IMG-LOGO
ਹੋਮ ਪੰਜਾਬ: ਗੀਤਕਾਰ ਸਰਬਜੀਤ ਵਿਰਦੀ ਦਾ ਅਚਾਨਕ ਚਲਾਣਾ ਉਦਾਸ ਕਰ ਗਿਆ: ਗੁਰਭਜਨ...

ਗੀਤਕਾਰ ਸਰਬਜੀਤ ਵਿਰਦੀ ਦਾ ਅਚਾਨਕ ਚਲਾਣਾ ਉਦਾਸ ਕਰ ਗਿਆ: ਗੁਰਭਜਨ ਗਿੱਲ

Admin User - Jul 26, 2024 08:42 PM
IMG

.

ਮੁਹੱਬਤ ਦਾ ਦੂਜਾ ਨਾਮ ਸੀ ਸਰਬਜੀਤ ਵਿਰਦੀ। ਮੇਰੇ ਮਿੱਤਰ ਜੋਗਿੰਦਰ ਸਿੰਘ ਠੇਕੇਦਾਰ ਦਾ ਪੁੱਤਰ ਸੀ ਸਰਬਜੀਤ। 
ਸ. ਜਗਦੇਵ ਸਿੰਘ ਜੱਸੋਵਾਲ ਦੀ ਸ. ਸੁਰਿੰਦਰ ਸਿੰਘ ਕੈਰੋਂ ਨਾਲ ਦੋਸਤੀ ਕਾਰਨ ਉਹ ਪਹਿਲੀ ਵਾਰ ਜੱਸੋਵਾਲ ਜੀ ਦੇ ਗੁਰਦੇਵ ਨਗਰ ਸਥਿਤ ਅਲ੍ਹਣੇ ਵਿੱਚ ਮਿਲਿਆ। ਜੋਗਿੰਦਰ ਸਿੰਘ ਮਾਝੇ ਵਿੱਚ ਸੁਰਿੰਦਰ ਕੈਰੋਂ ਧੜੇ ਦਾ ਕਾਰਕੁਨ ਸੀ। ਇਮਾਰਤਾ ਬਣਾਉਣ ਦਾ ਠੇਕੇਦਾਰ ਸੀ ਉਹ। ਅਤਿਵਾਦ ਵੇਲੇ ਜਾਨ ਬਚਾਉਣ ਲਈ ਉਹ ਆਪਣੇ ਪਿੰਡ ਸ਼ੇਖ ਚੱਕ (ਨੇੜੇ ਚੋਹਲਾ ਸਾਹਿਬ) ਤੋਂ ਲੁਧਿਆਣੇ ਪਰਿਵਾਰ ਤੇ ਸਮਾਨ ਚੁੱਕ ਲਿਆਇਆ। ਸਰਬਜੀਤ ਨਿੱਕਾ ਜਿਹਾ ਸੀ ਉਦੋਂ। ਕੁਝ ਸਾਲ ਪਹਿਲਾਂ ਉਸ ਮੈਨੂੰ ਪਿੰਡੋਂ ਤੁਰਨ ਦੀ ਵਾਰਤਾ ਸੁਣਾਈ ਤੇ ਦੱਸਿਆ ਕਿ ਕਿਵੇ ਉਹ ਸਮਾਨ ਤੇ ਬੈਠਾ ਪਿੰਡੋਂ ਲੁਧਿਆਣੇ ਤੀਕ ਲਗਾਤਾਰ ਰੋਂਦਾ ਰਿਹਾ, ਇਹ ਸੋਚ ਕੇ ਉਸ ਨੇ ਇਸ ਪਿੰਡ ਹੁਣ ਕਦੇ ਨਹੀ ਪਰਤਣਾ। 
ਪੰਦਰਾਂ ਕੁ ਸਾਲ ਪਹਿਲਾਂ ਉਸ ਮੈਨੂੰ ਇਹ ਦਰਦ ਸੁਣਾਇਆ ਸੀ ਤਾਂ ਮੈ ਕਈ ਦਿਨ ਉਸ ਦੇ ਝੱਗੇ ਤੇ ਪਏ ਅੱਥੂਆਂ ਦੀ ਘਰਾਲ ਚਿਤਵਦਾ ਰਿਹਾ। ਮੈਂ ਉਸ ਦੇ ਦਰਦ ਬਾਰੇ ਇਹ ਗ਼ਜ਼ਲ ਲਿਖੀ ਜੋ ਮੇਰੀ 2013 ਚ ਛਪੀ ਕਿਤਾਬ “ਮਨ ਤੰਦੂਰ”ਵਿੱਚ ਸ਼ਾਮਲ ਹੈ
 
