IMG-LOGO
ਹੋਮ ਸਾਹਿਤ: ▫️ਇੰਦਰਜੀਤ ਹਸਨਪੁਰੀ ਦਾ ਚਾਂਦੀ ਦਾ ਗੜਵਾ ਉਦਾਸ ਹੈ !

▫️ਇੰਦਰਜੀਤ ਹਸਨਪੁਰੀ ਦਾ ਚਾਂਦੀ ਦਾ ਗੜਵਾ ਉਦਾਸ ਹੈ !

Admin User - Jun 14, 2024 09:31 AM
IMG

---------------------------------------------------

ਗੁਰਭਜਨ ਗਿੱਲ..

ਸਾਲ 2009  ਤੇ ਅਕਤੂਬਰ ਦੀ 6ਜਾਂ 7 ਸੀ। ਰਾਤੀਂ ਜਗਦੇਵ ਸਿੰਘ ਜੱਸੋਵਾਲ ਦੇ ਟੈਲੀਫੋਨ ਦੀ ਘੰਟੀ ਖੜਕੀ ਤਾਂ ਮਨ ਕੰਬ ਗਿਆ । ਘਬਰਾਈ ਆਵਾਜ ਵਾਲੇ ਬੋਲ ਸਨ, ਹਸਨਪੁਰੀ ਸਖਤ ਬੀਮਾਰ ਹੈ, ਬੇਹੋਸ਼ੀ ਨਹੀ ਟੁੱਟੀ, ਦਯਾਨੰਦ  ਹਸਪਤਾਲ ਚੱਲਿਆਂ। ਮਿੱਤਰਾਂ ਸਨੇਹੀਆਂ ਤੇ ਸੰਚਾਰ ਮਾਧਿਅਮਾਂ ਨੂੰ ਦੱਸ ਕੇ ਆਖ ਦੇ, ਵਾਹ ਲਾ ਲਵੋ, ਜੇ ਬਚਾਅ ਸਕਦੇ ਹੋ ਤਾਂ ਹਸਨਪੁਰੀ ਬਚਾ ਲਵੋ । ਇਹ ਕਹਿ ਕਿ ਉਹਨਾਂ ਨੇ ਫੋਨ ਰੱਖ ਦਿੱਤਾ, ਮੈਨੂੰ ਘੇਰਨੀ ਜਿਹੀ ਆਈ, ਸੁਪਨੇ ਵਿੱਚ ਵੀ ਨਹੀਂ ਸੀ ਸੋਚਿਆ, ਕਿ ਉਮਰ ਦੇ 76ਵੇਂ ਡੰਡੇ ਤੇ ਪਹੁੰਚਿਆ ਇੰਦਰਜੀਤ ਹਸਨਪੁਰੀ, ਜਿਸ ਕੋਲ ਸਾਡੇ ਨਾਲੋਂ ਵੀ ਵੱਧ ਉਤਸ਼ਾਹ ਸੀ ਇਸ ਤਰ੍ਹਾਂ ਅਚਾਨਕ ਮੰਜੇ ਤੇ ਪੈ ਜਾਵੇਗਾ । ਗੁਰਦਾ ਰੋਗ ਨੇ ਸਾਡਾ ਹਿੰਮਤੀ ਗੀਤ ਤੇ ਕਾਵਿ ਲਿਖਾਰੀ ਢਾਹ ਲਿਆ । ਨਾਲ ਹੀ ਉਸਦਾ ਦਿਲ ਵੀ ਸਾਥ ਛੱਡਣ ਲੱਗਾ । ਮੇਰੀ ਚੇਤਨਾ ਸ਼ਕਤੀ ਵਿਚੋਂ ਵੀ ਉਹ ਸਾਰਾ ਸਫਰ ਲੰਘ ਗਿਆ ਜਿਸ ਵਿਚੋਂ ਦੀ ਮੈਂ ਪਿਛਲੇ 32 ਵਰ੍ਹੇ ਹਸਨਪੁਰੀ ਦੇ ਨਾਲ ਨਾਲ ਤੁਰਿਆ ਸਾਂ ।

ਮੇਰੇ ਵਰਗੇ ਅਨੇਕਾਂ ਲੋਕ ਇੰਦਰਜੀਤ ਹਸਨਪੁਰੀ ਦੇ ਗੀਤ ਸੁਣਦੇ ਹੀ ਤਾਂ ਜਵਾਨ ਹੋਏ ਹਨ, ਉਸਦਾ ਸਾਧੂ ਹੁੰਦੇ ਰੱਬ ਵਰਗੇ, ਘੁੰਡ ਕੱਢ ਕੇ ਖੈਰ ਨਾ ਪਾਈਏ, ਤੋਂ ਸ਼ੁਰੂ ਹੋਇਆ ਸਫਰ ਹੰਸਰਾਜ ਹੰਸ ਦੇ ਗਾਏ ਅਨੇਕਾਂ। ਨਿੱਕੇ ਨਿੱਕੇ ਦੋ ਖਾਲਸੇ ਤੀਕ ਪਹੁੰਚਿਆ ਹੋਰ ਵੀ ਅੱਗੇ ਤੁਰਿਆ ਯਾਦਾਂ ਦਾ ਝੁਰਮਟ ਮੈਨੂੰ ਘੇਰ ਕੇ ਖਲੋ ਗਿਆ । ਉਸਦੇ ਗੀਤ 
ਜੇ ਮੁੰਡਿਆ ਮੋਰੀ ਤੋਰ ਤੂੰ ਵੇਖਣੀ, ਗੜਵਾ ਲੈ ਦੇ ਚਾਂਦੀ ਦਾ, 
ਲੱਕ ਹਿਲੇ ਮਜਾਜਣ ਜਾਂਦੀ ਦਾ
ਕਿਸੇ ਵੇਲੇ ਪੰਜਾਬ ਦੀ ਕੋਇਲ ਬੀਬੀ ਸੁਰਿੰਦਰ ਕੌਰ ਅਤੇ ਹਰਚਰਨ ਗਰੇਵਾਲ ਨੇ ਗਾਇਆ ਸੀ । ਅਜੇ ਇਸੇ ਸਾਲ ਦੇ ਜਨਵਰੀ ਮਹੀਨੇ ਮੇਰੇ ਬੇਟੇ ਪੁਨੀਤ ਦੇ ਵਿਆਹ ਤੇ ਇਹ ਗੀਤ ਹਰਭਜਨ ਮਾਨ, ਪੰਮੀ ਬਾਈ, ਅਮਰਿੰਦਰ ਗਿੱਲ, ਮੰਨਾ ਢਿਲੋਂ ਅਤੇ ਦਲਵਿੰਦਰ ਦਿਆਲਪੁਰੀ ਨੇ ਹਸਨਪੁਰੀ ਦੀ ਹਾਜ਼ਰੀ ਵਿੱਚ ਰਲ ਕੇ ਗਾਇਆ ਤਾਂ ਸਾਰਾ ਮਾਹੌਲ ਝੂਮ ਉਠਿਆ । 
ਸਟੇਜ ਤੇ ਇੰਦਰਜੀਤ ਹਸਨਪੁਰੀ ਤਾਂ ਨੱਚ ਹੀ ਰਿਹਾ ਸੀ ਉਸਦੇ ਅੰਗ ਸੰਗ ਹਰਦੇਵ ਦਿਲਗੀਰ, ਪੰਮੀ ਬਾਈ, ਜਸਮੇਰ ਢੱਟ,ਨਵਦੀਪ ਗਿੱਲ ਅਤੇ ਸ਼ਮਸ਼ੇਰ ਸਿੰਘ ਸੰਧੂ ਵੀ ਤਾਲ ਨਾਲ ਤਾਲ ਮਿਲਾ ਰਹੇ ਸਨ । ਹਸਨਪੁਰੀ ਪੂਰੇ ਜਲਵੇ ਵਿੱਚ ਸੀ । ਤੇ ਹੁਣ ਆਹ ਕੀ ਹੋਇਆ?

