IMG-LOGO
ਹੋਮ ਪੰਜਾਬ, ਸਾਹਿਤ, ਅੱਜ ਅਣਖ਼ੀਲੇ ਧਰਤੀ ਪੁੱਤਰ ਦੁੱਲਾ ਭੱਟੀ ਦਾ ਸ਼ਹੀਦੀ ਦਿਹਾੜਾ ਹੈ...

ਅੱਜ ਅਣਖ਼ੀਲੇ ਧਰਤੀ ਪੁੱਤਰ ਦੁੱਲਾ ਭੱਟੀ ਦਾ ਸ਼ਹੀਦੀ ਦਿਹਾੜਾ ਹੈ ਸਲਾਮ ਕਰੀਏ : ਗੁਰਭਜਨ ਗਿੱਲ

Admin User - Mar 26, 2024 04:52 PM
IMG

.

ਸਾਂਝੇ ਪੰਜਾਬ ਦੀ ਅਣਖ਼ੀਲੀ ਵਿਰਾਸਤ ਦਾ ਪੇਸ਼ਕਾਰ ਦੁੱਲਾ ਭੱਟੀ ਅੱਜ ਵੀ ਓਨਾ ਹੀ  ਸਾਰਥਕ ਹੈ। ਮੁਗਲ ਹਕੂਮਤ ਦੇ ਸਮਾਂਕਾਲ ਵਿੱਚ ਦੁੱਲਾ ਭੱਟੀ ਦੇ ਪਿਉ ਸਾਂਦਲ ਭੱਟੀ ਅਤੇ ਉਸ ਦੇ ਬਾਪ ਫ਼ਰੀਦ ਭੱਟੀ ਨੂੰ ਹਾਕਮਾਂ ਵੱਲੋਂ ਬਗਾਵਤੀ ਖ਼ੂਨ ਕਾਰਨ ਫਾਹੇ ਲਾਇਆ ਗਿਆ ਪਰ ਅੱਜ ਦੇ ਦਿਨ ਲਾਹੌਰ ਵਿੱਚ ਦੀਨੇ ਇਲਾਹੀ ਦੇ ਸੰਸਥਾਪਕ ਅਕਬਰ ਬਾਦਸ਼ਾਹ ਨੇ ਦੁੱਲਾ ਭੱਟੀ ਨੂੰ  ਫਾਹੇ ਟੰਗਿਆ ਸੀ। ਬਾਰ ਦੇ ਅਣਖ਼ੀਲੇ, ਮਿਹਨਤੀ ਵਾਹੀਕਾਰਾਂ ਦੇ ਹੱਕਾਂ ਲਈ ਡਟਣ ਵਾਲੇ ਇਸ ਸੂਰਮੇ ਨੂੰ ਤੇਤੇ ਕਰਨ ਲਈ ਪੰਜਾਬੀ ਲੋਕ ਵਿਰਾਸਤ ਅਕਾਡਮੀ ਲੁਧਿਆਣਾ ਵੱਲੋਂ  ਅਮਰੀਕਾ ਦੇ ਮੈਰੀਲੈਂਡ ਸੂਬੇ ਚ ਵੱਸਦੇ ਪੰਜਾਬੀ ਲੇਖਕ ਤੇ ਖੋਜੀ ਵਿਦਵਾਨ ਧਰਮ ਸਿੰਘ ਗੋਰਾਇਆ ਵੱਲੋਂ ਲਿਖੀ ਪੁਸਤਕ ਅਣਖ਼ੀਲਾ ਧਰਤੀ ਪੁੱਤਰ ਦੁੱਲਾ ਭੱਟੀ ਪ੍ਰਕਾਸ਼ਿਤ ਕੀਤੀ ਜਾ ਚੁਕੀ ਹੈ। ਲਗਪਗ 250 ਪੰਨਿਆਂ ਦੀ ਇਸ ਕਿਤਾਬ ਨੂੰ ਪਾਕਿਸਤਾਨ ਵਿੱਚ ਵੀ ਦੋ ਸਾਲ ਪਹਿਲਾਂ ਲਾਹੌਰ ਵਿੱਚ ਦੁੱਲਾ ਭੱਟੀ ਦੀ ਕਬਰ ਤੇ ਇਲਿਆਸ ਘੁੰਮਣ ਤੇ ਸਾਥੀਆਂ ਵੱਲੋਂ ਲੋਕ ਹਵਾਲੇ ਕੀਤਾ ਗਿਆ ਸੀ। ਇਸ ਦਾ ਲਿਪੀ ਅੰਤਰ ਮੁਹੰਮਦ ਆਸਿਫ਼ ਰਜ਼ਾ ਨੇ ਕੀਤਾ ਹੈ।