ਪਿੰਡੋਂ ਤੁਰਦਿਆਂ ਅੱਖੀਓਂ ਜੋ ਅੱਥਰੂ ਸੀ ਡੁੱਲ੍ਹੇ।
ਮੈਨੂੰ ਝੱਗੇ ਉੱਤੇ ਪਏ, ਅਜੇ ਦਾਗ਼ ਨਹੀਓਂ ਭੁੱਲੇ।

ਮਾਈ ਸੰਤੀ ਦੀ ਭੱਠੀ ਕਦੇ ਹੋਲਾਂ ਕਦੇ ਆਭੂ,
ਕਦੇ ਤਪਦੀ ਕੜਾਹੀ ਵਿਚ ਖਿੜਦੇ ਸੀ ਫੁੱਲੇ।

ਸਾਂਝੀ ਪਾਥੀਆਂ ਦੀ ਅੱਗ ਪਿੰਡੋਂ ਬੁਝਦੀ ਕਦੇ ਨਾ,
ਸਭ ਘਰਾਂ ਵਿਚ ਓਹੀ ਨਿੱਤ ਬਾਲਦੀ ਸੀ ਚੁੱਲ੍ਹੇ।

ਰਹਿ ਗਏ ਪੂਰਨੇ ਪਵਾਏ ਮੇਰੀ ਤਖ਼ਤੀ ਤੇ ਓਵੇਂ,
ਕੂਲ਼ੇ ਫੁੱਲਾਂ ਦੀ ਵਰੇਸੇ, ਤੱਤੇ ਝੱਖੜ ਸੀ ਝੁੱਲੇ।

ਗਿੱਲਾ ਪਰਨਾ ਲਪੇਟ ਸੌਣਾ ਕੋਠੇ ਮੰਜਾ ਡਾਹ ਕੇ,
ਬਾਤਾਂ ਸੁਣਦੇ ਉਡੀਕੀ ਜਾਣਾ ਪੁਰੇ ਵਾਲੇ ਬੁੱਲੇ।

ਮਿੱਠੇ ਖ਼ਾਨਗਾਹ ਦੇ ਚੌਲ, ਰੋਟ ਪੱਕਣਾ ਕਮਾਲ,
ਚਾਚੇ ਧੰਨਾ ਸਿੰਘ ਵਾਲੇ ਮੈਨੂੰ ਮੇਸੂ ਨਹੀਉਂ ਭੁੱਲੇ।

ਕੱਚੇ ਵਿਹੜੇ ਵਿਚ ਸ਼ਾਮ ਨੂੰ ਤਰੌਂਕ ਦੇਣਾ ਪਾਣੀ,
ਪੈਂਦ ਮੰਜਿਆ ਦੀ ਕੱਸਣੀ ਤੇ ਸੌਣਾ ਹੋ ਕੇ ਖੁੱਲ੍ਹੇ।

ਜਦੋਂ ਮੁੜਨਾ ਸਕੂਲੋਂ ਰਾਹ 'ਚ ਤਾਏ ਘੇਰ ਲੈਣਾ,
ਉਹਦੇ ਟੋਕਵੇਂ ਪਹਾੜੇ ਪੁੱਛੇ, ਅੱਜੇ ਵੀ ਨਹੀਂ ਭੁੱਲੇ।

ਹੱਟੀ ਸ਼ਾਹਵਾਂ ਦੀ ਤੋਂ ਲੈ ਕੇ ਖਾਣਾ ਜਦੋਂ ਵੀ ਮਰੂੰਡਾ,
ਕਿੰਜ ਦੱਸੀਏ ਸਵਾਦ, ਨਿਰ੍ਹੇ ਲੁੱਟੇ ਅਸਾਂ ਬੁੱਲੇ।

ਪੱਕੇ ਪੇਪਰਾਂ ਦੇ ਨੇੜੇ ਜਾ ਕੇ ਚੜ੍ਹਨਾ ਬੁਖ਼ਾਰ,
ਕੱਚੇ ਪੇਪਰਾਂ 'ਚ ਹੋਈਦਾ ਸੀ ਪਾਸ ਲਾ ਕੇ ਟੁੱਲੇ।