ਇੰਦਰਜੀਤ ਹਸਨਪੁਰੀ ਨਾਲ ਮੇਰੀ ਪਹਿਲੀ ਮੁਲਾਕਾਤ 32 ਵਰ੍ਹੇ ਪਹਿਲਾਂ ਗੁਰੂਸਰ ਸੁਧਾਰ (ਲੁਧਿਆਣਾ) ਵਿਖੇ ਹੋਈ । ਮੈਂ ਉਦੋਂ ਲਾਜਪਤ ਰਾਏ ਮੈਮੋਰੀਅਲ ਕਾਲਜ ਜਗਰਾਉਂ ਵਿੱਚ ਲੈਕਚਰਾਰ ਸੀ ਕਦੇ ਕਦਾਈ ਆਪਣੇ ਭੂਆ ਦੇ ਪੁੱਤਰ ਪਿ੍ੰਸੀਪਲ ਬਲਕਾਰ ਸਿੰਘ ਬਾਜਵਾ ਨੂੰ ਮਿਲਣ ਗੁਰੂਸਰ ਸੁਧਾਰ ਚਲੇ ਜਾਂਦਾ, ਜਿਥੇ ਉਹ ਐਜੂਕੇਸ਼ਨ ਕਾਲਜ ਦੇ ਪਿ੍ੰਸੀਪਲ ਸਨ । ਇਸ ਵਾਰ ਵੀ ਮੈਂ ਉਹਨਾਂ ਨੂੰ ਹੀ ਮਿਲਣ ਸੁਧਾਰ ਗਿਆ ਹੋਇਆ ਸਾਂ, ਇਥੇ ਅਚਾਨਕ ਹੋਈ ਮੁਲਾਕਾਤ ਅੱਜ ਵੀ ਮੇਰੇ ਸਾਹੀ ਮਹਿਕਦੀ ਹੈ । ਉਦੋਂ ਹਸਨਪੁਰੀ ਬੰਬਈ ਵਸਦਾ ਸੀ । ਫਿਲਮਾਂ ਬਣਾਉਂਦਾ । ਫਿਲਮਾਂ ਵਿੱਚ ਗੀਤ ਲਿਖਦਾ । ਉਥੇ ਹੀ ਰਹਿੰਦਾ ।
ਕਿਸੇ ਮੁਲਾਕਾਤ ਵਿੱਚ ਹੀ ਉਸਨੇ ਦੱਸਿਆ ਕਿ ਗੁਰੂਸਰ ਸੁਧਾਰ ਦੇ ਨਾਲ ਲੱਗਵਾਂ  ਅਕਾਲਗੜ੍ਹ ਪਿੰਡ ਉਸਦਾ ਨਾਨਕਾ ਪਿੰਡ ਹੈ, ਜਿਥੇ ਉਸ ਦਾ ਜਨਮ 19 ਅਗਸਤ 1932 ਨੂੰ ਹੋਇਆ । ਉਸਦੇ ਬਾਪ ਸ. ਜਸਵੰਤ ਸਿੰਘ ਨਵੀਂ ਦਿੱਲੀ ਵਿੱਚ ਉਸਾਰੀ ਦੇ ਠੇਕੇਦਾਰ ਸਨ । ਵੱਡੇ ਠੇਕੇਦਾਰ ਸਰ ਸੋਭਾ ਸਿੰਘ ਕੋਲ ਅੱਗੇ ਨਿੱਕੇ ਠੇਕੇਦਾਰ । ਇਥੇ ਹੀ ਉਸਨੇ ਦੱਸਿਆ ਕਿ ਇਹੀ ਸਰ ਸੋਭਾ ਸਿੰਘ ਪ੍ਰਸਿੱਧ ਲੇਖਕ ਸ. ਖੁਸਵੰਤ ਸਿੰਘ ਦਾ ਬਾਪ ਹੈ ।
ਇੰਦਰਜੀਤ ਹਸਨਪੁਰੀ 15 ਵਰ੍ਹਿਆਂ ਦਾ ਹੋਇਆ ਤਾਂ ਸਿਰ ਤੋਂ ਬਾਬਲ ਦੀ ਛਾਂ ਖੁੱਸ ਗਈ । ਵਿਧਵਾ ਮਾਂ ਭਗਵਾਨ ਕੌਰ ਪਿੰਡ ਹਸਨਪੁਰ (ਲੁਧਿਆਣਾ) ਆ ਗਈ । ਪੂਰੇ ਪਰਿਵਾਰ ਦੀ ਜਿੰਮੇਵਾਰੀ ਹਸਨਪੁਰੀ ਦੇ ਨਿਮਾਣੇ ਮੋਢਿਆਂ ਦੇ ਆਣ ਪਈ । ਪੜ੍ਹਾਈ ਵਿੱਚ ਵਿਚਾਲੇ ਰੁਕ ਗਈ । ਡਰਾਇੰਗ ਦੇ ਸ਼ੌਕ ਕਾਰਨ ਉਸਨੇ ਇੱਕ ਪੇਂਟਰ ਵਜੋਂ ਜਿੰਦਗੀ ਆਰੰਭੀ । ਨੌਲੱਖਾ ਸਿਨੇਮਾ ਲੁਧਿਆਣਾ ਨੇੜੇ ਉਸਦੀ ਦੁਕਾਨ ਹੋਣ ਕਾਰਣ ਫਿਲਮੀ ਤਰਜਾਂ ਉਸਦੇ ਮਨ ਤੇ ਤਾਰੀ ਹੋਣ ਲੱਗੀਆਂ । ਫਿਲਮੀ ਗੀਤਾਂ ਦੀ ਰੀਸੇ ਉਸਨੇ ਕੁਝ ਗੀਤ ਝਰੀਟੇ । ਉਹ ਖੁਦ ਗੁਣਗੁਣਾਉਂਦਾ । ਉਸਦੀ ਰੀਝ ਸੀ ਕਿ ਗ੍ਰਾਮੋਫੋਨ ਰਿਕਾਰਡਾਂ ਉਪਰ ਉਸਦਾ ਨਾਮ ਵੀ ਉਵੇਂ ਹੀ ਛਪਿਆ ਹੋਵੇ ਜਿਵੇਂ ਨੰਦ ਲਾਲ ਨੂਰਪੁਰੀ ਜਾਂ ਕਿਸੇ ਹੋਰ ਗੀਤਕਾਰ ਦਾ ਹੁੰਦਾ ਹੈ । ਉਸਨੇ ਲੁਧਿਆਣਾ ਵਸਦੇ ਲੇਖਕਾਂ ਅਜਾਇਬ ਚਿਤਰਕਾਰ, ਸੰਤੋਖ ਸਿੰਘ ਧੀਰ, ਜਰਨੈਲ ਸਿੰਘ ਅਰਸ਼ੀ, ਵਰਿਆਮ ਸਿੰਘ ਮਸਤ ਨਾਲ ਦੋਸਤੀ ਪਾ ਲਈ । ਡਾ. ਜੋਹਨ ਅਕਬਰ ਰਾਹੀਂ ਉਸਦੇ ਸੰਗੀ ਸਾਥੀ ਬਣੇ । ਈਸ਼ਰ ਪਾਲ ਸਿੰਘ ਨੱਤ ਨਾਲ ਰਲ ਕੇ ਉਸਨੇ ਇੱਕ ਮਾਸਿਕ ਪੱਤਰ “ਜਗਦੀ ਜੋਤ “ ਛਾਪਣਾ ਸ਼ੁਰੂ ਕੀਤਾ । ਸਟੇਜੀ ਕਵਿਤਾ ਵਾਲੇ ਸ਼ਾਇਰ ਉਸਦੇ ਚੁਬਾਰੇ ਵਿੱਚ ਕਿਆਮ ਕਰਦੇ । ਕਦੇ ਗੁਰਦੇਵ ਸਿੰਘ ਮਾਨ ਆਉਂਦਾ ਕਦੇ ਨੂਰਪੁਰੀ । ਸ਼ਿਵ ਕੁਮਾਰ ਬਟਾਲਵੀ ਦੀ ਮੋਹਨ ਭੰਡਾਰੀ ਨਾਲ ਲੜਾਈ ਵੀ ਹਸਨਪੁਰੀ ਦੇ ਇਸੇ ਚੁਬਾਰੇ ਵਿੱਚ ਹੋਈ ਸੀ। ਜਿਸਨੂੰ ਸ਼ਿਵ ਨੇ ਚੰਡੂਖਾਨਾ ਲਿਖਿਆ। 
