IMG-LOGO
ਹੋਮ ਪੰਜਾਬ, ਸਾਹਿਤ, 2024 ਅਜਾਇਬ ਚਿਤਰਕਾਰ ਦਾ ਜਨਮ ਸ਼ਤਾਬਦੀ ਸਾਲ ਹੈ ਦੋਸਤੋ: ਗੁਰਭਜਨ...

2024 ਅਜਾਇਬ ਚਿਤਰਕਾਰ ਦਾ ਜਨਮ ਸ਼ਤਾਬਦੀ ਸਾਲ ਹੈ ਦੋਸਤੋ: ਗੁਰਭਜਨ ਗਿੱਲ

Admin User - Jun 29, 2024 10:07 AM
IMG

.

ਅਜਾਇਬ ਚਿੱਤਰਕਾਰ  ਸਾਡਾ ਮਹੱਤਵਪੂਰਨ ਅਗਾਂਹਵਧੂ ਕਵੀ ਸੀ ਜਿਸ ਨੇ ਦੇਸ਼ ਵੰਡ ਤੋਂ ਪਹਿਲਾਂ ਕਾਵਿ ਸਿਰਜਣਾ ਆਰੰਭੀ ਤੇ ਆਖ਼ਰੀ ਸਵਾਸਾਂ ਤੀਕ ਸਿਰਜਣਸ਼ੀਲ ਰਿਹਾ। ਘਵੱਦੀ(ਲੁਧਿਆਣਾ) ਦਾ ਜੰਮਪਲ ਇਹ ਸ਼ਾਇਰ ਪਹਿਲਾਂ ਪਹਿਲ ਅਧਿਆਪਕ ਸੀ। ਖ਼ਾਲਸਾ ਹਾਈ ਸਕੂਲ ਕਿਲ੍ਹਾ ਰਾਏਪੁਰ(ਲੁਧਿਆਣਾ) ਵਿੱਚ ਉਹ ਸ, ਜਗਦੇਵ ਸਿੰਘ ਜੱਸੋਵਾਲ ਜੀ ਦਾ ਅਧਿਆਪਕ ਸੀ ਤੇ ਖ਼ਾਲਸਾ ਨੈਸ਼ਨਲ ਹਾਈ ਸਕੂਲ  ਲੁਧਿਆਣਾ ਵਿੱਚ  ਪ੍ਰਸਿੱਧ ਉਦਯੋਗਪਤੀ ਸਵਰਗੀ ਸਃ ਜਗਤ ਸਿੰਘ(ਜੀ ਐੱਸ ਆਟੋ) ਦਾ ਉਸਤਾਦ ਸੀ। ਦੋਵੇ ਸ਼ਖਸੀਅਤਾਂ ਮੈਂ ਆਪਣੀ ਅੱਖੀਂ ਅਜਾਇਬ ਜੀ ਦੇ ਗੋਡੀਂ ਹੱਥ ਲਾਉਂਦੀਆਂ ਵੇਖੀਆਂ ਹਨ। 
ਮਾਲਵਾ ਖਾਲਸਾ ਹਾਈ ਸਕੂਲ ਲੁਧਿਆਣਾ ਵਿੱਚ  ਅਜਾਇਬ ਚਿਤਰਕਾਰ ਸਾਹਿਰ ਲੁਧਿਆਣਵੀ ,ਪਾਕਿਸਤਾਨ ਟਾਈਮਜ਼ ਅਖ਼ਬਾਰ ਦੇ ਸੰਪਾਦਕ ਹਮੀਦ ਅਖ਼ਤਰ ਤੇ ਇਬਨੇ ਇਵਸ਼ਾ ਦਾ ਜੋਟੀਦਾਰ ਸੀ। ਮਰਦੇ ਦਮ ਤੀਕ ਦੋਸਤੀ ਨਿਭੀ। 
ਬਾਦ ਵਿੱਚ ਉਹ ਸ. ਜੀਵਨ ਸਿੰਘ ਲਾਹੌਰ ਬੁੱਕ ਸ਼ਾਪ ਵਾਲਿਆਂ ਦੇ ਅਦਾਰੇ ਵਿੱਚ ਸੰਪਾਦਕ ਲੱਗ ਗਏ। ਜਰਨੈਲ ਸਿੰਘ ਅਰਸ਼ੀ, ਸੰਤੋਖ ਸਿੰਘ ਧੀਰ, ਸੁਰਜੀਤ ਰਾਮਪੁਰੀ, ਇੰਦਰਜੀਤ ਹਸਨਪੁਰੀ,ਗੁਰਚਰਨ ਰਾਮਪੁਰੀ , ਡਾ. ਜੌਹਨ ਅਕਬਰ ਰਾਹੀ ਤੇ ਸੱਜਣ ਗਰੇਵਾਲ ਨਾਲ ਹਮੇਸ਼ਾਂ ਬੁੱਕਲ ਸਾਂਝੀ ਰਹੀ। ਲਾਹੌਰ ਬੁੱਕ ਸ਼ਾਪ ਵਾਲਿਆਂ ਦੀ ਲਾਹੌਰ ਆਰਟ ਪ੍ਰੈੱਸ ਵਾਲਿਆਂ ਕੋਲ ਉਦੋਂ ਕਈ ਵੱਡੇ ਸਿਰਜਕ ਕੰਮ ਕਰਦੇ ਸਨ। ਸੱਤਯ ਪਾਲ ਆਨੰਦ ਤੇ ਕੁਮਾਰ ਵਿਕਲ ਵਰਗੇ ਸ਼ਾਇਰ। ਸ. ਹਜ਼ਾਰਾ ਸਿੰਘ ਪਰੈੱਸ ਮੈਨੇਜਰ ਸਨ ਜੋ ਮਗਰੋਂ ਪੰਜਾਬੀ ਯੂਨੀਵਰਸਿਟੀ ਪ੍ਰਕਾਸ਼ਨ ਬਿਉਰੋ ਦੇ ਬਾਨੀ ਮੁਖੀ ਬਣੇ। ਰੱਜ ਕੇ ਸੁਹਜਵੰਤੇ ਇਨਸਾਨ। ਅਜਾਇਬ ਚਿਤਰਕਾਰ ਇਥੇ ਕੰਮ ਕਰਦਿਆ ਪਹਿਲੇ ਆਲੋਚਨਾ ਮੈਗਜ਼ੀਨ
“ਸਾਹਿੱਤ ਸਮਾਚਾਰ”ਤੇ ਬਾਲ ਦਰਬਾਰ ਮੈਗਜ਼ੀਨਜ਼ ਦੇ ਸੰਪਾਦਕ ਵੀ ਰਹੇ। ਐੱਮ ਐੱਮ ਏ ਪੰਜਾਬੀ ਕਰਨ ਵਾਲਿਆਂ ਲਈ ਉਦੋਂ ਇਹ ਮੈਗਜ਼ੀਨ ਸੰਜੀਵਨੀ ਬੂਟੀ ਵਾਂਗ ਸੀ। 
ਬਾਦ  ਵਿੱਚ ਉਹ ਆਪਣੇ ਮਿੱਤਰ ਰਾਜ ਸ਼ਰਮਾ ਦੇ ਕਹਿਣ ਤੇ ਪੰਜਾਬ ਖੇਤੀਬਾੜੀ ਵਿਭਾਗ ਦੇ ਸੂਚਨਾ ਸੈਕਸ਼ਨ ਵਿੱਚ ਬਤੌਰ ਆਰਟਿਸਟ ਭਰਤੀ ਹੋ ਗਏ। 