ਏਸ ਸ਼ਹਿਰ 'ਚ ਮੈਂ ਅੱਧੀ ਸਦੀ ਰੱਜ ਕੇ ਹੰਢਾਈ,
ਤੁਰੇ ਨਾਲ ਮੇਰੇ ਪਿੰਡ ਦੇ ਸਵਾਸ ਅਣਮੁੱਲੇ।

ਉਹ ਸੰਵੇਦਨਸ਼ੀਲ ਮੁੰਡਾ ਸੀ ਸ਼ਾਇਦ ਏਸੇ ਕਰਕੇ ਉਹ ਗੀਤਕਾਰੀ ਵੱਲ ਤੁਰ ਪਿਆ ਤੇ ਹਰਦੇਵ ਦਿਲਗੀਰ ਦਾ ਸ਼ਾਗਿਰਦ ਪੈ ਗਿਆ। 
ਦੇਵ ਦੀ ਪ੍ਰੇਰਨਾ ਤੇ ਹੀ ਉਸਨੇ ਪੰਜਾਬੀ ਗੀਤਕਾਰ ਸਭਾ ਗਠਿਤ ਕਰਕੇ ਇਸ ਦਾ ਪ੍ਰਧਾਨ ਬਣ ਗਿਆ। ਵੱਡੇ ਨਾਮ ਵਾਲੇ ਸੈਂਕੜੇ ਗੀਤਕਾਰ ਉਸ ਮਾਝੇ ਮਾਲਵੇ ਤੇ ਦੇਆਬੇ ਤੋ ਪੰਜਾਬੀ ਭਵਨ ਲੁਧਿਆਣਾ ਵਿੱਚ ਹਰ ਮਹੀਨੇ ਇਕੱਠੇ ਕਰਨੇ ਸ਼ੁਰੂ ਕਰ ਦਿੱਤੇ। 
ਦੂਰਦਰਸ਼ਨ ਦੇ ਅਖਾੜਾ ਪ੍ਰੋਗ਼ਾਮ ਵਿੱਚ ਬਲਕਾਰ ਸੰਧਾਵਾਲੀਆ ਨੇ ਮੰਚ ਸੰਚਾਲਨ ਦਾ ਮੌਕਾ ਦਿੱਤਾ। ਖ਼ੁਦ ਗੀਤ ਰੀਕਾਰਡ ਕਰਨੇ ਸ਼ੁਰੂ ਕਰ ਦਿੱਤੇ। ਨਵੇਂ ਨਵੇਂ ਗਾਇਕ ਪੇਸ਼ ਕਰਕੇ ਉਸਨੇ ਨਾਮਣਾ ਖੱਟਿਆ। 
ਕਈ ਸਾਲ ਉਹ ਸਾਨੂੰ ਸਭ ਨੂੰ ਹਰਦੇਵ ਦਿਲਗੀਰ ਦੇ ਜਨਮ ਦਿਨ ਤੇ ਥਰੀਕੇ ਲੈ ਜਾਂਦਾ। ਸੁਰਿੰਦਰ ਸ਼ਿੰਦਾ, ਅਮਰੀਕ ਤਲਵੰਡੀ, ਨਿਰਮਲ ਜੌੜਾ, ਜਸਮੇਰ ਢੱਟ ਤ੍ਰੈਲੋਚਨ ਲੋਚੀ ਤੇ ਮੇਰੇ ਵਰਗੇ ਕਈ ਲੋਕ ਹਰ ਸਾਲ  ਹਰਦੇਵ ਦਿਲਗੀਰ ਨਾਲ ਬਗਲਗੀਰ ਹੁੰਦੇ। ਇੰਦਰਜੀਤ ਹਸਨਪੁਰੀ ਤੇ ਹਰਦੇਵ ਦਿਲਗੀਰ ਦੀ ਬਰਸੀ ਤੇ ਗੀਤਕਾਰ ਸਨਮਾਨਦਾ। 
ਉਸ ਨੇ ਬਹੁਤ ਹੀ ਮਹੱਤਵਪੂਰਨ ਕਿਤਾਬਾਂ ਸੰਪਾਦਿਤ ਕੀਤੀਆਂ। ਭਰੂਣ ਹੱਤਿਆ ਖ਼ਿਲਾਫ਼ ਕਾਵਿ ਸੰਗ੍ਰਹਿ “ਨਾ ਮਾਰੋ ਅਣਜੰਮੀਆਂ” ਸੰਪਾਦਿਤ ਕਰਕੇ ਉਸ ਨਿਵੇਕਲਾ ਕਾਰਜ ਕੀਤਾ। ਮੈਂ ਆਪਣੀ ਪੋਤਰੀ ਅਸੀਸ ਦੇ ਜਨਮ ਵੇਲੇ ਇਸ ਕਿਤਾਬ ਦੀਆਂ ਸੌ ਕਾਪੀਆਂ ਤੇ ਸ਼ਹਿਦ ਸ਼ਗਨ ਵਜੋਂ  ਵੰਡਿਆ। 