ਇਸ ਪੁਸਤਕ ਬਾਰੇ ਬੋਲਦਿਆਂ ਇਲਿਆਸ ਘੁੰਮਣ ਨੇ ਕਿਹਾ ਸੀ ਕਿ ਦੁੱਲਾ  ਭੱਟੀ ਪੰਜਾਬੀਆਂ ਦੀ ਅਣਖ਼ ਦਾ ਰੂਪ ਸਰੂਪ ਏ। ਉਹ ਸਾਨੂੰ ਸਾਡੇ ਅਸਲੇ ਦੀ ਦੱਸ ਪਾਉਂਦਾ ਏ। ਉਹ ਸਾਡੀ ਪਛਾਣ ਕਰਾਉਂਦਾ ਏ। ਉਹ ਸਿੰਙਾਣ ਜਿਹਨੂੰ ਅਸੀਂ ਭੁਲਾ ਬੈਠੇ ਸਾਂ। ਉਹ ਪੰਜਾਬੀਆਂ ਨੂੰ ਹਲੂਣੇ ਮਾਰ ਮਾਰ ਜਗਾਉਂਦਾ ਰਹਿੰਦਾ ਏ। ਜਦ ਕੋਈ ਗਾਇਕ ਦੁੱਲੇ ਭੱਟੀ ਦੀ ਵਾਰ ਗਾ ਰਿਹਾ ਹੁੰਦਾ ਏ , ਕੋਈ ਸਿਆਣਾ  ਉਹਦੀ ਬੀਰ ਗਾਥਾ ਸੁਣਾ ਰਿਹਾ ਹੁੰਦਾ ਏ ਤੇ ਪੰਜਾਬੀ ਸੂਰਮਾ ਸਗਵਾਂ ਉਸ ਸੰਗਤ ਵਿਚ ਹਾਜ਼ਰ ਹੋ ਜਾਂਦਾ ਏ। ਉਹਦੀ ਹੋਂਦ ਪੰਜਾਬੀਆਂ ਵਿਚ ਜੋਸ਼ ਜਜ਼ਬੇ ਭਰ ਦਿੰਦੀ ਏ।
ਵੇਲੇ ਦੀਆਂ ਔਕੜਾਂ ਵਿਚ ਫਾਥਿਆਂ  ਨੂੰ ਹਰ ਔਕੜ ਨਾਲ਼ ਨਜਿੱਠਣ ਦੀ ਰਾਹ ਲੱਭ ਜਾਂਦੀ ਏ। ਉਹ ਦੁੱਲੇ ਦੀਆਂ ਵਾਰਾਂ ਤੇ ਕਥਾਵਾਂ ਵਿਚੋਂ ਆਪਣੀ ਗਵਾਚੀ ਹੋਂਦ ਨੂੰ ਲੱਭਣ ਜੋਗੇ ਹੋ ਨਿੱਬੜਦੇ ਨੇ। ਉਨ੍ਹਾਂ ਨੂੰ ਫ਼ਿਰ ਆਪਣੇ ਸਰੀਰ ਦੇ ਡੱਕਰੇ ਹੋਏ ਅੰਗ ਭਾਲਣੇ ਨਹੀਂ ਪੈਂਦੇ। ਦੁੱਲਾ ਭੱਟੀ ਸਭਨਾਂ ਪੰਜਾਬੀਆਂ ਨੂੰ ਇਸ ਸਾਂਝੇ ਵਜੂਦ ਨਾਲ਼ ਜੋੜ ਦਿੰਦਾ ਏ ਜਿਹਨੂੰ ਆਪਾਂ ਹੱਥੀਂ ਵੱਢ ਟੁੱਕ ਦਿੱਤਾ ਸੀ। ਨਿਰਾ ਧੜ ਈ ਨਹੀਂ ਉਹ ਫੀਤੀ ਫੀਤੀ ਹੋਈਆਂ ਸੋਚਾਂ ਨੂੰ ਵੀ ਇਕ ਲੜੀ ਵਿਚ ਪਰੋਂਦਾ ਏ। ਉਹਦੇ ਸੋਹਿਲੇ ਗਾਉਣ ਵਾਲਾ ਜਾਂ ਕਥਾ ਕਰਨ ਵਾਲਾ ਪੰਜਾਬੀਆਂ ਦਾ ਸਾਂਝਾ ਕਲਾਕਾਰ ਤੇ ਕਥਾਕਾਰ ਦਾ ਰੂਪ ਧਾਰਨ ਕਰਦਾ ਏ।
ਇਸ ਵਾਰ ਇਹ ਕਥਾ ਸੁਣਾ ਰਿਹਾ ਏ ਧਰਮ ਸਿੰਘ ਗੋਰਾਇਆ। ਖ਼ੇਰੂੰ  ਖ਼ੇਰੂੰ  ਪੰਜਾਬੀਆਂ ਨੂੰ ਮੁੜ ਜੋੜਨ ਵਾਲੇ ਨੇ ਲਿਖੀ ਤੇ ਦੁੱਲੇ ਭੱਟੀ ਦੀ ਜੀਵਨੀ ਏ ਪਰ ਜਾਪਦਾ ਏ ਉਹਨੇ ਪੂਰੇ ਪੰਜਾਬ ਦੀ ਅਮਰ ਗਾਥਾ ਲਿਖ ਦਿੱਤੀ ਏ। ਏਨੇ ਵੇਰਵੇ ਨਾਲ਼ ਪਹਿਲਾਂ ਕਦੇ ਕਿਸੇ ਵੀ ਲੇਖਕ ਨੇ ਸਾਨੂੰ ਸਾਡੀ ਇਹ ਸਾਂਝੀ ਦਾਸਤਾਨ ਨਹੀਂ ਸੁਣਾਈ। ਵਿਸਥਾਰ ਸਹਿਤ  ਸਾਡੇ ਸਨਮੁਖ ਸਾਡਾ ਅਪਣਾ ਇਹ ਸਰੂਪ ਪੇਸ਼ ਕਰਨ ਤੇ ਲਿਖਣ ਵਾਲੇ ਦੀ ਘਾਲਣਾ ਨੂੰ ਅਸੀਂ ਸਲਾਹੇ ਬਿਨਾ ਨਹੀਂ ਰਹਿ ਸਕਦੇ।
ਇਸ ਪੁਸਤਕ ਬਾਰੇ ਔਕਸਫੋਡ ਯੂਨੀਵਰਸਿਟੀ ਯੂ ਕੇ ਦੇ ਪ੍ਰੋਫੈਸਰ ਪ੍ਰੀਤਮ ਸਿੰਘ ਨੇ ਕਿਹਾ ਹੈ ਕਿ
ਧਰਮ ਸਿੰਘ ਗੋਰਾਇਆ ਨੇ ਆਪਣੀ ਊਰਜਾ ਤੇ ਸ਼ਕਤੀ ਸੋਮੇ ਉਨ੍ਹਾਂ ਸੂਰਮੇ ਬਹਾਦਰਾਂ  ਤੇ ਧਰਤੀ ਪੁੱਤਰਾਂ ਦੀ ਖੋਜ ਭਾਲ ਤੇ ਉਨ੍ਹਾਂ ਦੀ ਵਾਰਤਾ ਪੰਜਾਬੀਆਂ ਨੂੰ ਪੜ੍ਹਨ ਸੁਣਾਉਣ ਦਾ ਅਹਿਦਨਾਮਾ ਕੀਤਾ ਹੋਇਆ ਏ। ਇਹ ਬੀਤੇ ਸਮਿਆਂ ਦੇ ਵਿਸ਼ਵ ਦੇ ਚੋਣਵੇ ਅਮਰ ਨਾਇਕ ਨੇ ਜੋ ਸਾਨੂੰ ਸੰਘਰਸ਼ ਦੀ ਪ੍ਰੇਰਨਾ ਦਿੰਦੇ ਨੇ।