ਵੱਡੇ ਸਟੇਜੀ ਕਵੀ ਉਸਨੂੰ ਆਪਣੇ ਨਾਲ ਕਵੀ ਦਰਬਾਰਾਂ ਵਿੱਚ ਲਿਜਾਣ ਲੱਗ ਪਏ । 1959 ਵਿੱਚ ਉਸਦਾ ਪਹਿਲਾ ਗੀਤ ਹਿਜ਼ ਮਾਸਟਰਜ਼ ਵਾਇਸ ਕੰਪਨੀ ਨੇ ਕਟਾਣੀ ਕਲਾਂ ਵਾਲੇ ਸ਼ਾਦੀ ਬਖਸ਼ੀ ਦੀ ਆਵਾਜ਼ ਵਿੱਚ ਰਿਕਾਰਡ ਕੀਤਾ । ਸਾਧੂ ਹੁੰਦੇ ਰੱਬ ਵਰਗੇ ਗੀਤ ਰਿਕਾਰਡ ਹੋਣ ਤੋਂ ਪਹਿਲਾ ਉਹਨਾਂ ਨੇ ਇਸ ਗੀਤ ਨੂੰ ਲੋਕ ਗੀਤਾਂ ਦੀ ਸ੍ਰੇਣੀ ਵਿੱਚ ਅਕਾਸ਼ਵਾਣੀ ਜਲੰਧਰ ਤੋਂ ਗਾਇਆ । ਇਸੇ ਵਰ੍ਹੇ ਹੀ ਉਸਦਾ ਪਹਿਲਾਂ ਗੀਤ ਸੰਗ੍ਰਹਿ “ਔਸੀਆਂ “ ਛਪਿਆ । ਇਸ ਤੋਂ ਬਾਅਦ ਉਸਦੇ ਹਜ਼ਾਰਾਂ ਗੀਤ ਰਿਕਾਰਡ ਹੋਏ । ਨਾਲ ਨਾਲ ਕਾਵਿ ਸੰਗਿ੍ਹ ਵੀ ਛਪਦੇ ਰਹੇ । ਸਮੇਂ ਦੀ ਆਵਾਜ਼ ਜਿੰਦਗੀ ਦੇ ਗੀਤ, ਜੋਬਨ ਨਵਾਂ ਨਕੋਰ, ਰੂਪ ਤੇਰਾ ਰੱਬ ਵਰਗਾ, ਮੇਰੀ ਜਿਹੀ ਕੋਈ ਜੱਟੀ ਨਾਂ, ਗੀਤ ਮੇਰੇ ਮੀਤ, ਕਿਥੇ ਗਏ ਉਹ ਦਿਨ ਓ ਅਸਲਮ, ਤੋਂ ਬਾਅਦ 1998 ਵਿੱਚ ਉਸਦਾ ਗਜ਼ਲ ਸੰਗ੍ਰਹਿ ਰੰਗ ਖੁਸ਼ਬੂ ਰੌਸ਼ਨੀ ਛਪਿਆ । ਇਸਦੀਆਂ ਲੋਕ ਗੀਤ ਰੰਗਣ ਵਾਲੀਆਂ ਗਜ਼ਲਾਂ ਦੀ ਗੱਜ ਵੱਜ ਕੇ ਸ਼ਲਾਘਾ ਹੋਈ । ਇੱਕ ਸ਼ੇਅਰ ਦੀ ਵੰਨਗੀ ਵੇਖੋ, ਨੁਕਤਾਚੀਨੀ ਹੋਵੇ ਤਾਂ ਤੂੰ ਜਰਿਆ ਕਰ, ਤੈਨੂੰ ਲੈ ਕੇ ਬਹਿ ਜਾਣਾ ਵਡਿਆਈਆਂ ਨੇ । ਜਿਨ੍ਹਾਂ ਨੇ ਠੋਕਰ ਨੂੰ ਠੋਕਰ ਮਾਰੀ ਹੈ । ਉਨ੍ਹਾਂ ਨੂੰ ਹੀ ਰਾਸ ਠੋਕਰਾਂ ਆਈਆਂ ਨੇ ।
ਉਸਦੀਆਂ ਵਿਅੰਗ ਭਰਪੂਰ ਰਚਨਾਵਾਂ ਦਾ ਸੰਗ੍ਰਹਿ ਕਿਰਤੀ ਕਿਰਤ ਕਰੇਂਦਿਆ ਨੂੰ ਪਾਠਕਾਂ ਨੇ ਰੱਜਵਾਂ ਪਿਆਰ ਦਿੱਤਾ । ਉਸ ਦੀਆਂ ਕਵਿਤਾਵਾਂ ਮੈਂ ਤਾਂ ਬੇਬੇ ਸਾਧ ਬਣੂੰਗਾ, ਪੜਨ ਲਿਖਣ ਦੇ ਮਾਰ ਤੂੰ ਗੋਲੀ ਅਤੇ ਕਹਿੰਦੇ ਦੇਸ਼ ਆਜਾਦ ਹੋ ਗਿਆ, ਮੈਂ ਕਹਿੰਦਾ ਬਰਬਾਦ ਹੋ ਗਿਆ । ਹਸਨਪੁਰੀ ਦੇ ਮੁਢਲੇ ਗੀਤਾਂ ਨੂੰ ਸੰਗੀਤ ਸਮਰਾਟ ਉਸਤਾਦ ਜਸਵੰਤ ਭੰਵਰਾ ਨੇ ਸੁਰਾਂ ਨਾਲ ਸ਼ਿੰਗਾਰਿਆ । ਮੁਢਲੇ ਤੌਰ ਤੇ ਉਸਦੇ ਗੀਤਾਂ ਨੂੰ ਚਾਂਦੀ ਰਾਮ ਚਾਂਦੀ ਵਲੀਪੁਰੀਆ, ਨਰਿੰਦਰ ਬੀਬਾ, ਸੁਰਿੰਦਰ ਕੌਰ, ਪ੍ਰਕਾਸ਼ ਕੌਰ, ਰਜਿੰਦਰ ਰਾਜਨ, ਸਵਰਨਲਤਾ ਅਤੇ ਜਗਮੋਹਨ ਕੌਰ ਨੇ ਗਾਇਆ । ਜਗਜੀਤ ਸਿੰਘ ਜੀਰਵੀ ਅਤੇ ਹਰਚਰਨ ਗਰੇਵਾਲ ਤੋਂ ਇਲਾਵਾ ਕਰਨੈਲ ਗਿੱਲ ਵੀ ਉਸਦੇ ਗੀਤਾਂ ਨੂੰ ਦੀਵਾਨੇ ਬਣੇ । ਨਵੇਂ ਗਵੱਈਆ ਵਿਚੋਂ ਮਲਕੀਤ ਸਿੰਘ ਗੋਲਡਨ ਸਟਾਰ, ਹੰਸਰਾਜ ਹੰਸ, ਡਾ. ਸੁਖਨੈਨ, ਸਰਦੂਲ ਸਿਕੰਦਰ, ਸੁਖਵਿੰਦਰ ਸੁੱਖੀ, ਪਾਲੀ ਦੇਤਵਾਲੀਆ ਅਤੇ ਰਵਿੰਦਰ ਗਰੇਵਾਲ ਵਰਗਿਆਂ ਨੇ ਉਸਦਾ ਕਲਾਮ ਘਰ ਘਰ ਪਹੁੰਚਾਇਆ । ਕੁਲਦੀਪ ਮਾਣਕ ਦੇ ਪੁੱਤਰ ਯੁਧਵੀਰ ਮਾਣਕ ਨੂੰ ਬਾਲ ਗਾਇਕ ਵਜੋਂ ਦੂਰਦਰਸ਼ਨ ਤੇ ਹਸਨਪੁਰੀ ਦੇ ਗੀਤ ਘੁੰਮ ਨੀ ਭੰਬੀਰੀਏ ਤੂੰ ਘੁੰਮ ਘੁੰਮ ਘੁੰਮ ਨਾਲ ਪਛਾਣ ਮਿਲੀ । ਉਸਦੇ ਗੀਤਾਂ ਤੇ ਫਿਲਮਾਂ ਬਣੀਆਂ ।
ਇੰਦਰਜੀਤ ਹਸਨਪੁਰੀ ਨੇ ਫਿਲਮ ਨਿਰਮਾਣ ਦਾ ਕੰਮ 1966-67 ਵਿੱਚ ਆਰੰਭਿਆ । ਜੇਬ ਵਿੱਚ ਪੈਸਿਆਂ ਦੀ ਕਮੀ ਦੇ ਬਾਵਜੂਦ ਉਹ ਆਪਣੇ ਦੋਸਤਾਂ ਦੇ ਵਿਸ਼ਵਾਸ਼ ਸਹਾਰੇ ਮੁੰਬਈ ਪਹੁੰਚ ਗਿਆ । ਧਰਮਿੰਦਰ ਅਤੇ ਅਜੀਤ ਦਿਓਲ ਦੇ ਘਰ ਬਿਸਤਰਾ ਰੱਖ ਕੇ ਉਹ ਫਿਲਮ ਨਗਰੀ ਵਿੱਚ ਪਛਾਣ ਦੀ ਲੜਾਈ ਲੜਨ ਲੱਗਾ । ਤੇਰੀ ਮੇਰੀ ਇੱਕ ਜਿੰਦੜੀ ਫਿਲਮ ਦੇ ਨਿਰਮਾਣ ਨਾਲ ਗੱਲ ਅੱਗੇ ਤੁਰੀ । ਇਹ ਉਹ ਪਹਿਲੀ ਪੰਜਾਬੀ ਫਿਲਮ ਸੀ ਜਿਸ ਵਿੱਚ ਪਹਿਲੀ ਵਾਰ ਨਵਾਂ ਅਭਿਨੇਤਾ ਵਰਿੰਦਰ ਪਰਦੇ ਤੇ ਆਇਆ । ਦਲਜੀਤ ਕੌਰ, ਮੇਹਰ ਮਿੱਤਲ, ਵਿਜੇ ਟੰਡਨ ਅਤੇ ਪ੍ਰਸਿੱਧ ਗਜ਼ਲ ਗਾਇਕ ਜਗਜੀਤ ਸਿੰਘ ਦੇ ਗੁਣਾਂ ਦੀ ਪਰਖ ਇਸੇ ਫਿਲਮ ਨੇ ਪਹਿਲੀ ਵਾਰ ਕੀਤੀ । ਲੁਧਿਆਣਾ ਤੋਂ ਗਏ ਕਿਸੇ ਗੀਤਕਾਰ ਦਾ ਫਿਲਮ ਨਿਰਮਾਣ ਵਿੱਚ ਇਹ ਪਹਿਲਾਂ ਯਤਨ ਸੀ । ਇਸੇ ਫਿਲਮ ਵਿੱਚ ਨਰਿੰਦਰ ਬੀਬਾ ਨੇ ਗਾਇਆ, 'ਤੇਰੀਆਂ ਮੁਹੱਬਤਾਂ ਨੇ ਮਾਰ ਸੁੱਟਿਆ, ਦੱਸ ਕੀ ਕਰਾਂ', 'ਇਸ਼ਕੇ ਨੇ ਛੱਜ ਵਿਚ ਪਾ ਕੇ ਛੱਟਿਆ, ਦੱਸ ਕੀ ਕਰਾਂ' । ਸ਼ੀਤਲ ਸਿੰਘ ਸ਼ੀਤਲ ਨੇ ਤੇਰੀ ਮੇਰੀ ਇੱਕ ਜਿੰਦੜੀ ਫਿਲਮ ਦਾ ਟਾਇਟਲ ਗੀਤ ਨਰਿੰਦਰ ਬੀਬਾ ਨਾਲ ਰਲ ਕੇ ਗਾਇਆ । ਧਰਮਿੰਦਰ ਦਾ ਵੀ ਇਸੇ ਪੰਜਾਬੀ ਫਿਲਮ ਵਿੱਚ ਪਹਿਲੀ ਵਾਰ ਕੋਈ ਰੋਲ ਸੀ । ਇਸ ਤੋਂ ਬਾਅਦ ਹਸਨਪੁਰੀ ਨੇ ਦਾਜ, ਸੁਖੀ ਪਰਿਵਾਰ ਅਤੇ ਹਿੰਦੀ ਵਿੱਚ ਦਹੇਜ ਨਾਂ ਦੀਆਂ ਫਿਲਮਾਂ ਬਣਾਈਆਂ । ਉਸਨੇ ਅਨੇਕਾਂ ਹੋਰ ਪੰਜਾਬੀਆਂ ਫਿਲਮਾਂ ਦੇ ਗੀਤ ਵੀ ਲਿਖੇ ਜਿਨਾਂ੍ਹ ਵਿਚੋਂ, ਮਨ ਜੀਤੇ ਜਗਜੀਤ, ਦੁੱਖ ਭੰਜਨ ਤੇਰਾ ਨਾਮ, ਪਾਪੀ ਤਰੇ ਅਨੇਕ, ਧਰਮਜੀਤ, ਫੌਜੀ ਚਾਚਾ, ਯਮਲਾ ਜੱਟ, ਜੈ ਮਾਤਾ ਦੀ, ਗੋਰੀ ਦੀਆਂ ਝਾਂਜਰਾਂ, ਮਾਂ ਦਾ ਲਾਡਲਾ, ਚੋਰਾਂ ਨੂੰ ਮੋਰ, ਲੌਂਗ ਦਾ ਲਿਸ਼ਕਾਰਾ, ਮੋਟਰ ਮਿੱਤਰਾਂ ਦੀ ਅਤੇ ਨਹੀਂ ਰੀਸਾਂ ਪੰਜਾਬ ਦੀਆਂ ਪ੍ਰਮੁੱਖ ਹਨ ।
1984 ਦੇ ਦੰਗਿਆਂ ਤੋਂ ਬਾਅਦ ਹਸਨਪੁਰੀ ਆਪਣੇ ਪਿੰਡ ਆਣ ਵਸਿਆ ਅਤੇ ਮੁੰਬਈ ਨਾਲ ਹੌਲੀ ਹੌਲੀ ਮੋਹ ਤੋੜ ਗਿਆ । ਉਹ ਦੂਰਦਰਸ਼ਨ ਜਲੰਧਰ ਕੇਂਦਰ ਅਤੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੀਆਂ ਦਸਤਾਂਵੇਜੀ ਫਿਲਮਾਂ ਦਾ ਨਿਰਮਾਣ ਕਰਦਾ । ਕਿਲ੍ਹਾ ਰਾਏਪੁਰ ਦੀਆਂ ਖੇਡਾਂ ਬਾਰੇ ਲਿਖਿਆ ਉਸਦਾ ਗੀਤ ਅਨੇਕਾਂ ਗਾਇਕਾਂ ਨੇ ਗਾਇਆ ਹੈ । ਚੱਲ ਵੇਖਣ ਚੱਲੀਏ ਨੀ, ਬੱਲੀਏ ਨੀ, ਕਿਲ੍ਹਾ ਰਾਏਪੁਰ ਦੀਆਂ ਖੇਡਾਂ । ਪ੍ਰੋ. ਮੋਹਨ ਸਿੰਘ ਯਾਦਗਾਰੀ ਮੇਲੇ ਦੀ ਉਹ ਲਗਾਤਾਰ ਸ਼ਾਨ ਹੈ । 