ਨਸ਼ਾ ਖ਼ੋਰੀ ਤੇ ਵਾਤਾਵਰਣ ਬਾਰੇ ਵੀ ਉਸ ਕਿਤਾਬਾਂ ਸੰਪਾਦਿਤ ਕੀਤੀਆਂ। ਇੱਕ ਉਦਯੋਗਪਤੀ ਜਗਦੀਸ਼ ਜੀ ਦੀ ਜੀਵਨੀ ਲਿਖੀ। ਹਰਦੇਵ ਦਿਲਗੀਰ ਦੇ ਸ਼ਾਗਿਰਦਾਂ ਦੇ ਗੀਤ ਇਕੱਠੇ ਕਰਕੇ ਪ੍ਰਕਾਸ਼ਿਤ ਕੀਤੇ। ਗੁਰੂ ਨਾਨਕ ਦੇਵ ਜੀ ਬਾਰੇ ਉਸ ਨੇ ਕਾਵਿ ਸੰਗ੍ਰਹਿ ਤਿਆਰ ਕੀਤਾ ਜੋ ਆਰਥਕ ਵਸੀਲਿਆਂ ਦੀ ਕਮੀ ਕਾਰਨ ਪ੍ਰਕਾਸ਼ਤ ਨਹੀਂ ਹੋ ਸਕਿਆ। 
ਉਹ ਜਦ ਵੀ ਮਿਲਦਾ ਤਾਂ ਮੇਰਾ ਸ਼ਿਕਵਾ ਹੁੰਦਾ ਕਿ ਦੂਸਰਿਆਂ ਦੇ ਸਿਰ ਹੀ ਨਾ ਗੁੰਦੀ ਜਾਹ , ਆਪਣੇ ਗੀਤ ਵੀ ਸੰਭਾਲ ਲੈ। ਉਸਨੇ ਪਿਛਲੇ ਸਾਲ ਆਪਣੇ ਜਨਮ ਦਿਨ ਤੇ ਆਪਣੇ ਗੀਤਾਂ ਦੀ ਕਿਤਾਬ “ਗੀਤ ਗੁਲਜ਼ਾਰ” 
ਪ੍ਰਕਾਸ਼ਿਤ ਕੀਤੀ। ਬਹੁਤ ਭਰਵਾਂ ਸਮਾਗਮ ਹੋਇਆ। ਸਭ ਨੇ ਚਾਅ ਲਿਆ। ਉਸ ਪੰਜਾਬੀ ਸਾਹਿੱਤ ਅਕਾਡਮੀ ਦਾ ਮੈਬਰਸ਼ਿਪ ਫਾਰਮ ਭਰਿਆ। ਕਹਿਣ ਲੱਗਾ ਅਗਲੀ ਵਾਰ ਮੈਂ ਵੀ ਵੋਟ ਪਾਵਾਂਗਾ। ਪਰ ਉਹ ਚਾਅ ਅਧੂਰਾ ਰਹਿ ਗਿਆ। 
ਉਹ ਮੇਰੀ ਬੁੱਕਲ ਦੇ ਗਹਿਣੇ ਜਿਹਾ ਸੀ। ਨਿੱਘ ਖਲੂਸ ਤੇ ਮੋਹ ਦਾ ਮੁਜੱਸਮਾ ਸੀ ਉਹ। ਬਹੁਤ ਵਾਰ ਉਹ ਮੇਰਾ ਸਾਰਥੀ ਬਣ ਕੇ ਜਲੰਧਰ , ਅੰਮ੍ਰਿਤਸਰ ਤੇ ਬਟਾਲੇ ਗਿਆ। ਮੇਰੇ ਘਰ ਦੇ ਜੀਆਂ ਵਰਗਾ ਸੀ ਉਹ। ਬੱਚਿਆਂ ਵਾਂਗ ਰੁੱਸਦਾ ਤੇ ਉਵੇਂ ਹੀ ਮੰਨਦਾ। 
ਇੰਗਲੈਂਡ ਤੋਂ ਗੀਤਕਾਰ ਚੰਨ ਜੰਡਿਆਲਵੀ ਦੀ ਜਦ ਵੀ ਨਵੀਂ ਕਿਤਾਬ ਛਪਦੀ ਤਾਂ ਉਹ ਪਾਲੀ ਦੇਤਵਾਲੀਆ ਨੂੰ ਨਾਲ ਲੈ ਕੇ ਮੇਰੇ ਕੋਲ ਆਉਂਦਾ। ਅਸੀਂ ਰਲ ਮਿਲ ਚਾਅ ਲੈਂਦੇ। ਕਿਤਾਬਾਂ ਦਾ ਨਿਰੰਤਰ ਪਾਠਕ ਸੀ ਆਪਣੇ ਉਸਤਾਦ ਵਾਂਗ। 
