ਤਾਜਾ ਖਬਰਾਂ
ਲੁਧਿਆਣਾਃ 27 ਅਪ੍ਰੈਲ: ਪੰਜਾਬੀ ਲੋਕ ਵਿਰਾਸਤ ਅਕਾਡਮੀ ਲੁਧਿਆਣਾ ਦੇ ਚੇਅਰਮੈਨ ਤੇ ਉੱਘੇ ਪੰਜਾਬੀ ਕਵੀ ਗੁਰਭਜਨ ਗਿੱਲ ਦੇ ਗ਼ਜ਼ਲ ਸੰਗ੍ਰਹਿ “ਮਿਰਗਾਵਲੀ” ਦਾ ਸ਼ਾਹਮੁਖੀ ਐਡੀਸ਼ਨ ਰਾਮਗੜੀਆ ਵਿਦਿਅਕ ਅਦਾਰਿਆਂ ਦੇ ਮੁਖੀ ਤੇ ਉੱਘੇ ਖੋਜੀ ਲੇਖਕ ਸ. ਰਣਜੋਧ ਸਿੰਘ, ਗੁਰਪ੍ਰੀਤ ਸਿੰਘ ਤੂਰ ਸਾਬਕਾ ਕਮਿਸ਼ਨਰ ਪੁਲੀਸ ਤੇ ਪੰਜਾਬੀ ਲੇਖਕ,ਸ. ਅਨੁਰਾਗ ਸਿੰਘ ਸਿੱਖ ਚਿੰਤਕ ਤੇ ਉੱਘੇ ਫੋਟੋ ਕਲਾਕਾਰ ਤੇ ਲੇਖਕ ਸ. ਤੇਜਪਰਤਾਪ ਸਿੰਘ ਸੰਧੂ ਨੇ ਲੋਕ ਅਰਪਣ ਕੀਤੀ।
ਰਾਮਗੜ੍ਹੀਆ ਗਰਲਜ਼ ਕਾਲਿਜ ਵਿੱਚ ਗੈਰ ਰਸਮੀ ਮੀਟਿੰਗ ਦੌਰਾਨ ਪੁਸਤਕ ਲੋਕ ਅਰਪਣ ਬਾਰੇ ਲੇਖਕ ਪ੍ਰੋ. ਗੁਰਭਜਨ ਸਿੰਘ ਗਿੱਲ ਨੇ ਦੱਸਿਆ
ਕਿ ਇਹ ਕਿਤਾਬ ਪੰਜਾਬੀ ਵਿੱਚ 2016 ਤੇ 2017 ਵਿੱਚ ਦੋ ਵਾਰ ਛਪ ਚੁਕੀ ਹੈ। ਹੁਣ ਇਸ ਨੂੰ ਸ਼ੇਖੂਪੁਰਾ(ਪਾਕਿਸਤਾਨ) ਵੱਸਦੇ ਪੰਜੀਬੀ ਲੇਖਕ ਮੁਹੰਮਦ ਆਸਿਫ਼ ਰਜ਼ਾ ਨੇ ਸ਼ਾਹਮੁਖੀ ਵਿੱਚ ਪਾਕਿਸਤਾਨ ਵੱਸਦੇ ਪਾਠਕਾਂ ਲਈ ਪੇਸ਼ ਕੀਤਾ ਹੈ। ਉਨ੍ਹਾਂ ਦੱਸਿਆ ਕਿ ਇਸ ਤੋਂ ਪਹਿਲਾਂ ਵੀ ਉਨ੍ਹਾਂ ਦੀਆਂ ਚਾਰ ਕਾਵਿ ਪੁਸਤਕਾਂ “ਰਾਵੀ, ਖ਼ੈਰ ਪੰਜਾਂ ਪਾਣੀਆਂ ਦੀ, ਸੁਰਤਾਲ ਤੇ ਗੁਲਨਾਰ ਵੀ ਸ਼ਾਹਮੁਖੀ ਵਿੱਚ ਤਬਦੀਲ ਕਰਕੇ ਛਾਪੀਆਂ ਜਾ ਚੁਕੀਆਂ ਹਨ। ਇਨ੍ਹਾਂ ਕਿਤਾਬਾਂ ਦੇ ਆਧਾਰ ਤੇ ਪੰਜਾਬੀ ਖੋਜਕਾਰ ਐੱਮ ਫਿੱਲ ਤੇ ਪੀ ਐੱਚ ਡੀ ਪੱਧਰ ਦੀ ਪੜ੍ਹਾਈ ਵਿੱਚ ਇਹ ਕਿਤਾਬਾਂ ਵਰਤਦੇ ਹਨ।