ਜ਼ੁਲਮ ਦੇ ਖ਼ਿਲਾਫ਼ ਲੜਨ ਵਾਲੇ ਸੂਰਮੇ ਉਸ ਦਾ ਮਨ ਪਸੰਦ ਵਿਸ਼ਾ ਹਨ। ਕਿਸਾਨੀ ਵਿੱਚੋਂ ਉੱਭਰੇ ਬਾਗੀ ਉਸ ਨੂੰ ਵੱਧ ਪ੍ਰਭਾਵਤ ਕਰਦੇ ਹਨ।
ਦੁੱਲਾ ਭੱਟੀ ਬਾਰੇ ਇਹ ਕਿਤਾਬ ਲਿਖ ਕੇ ਧਰਮ ਸਿੰਘ ਗੋਰਾਇਆ ਨੇ ਸਾਨੂੰ ਰਾਜਾ ਸ਼ਾਹੀ ਤੇ ਸਾਮੰਤ ਸ਼ਾਹੀ ਦੇ ਗੱਠ ਜੋੜ ਖ਼ਿਲਾਫ਼ ਨਾਬਰ ਝੰਡਾ ਬਰਦਾਰ ਨਾਲ ਮਿਲਵਾਇਆ ਹੈ।
ਮੈਂ ਉਸ ਦੇ ਇਸ ਉੱਦਮ ਦੀ ਪ੍ਰਸ਼ੰਸਾ ਕਰਦਾ ਹਾਂ ਕਿਉਂਕਿ ਸਮਾਜ ਵਿੱਚੋਂ ਸਮਾਜਿਕ ਸਰੋਕਾਰਾਂ ਵਾਲੇ ਨਾਇਕਾਂ ਨੇ ਹੀ ਸਾਡੇ ਲਈ ਪ੍ਰੇਰਨਾ ਸਰੋਤ ਬਣਨਾ ਹੁੰਦਾ ਹੈ। ਅੱਜ ਦੇ ਜਾਬਰ ਹਾਕਮਾਂ ਲਈ ਵੀ ਦੁੱਲੇ ਦੀ ਵੰਗਾਰ ਸਾਡੇ ਅੰਦਰ ਜ਼ੁੰਬਸ਼ ਪੈਦਾ ਕਰਦੀ ਹੈ। ਇਹ ਕਿਤਾਬ ਪੜ੍ਹਨ ਵਾਲਾ ਹਰ ਪਾਠਕ ਲਾਜ਼ਮੀ ਦੁੱਲਾ ਭੱਟੀ ਵਿੱਚੋਂ ਆਪਣੇ ਨਕਸ਼ ਪਛਾਣੇਗਾ।
ਭਾਰਤ ਦੀ ਕੇਂਦਰ ਸਰਕਾਰ ਨਾਲ ਕਿਸਾਨ ਤੇ ਕਿਰਤੀ ਕਾਮਿਆਂ ਵੱਲੋਂ ਲੜਿਆ ਸਵਾ ਸਾਲ ਲੰਮਾ ਸੰਘਰਸ਼ ਸਾਨੂੰ ਦੁੱਲੇ ਦੀ ਲਕੀਰ ਗੂੜ੍ਹੀ ਕਰਨ ਦੀ ਪ੍ਰੇਰਨਾ ਦਿੰਦਾ ਹੈ।
ਪੁਸਤਕ ਦੇ ਲੇਖਕ ਧਰਮ ਸਿੰਘ ਗੋਰਾਇਆ ਨੇ ਦੱਸਿਐ ਕਿ ਇਸ ਪੁਸਤਕ ਦੀ ਸਿਰਜਣਾ ਵਿੱਚ ਪਿੰਡੀ ਭੱਟੀਆਂ ਦੇ ਲੋਕਾਂ ਤੇ ਅੰਮ੍ਰਿਤਸਰ ਵੱਸਦੇ ਖੋਜੀ ਪੱਤਰਕਾਰ ਸੁਰਿੰਦਰ ਕੋਛੜ ਦੀ ਪ੍ਰੇਰਨਾ ਤੇ ਅਗਵਾਈ ਮੁੱਲਵਾਨ ਹੈ।
ਮੁੱਲਵਾਨ ਕਿਤਾਬ ਦੀ ਆਮਦ  ਪੰਜਾਬ ਦੀ ਜਵਾਨੀ ਨੂੰ  ਜਬਰ ਦੇ ਸ਼ਿਲਾਫ਼ ਸੰਘਰਸ਼ ਦੀ ਤਾਕਤ ਦੇਵੇਗੀ। ਇਹੀ ਕਿਸੇ ਕਿਰਤ ਦੀ ਸਾਰਥਿਕਤਾ ਹੁੰਦੀ ਹੈ।
