ਤਾਜਾ ਖਬਰਾਂ
.
ਪਟਿਆਲੇ ਵੱਸਦੇ ਪਿਆਰੇ ਵੀਰ ਸਰਬਜੀਤ ਸਿੰਘ ਵਿਰਕ ਐਡਵੋਕੇਟ ਦਾ ਸ਼ਹੀਦ ਭਗਤ ਸਿੰਘ ਜੀ ਨਾਲ ਸਨੇਹੀ ਰਿਸ਼ਤਾ ਹੋਣ ਕਾਰਨ ਹੀ ਸ਼ਹੀਦ ਭਗਤ ਸਿੰਘ ਜੀ ਦੀਆਂ ਇਹੋ ਜਹੀਆਂ ਲਿਖਤਾਂ ਦਾ ਸੰਪਾਦਨ ਹੁੰਦਾ ਹੈ। ਪਰਮਜੀਤ ਤੇ ਸਰਬਜੀਤ ਦੋਵੇ ਭਰਾ ਸਾਹਿੱਤ ਸਿਰਜਕ ਹਨ। ਆਪਣੇ ਬਾਬਲ ਤੋਂ ਅਦਬ ਦੀ ਗੁੜ੍ਹਤੀ ਲੈ ਕੇ ਉਹ ਇਸ ਕਾਰਜ ਵਿੱਚ ਜੁੱਟੇ ਹਨ।
ਸਰਬਜੀਤ ਦੀ ਸੋਚ ਵਿੱਚ ਭਗਤ ਸਿੰਘ ਤੇ ਉਸ ਦੇ ਇਨਕਲਾਬੀ ਫ਼ਲਸਫ਼ੇ ਦੀ ਚਾਸ਼ਨੀ ਗੜੁੱਚ ਹੈ। ਓਦਾਂ ਇਹ ਕਾਰਜ ਕਿੱਥੇ ਛੋਹੇ ਜਾਂਦੇ ਨੇ।
ਕੱਲ੍ਹ 23 ਮਾਰਚ ਨੂੰ ਸ਼ਹੀਦ ਰਾਜਗੁਰੂ, ਸੁਖਦੇਵ ਤੇ ਭਗਤ ਸਿੰਘ ਦਾ ਸ਼ਹੀਦੀ ਦਿਹਾੜਾ ਹੈ। ਲਾਹੌਰ ਦੀ ਸੈਂਟਰਲ ਜੇਲ੍ਹ ਵਿੱਚ ਇਹ ਤਿੰਨ ਸੂਰਮੇ 23 ਮਾਰਚ 1931 ਨੂੰ ਫਾਂਸੀ ਚੜ੍ਹੇ ਸਨ ਰਾਮ ਪ੍ਰਸਾਦਿ ਬਿਸਮਿਲ ਦੇ ਇਹ ਬੋਲ ਗਾਉਂਦੇ ਕਿ
ਸਰਫ਼ਰੋਸ਼ੀ ਕੀ ਤਮੰਨਾ ਅਬ ਹਮਾਰੇ ਦਿਲ ਮੇਂ ਹੈ।
ਦੇਖਨਾ ਹੈ ਜ਼ੋਰ ਕਿਤਨਾ ਬਾਜ਼ੂ ਏ ਕਾਤਿਲ ਮੇਂ ਹੈ।
ਲਾਹੌਰ ਦੀ ਜੇਲ੍ਹ ਤਾਂ ਹੁਣ ਕਾਇਮ ਨਹੀਂ ਰਹੀ ਪਰ ਸੋਕਾਂ ਈ ਇਸ ਥਾਂ ਤੇ ਬਣਿਆ ਸ਼ਾਦਮਾਨ ਚੌਂਕ ਹੁਣ ਸ਼ਹੀਦ ਭਗਤ ਸਿੰਘ ਚੌਂਕ ਐਲਾਨਣ ਦੀ ਮੰਗ ਜ਼ੋਰਾਂ ਤੇ ਹੈ।
ਪਾਕਿਸਤਾਨੀ ਪੰਜਾਬ ਦੀ ਹਕੂਮਤ ਇਹ ਕਾਰਜ ਕਰਕੇ ਸਮੁੱਚੇ ਵਿਸ਼ਵ ਦੇ ਇਨਕਲਾਬੀ ਸੋਚ ਧਾਰਕਾਂ ਦਾ ਦਿਲ ਜਿੱਤ ਸਕਦੀ ਹੈ।