1962 ਵਿੱਚ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵਿੱਚ ਆ ਗਏ। ਇਥੋਂ ਹੀ ਉਹ 1984 ਚ ਸੇਵਾ ਮੁਕਤ ਹੋਏ। ਤਿੰਨ ਸਾਲ ਉਹ  ਸੇਵਾ ਵਾਧੇ ਤੇ ਵੀ ਰਹੇ ਕਿਉਂਕਿ ਮੌਕੇ ਦੇ ਅਫ਼ਸਰ ਕਹਾਣੀਕਾਰ ਸ. ਕੁਲਵੰਤ ਸਿੰਘ ਵਿਰਕ ਤੇ ਡਾ. ਮ ਸ ਰੰਧਾਵਾ(ਉਦੋਂ ਪੀ ਏ ਯੂ ਪ੍ਰਬੰਧਕੀ ਬੋਰਡ ਦੇ ਮੈਂਬਰ) ਉਨ੍ਹਾਂ ਤੋਂ ਹੋਰ ਕੰਮ ਲੈਣਾ ਚਾਹੁੰਦੇ ਸਨ। ਇਥੇ ਕੰਮ ਕਰਦੇ ਉਰਦੂ ਸ਼ਾਇਰ ਕ੍ਰਿਸ਼ਨ ਅਦੀਬ ਨਾਲ ਉਨ੍ਹਾਂ ਦੀ ਸਾਹਾਂ ਤੇ ਸ਼ਾਮਾਂ ਦੀ ਪੱਕੀ ਸਾਂਝ ਸੀ। ਇਸ ਮੁਹੱਬਤ ਤੇ ਸੁਹਬਤ ਬਾਰੇ
ਹੋਰ ਵਿਸਥਾਰ ਜਾਨਣ ਲਈ ਤੁਸੀਂ ਸੁਰਜੀਤ ਪਾਤਰ ਦੀ ਵਾਰਤਕ ਪੁਸਤਕ ਸੂਰਜ ਮੰਦਰ ਦੀਆਂ ਪੌੜੀਆਂ ਵਿੱਚੋਂ ਪੜ੍ਹ ਲੈਣਾ। 
ਸਬੱਬ ਦੇਖੋ! ਜਦ ਮੇਰੀ ਨਿਯੁਕਤੀ ਪੰਜਾਬ ਖੇਤੀ ਯੂਨੀਵਰਸਿਟੀ ਦੇ ਸੰਚਾਰ ਕੇਂਦਰ ਵਿੱਚ ਹੋਈ ਤਾਂ ਮੈਨੂੰ ਉਹੀ ਕਮਰਾ ਅਲਾਟ ਹੋਇਆ ਜੋ ਪਹਿਲਾਂ ਅਜਾਇਬ ਚਿਤਰਕਾਰ ਜੀ ਕੋਲ ਹੁੰਦਾ ਸੀ। ਉਹ ਸਾਡੇ ਲਈ ਹਮੇਸ਼ਾਂ ਬਾਬਲ ਵਾਂਗ ਰਹੇ। 
18 ਫਰਵਰੀ 1924 ਨੂੰ ਜਨਮੇ ਤੇ 