1992 ਵਿੱਚ ਉਹਨਾਂ ਨੂੰ ਮੋਹਨ ਸਿੰਘ ਫਾਊਾਡੇਸ਼ਨ ਵਲੋਂ ਸ. ਪੂਰਨ ਸਿੰਘ ਬਸਹਿਮੀ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ । ਦੇਸ਼ ਵਿਦੇਸ਼ ਦੀਆਂ ਸੈਂਕੜੇ ਸੰਸਥਾਵਾਂ ਦੇ ਇਨਾਮਾਂ ਤੋਂ ਇਲਾਵਾ ਭਾਸ਼ਾ ਵਿਭਾਗ ਪੰਜਾਬ ਨੇ ਵੀ ਉਹਨਾਂ ਨੂੰ ਇੱਕ ਲੱਖ ਰੁਪਏ ਦਾ ਸੋ੍ਰਮਣੀ ਪੁਰਸ਼ਕਾਰ ਦੇ ਕੇ ਸਨਮਾਨਿਆ । ਅਜੇ ਪਿਛਲੇ ਮਹੀਨੇ ਹੀ ਟੋਰਾਂਟੋ ਵਿਖੇ ਉਸ ਨੂੰ ਲਾਈਫ ਟਾਈਮ ਅਚੀਵਮੈਂਟ ਐਵਾਰਡ ਨਾਲ ਇਕਬਾਲ ਮਾਹਿਲ ਅਤੇ ਇਕਬਾਲ ਰਾਮੂਵਾਲੀਆ ਨੇ ਸਨਮਾਨਿਤ ਕੀਤਾ ਹੈ । ਹਸਨਪੁਰੀ ਦੀ ਵਿਅੰਗਆਤਮਕ ਸ਼ਾਇਰੀ ਕਾਰਨ ਉਸਨੂੰ ਹਰ ਮੈਦਾਨ ਫਤਿਹ ਨਸੀਬ ਹੁੰਦੀ ਰਹੀ ਹੈ । ਕਵੀ ਦਰਬਾਰ ਭਾਵੇਂ ਲਾਲ ਕਿਲ੍ਹਾ ਨਵੀਂ ਦਿੱਲੀ ਵਿਖੇ ਹੋਵੇ ਜਾਂ ਕਿਸੇ ਹੋਰ ਥਾਂ ਤੇ ।
ਇੰਦਰਜੀਤ ਹਸਨਪੁਰੀ ਹਿੰਦ-ਪਾਕਿ ਦੋਸਤੀ ਦਾ ਦਾਅਵੇਦਾਰ ਸ਼ਾਇਰ ਹੈ । ਹਿੰਦ-ਪਾਕਿ ਦੋਸਤੀ ਮੰਚ ਵਲੋਂ ਸਰਹੱਦ ਤੇ 14 ਅਗਸਤ ਨੂੰ ਬਲਦੇ ਚਿਰਾਗਾਂ ਵਿੱਚ ਉਸਦੀ ਅਵਾਜ਼ ਵੀ ਸ਼ਾਮਲ ਹੁੰਦੀ ਰਹੀ ਹੈ । ਹੰਸਰਾਜ ਹੰਸ ਨੇ ਉਸਦੇ ਹੀ ਗੀਤ ਨੂੰ ਅਵਾਜ਼ ਦਿੰਦਿਆਂ ਕਿਹਾ ਸੀ, ਇਸ ਕੰਡਿਆਲੀ ਤਾਰ ਨੇ, 
ਇੱਕ ਦਿਨ ਫੁੱਲ ਬਣਨਾ। 
ਸਬੱਬ ਵੇਖੋ ਇਸ ਤੋਂ ਅਗਲੇ ਸਾਲ ਹੀ ਅੱਟਲ ਬਿਹਾਰੀ ਵਾਜਪੇਈ ਅਤੇ ਨਵਾਜ਼ ਸਰੀਫ ਦੀਆਂ ਗਲਵੱਕੜੀਆਂ ਪੈ ਗਈਆਂ । 2001 ਦੀ ਲਾਹੌਰ ਵਿਖੇ ਹੋਈ ਵਿਸ਼ਵ ਪੰਜਾਬੀ ਕਾਨਫਰੰਸ ਉਹ ਸਾਡੇ ਨਾਲ ਹੀ ਪਾਕਿਸਤਾਨ ਗਿਆ । ਹਰ ਥਾਂ ਇੱਕੋ ਹੀ ਆਵਾਜ਼ ਕਿ ਮੁਹੱਬਤਾਂ ਦਾ ਰੰਗ ਗੂੜਾ ਹੋਵੇ ।
ਇਕਬਾਲ ਮਾਹਿਲ ਯਾਦਾਂ ਦੇ ਕਾਫਿਲੇ ਦਾ ਜਿਕਰ ਛੇੜਦਿਆ ਹਸਨਪੁਰੀ ਬਾਰੇ ਦੱਸ ਰਹੇ ਸਨ ਕਿ ਟੋਰਾਂਟੋ ਦੇ ਸਪਿਨਿੰਗ ਵੀਲ ਫਿਲਮ ਫੈਸਟੀਵਲ ਵਿੱਚ ਉਹਨਾਂ ਨੂੰ ਸਾਡੇ ਸਾਹਮਣੇ ਜੀਵਨ ਪ੍ਰਾਪਤੀ ਵੇਰਵੇ ਦੇ ਆਧਾਰ ਤੇ ਸ੍ਰੋਮਣੀ ਪੁਰਸ਼ਕਾਰ ਮਿਲਿਆ । ਸਾਡੇ ਨਾਲ ਨਵੀਂ ਫਿਲਮ ਦੇ ਨਿਰਮਾਣ ਦੀਆਂ ਸਲਾਹਾਂ ਬਣਾ ਰਹੇ ਸਨ । ਆਪਣੀ ਜਿੰਦਗੀ ਦੀਆਂ ਯਾਦਾਂ ਕਨੇਡਾ ਦੇ ਇਸ ਚੈਨਲ ਨਾਲ ਰਿਕਾਰਡ ਕਰਵਾਉਂਦਿਆਂ ਉਹਨਾਂ ਨੇ ਵਾਰ ਵਾਰ ਇਹੀ ਆਖਿਆ ਕਿ ਮੇਰੀ ਇਹ ਫੇਰੀ ਮੁਹੱਬਤ ਪੱਖੋਂ ਯਾਦਗਾਰੀ ਬਣ ਗਈ ਹੈ ਕਿਉਂਕਿ ਮੈਂ ਏਨੀ ਉਮੀਦ ਨਾਲ ਨਹੀਂ ਸੀ ਆਇਆ । ਅਮਰੀਕਾ ਦੇ ਸ਼ਹਿਰ ਵਾਸ਼ਿੰਗਟਨ ਡੀ ਸੀ ਤੋਂ ਵਿਸ਼ੇਸ਼ ਤੌਰ ਤੇ ਪ੍ਰਸਿੱਧ ਸੰਗੀਤਕਾਰ ਐਸ ਮਹਿੰਦਰ ਹਸਨਪੁਰੀ ਨੂੰ ਮਿਲਣ ਵਾਸਤੇ ਟੋਰਾਂਟੋ ਆਏ ਕਿਉਂਕਿ ਐਸ ਮਹਿੰਦਰ ਜੀ ਨੇ ਹੀ ਹਸਨਪੁਰੀ ਦੀਆਂ ਸਾਰੀਆਂ ਫਿਲਮਾਂ ਦਾ ਸੰਗੀਤ ਮੁੰਬਈ ਰਹਿੰਦਿਆਂ ਤਿਆਰ ਕੀਤਾ ਸੀ । ਇਕਬਾਲ ਮਾਹਿਲ ਦੀ ਇਹ ਗੱਲਾਂ ਕਰਦਿਆਂ ਇੱਕ ਅੱਖ ਵਿੱਚ ਅੱਥਰੂ ਹੈ ਅਤੇ ਦੂਜੀ ਵਿੱਚ ਹਾਉਕਾ ।

ਇੰਦਰਜੀਤ ਹਸਨਪੁਰੀ ਆਪਣੇ ਗੀਤਾਂ ਦਾ ਪ੍ਰੇਰਕ ਫਿਰੋਜਦੀਨ ਸ਼ਰਫ ਅਤੇ ਨੰਦ ਲਾਲ ਨੂਰਪੁਰੀ ਨੂੰ ਮੰਨਦਾ ਹੈ । ਸ਼ਾਇਰੀ ਵਿੱਚ ਉਹ ਪ੍ਰੋ. ਮੋਹਨ ਸਿੰਘ, ਬਾਵਾ ਬਲਵੰਤ, ਸਾਹਿਰ ਲੁਧਿਆਣਵੀ, ਅਜਾਇਬ ਚਿਤਰਕਾਰ ਅਤੇ ਅੰਮਿ੍ਤਾ ਪ੍ਰੀਤਮ ਨੂੰ ਸਲਾਮ ਆਖਦਾ ਹੈ । ਆਪਣੇ ਸਮਕਾਲੀਆਂ ਵਿਚੋਂ ਉਸਦੀ ਮੁਹੱਬਤ ਸੁਰਜੀਤ ਰਾਮਪੁਰੀ ਅਤੇ ਡਾ. ਰਣਧੀਰ ਸਿੰਘ ਚੰਦ ਨਾਲ ਜੱਗ ਜਾਹਿਰ ਹੈ ।
ਅਮਰੀਕਾ ਵਸਦੇ ਪੰਜਾਬੀ ਗਜ਼ਲਗੋ ਹਰਭਜਨ ਸਿੰਘ ਬੈਂਸ ਦੇ ਫੋਨ ਦੀ ਘੰਟੀ ਵੱਜੀ ਹੈ । ਉਨ੍ਹਾਂ ਨੂੰ ਜ਼ੀ ਟੀਵੀ ਤੋਂ ਖਬਰ ਮਿਲੀ ਹੈ ਹਸਨਪੁਰੀ ਦੇ ਬਿਮਾਰ ਹੋਣ ਬਾਰੇ । ਅਮਰੀਕਾ, ਕਨੇਡਾ, ਦੇ ਅਦਬੀ ਹਲਕਿਆਂ ਵਿੱਚ ਅਜਬ ਉਦਾਸੀ ਹੈ । ਰੇਡੀਓ ਐਫ ਐਮ ਵਾਲਾ ਹਰਜਿੰਦਰ ਥਿੰਦ ਟੈਲੀਫੋਨ ਤੇ ਮੇਰੇ ਨਾਲ ਸੰਪਰਕ ਕਰਦਾ ਹੈ । ਸੁਰ ਸੰਗਮ ਰੇਡੀਓ ਕੈਲਗਿਰੀ ਤੋਂ ਰਣਜੀਤ ਸਿੱਧੂ ਲਗਾਤਾਰ ਹਸਨਪੁਰੀ ਦਾ ਹਾਲਚਾਲ ਪੰਜਾਬੀਆਂ ਨੂੰ ਦੱਸ ਰਿਹਾ ਹੈ । ਕਮਲਜੀਤ ਅਤੇ ਹੋਰ ਖਬਰਾਂ ਵਾਲੇ ਵੀ ਦੋ-ਦੋ ਘੰਟੇ ਬਾਅਦ ਹਸਨਪੁਰੀ ਦੀ ਸੁੱਖ ਸਾਂਦ ਪ੍ਰਸਾਰਿਤ ਕਰ ਰਹੇ ਹਨ । ਪੀ ਏ ਯੂ ਟੀਚਰਜ਼ ਐਸੋਸੀਏਸ਼ਨ ਦੇ ਸਾਬਕਾ ਪ੍ਰਧਾਨ ਅਤੇ ਲੁਧਿਆਣਾ ਦੇ ਕੌਂਸਲਰ ਡਾ. ਹਰੀ ਸਿੰਘ ਬਰਾੜ ਹਸਪਤਾਲੋ ਖਬਰ ਲੈ ਕੇ ਪਰਤੇ ਹਨ । ਡਾ. ਸ.ਨ. ਸੇਵਕ ਸਰਦਾਰ ਪੰਛੀ, ਮਨਜਿੰਦਰ ਧਨੋਆ, ਡਾ. ਜਗਤਾਰ ਧੀਮਾਨ ਤੇ ਨਿਰਮਲ ਜੌੜਾ ਵੀ ਗਮਜਦਾ ਹਨ । ਪ੍ਰਗਟ ਸਿੰਘ ਗਰੇਵਾਲ ਡਾਕਟਰਾਂ ਨਾਲ ਲਗਾਤਾਰ ਸੰਪਰਕ ਵਿੱਚ ਹੈ । ਤੇਜਪ੍ਰਤਾਪ ਸਿੰਘ ਸੰਧੂ ਨੂੰ ਹਸਨਪੁਰੀ ਦੀ ਆਖਰੀ ਮੁਲਾਕਾਤ ਚੇਤੇ ਆ ਰਹੀ ਹੈ ।

ਹਸਨਪੁਰੀ ਇਸ ਵੇਲੇ ਲੁਧਿਆਣਾ ਸ਼ਹਿਰ ਦੀਆਂ ਅਦਬੀ ਸਰਗਰਮੀਆਂ ਦਾ ਕੇਂਦਰ ਬਿੰਦੂ ਹੈ । ਸ਼ਹਿਰ ਦੇ ਸਰਗਰਮ ਬਜੁਰਗ ਲੇਖਕਾਂ ਵਿਚੋਂ ਸਭ ਤੋਂ ਵੱਧ ਕਾਰਜਸ਼ੀਲ । ਪੰਜਾਬੀ ਸਾਹਿਤ ਅਕਾਡਮੀ ਲੁਧਿਆਣਾ ਦਾ ਲੰਮੇ ਸਮੇਂ ਤੋਂ ਮੀਤ ਪ੍ਰਧਾਨ ਅਤੇ ਪੰਜਾਬੀ ਗਜ਼ਲ ਮੰਚ ਦਾ ਪ੍ਰਧਾਨ । ਤਰਲੋਚਨ ਲੋਚੀ ਦੀ ਗਜ਼ਲ ਕਿਤਾਬ ਦਿਲ ਦਰਵਾਜੇ ਛਪਣ ਤੇ ਉਸ ਨੂੰ ਏਨਾ ਚਾਅ ਸੀ ਜਿਨ੍ਹਾਂ ਪੁੱਤਰ ਜੰਮਣ ਤੇ ਸਾਨੂੰ ਪੰਜਾਬੀਆਂ ਨੂੰ ਅਕਸਰ ਹੁੰਦਾ ਹੈ । ਪਿਛਲੇ ਕੁਝ ਮਹੀਨਿਆਂ ਤੋਂ ਉਸਦਾ ਮਨ ਪ੍ਰਦੇਸ਼ੀ ਹੋ ਰਿਹਾ ਹੈ, ਜਿਸ ਦੀ ਚੀਸ ਉਸਨੇ ਸ. ਜਗਦੇਵ ਸਿੰਘ ਜੱਸੋਵਾਲ, ਗੁਰਪ੍ਰੀਤ ਸਿੰਘ ਤੂਰ ਅਤੇ ਮੇਰੇ ਨਾਲ ਕਈ ਵਾਰ ਸਾਂਝੀ ਕੀਤੀ । ਇਸ ਵੇਲੇ ਉਹ ਗੱਲਾਂ ਕਰਨ ਦਾ ਵੇਲਾ ਨਹੀਂ ਸਿਰਫ ਅਰਦਾਸ ਦਾ ਵੇਲਾ ਹੈ ਕਿ ਸਾਡਾ ਇਹ ਭਰਪੂਰ ਜਿੰਦਗੀ ਵਾਲਾ ਸ਼ਾਇਰ, ਗੀਤਕਾਰ, ਫਿਲਮ ਨਿਰਮਾਤਾ, ਮੰਜੇ ਤੋਂ ਉਠੇ, ਫਿਰ ਸਾਨੂੰ ਹੱਲਾਸੇਰੀ ਦੇਵੇ, ਕਦੇ ਬਰਨਾਲੇ ਬੂਟਾ ਸਿੰਘ ਚੌਹਾਨ ਦੇ ਚੁਬਾਰੇ ਵਿੱਚ ਰੌਣਕਾਂ ਲਾਵੇ, ਕਦੇ ਗਜ਼ਲ ਦੇ ਕਿਸੇ ਮਸਲੇ ਤੇ ਸਰਦਾਰ ਪੰਛੀ ਨਾਲ ਸਿੰਗ ਫਸਾਵੇ, ਕਦੇ ਕਹੇ, ਤਕੜੇ ਹੋ ਜਾਓ, ਐਤਕੀਂ ਮੈਦਾਨ ਜਿੱਤਾਂਗੇ । ਕਦੇ ਇੰਗਲੈਂਡ ਦੀ ਤਿਆਰੀ ਕਰੇ ਅਤੇ ਕਦੇ ਵਿਸ਼ਵ ਪੰਜਾਬੀ ਕਾਨਫਰੰਸ ਦੇ ਜਾਣ ਲਈ ਅਟੈਚੀਕੇਸ ਬੰਨੇ । ਦਿਲ ਦਿਲਗੀਰੀ ਦੇ ਆਲਮ ਵਿੱਚ ਉਸਦਾ ਇਲਾਜ ਕਰ ਰਹੇ ਡਾ. ਨਵਦੀਪ ਸਿੰਘ ਖਹਿਰਾ ਨਾਲ ਸੰਪਰਕ ਕਰਦਾ ਹਾਂ ਤਾਂ ਉੱਤਰ ਮਿਲਦਾ ਹੈ ਕਿ ਗੁਰਦੇ ਜਵਾਬ ਦੇ ਗਏ ਨੇ, ਰਾਤੀ ਦਿਲ ਵੀ ਸਾਥ ਛੱਡ ਗਿਆ ਸੀ । ਹਾਲ ਦੀ ਘੜੀ ਸਿਰਫ ਦੁਆ ਕਰੋ, ਦਵਾਈ ਅਸੀਂ ਕਰ ਰਹੇ ਹਾਂ । 
8 ਅਕਤੂਬਰ ਸ਼ਾਮੀਂ ਅਸੀਂ ਦਯਾਨੰਦ ਹਸਪਤਾਲ ਅੱਪੜੇ ਤਾਂ ਪ੍ਰਾਣ ਪੰਖੇਰੂ ਹੋ ਚੁਕੇ ਸਨ। ਸਾਡੇ ਤੋਂ ਕੁਝ ਪਲ ਮਗਰੋਂ ਹਸਪਤਾਲ ਵਿੱਚ ਖ਼ਬਰਸਾਰ ਲਈ ਅੱਪੜੇ ਪੰਜਾਬ ਦੇ ਸਭਿਆਚਾਰ ਮਾਮਲਿਆਂ ਦੇ ਮੰਤਰੀ ਹੀਰਾ ਸਿੰਘ ਗਾਬੜੀਆ ਪੁੱਜੇ। ਉਨ੍ਹਾਂ ਦੇ ਹੱਥ ਵਿੱਚ ਹਸਪਤਾਲ ਲਈ ਆਦੇਸ਼ ਸੀ ਕਿ ਹਸਨਪੁਰੀ ਜੀ ਦਾਾ ਪੂਰਾ ਇਲਾਜ ਪੰਜਾਬ ਸਰਕਾਰ ਕਰਵਾਵੇਗੀ।  
ਉਸ ਦੀ ਮ੍ਰਿਤਕ ਦੇਹ ਨੂੰ ਅਲਵਿਦਾ ਕਹਿ ਕੇ ਘਰੀਂ ਪਰਤੇ।
ਹਸਨਪੁਰੀ ਜੀ ਦਾ ਲਿਖਿਆ ਗੀਤ ਯਾਦ ਆ ਰਿਹੈ,ਕੱਤੀਆਂ ਨਾ ਜਾਣ ਪੂਣੀਆਂ। ਇਹੋ  ਹਾਲ ਮੇਰਾ ਹੈ। 