23 ਮਾਰਚ ਵਾਲੇ ਦਿਨ ਅਸੀਂ ਵੀ ਸਾਰੇ ਇਹ ਕੋਸ਼ਿਸ਼ ਕਰੀਏ ਕਿ ਰਸਮੀ ਸ਼ਰਧਾਂਜਲੀਆਂ ਦੀ ਥਾਂ ਉਨ੍ਹਾਂ ਦੀਆਂ ਲਿਖਤਾਂ ਨਾਲ ਸਾਂਝ ਪਾਈਏ।
ਸਰਬਜੀਤ ਸਿੰਘ ਵਿਰਕ ਦੀ ਇਸ ਕਿਤਾਬ ਤੋਂ ਇਲਾਵਾ ਇਨ੍ਹਾਂ ਸੂਰਮਿਆਂ ਦੀਆਂ ਲਿਖੀਆਂ ਸਮੁੱਚੀਆਂ ਲਿਖਤਾਂ ਨੂੰ ਸ਼ਹੀਦ ਭਗਤ ਸਿੰਘ ਦੇ ਸੁਚੇਤ ਭਣੇਵੇ ਪ੍ਰੋ. ਜਗਮੋਹਨ ਸਿੰਘ ਜੀ ਨੇ ਵੀ ਸੰਪਾਦਿਤ ਕੀਤਾ ਹੈ ਜਿਸ ਨੂੰ ਚੇਤਨਾ ਪ੍ਰਕਾਸ਼ਨ ਨੇ ਪ੍ਰਕਾਸ਼ਿਤ ਕੀਤਾ ਹੈ। ਸ਼ਹੀਦ ਭਗਤ ਸਿੰਘ ਜੀ ਜੀਵਨੀ ਤੇ ਲਿਖਤਾਂ ਪ੍ਰੋ. ਮਲਵਿੰਦਰਜੀਤ ਸਿੰਘ ਵੜੈਚ ਤੇ ਡਾ. ਚਮਨ ਲਾਲ ਨੇ ਵੀ ਪੰਜਾਬੀ, ਹਿੰਦੀ ਤੇ ਅੰਗਰੇਜ਼ੀ ਵਿੱਚ ਛਪਵਾ ਦਿੱਤੀਆਂ ਹਨ। ਇਹ ਸਭ ਖ਼ਜ਼ਾਨਾ ਐਮਾਜ਼ੋਨ ਰਾਹੀਂ ਘਰ ਬੈਠੇ ਮੰਗਵਾ ਕੇ ਪੜ੍ਹ ਸਕਦੇ ਹੋ।
23 ਮਾਰਚ ਦੇ ਸ਼ਹੀਦਾਂ ਨੂੰ ਸਮਰਪਿਤ ਸੀਨੀਅਰ ਐਡਵੋਕੇਟ ਸਰਦਾਰ ਰ. ਸ ਚੀਮਾ (ਰਾਜ ਕਸ਼ਮੀਰੀ)ਦੀ ਇਹ ਰੁਬਾਈ ਤੁਹਾਡੇ ਨਾਲ ਸਾਂਝੀ ਕਰਨੀ ਚਾਹਾਂਗਾ।
ਵਤਨਾਂ ਦੇ ਲੇਖੇ ਲੱਗਦਾ ਏ, ਇੱਕ ਇੱਕ ਅਰਮਾਨ ਸ਼ਹੀਦਾਂ ਦਾ।
ਤੇ ਦੇਸ਼ ਦੀ ਖ਼ਾਤਰ ਮਰਨਾ ਹੀ, ਹੁੰਦੈ ਈਮਾਨ ਸ਼ਹੀਦਾ ਦਾ।
ਦੇ ਦੇ ਕੁਰਬਾਨੀ ਵੀਰਾਂ ਦੀ ਹਰ ਕੌਮ ਜਵਾਨੀ ਚੜ੍ਹਦੀ ਏ,
ਕੌਮਾਂ ਦੇ ਸਿਰ ਤੇ ਰਹਿੰਦਾ ਏ, ਹਰ ਦਮ ਅਹਿਸਾਨ ਸ਼ਹੀਦਾਂ ਦਾ।
ਸਾਡਾ ਨਮਨ ਹੈ ਸੂਰਮਿਆਂ ਨੂੰ।
