ਤਾਜਾ ਖਬਰਾਂ
ਜਾਂਚ ਨੇ ਕੀਤਾ ਖੁਲ੍ਹਾਸਾ ਬੀਬੀ ਹਰਜਿੰਦਰ ਕੌਰ ਨੇ ਭਾਜਪਾ ਲਈ ਕੋਈ ਪ੍ਰਚਾਰ ਨਹੀਂ ਕੀਤਾ
ਚੰਡੀਗੜ੍ਹ, 15 ਮਈ: ਸ਼੍ਰੋਮਣੀ ਅਕਾਲੀ ਦਲ ਨੇ ਅੱਜ ਸੀਨੀਅਰ ਪਾਰਟੀ ਆਗੂ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਬੀਬੀ ਹਰਜਿੰਦਰ ਕੌਰ ਨੂੰ ਪਾਰਟੀ ਵਿਚੋਂ ਕੱਢਣ ਦਾ ਫੈਸਲਾ ਤੁਰੰਤ ਵਾਪਸ ਲੈ ਲਿਆ।
ਇਥੇ ਜਾਰੀ ਕੀਤੇ ਇਕ ਬਿਆਨ ਵਿਚ ਪਾਰਟੀ ਦੇ ਜਨਰਲ ਸਕੱਤਰ ਬਲਵਿੰਦਰ ਸਿੰਘ ਭੂੰਦੜ ਨੇ ਕਿਹਾ ਕਿ ਕੇਸ ਦੇ ਸਾਰੇ ਤੱਥਾਂ ਦੀ ਪੜਚੋਲ ਕਰਨ ਤੋਂ ਬਾਅਦ ਇਹ ਸਾਹਮਣੇ ਆਇਆ ਹੈ ਕਿ ਬੀਬੀ ਹਰਜਿੰਦਰ ਕੌਰ ਸਵੇਰ ਦੀ ਸੈਰ ਵੇਲੇ ਭਾਜਪਾ ਦੇ ਉਮੀਦਵਾਰ ਨੂੰ ਮਿਲ ਗਏ ਸੀ।
ਸਾਰੇ ਮਾਮਲੇ ਦੀ ਘੋਖ ਤੋਂ ਬਾਅਦ ਇਹ ਵੀ ਸਾਹਮਣੇ ਆਇਆ ਕਿ ਬੀਬੀ ਹਰਜਿੰਦਰ ਕੌਰ ਨੇ ਭਾਜਪਾ ਲਈ ਕੋਈ ਪ੍ਰਚਾਰ ਨਹੀਂ ਕੀਤਾ ਤੇ ਨਾ ਹੀ ਭਾਜਪਾ ਦੀ ਕਿਸੇ ਸਟੇਜ ’ਤੇ ਗਏ।
ਇਸ ਲਈ ਫੈਸਲਾ ਕੀਤਾ ਗਿਆ ਕਿ ਪਾਰਟੀ ਦੇ ਪਹਿਲਾਂ ਲਏ ਫੈਸਲੇ ਦੀ ਮੁੜ ਸਮੀਖਿਆ ਕੀਤੀ ਜਾਵੇ ਅਤੇ ਬੀਬੀ ਹਰਜਿੰਦਰ ਕੌਰ ਦੀ ਬਰਖ਼ਾਸਤਗੀ ਦਾ ਫੈਸਲਾ ਵਾਪਸ ਲਿਆ ਜਾਵੇ। ਬਲਵਿੰਦਰ ਸਿੰਘ ਭੂੰਦੜ ਨੇ ਕਿਹਾ ਕਿ ਪਾਰਟੀ ਦੀ ਕਾਰਵਾਈ ਮਗਰੋਂ ਬੀਬੀ ਹਰਜਿੰਦਰ ਕੌਰ ਵੱਡੀ ਗਿਣਤੀ ਵਿਚ ਲੋਕਾਂ ਨੂੰ ਨਾਲ ਲੈ ਕੇ ਅਕਾਲੀ ਦਲ ਦੀ ਸੀਨੀਅਰ ਲੀਡਰਸ਼ਿਪ ਨੂੰ ਮਿਲੇ ਅਤੇ ਲੋਕਾਂ ਨੇ ਬੀਬੀ ਜੀ ਵੱਲੋਂ ਪਾਰਟੀ ਦੇ ਨਾਲ-ਨਾਲ ਕੌਮ ਦੀ ਕੀਤੀ ਜਾ ਰਹੀ ਸੇਵਾ ਤੋਂ ਜਾਣੂ ਕਰਵਾਇਆ। ਪਾਰਟੀ ਦੇ ਧਿਆਨ ਵਿਚ ਲਿਆਂਦਾ ਗਿਆ ਕਿ ਬੀਬੀ ਜੀ ਨੇ ਕਿਸਾਨ ਮੋਰਚੇ ਦੇ ਨਾਲ-ਨਾਲ ਬੰਦੀ ਸਿੰਘਾਂ ਦੀ ਰਿਹਾਈ ਦੀ ਮੁਹਿੰਮ ਵਿਚ ਵੀ ਭਾਗ ਲਿਆ ਤੇ ਆਪਣੀ ਸਮਾਜ ਸੇਵਾ, ਧਾਰਮਿਕ ਸੇਵਾ ਤੇ ਸਿਆਸੀ ਗਤੀਵਿਧੀਆਂ ਨਾਲ ਚੰਡੀਗੜ੍ਹ ਵਿਚ ਅਕਾਲੀ ਦਲ ਦਾ ਨਾਂ ਬਣਾਇਆ। ਬੀਬੀ ਜੀ ਨੇ ਵੀ ਇਹ ਸਪਸ਼ਟ ਕੀਤਾ ਕਿ ਉਹ ਅਕਾਲੀ ਸਨ ਅਤੇ ਹਮੇਸ਼ਾ ਰਹਿਣਗੇ ਤੇ ਹਮੇਸ਼ਾ ਅਕਾਲੀ ਸਿਧਾਂਤ ਉਹਨਾਂ ਦਾ ਮਾਰਗ ਦਰਸ਼ਨ ਕਰਦੇ ਰਹਿਣਗੇ।
ਭੂੰਦੜ ਨੇ ਕਿਹਾ ਕਿ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ ਸਾਰੇ ਮਾਮਲੇ ਤੋਂ ਜਾਣੂ ਕਰਵਾਇਆ ਗਿਆ ਤੇ ਇਹ ਵੀ ਦੱਸਿਆ ਗਿਆ ਕਿ ਬੀਬੀ ਜੀ ਨੇ ਪੰਥਕ ਕਦਰਾਂ ਕੀਮਤਾਂ ਅਨੁਸਾਰ ਹੀ ਜੀਵਨ ਜੀਵਿਆ ਹੈ। ਬੀਬੀ ਜੀ ਦਾ ਸਮਾਜ ਸੇਵਾ ਵਿਚ ਵੀ ਵੱਡਾ ਰਿਕਾਰਡ ਹੈ ਤੇ ਉਹਨਾਂ ਦਾ ਪੰਥਕ ਕਦਰਾਂ ਕੀਮਤਾਂ ਨੂੰ ਦੁਨੀਆਂ ਭਰ ਵਿਚ ਪ੍ਰਚਾਰਨ ਵਿਚ ਵੀ ਵੱਡਾ ਨਾਂ ਹੈ। ਉਹ ਹਮੇਸ਼ਾ ਨਿਮਰਤਾ ਤੇ ਸਾਦਗੀ ਨਾਲ ਉੱਚਾ ਸੁੱਚਾ ਜੀਵਨ ਬਤੀਤ ਕਰਦੇ ਹਨ। ਉਹਨਾਂ ਕਿਹਾ ਕਿ ਇਸ ਅਨੁਸਾਰ ਹੀ ਬੀਬੀ ਹਰਜਿੰਦਰ ਕੌਰ ਨੂੰ ਪਾਰਟੀ ਵਿਚ ਮੁੜ ਬਹਾਲ ਕੀਤਾ ਗਿਆ।
Get all latest content delivered to your email a few times a month.