ਜਦੋਂ ਯਾਦ ਸੱਜਣਾ ਤੇਰੀ ਆਵੇ
ਕੱਤੀਆਂ ਨਾ ਜਾਣ ਪੂਣੀਆਂ ।

ਚਰਖੀ ਦਾ ਗੇੜਾ ਮੈਥੋਂ ਇਕ ਵੀ ਨਾ ਆਂਵਦਾ ।
ਕਿੰਨਾਂ ਹੀ ਬਚਾਵਾਂ ਤੰਦ ਫਿਰ ਟੁੱਟ ਜਾਂਵਦਾ ।
ਟੁੱਟ ਪੈਣਾ ਤੱਕਲਾ ਵਲ ਖਾਵੇ ।
ਕੱਤੀਆਂ ਨਾ ਜਾਣ ਪੂਣੀਆਂ ।

ਜਾਵਾਂ ਹੇ ਤ੍ਰਿੰਜਣਾਂ ਨੂੰ ਛੇੜਨ ਸਹੇਲੀਆਂ ।
ਵੱਢ ਵੱਢ ਖਾਣ ਮੈਨੂੰ ਸੁੰਨੀਆਂ ਹਵੇਲੀਆਂ ।
ਇਨ੍ਹਾਂ ਵੈਰਨਾਂ ਨੂੰ ਕੌਣ ਸਮਝਾਵੇ ।
ਕੱਤੀਆਂ ਨਾ ਜਾਣ ਪੂਣੀਆਂ ।

ਸਖੀਆਂ ਸਹੇਲੀਆਂ ਨੇ ਮੇਰੇ ਨਾਲੋਂ ਦੂਣੀਆਂ ।
ਸੱਪ ਬਣ ਗਈਆਂ ਹਾਏ ਮੇਰੀਆਂ ਇਹ ਪੂਣੀਆਂ ।
ਮੈਨੂੰ ਚਰਖੀ ਦੀ ਗੂੰਜ ਸੁਜਾਵੇ ।
ਕੱਤੀਆਂ ਨਾ ਜਾਣ ਪੂਣੀਆਂ ।

'ਹਸਨਪੁਰੀ' ਜਿੰਨਾਂ ਚਿਰ ਤੂੰ ਏਂ ਮੈਥੋਂ ਦੂਰ ਵੇ ।
ਮੱਛੀ ਵਾਂਗ ਤੜਫਾਂ ਮੈਂ ਹੋ ਕੇ ਮਜ਼ਬੂਰ ਵੇ ।
ਮੇਰਾ ਪਲ ਪਲ ਮਨ ਘਬਰਾਵੇ ।
ਕੱਤੀਆਂ ਨਾ ਜਾਣ ਪੂਣੀਆਂ ।
ਜਦੋਂ ਯਾਦ ਸੱਜਣਾ ਤੇਰੀ ਆਵੇ
ਕੱਤੀਆਂ ਨਾ ਜਾਣ ਪੂਣੀਆਂ ।
🟩

Share:

ਸੰਪਾਦਕ ਦਾ ਡੈਸਕ

Parminder Singh Jatpuri

Editor in Chief

ਕੱਪੜ ਛਾਣ

Watch LIVE TV
Khabarwaale TV
Subscribe

Get all latest content delivered to your email a few times a month.