2 ਜੁਲਾਈ, 2012 ਨੂੰ ਵਿੱਛੜੇ  ਅਜਾਇਬ ਚਿਤਰਕਾਰ ਜੀ ਦੇ ਪੁੱਤਰ ਤੇ ਕਹਾਣੀਕਾਰ ਗੁਰਪਾਲ ਘਵੱਦੀ ਨਾਲ ਸਾਡੀ ਦੋਸਤੀ ਕਾਰਨ ਉਨ੍ਹਾਂ ਦੀ ਪੰਜਾਬ ਖੇਤੀ ਯੂਨੀਵਰਸਿਟੀ ਲੁਧਿਆਣਾ ਵਾਲੀ ਰਿਹਾਇਸ਼ ਅਤੱ ਮਗਰੋਂ ਦਸਮੇਸ਼ ਨਗਰ ਵਾਲੇ ਘਰ ਵਿੱਚ ਸਾਡਾ ਬਹੁਤ ਆਉਣਾ ਜਾਣਾ ਰਿਹਾ। 
ਪ੍ਰੀਤਲੜੀ ਦੇ ਸੰਪਾਦਕ ਸ. ਨਵਤੇਜ ਸਿੰਘ ਜੀ ਦੇ ਕਹਿਣ ਤੇ ਮੈਂ 1977-78 ਵਿੱਚ ਅਜਾਇਬ ਚਿਤਰਕਾਰ ਜੀ ਦੀ ਮੁਲਾਕਾਤ ਕੀਤੀ ਜੇ ਬਹੁਤ ਸੋਹਣੇ ਰੂਪ ਵਿੱਚ ਛਪੀ। 
ਅਜਾਇਬ ਚਿੱਤਰਕਾਰ ਜੀ ਦੀ ਕਾਵਿ ਸਿਰਜਣਾ ਵਿੱਚ ਦੁਮੇਲ (1946) ਭੁਲੇਖੇ (1949)ਸੱਜਰੀ ਪੈੜ (1955) ਸੂਰਜਮੁਖੀਆ (1955)
ਮਹਾਂ ਸਿਕੰਦਰ (ਕਾਵਿ-ਕਥਾ) ਚਾਰ ਜੁੱਗ (ਚੋਣਵੀਂ ਕਵਿਤਾ, 1958)
ਮਨੁੱਖ ਬੀਤੀ (1960)ਪੰਜਾਬ ਦੀ ਕਹਾਣੀ (ਲੰਮੀ ਕਵਿਤਾ) ਗੁਰੂ ਤੇਗ ਬਹਾਦਰ ਜੀ ਬਾਰੇ ਜਨਮ ਸ਼ਤਾਬਦੀ ਵੇਲੇ 1975 ਵਿੱਚ ਸੱਚ ਦਾ ਸੂਰਜ (ਖੰਡ-ਕਾਵਿ) ਆਵਾਜ਼ਾਂ ਦੇ ਰੰਗ (1976) ਜ਼ਖ਼ਮੀ ਖ਼ਿਆਲ ਦਾ ਚਿਹਰਾ (1980)ਨਗ਼ਮੇ ਦਾ ਲਿਬਾਸ (1995) ਰੰਗ ਸਵੇਰਾਂ ਸ਼ਾਮਾਂ ਦੇ,ਸੁਪਨਿਆਂ ਦਾ ਟਾਪੂ,ਆਬਸ਼ਾਰ (1988) (ਉਰਦੂ) ਸਾਹਿਰ : ਖ਼ਾਬਾਂ ਦਾ ਸ਼ਹਿਜ਼ਾਦਾ(ਕ੍ਰਿਸ਼ਨ ਅਦੀਬ ਦੀ ਲਿਖੀ ਕਿਤਾਬ ਦਾ ਅਨੁਵਾਦ)ਪੰਜਾਬੀ ਚਿੱਤਰਕਾਰ (1995) ਸੁਪਨਿਆਂ ਦਾ ਟਾਪੂ (1998) ਤੇ ਤਿੰਨ ਰੰਗ ਪ੍ਰਮੁੱਖ ਸਨ। ਟੈਗੋਰ ਦੀ ਕਾਵਿ ਪੁਸਤਕ ਗੀਤਾਂਜਲੀ ਦਾ ਪੰਜਾਬੀ ਅਨੁਵਾਦ ਸਭ ਤੋਂ ਪਹਿਲਾਂ ਅਜਾਇਬ ਚਿਤਰਕਾਰ ਜੀ ਨੇ ਕੀਤਾ। ਸਾਹਿਰ ਲੁਧਿਆਣਵੀ ਦੀ ਜਗਤ ਪ੍ਰਸਿੱਧ ਕਾਵਿ ਪੁਸਤਕ ਤਲਖ਼ੀਆਂ ਦਾ ਲਿਪੀਅੰਤਰਣ ਵੀ ਉਨ੍ਹਾਂ ਹੀ ਕੀਤਾ ਤੇ ਲਾਹੌਰ ਬੁੱਕ ਸ਼ਾਪ ਤੋਂ ਛਪਵਾਇਆ। 
ਮੇਰੀ ਸਾਹਿਤਕ ਸਵੈ ਜੀਵਨੀ ਉਨ੍ਹਾਂ ਪੰਜਾਬੀ ਯੂਨੀਵਰਸਿਟੀ ਪਟਿਆਲਾ ਲਈ ਲਿਖੀ। 
ਉਨ੍ਹਾਂ ਦੀਆਂ ਬਾਲ ਸਾਹਿਤ ਬਾਰੇ 15 ਪੁਸਤਕਾਂ ਬਹੁਤ ਹਰਮਨ ਪਿਆਰੀਆਂ ਸਨ। 
ਭਾਸ਼ਾ ਵਿਭਾਗ ਪੰਜਾਬ ਨੇ 2002 ਵਿੱਚ ਉਨ੍ਹਾਂ ਨੂੰ ਪੰਜਾਬੀ ਸਾਹਿੱਤ ਸ਼੍ਰੋਮਣੀ ਪੁਰਸਕਾਰ ਨਾਲ ਸਨਮਾਨਿਤ ਕੀਤਾ। 
ਅਜਾਇਬ ਚਿਤਰਕਾਰ ਜੀ ਦਾ ਕਾਵਿ ਸੰਬੋਧਨ ਬਹੁਤ ਬੁਲੰਦ ਸੀ। ਉਹ ਆਮ ਬੋਲ ਚਾਲ ਵਿੱਚ ਜਿੰਨੇ ਧੀਮੇ ਤੇ ਸਹਿਜਵੰਤੇ ਸਨ , ਮੰਚ ਤੇ ਪਹੁੰਚਣ ਸਾਰ ਉਬ ਫੌਲਾਦੀ ਮਨੁੱਖ ਹੁੰਦੇ ਸਨ। ਜਦ ਉਹ ਆਖਦੇ ਕਿ” ਮੇਰਿਆਂ ਹੱਥਾਂ ਚ ਤੇਸਾ, ਮੇਰਿਆਂ ਪੈਰਾਂ ਚ ਬਿਜਲੀ” ਤਾਂ ਲੱਗਦਾ ਕਿ ਫਰਹਾਦ ਪਹਾੜ ਨੂੰ ਸ਼ੀਰੀਂ ਵਾਸਤੇ ਦੁੱਧ ਦੀ ਨਹਿਰ ਪੁੱਟਣ ਲਈ ਬਿਹਬਲ ਹੈ। 
ਅਜਾਇਬ ਚਿਤਰਕਾਰ ਦੀ ਸ਼ਾਇਰੀ ਨੂੰ ਖੋਲ੍ਹਣ ਲਈ ਉਨ੍ਹਾਂ ਦੇ ਇਹ ਸ਼ਿਅਰ ਮੇਰੇ ਹਮੇਸ਼ਾਂ ਸੰਗ ਸਾਥ ਰਹੇ ਨੇ। 