ਇਨ੍ਹਾਂ ਸੂਰਬੀਰਾਂ ਨੂੰ ਚਿਤਵਦਿਆਂ ਮੈਂ ਆਪਣੀ ਇਹ ਗ਼ਜ਼ਲ ਤੁਹਾਡੇ ਸਨਮੁਖ ਪੇਸ਼ ਕਰਦਾ ਹਾਂ।
ਗ਼ਜ਼ਲ
▪️ਗੁਰਭਜਨ ਗਿੱਲ
ਇਹ ਸੁਣਦਿਆਂ ਕੰਨ ਵੀ ਪੱਕ ਗਏ ਨੇ, ਇਕ ਵਾਰ ਭਗਤ ਸਿੰਘ ਫਿਰ ਆਵੇ।
ਸਾਨੂੰ ਜਬਰ ਜ਼ੁਲਮ ਤੋਂ ਮੁਕਤ ਕਰੇ, ਇਕ ਵਾਰ ਭਗਤ ਸਿੰਘ ਫਿਰ ਆਵੇ।
ਕਿਉਂ ਜ਼ੋਰ ਜਵਾਨੀ ਮੁੱਕ ਗਿਆ ਤੇ ਅਣਖ਼ ਦਾ ਸੋਮਾ ਸੁੱਕ ਗਿਆ,
ਕਮਜ਼ੋਰ ਜਵਾਨੀ ਕਿਉਂ ਕਹਿੰਦੀ, ਇਕ ਵਾਰ ਭਗਤ ਸਿੰਘ ਫਿਰ ਆਵੇ।
ਕਿਉਂ ਗਿਆਨ ਦੀ ਲੀਹੋਂ ਲਹਿ ਗਏ ਹਾਂ ਤੇ ਹੱਥਲ ਹੋ ਕੇ ਬਹਿ ਗਏ ਹਾਂ,
ਇਹ ਹੀ ਕਿਉਂ ਮੁੜ ਮੁੜ ਕਹਿੰਦੇ ਹਾਂ, ਇਕ ਵਾਰ ਭਗਤ ਸਿੰਘ ਫਿਰ ਆਵੇ।
ਅਸੀਂ ਆਪਣੀ ਮੀਟੀ ਹਾਰ ਗਏ, ਦੁਸ਼ਮਣ ਹੱਬ ਬਣ ਹਥਿਆਰ ਗਏ,
ਪਿੰਜਰੇ ਵਿਚ ਬਹਿ ਕੇ ਕਿਉਂ ਗਾਈਏ, ਇਕ ਵਾਰ ਭਗਤ ਸਿੰਘ ਫਿਰ ਆਵੇ।
ਅਸੀਂ ਹਾਕਮ ਦੇ ਕਾਰਿੰਦੇ ਹੁਣ, ਇਤਿਹਾਸ ਕੋਲ ਸ਼ਰਮਿੰਦੇ ਹੁਣ,
ਕਿਉਂ ਮੂੰਹ ਰੱਖਣੀ ਲਈ ਕਹਿੰਦੇ ਹਾਂ ਇਕ ਵਾਰ ਭਗਤ ਸਿੰਘ ਫਿਰ ਆਵੇ।
ਸਾਡੇ ਹੀ ਅੰਦਰ ਰਾਜਗੁਰੂ, ਸੁਖਦੇਵ, ਭਗਤ ਸਿੰਘ ਸਾਰੇ ਹੀ,
ਬੈਗੈਰਤ ਹੋ ਕਿਉਂ ਕਹਿੰਦੇ ਹਾਂ, ਇਕ ਵਾਰ ਭਗਤ ਸਿੰਘ ਫਿਰ ਆਵੇ।
ਜੇ ਸੱਚ ਮੁੱਚ ਮੁਕਤੀ ਚਾਹੁੰਦੇ ਹਾਂ, ਕਿਉਂ ਬਾਹਰੋਂ ਨਾਇਕ ਬੁਲਾਉਂਦੇ ਹਾਂ,
ਸਾਡੀ ਰਖਵਾਲੀ ਖਾਤਰ ਕਿਉਂ, ਇੱਕ ਵਾਰ ਭਗਤ ਸਿੰਘ ਫਿਰ ਆਵੇ।
🟩
Get all latest content delivered to your email a few times a month.