IMG-LOGO
ਹੋਮ ਪੰਜਾਬ: ਕਾਂਗਰਸ ਨੇ ਹਮੇਸ਼ਾ ਦਲਿਤ ਅਤੇ ਪਿਛੜੇ ਵਰਗਾਂ ਦੇ ਹੱਕਾਂ ਤੇ...

ਕਾਂਗਰਸ ਨੇ ਹਮੇਸ਼ਾ ਦਲਿਤ ਅਤੇ ਪਿਛੜੇ ਵਰਗਾਂ ਦੇ ਹੱਕਾਂ ਤੇ ਡਾਕਾ ਮਾਰਨ ਵਿੱਚ ਕੋਈ ਕਸਰ ਬਾਕੀ ਨਹੀਂ ਛੱਡੀ - ਜਸਵੀਰ ਸਿੰਘ ਗੜੀ

Admin User - Jul 27, 2024 07:55 PM
IMG

.

ਜਲੰਧਰ 27,ਜੁਲਾਈ: ਬਹੁਜਨ ਸਮਾਜ ਪਾਰਟੀ ਦੇ ਕੇਂਦਰੀ ਕੋਆਰਡੀਨੇਟਰ ਸ਼੍ਰੀ ਵਿਪਲ ਕੁਮਾਰ ਅਤੇ ਸੂਬਾ ਪ੍ਰਧਾਨ ਜਸਵੀਰ ਸਿੰਘ ਗੜੀ ਨੇ ਅੱਜ ਜਲੰਧਰ ਲੋਕ ਸਭਾ ਦੀ ਲੀਡਰਸ਼ਿਪ ਦੇ ਨਾਲ ਵਿਚਾਰ ਮੰਥਨ ਮੀਟਿੰਗ ਕੀਤੀ। ਇਸ ਮੀਟਿੰਗ ਵਿੱਚ ਮੁੱਖ ਮਹਿਮਾਨ ਦੇ ਤੌਰ ਤੇ ਕੇਂਦਰੀ ਕੋਆਰਡੀਨੇਟਰ ਸ਼੍ਰੀ ਵਿਪੁਲ  ਕੁਮਾਰ ਜੀ ਹਾਜ਼ਰ ਹੋਏ। ਸੰਗਠਨ ਦੀ ਨਜ਼ਰਸਾਨੀ ਗੰਭੀਰਤਾ ਨਾਲ ਕਰਦੇ ਹੋਏ ਬਹੁਜਨ ਸਮਾਜ ਪਾਰਟੀ ਦੀ ਲੀਡਰਸ਼ਿਪ ਨੂੰ ਸੰਗਠਨ ਦੇ ਨਵਨਿਰਮਾਣ ਦੇ ਕੰਮ ਤੇ ਜੁੱਟ ਜਾਣ ਦਾ ਸੱਦਾ ਦਿੱਤਾ। ਇਸ ਮੌਕੇ ਜਲੰਧਰ ਜ਼ਿਲੇ ਦੇ ਸਾਰੇ ਢਾਂਚੇ ਨੂੰ ਨਵੇਂ ਸਿਰੇ ਤੋਂ ਬਨਾਉਣ ਦੇ ਨਿਰਦੇਸ਼ ਜਾਰੀ ਕੀਤੇ। ਇਹਨਾਂ ਨਿਰਦੇਸ਼ਾਂ ਵਿੱਚ ਜਲੰਧਰ ਦਿਹਾਤੀ ਦੇ ਪ੍ਰਧਾਨ ਸ਼੍ਰੀ ਜਗਦੀਸ਼ ਸ਼ੇਰਪੁਰੀ ਅਤੇ ਜਲੰਧਰ ਸ਼ਹਿਰੀ ਦੇ ਪ੍ਰਧਾਨ ਸ੍ਰੀ ਸਲਵਿੰਦਰ ਕੁਮਾਰ ਨੂੰ ਨਿਯੁਕਤ ਕੀਤਾ। 10 ਅਗਸਤ ਤੱਕ ਜਲੰਧਰ ਜਿਲ੍ਹੇ ਦੀ ਬਾਡੀ ਅਤੇ ਨੌ ਵਿਧਾਨ ਸਭਾ ਦੇ ਢਾਂਚੇ ਦੀ ਸਮੀਖਿਆ ਕਰਕੇ ਨਵਨਿਰਮਾਣ ਦਾ ਕੰਮ ਪੂਰਾ ਕਰਨ ਦੇ ਨਿਰਦੇਸ਼ ਜਾਰੀ ਕੀਤੇ ਗਏ। ਇਸ ਮੌਕੇ ਸ਼੍ਰੀ ਵਿਪਲ ਕੁਮਾਰ ਨੇ ਕਿਹਾ ਕਿ ਬਹੁਜਨ ਸਮਾਜ ਪਾਰਟੀ ਦਾ ਮਜਬੂਤ ਸੰਗਠਨ ਦਾ ਨਿਰਮਾਣ ਕਰਨਾ ਸਾਡਾ ਪਹਿਲਾ ਉਦੇਸ਼ ਹੈ। ਇਸ ਮੌਕੇ ਸੂਬਾ ਪ੍ਰਧਾਨ ਜਸਵੀਰ ਸਿੰਘ ਗੜੀ ਨੇ ਕਿਹਾ ਕਿ ਕਾਂਗਰਸ ਨੇ ਆਜ਼ਾਦੀ ਤੋਂ ਪਹਿਲਾਂ ਅਤੇ ਆਜ਼ਾਦੀ ਤੋਂ ਬਾਅਦ ਹਮੇਸ਼ਾ ਅਨੁਸੂਚਿਤ ਜਾਤੀ, ਪਿਛੜੀਆਂ ਸ਼੍ਰੇਣੀਆਂ ਅਤੇ ਘੱਟ ਗਿਣਤੀ ਵਰਗਾ ਨਾਲ ਧੱਕਾ ਤੇ ਧੋਖਾ ਕੀਤਾ ਹੈ। ਜਿਸ ਦੀ ਤਾਜ਼ਾ ਉਦਾਹਰਣ ਲੋਕ ਸਭਾ ਮੈਂਬਰ ਸ਼੍ਰੀ ਚਰਨਜੀਤ ਸਿੰਘ ਚੰਨੀ ਵੱਲੋਂ ਪਾਰਲੀਮੈਂਟ ਵਿੱਚ ਦਿੱਤਾ ਬਿਆਨ ਹੈ ਜਿਸ ਵਿੱਚ ਸ਼੍ਰੀ ਚੰਨੀ ਨੇ ਕਿਹਾ ਕਿ ਕਾਂਗਰਸ ਨੇ ਰਿਜਰਵੇਸ਼ਨ ਨੀਤੀ ਬਣਾਈ ਹੈ।  ਸ. ਗੜੀ ਨੇ ਕਿਹਾ ਕਿ ਸਾਬਕਾ ਮੁੱਖ ਮੰਤਰੀ ਤੇ ਲੋਕ ਸਭਾ ਮੈਂਬਰ ਸ਼੍ਰੀ ਚਰਨਜੀਤ ਸਿੰਘ ਚੰਨੀ ਨੂੰ ਇਹ ਦੱਸਣਾ ਚਾਹੀਦਾ ਹੈ ਕਿ 20ਸਤੰਬਰ 1932 ਨੂੰ ਅਨੁਸੂਚਿਤ ਜਾਤੀ ਵਰਗਾਂ ਨੂੰ ਮਿਲੇ ਦੋਹਰੇ ਵੋਟ ਦੇ ਅਧਿਕਾਰ ਖਿਲਾਫ ਕਾਂਗਰਸ ਦੇ ਲੀਡਰਾਂ ਨੇ ਪੂਨਾ ਦੀ ਯਰਵਦਾ ਜੇਲ ਵਿੱਚ ਮਰਨ ਵਰਤ ਕਿਉਂ ਰੱਖਿਆ ਅਤੇ ਅਨੁਸੂਚਿਤ ਜਾਤੀਆਂ ਕੋਲੋਂ ਦੋਹਰੇ ਵੋਟ ਦਾ ਅਧਿਕਾਰ ਖੋਹਿਆ ਜਿਸ ਨੂੰ ਬਾਬਾ ਸਾਹਿਬ ਅੰਬੇਡਕਰ ਤਿੰਨ ਗੋਲਮੇਜ ਕਾਨਫਰੰਸਾਂ ਦੀ ਵਿਚਾਰ ਚਰਚਾ ਅਤੇ ਕਾਂਗਰਸ ਨਾਲ ਲੜਾਈ ਕਰਨ ਤੋਂ ਬਾਅਦ ਲੈ ਕੇ ਆਏ ਸਨ। ਸਾਲ 1946ਵਿੱਚ  ਕਾਂਗਰਸ ਦੇ ਲੀਡਰਾਂ ਨੇ ਬਾਬਾ ਸਾਹਿਬ ਅੰਬੇਡਕਰ ਨੂੰ ਸੰਵਿਧਾਨ ਸਭਾ ਵਿੱਚ ਹਰਾਉਣ ਦੇ ਲਈ ਇੰਨੇ ਪ੍ਰਬੰਧ ਕੀਤੇ ਕਿ ਬਾਬਾ ਸਾਹਿਬ ਅੰਬੇਡਕਰ ਨੂੰ ਆਪਣਾ ਪਿਤਰੀ ਸੂਬਾ ਮਹਾਰਾਸ਼ਟਰ ਛੱਡਕੇ ਬੰਗਾਲ ਦੀ ਜੈਸੁਰ ਖੁਲਣਾ ਸੀਟ ਤੋਂ ਜਾਕੇ ਮੈਂਬਰ ਬਣਨਾ ਪਿਆ, ਜਿੱਥੋਂ ਬਾਬਾ ਸਾਹਿਬ ਅੰਬੇਡਕਰ ਨੂੰ ਹਰਾਉਣ ਲਈ ਕਾਂਗਰਸ ਨੇ ਟਿਲ ਦਾ ਜ਼ੋਰ ਲਾਇਆ ਸੀ। ਸ਼੍ਰੀ ਗੜੀ ਨੇ ਕਿਹਾ ਕਿ ਚੰਨੀ ਇਸ ਗੱਲ ਦਾ ਵੀ ਉੱਤਰ ਦੇਵੇ ਕਿ 1947ਵਿੱਚ ਬਾਬਾ ਸਾਹਿਬ ਅੰਬੇਡਕਰ ਦੀ ਜੈਸੁਰ ਖੁਲਨਾ ਸੀਟ ਭਾਰਤ ਵੰਡ ਵੇਲੇ ਪਾਕਿਸਤਾਨ ਦੇ ਹਿੱਸੇ ਕਿਉਂ ਦਿੱਤੀ ਗਈ, ਜਦੋਂ ਕਿ ਜੈਸੁਰ ਖੁੱਲਨਾ ਇਲਾਕੇ ਵਿੱਚ ਹਿੰਦੂਆਂ ਦੀ ਅਬਾਦੀ 58% ਸੀ। ਸ੍ਰੀ ਗੜੀ ਨੇ ਕਿਹਾ ਕਿ ਚੰਨੀ ਇਸ ਗੱਲ ਦਾ ਉੱਤਰ ਦੇਵੇ ਕਿ 1952 ਅਤੇ 1954 ਲੋਕ ਸਭਾ ਦੀਆਂ ਚੋਣਾਂ ਵਿੱਚ ਬਾਬਾ ਸਾਹਿਬ ਅੰਬੇਡਕਰ ਦੇ ਖਿਲਾਫ ਉਮੀਦਵਾਰ ਕਿਉਂ ਦਿੱਤੇ ਅਤੇ ਕਾਂਗਰਸ ਨੇ ਬਾਬਾ ਸਾਹਿਬ ਅੰਬੇਡਕਰ ਨੂੰ ਕਿਉਂ ਹਰਾਇਆ? ਕਾਂਗਰਸ ਇਸ ਗੱਲ ਦਾ ਉੱਤਰ ਦੇਵੇ ਕਿ ਬਾਬਾ ਸਾਹਿਬ ਅੰਬੇਡਕਰ ਦੀ ਮਿਰਤਕ ਦੇਹ ਦਿੱਲੀ ਤੋਂ ਚੁੱਕਕੇ ਮਹਾਰਾਸ਼ਟਰ ਕਿਉ ਭੇਜੀ, ਦਿੱਲੀ ਅੰਤਿਮ ਸੰਸਕਾਰ ਕਿਉਂ ਨਹੀਂ ਕੀਤਾ, ਜਿੱਥੇ ਨਹਿਰੂ ਗਾਂਧੀ ਤੇ ਇੰਦਰਾ ਦੀਆਂ ਸਮਾਰਕਾਂ ਬਣੀਆਂ ਹੋਈਆਂ ਹਨ? ਕਾਂਗਰਸ ਇਸ ਗੱਲ ਦਾ ਉੱਤਰ ਦੇਵੇ ਕਿ ਬਾਬਾ ਸਾਹਿਬ ਅੰਬੇਡਕਰ ਨੂੰ ਉਨਾਂ ਦੀ ਮੌਤ ਤੋਂ ਬਾਅਦ 1989 ਤੱਕ, 33 ਸਾਲ ਬੀਤਣ ਤੱਕ ਭਾਰਤ ਰਤਨ ਕਿਉਂ ਨਹੀਂ ਦਿੱਤਾ? ਕਾਂਗਰਸ ਇਸ ਗੱਲ ਦਾ ਉੱਤਰ ਦੇਵੇ ਕਿ ਭਾਰਤ ਦਾ ਦੂਸਰਾ ਅੰਬੇਡਕਰ, ਸਾਹਿਬ ਕਾਂਸ਼ੀ ਰਾਮ ਨੂੰ ਭਾਰਤ ਰਤਨ ਕਿਉਂ ਨਹੀਂ ਦਿੱਤਾ ਜਦੋਂ ਕਿ ਉਹਨਾਂ ਦੀ ਮੌਤ 2006 ਵਿੱਚ ਹੋਈ ਸੀ ਅਤੇ ਕਾਂਗਰਸ ਦੀ ਕੇਂਦਰ ਯੂਪੀਏ ਅਤੇ ਪੰਜਾਬ ਵਿੱਚ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਸੀ? ਕਾਂਗਰਸ ਇੰਨੀ ਦਲਿਤ ਵਿਰੋਧੀ ਹੈ ਕਿ ਸਾਹਿਬ ਕਾਂਸ਼ੀ ਰਾਮ ਜੀ ਦੀ ਮੌਤ ਤੇ ਪੰਜਾਬ ਅਤੇ ਦੇਸ਼ ਵਿੱਚ ਕਾਂਗਰਸ ਦੀਆਂ ਸਰਕਾਰਾਂ ਵੱਲੋਂ ਰਾਸ਼ਟਰੀ ਸੋਗ ਨਹੀਂ ਘੋਸ਼ਿਤ ਕੀਤਾ ਗਿਆ। ਇੱਥੋਂ ਤੱਕ ਕਿ ਦਲਿਤਾਂ ਦਾ ਝੂਠਾ ਖੈਰਖਵਾਹ ਸ਼੍ਰੀ ਚਰਨਜੀਤ ਸਿੰਘ ਚੰਨੀ ਅੱਜ ਤੱਕ ਸਾਹਿਬ ਕਾਂਸ਼ੀ ਰਾਮ ਦੇ ਪਿੰਡ ਨਹੀਂ ਵੜਿਆ। 