ਚੁਰੰਜਾ ਸਾਲ ਕਿਹੜੀ ਉਮਰ ਹੁੰਦੀ ਹੈ ਭਲਾ। ਪਿਛਲੇ ਮਹੀਨੇ ਹੀ ਉਸ ਆਪਣਾ ਜਨਮ ਦਿਨ ਮਨਾਇਆ। 
ਅੱਜ ਮਨਦੀਪ ਭਮਰਾ ਤੇ ਅਮਰਜੀਤ ਸ਼ੇਰਪੁਰੀ ਨੇ ਭਰੇ ਮਨ ਨਾਲ ਇਹ ਅਤਿ ਉਦਾਸ ਖ਼ਬਰ ਦਿੱਤੀ ਤਾਂ ਵਿਸ਼ਵਾਸ ਨਾ ਆਇਆ ਕਿ ਸਰਬਜੀਤ ਏਨੀ ਜਲਦੀ ਜਾ ਸਕਦੈ। ਪ੍ਰੋ.ਰਵਿੰਦਰ ਭੱਠਲ ਕਹਿ ਰਹੇ ਸਨ ਕਿ ਸਵੇਰੇ ਤਾਂ ਉਸ ਦੀ ਸ਼ੁਭ ਇੱਛਾ ਸੰਦੇਸ਼ ਆਇਐ। ਪਰ ਉਹ ਦੁਪਹਿਰੇ ਅਨੰਤ ਦੇਸ ਨੂੰ ਚਲਾ ਗਿਆ। 
ਅਜ ਤਿੰਨ ਸੱਜਣਾਂ ਦੇ ਜਾਣ ਦੀ ਖ਼ਬਰ ਮਿਲੀ ਹੈ। ਸਵੇਰੇ ਉੱਠਣ ਸਾਰ ਸਰੀ(ਕੈਨੇਡਾ) ਵੱਸਦੇ ਮਿੱਤਰ ਪ੍ਰੋ. ਅਵਤਾਰ ਸਿੰਘ ਵਿਰਦੀ ਦੀ, ਦੁਪਹਿਰੇ  ਸਰਬਜੀਤ ਵਿਰਦੀ ਤੇ ਸ਼ਾਮੀਂ ਮਾਣੂੰ ਕਿਆਂ ਦੇ ਸਰਪੰਚ ਪ੍ਰਿੰਸੀਪਲ ਗੁਰਮੁਖ ਸਿੰਘ ਸੰਧੂ ਦੇ ਜਾਣ ਦੀ ਪਾਟੀ ਚਿੱਠੀ ਮਿਲ ਗਈ। 
ਪੱਤਝੜ ਨਹੀਂ ਭਾਵੇਂ ਪਰ ਪੁੱਤਝੜ ਕਿਉਂ ਹੋ ਰਹੀ ਹੈ। 
ਸਰਬਜੀਤ ਵਿਰਦੀ ਦਾ ਅੰਤਿਮ ਸੰਸਕਾਰ ਕੱਲ੍ਹ 27 ਜੁਲਾਈ ਨੂੰ ਦੁਪਹਿਰੇ 12ਵਜੇ ਮਾਡਲ ਟਾਊਨ ਐਕਸਟੈਨਸ਼ਨ ਸ਼ਮਸ਼ਾਨ ਘਰ ਵਿੱਚ ਹੋਵੇਗਾ। 
ਪਰਿਵਾਰ ਦੇ ਦੁੱਖ ਵਿੱਚ ਸ਼ਾਮਿਲ

ਗੁਰਭਜਨ ਗਿੱਲ

Share:

ਸੰਪਾਦਕ ਦਾ ਡੈਸਕ

Parminder Singh Jatpuri

Editor in Chief

ਕੱਪੜ ਛਾਣ

Watch LIVE TV
Khabarwaale TV
Subscribe

Get all latest content delivered to your email a few times a month.