ਪਾ ਪਾ ਕੇ ਪਾਣੀ ਪਾਲਣਾ, ਫੁੱਲਾਂ ਨੂੰ ਠੀਕ ਹੈ, 
ਪਲ਼ਦੀ ਨਹੀਂ ਹੈ ਪਰ ਕਲਾ, ਦਿਲ ਦੇ ਲਹੂ ਬਗੈਰ। 

ਅੱਥਰੂ ਹਰ ਅੱਖ ਦੇ ਕਰ ਕਰ ਇਕੱਤਰ ਦੋਸਤੋ। 
ਬਣ ਗਿਆ ਏ ਮੇਰਾ ਦਿਲ , ਸ਼ੀਸ਼ੇ ਤੋਂ ਪੱਥਰ ਦੋਸਤੋ। 

ਚਾਹੁੰਦੇ ਹੋ ਮੇਰਾ ਦੁਖ ਸੁਖ ਇੱਕ ਨਜ਼ਰ ਵਿੱਚ ਵੇਖਣਾ, 
ਜ਼ਿੰਦਗੀ ਮੇਰੀ ਹੈ ਯਾਰੋ, ਇਹ ਕੋਈ ਐਲਬਮ ਨਹੀਂ। 

ਅਜਾਇਬ ਚਿਤਰਕਾਰ ਪੂਰੀ ਉਮਰ ਪਿਛਲੀ ਕਤਾਰ ਵਿੰਚ ਬਹਿ ਕੇ ਹੀ ਰਾਜ਼ੀ ਰਹੇ। ਅੱਗੇ ਹੋ ਹੋ ਛੋਹਰਛਿੰਨਿਆਂ ਵਾਂਗ ਕਦੇ ਲੂਰ ਲੂਰ ਕਦੇ ਨਹੀਂ ਸੀ ਵੇਖੇ। 1972 ਤੋਂ 2012 ਤੀਕ ਦੀ ਗਵਾਹੀ ਤਾਂ ਮੈਂ ਦੇ ਸਕਦਾ ਹਾਂ।  ਉਨ੍ਹਾਂ ਦੇ ਸਪੁੱਤਰ ਸੁਰਗਵਾਸੀ ਪ੍ਰਿੰਸੀਪਲ ਨਾਗਰ ਸਿੰਘ ਨੇ ਅਜਾਇਬ ਜੀ ਦੇ ਜਿਉਂਦੇ ਜੀਅ ਹੀ ਪਟਿਆਲਾ ਵਿੱਚ ਅਦਾਇਬ ਚਿਤਰਕਾਰ ਕਾਲਿਜ ਆਫ਼ ਫਾਈਨ ਆਰਟਸ ਖੋਲ੍ਹਿਆ ਸੀ। ਨਿੱਕਾ ਪੁੱਤਰ ਸੁਖਪਾਲ ਸਿੰਘ ਪਰਿਵਾਰ ਦੀ ਮਦਦ ਨਾਲ ਉਨ੍ਹਾਂ ਦੀ ਅਦਬੀ ਵਿਰਾਸਤ ਨੂੰ ਸੰਭਾਲਣ ਲਈ ਯਤਨਸ਼ੀਲ ਹੈ। 
ਕਿਸੇ ਮਿੱਤਰ ਨੇ ਦੱਸਿਆ ਹੈ  ਹੈ ਕਿ ਭਾਸ਼ਾ ਵਿਭਾਗ ਪੰਜਾਬ ਉਨ੍ਹਾਂ ਬਾਰੇ ਵਿਸ਼ੇਸ਼ ਅੰਕ ਛਾਪ ਰਿਹੈ। ਚੰਗੀ ਗੱਲ ਹੈ। ਪੰਜਾਬੀ ਨਾਲ ਸਬੰਧਿਤ  ਸੰਸਥਾਵਾਂ ਨੂੰ ਉਨ੍ਹਾਂ ਦੀ ਜਨਮ ਸ਼ਤਾਬਦੀ ਮੌਕੇ ਵਿਸ਼ੇਸ਼ ਪ੍ਰਕਾਸ਼ਨਾਵਾਂ ਤੇ ਹੋਰ ਕੋਸ਼ਿਸ਼ ਕਰਕੇ ਉਸ ਦੀ ਕੀਰਤੀ ਘਰ ਘਰ ਪਹੁੰਚਾਉਣੀ ਚਾਹੀਦੀ ਹੈ। 
ਪੰਜਾਬੀ ਲੋਕ ਵਿਰਾਸਤ ਅਕਾਡਮੀ ਵੱਲੋਂ ਅਸੀਂ ਵੀ ਉਨ੍ਹਾਂ ਦੀ ਚੋਣਵੀਂ ਗ਼ਜ਼ਲ ਦਾ ਪ੍ਰਕਾਸ਼ਨ ਕਰ ਸਕਦੇ ਹਾਂ ਜੇ ਪਰਿਵਾਰ ਪ੍ਰਵਾਨਗੀ ਦੇਵੇਗਾ।

Share:

ਸੰਪਾਦਕ ਦਾ ਡੈਸਕ

Parminder Singh Jatpuri

Editor in Chief

ਕੱਪੜ ਛਾਣ

Watch LIVE TV
Khabarwaale TV
Subscribe

Get all latest content delivered to your email a few times a month.