ਬਸਪਾ ਸੂਬਾ ਪ੍ਰਧਾਨ ਜਸਵੀਰ ਸਿੰਘ ਗੜੀ ਨੇ ਪੰਜਾਬ ਦੇ ਅਨੁਸੂਚਿਤ ਜਾਤੀ ਵਰਗਾਂ ਪਛੜੀਆਂ ਸ਼੍ਰੇਣੀਆਂ ਅਤੇ ਗਰੀਬਾਂ ਨੂੰ ਅਪੀਲ ਕੀਤੀ ਕਿ ਸ਼੍ਰੀ ਚੰਨੀ ਵਰਗੇ ਚੇਹਰੇ ਕਾਂਗਰਸ ਦੇ ਦਿੱਤੇ ਹੋਏ ਗਰੀਬ ਵਰਗਾਂ ਲਈ ਨਕਲੀ ਲੀਡਰ ਹਨ ਜੋ ਵੋਟਾਂ ਤਾਂ ਬਟੋਰ ਸਕਦੇ ਹਨ ਲੇਕਿਨ ਬਹੁਜਨ ਸਮਾਜ ਦਾ ਕੁਝ ਸਵਾਰ ਨਹੀਂ ਸਕਦੇ। ਜੇਕਰ ਪੰਜਾਬ ਦੇ ਗਰੀਬ ਵਰਗ ਆਪਣਾ ਤੇ ਆਪਣੀਆਂ ਆਉਣ ਵਾਲੀਆਂ ਪੀੜੀਆਂ ਦਾ ਕੁਝ ਸਵਾਰਨਾ ਚਾਹੁੰਦੇ ਹਨ ਤਾਂ ਬਹੁਜਨ ਸਮਾਜ ਪਾਰਟੀ ਦੇ ਸੰਗਠਨ ਵਿੱਚ ਆਕੇ ਬਹੁਜਨ ਸਮਾਜ ਪਾਰਟੀ ਨੂੰ ਮਜਬੂਤ ਕਰਨ ਲਈ ਕੰਮ ਕਰਨਾ ਚਾਹੀਦਾ ਹੈ। ਇਸ ਮੌਕੇ ਸੂਬਾ ਜਨਰਲ ਸਕੱਤਰ ਸ਼੍ਰੀ  ਬਲਵਿੰਦਰ ਕੁਮਾਰ ਸੂਬਾ ਸਕੱਤਰ ਸ਼੍ਰੀ ਤੀਰਥ ਰਾਜਪੁਰਾ ਸੂਬਾ ਕੈਸ਼ੀਅਰ ਸ਼੍ਰੀ ਪਰਮਜੀਤ ਮੱਲ, ਸੂਬਾ ਦਫਤਰ ਸਕੱਤਰ ਸ਼੍ਰੀ ਜਸਵੰਤ ਰਾਏ, ਜ਼ਿਲ੍ਹਾ ਪ੍ਰਧਾਨ ਸ਼੍ਰੀ ਜਗਦੀਸ਼ ਸ਼ੇਰਪੁਰੀ, ਜਿਲਾ ਪ੍ਰਧਾਨ ਸ਼ਹਿਰੀ ਸ਼੍ਰੀ ਸਲਵਿੰਦਰ ਕੁਮਾਰ ਆਦਿ ਹਾਜਰ ਸਨ।

Share:

ਸੰਪਾਦਕ ਦਾ ਡੈਸਕ

Parminder Singh Jatpuri

Editor in Chief

ਕੱਪੜ ਛਾਣ

Watch LIVE TV
Khabarwaale TV
Subscribe

Get all latest content delivered to your email a few times a month.