ਇਸ ਕਿਤਾਬ ਦਾ ਮੁੱਖ ਬੰਦ ਲੋਕ ਵਿਰਾਸਤ ਅਕਾਡਮੀ ਦੇ ਚੇਅਰਮੈਨ ਪ੍ਰੋ ਗੁਰਭਜਨ ਸਿੰਘ ਗਿੱਲ ਨੇ ਲਿਖਿਆ ਹੈ। ਉਨ੍ਹਾਂ ਦੱਸਿਆ ਕਿ
ਗੁਰਮੁਖੀ ਅੱਖਰਾਂ ਵਿੱਚ ਇਹ ਪੁਸਤਕ
ਪੁਸਤਕ  ਵਿਕਰੇਤਾਵਾਂ ਕੋਲ ਦੋ ਸਾਲ ਪਹਿਲਾਂ ਪੁੱਜ ਚੁਕੀ ਹੈ। ਇਸ ਦਾ ਵਿਤਰਣ ਸਿੰਘ ਬਰਦਰਜ਼ ਅੰਮ੍ਰਿਤਸਰ ਵੱਲੋਂ ਕੀਤਾ ਗਿਆ ਹੈ।
ਇਸੇ ਮਹੀਨੇ ਲਾਹੌਰ ਵਿੱਚ ਹੋਈ ਵਸ਼ਵ ਪੰਜਾਬੀ ਕਾਨਫਰੰਸ ਵਿੱਚ ਦੁੱਲਾ ਭੱਟੀ ਬਾਰੇ ਦੋ ਗੀਤ ਫ਼ਖ਼ਰ ਜ਼ਮਾਂ ਤੇ ਇਲਿਆਸ ਘੁੰਮਣ ਜੀ ਨੇ ਲੋਕ ਅਰਪਨ ਕੀਤੇ ਹਨ। ਇੱਕ ਗੀਤ ਮੈਂ ਲਿਖਿਆ ਸੀ ਜਿਸ ਨੂੰ ਉੱਘੇ ਲੋਕ ਗਾਇਕ ਸੁਰਿੰਦਰ ਸ਼ਿੰਦਾ ਜੀ ਦੇ ਸੁਰੀਲੇ ਸ਼ਾਗਿਰਦ ਅਸ਼ਵਨੀ ਵਰਮਾ ਨੇ ਆਵਾਜ਼ ਦਿੱਤੀ ਹੈ। ਦੂਸਰਾ ਗੀਤ ਹਰਵਿੰਦਰ ਸਿੰਘ ਚੰਡੀਗੜ੍ਹ ਨੇ ਲਿਖਿਐ ਜਿਸ ਨੂੰ ਸੁਰੀਲੇ ਗਵੱਈਏ ਵੀਰ ਸੁਖਵੰਤ ਨੇ ਗਾਇਆ ਹੈ। 
ਮੈਂ ਆਪਣੇ ਵਾਲੇ ਗੀਤ ਦੇ ਬੋਲ ਵੀ ਤੁਹਾਡੇ ਨਾਲ ਸਾਂਝੇ ਕਰ ਰਿਹਾਂ। ਪਹਿਲਾਂ ਰੁਬਾਈ ਪੇਸ਼ ਹੈ
ਜਬਰ ਦੀ ਤੇਜ਼ ਹਨ੍ਹੇਰੀ ਅੱਗੇ, ਵਿਰਸਾ ਹਿੱਕਾਂ ਤਾਣ ਬੋਲਦਾ। 
ਕੰਬ ਉੱਠਦੇ ਨੇ ਰਾਜ ਘਰਾਣੇ, ਜਦ ਧਰਤੀ ਦਾ ਮਾਣ ਬੋਲਦਾ। 
ਤਖ਼ਤ ਲਾਹੌਰ ਤੇ ਦਿੱਲੀ ਨੂੰ ਵੀ ਅੱਜ ਫਿਰ ਦੁੱਲਾ ਪਿਆ ਵੰਗਾਰੇ,
ਜਾਬਰ ਅੱਗੇ ਨਾਬਰ ਸੂਰੀ, ਆਪਣਾ ਫ਼ਰਜ਼ ਪਛਾਣ ਬੋਲਦਾ। ਗੀਤ ਕੁਝ ਇਸ ਤਰ੍ਹਾਂ ਹੈ। 