ਸ. ਅਨੁਰਾਗ ਸਿੰਘ ਨੇ ਕਿਹਾ ਕਿ ਸ਼ਾਹਮੁਖੀ ਤੋਂ ਗੁਰਮੁਖੀ ਅਤੇ ਗੁਰਮੁਖੀ ਤੋਂ ਸ਼ਾਹਮੁਖੀ ਵਿੱਚ ਕਿਤਾਬਾਂ ਦਾ ਆਦਾਨ ਪ੍ਰਦਾਨ ਬਹੁਤ ਜ਼ਰੂਰੀ ਹੈ ਕਿਉਂਕਿ ਲਗਪਗ ਦਸ ਕਰੋੜ ਪੰਜਾਬੀ ਪਾਕਿਸਤਾਨ ਵਿੱਚ ਵੱਸਦੇ ਹਨ। ਉਨ੍ਹਾਂ ਦਾ ਸਾਹਿੱਤ ਵੀ ਏਧਰ ਲਿਆਉਣ ਦੀ ਲੋੜ ਏ।
ਸ. ਰਣਜੋਧ ਸਿੰਘ ਨੇ ਕਿਹਾ ਕਿ 2006 ਵਿੱਚ ਜਦ ਮੈ ਪਹਿਲੀ ਵਾਰ ਨਨਕਾਣਾ ਸਾਹਿਬ ਲਈ ਚੱਲੀ ਬੱਸ ਤੇ ਪਹਿਲੇ ਦਿਨ ਭਾਰਤੀ ਡੈਲੀਗੇਸ਼ਨ ਵਿੱਚ ਸ਼ਾਮਿਲ ਹੋ ਕੇ ਭਾ ਜੀ ਗੁਰਭਜਨ ਸਿੰਘ ਗਿੱਲ ਨਾਲ ਪਾਕਿਸਤਾਨ ਗਿਆ ਸੀ ਤਾ ਇੱਕ ਹਫ਼ਤੇ ਦੀ ਠਹਿਰ ਦੌਰਾਨ ਹੀ ਮਹਿਸੂਸ ਕਰ ਲਿਆ ਸੀ ਕਿ ਸਾਨੂੰ ਸਿਰਫ਼ ਵਾਘੇ ਦੀ ਲਕੀਰ ਹੀ ਨਹੀੇੰ ਵੰਡਦੀ ਸਗੋਂ ਲਿਪੀ ਦਾ ਫਰਕ ਵੀ ਵੱਡੀ ਸਰਹੱਦ ਹੈ। ਉਸ ਸਰਹੱਦ ਤੋਂ ਪਾਰ ਜਾਣ ਲਈ ਪੰਜਾਬੀ ਕਿਤਾਬਾਂ ਦਾ ਸ਼ਾਹਮੁਖੀ ਵਿੱਚ ਛਪਣਾ ਜ਼ਰੂਰੀ ਹੈ।
ਇਸ ਮੌਕੇ ਸ. ਤੇਜਪਰਤਾਪ ਸਿੰਧ ਸੰਧੂ, ਸਰਦਾਰਨੀ ਸਰਬਜੀਤ ਕੌਰ,ਰਾਜਿੰਦਰ ਕੌਰ, ਸ. ਹਰਕੀਰਤ ਸਿੰਘ ਤੇ ਕਾਲਿਜ ਪ੍ਰਿੰਸੀਪਲ ਡਾ. ਜਸਪਾਲ ਕੌਰ ਨੇ ਵੀ ਪੁਸਤਕ ਦੇ ਸ਼ਾਹਮੁਖੀ ਪ੍ਰਕਾਸ਼ਨ ਲਈ ਗੁਰਭਜਨ ਗਿੱਲ ਨੂੰ ਮੁਬਾਰਕਬਾਦ ਦਿੱਤੀ।
Get all latest content delivered to your email a few times a month.