹਾਂ ਦੀ ਮੌਤ ਤੋਂ ਬਾਅਦ ਜਿਵੇਂ ਹੀ ਉਨ੍ਹਾਂ ਦੀ ਮ੍ਰਿਤਕ ਦੇਹ ਡੇਰੇ ਪਹੁੰਚੀ ਤਾਂ ਗੁਰਗੱਦੀ ਨੂੰ ਲੈ ਕੇ ਵਿਵਾਦ ਸ਼ੁਰੂ ਹੋ ਗਿਆ। ਇਲਜ਼ਾਮ ਹੈ ਕਿ ਇਸ ਝਗੜੇ ਵਿੱਚ ਗੱਦੀ ਹਥਿਆਉਣ ਵਾਲਿਆਂ ਨੇ ਡੇਰਾ ਸ਼ਰਧਾਲੂਆਂ 'ਤੇ ਗੋਲੀਆਂ ਚਲਾ ਦਿੱਤੀਆਂ ਸਨ। ਇਸ ਗੋਲੀਬਾਰੀ ਵਿਚ ਸ਼ਰਧਾਲੂ ਵਾਲ-ਵਾਲ ਬਚ ਗਏ।
ਪੁਲਿਸ ਨੇ ਗੋਲੀਬਾਰੀ ਦੇ ਇਸ ਮਾਮਲੇ ਵਿੱਚ ਇੱਕ ਵਿਅਕਤੀ ਨੂੰ ਗ੍ਰਿਫ਼ਤਾਰ ਕੀਤਾ ਹੈ, ਬਾਕੀ ਮੌਕੇ ਤੋਂ ਫ਼ਰਾਰ ਹੋ ਗਏ। ਮਹਾਰਾਜ ਬਹਾਦਰ ਚੰਦ ਵਕੀਲ ਦੇ ਭਤੀਜੇ ਅਮਰ ਸਿੰਘ ਨੇ ਦੋਸ਼ ਲਾਇਆ ਕਿ ਡੇਰੇ ਦੀ ਗੱਦੀ ਹਥਿਆਉਣ ਲਈ ਵਰਿੰਦਰ ਸਿੰਘ, ਬਲਕੌਰ ਸਿੰਘ, ਸ਼ਮਸ਼ੇਰ ਲਹਿਰੀ ਅਤੇ ਨੰਦਲਾਲ ਗਰੋਵਰ ਮਹਾਰਾਜ ਬਹਾਦਰ ਚੰਦ ਵਕੀਲ ਦਾ ਅੰਤਿਮ ਸੰਸਕਾਰ ਜਲਦਬਾਜ਼ੀ ਵਿੱਚ ਕਰਨਾ ਚਾਹੁੰਦੇ ਸਨ। ਚਾਰੋਂ ਡੇਰਾ ਮੁਖੀ ਦਾ ਇਲਾਜ ਕਰਵਾਉਣ ਲਈ ਦਿੱਲੀ ਦੇ ਮੈਕਸ ਹਸਪਤਾਲ ਵੀ ਗਏ ਸਨ। ਦੱਸਿਆ ਜਾ ਰਿਹਾ ਹੈ ਕਿ ਮਹਾਰਾਜ ਦੀ ਮੌਤ 3 ਦਿਨ ਪਹਿਲਾਂ ਦਿੱਲੀ 'ਚ ਹੋਈ ਸੀ ਪਰ ਇਨ੍ਹਾਂ ਚਾਰਾਂ ਨੇ ਜਾਣਬੁੱਝ ਕੇ ਉਨ੍ਹਾਂ ਦੀ ਮੌਤ ਦੀ ਖਬਰ ਛੁਪਾ ਦਿੱਤੀ ਸੀ, ਜਿਸ 'ਚ ਡੇਰਾ ਮੁਖੀ ਦੇ ਭਤੀਜੇ ਅਮਰ ਸਿੰਘ ਨੇ ਪੁਲਸ ਨੂੰ ਦਿੱਤੀ ਸ਼ਿਕਾਇਤ 'ਚ ਉਨ੍ਹਾਂ ਦੇ ਨਾਂ ਸ਼ਾਮਲ ਹਨ ਪੁਲਿਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।
ਡੇਰਾ ਮੁਖੀ ਦੇ ਭਤੀਜੇ ਅਮਰ ਸਿੰਘ ਨੇ ਦੱਸਿਆ ਕਿ ਅੱਜ ਸਵੇਰੇ ਡੇਰਾ ਮੁਖੀ ਦੀ ਮ੍ਰਿਤਕ ਦੇਹ ਨੂੰ ਡੇਰਾ ਜਗਮਾਲ ਵਾਲਾ ਲਿਆਂਦਾ ਗਿਆ। ਸਵੇਰੇ 9:55 ਵਜੇ ਐਲਾਨ ਕੀਤਾ ਗਿਆ ਕਿ ਡੇਰਾ ਮੁਖੀ ਦਾ ਅੰਤਿਮ ਸੰਸਕਾਰ 5 ਮਿੰਟ ਬਾਅਦ ਠੀਕ 10 ਵਜੇ ਕੀਤਾ ਜਾਵੇਗਾ। ਇਸ ਤੋਂ ਬਾਅਦ ਸ਼ਰਧਾਲੂ ਭੜਕ ਗਏ। ਸ਼ਰਧਾਲੂਆਂ ਨੇ ਇਤਰਾਜ਼ ਜਤਾਉਂਦਿਆਂ ਕਿਹਾ ਕਿ ਅਜਿਹੇ ਮਹਾਨ ਸੰਤ ਦਾ ਅੰਤਿਮ ਸੰਸਕਾਰ ਇਸ ਤਰ੍ਹਾਂ ਨਹੀਂ ਕੀਤਾ ਜਾਵੇਗਾ।
ਪਹਿਲਾਂ ਦੱਸਿਆ ਗਿਆ ਸੀ ਕਿ ਸ਼ੁੱਕਰਵਾਰ ਸਵੇਰੇ 10 ਵਜੇ ਪਿੰਡ ਚੌਟਾਲਾ ਵਿੱਚ ਅੰਤਿਮ ਸੰਸਕਾਰ ਕੀਤਾ ਜਾਵੇਗਾ। ਓਮਪ੍ਰਕਾਸ਼ ਨੇ ਦੱਸਿਆ ਕਿ ਗੱਦੀ ਹਥਿਆਉਣ ਲਈ ਵਰਿੰਦਰ ਸਿੰਘ, ਬਲਕੌਰ ਸਿੰਘ, ਸ਼ਮਸ਼ੇਰ ਲਹਿਰੀ ਅਤੇ ਨੰਦਲਾਲ ਅੱਜ ਹੀ ਡੇਰਾ ਮੁੱਖੀ ਦਾ ਅੰਤਿਮ ਸੰਸਕਾਰ ਕਰ ਰਹੇ ਸਨ। ਇਸ 'ਤੇ ਵਿਵਾਦ ਖੜ੍ਹਾ ਹੋ ਗਿਆ। ਅਮਰ ਸਿੰਘ ਅਤੇ ਡੇਰੇ ਦੇ ਹੋਰ ਸ਼ਰਧਾਲੂਆਂ ਦਾ ਦੋਸ਼ ਹੈ ਕਿ ਚਾਰਾਂ ਨੇ ਡੇਰਾ ਮੁਖੀ ਦੀ ਵਸੀਅਤ ਵੀ ਤਿਆਰ ਕਰਵਾਈ ਹੈ।
Get all latest content delivered to your email a few times a month.