ਦੁੱਲਿਆ ਤੂੰ ਅਣਖ਼ਾਂ ਜਗਾ ਦੇ ਆਣ ਕੇ। 

ਹੋਣੀ ਸਾਡੀ ਰੱਤ ਪੀਂਦੀ ਨਿੱਤ ਛਾਣ ਕੇ ।
ਦੁੱਲਿਆ ਤੂੰ ਅਣਖ਼ਾਂ ਜਗਾ ਦੇ ਆਣ ਕੇ ।

ਮੁਗਲਾਂ ਨੇ ਹੁਣ ਭੇਸ ਨੂੰ ਵਟਾ ਲਿਆ ।
ਪਿੰਡੀ ਵਾਂਗੂੰ ਸਾਰੇ ਪਿੰਡੀਂ ਘੇਰਾ ਪਾ ਲਿਆ ।
ਲੁੱਟਦੇ ਸਿਆਸਤਾਂ ਦੇ ਤੰਬੂ ਤਾਣ ਕੇ ।
ਦੁੱਲਿਆ ਤੂੰ ਅਣਖ਼ਾਂ ਜਗਾ ਦੇ ਆਣ ਕੇ ।

ਦਿੱਲੀ ਤੇ ਲਾਹੌਰ ਵਾਲੇ ਇੱਕੋ ਬਾਤ ਹੈ ।
ਪਾਪੀਆਂ ਦੀ ਹਰ ਥਾਂ ਤੇ ਇੱਕੋ ਜ਼ਾਤ ਹੈ ।
ਇਨ੍ਹਾਂ ਦੇ ਹੁੰਦੇ ਨੇ ਇੱਕੋ ਘਰੇ ਨਾਨਕੇ ।
ਦੁੱਲਿਆ ਤੂੰ ਅਣਖ਼ਾਂ ਜਗਾ ਦੇ ਆਣ ਕੇ ।

ਲੱਭੇ ਤੈਨੂੰ ਦੁੱਲਿਆ ਵੇ ਭੈਣ ਸੁੰਦਰੀ ।
ਖ਼ਤਰੇ ’ਚ ਜੀਹਦੀ ਸ਼ਗਨਾਂ ਦੀ ਮੁੰਦਰੀ ।
ਦਾਜ ਦੇ ਲਈ ਸਹੁਰੇ ਮਿਹਣੇ ਦੇਣ ਜਾਣ ਕੇ ।
ਦੁੱਲਿਆ ਤੂੰ ਅਣਖ਼ਾਂ ਜਗਾ ਦੇ ਆਣ ਕੇ ।

ਅਕਬਰ ਪਹਿਲਾਂ ਤੋਂ ਸ਼ੈਤਾਨ ਹੋ ਗਿਆ ।
ਤੇਰਾ ਵੀ ਕਬੀਲਾ ਬੇਈਮਾਨ ਹੋ ਗਿਆ ।
ਹੋਏ ਨੇ ਨਿਕੰਮੇ ਬਹੁਤਾ ਸੁਖ ਮਾਣ ਕੇ ।
ਦੁੱਲਿਆ ਤੂੰ ਅਣਖ਼ਾਂ ਜਗਾ ਦੇ ਆਣ ਕੇ ।
🟪

Share:

ਸੰਪਾਦਕ ਦਾ ਡੈਸਕ

Parminder Singh Jatpuri

Editor in Chief

ਕੱਪੜ ਛਾਣ

Watch LIVE TV
Khabarwaale TV
Subscribe

Get all latest content delivered to your email a few times a month.