ਤਾਜਾ ਖਬਰਾਂ
ਖੰਨਾ: ਖੰਨਾ ਦੇ ਥਾਣਾ ਮਾਛੀਵਾੜਾ ਸਾਹਿਬ ਦੇ ਸਮਰਾਲਾ ਰੋਡ ਇਲਾਕੇ 'ਚ ਸੁੰਨਸਾਨ ਜਗ੍ਹਾ 'ਤੇ ਕਾਰ 'ਚੋਂ ਇਕ ਨੌਜਵਾਨ ਦੀ ਲਾਸ਼ ਮਿਲੀ ਹੈ। ਮੌਤ ਸ਼ੱਕੀ ਹਾਲਾਤਾਂ 'ਚ ਹੋਣ ਕਾਰਨ ਪੁਲਸ ਨੇ ਇਸ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਮ੍ਰਿਤਕ ਦੀ ਪਛਾਣ 25 ਸਾਲਾ ਯਾਦਵਿੰਦਰ ਸਿੰਘ ਵਜੋਂ ਹੋਈ ਹੈ। ਉਹ ਪਰਿਵਾਰ ਦਾ ਇਕਲੌਤਾ ਪੁੱਤਰ ਸੀ। ਯਾਦਵਿੰਦਰ ਸਿੰਘ ਦੁਪਹਿਰ 12 ਵਜੇ ਫੋਰਡ ਫਿਗੋ ਕਾਰ ਵਿੱਚ ਘਰੋਂ ਨਿਕਲਿਆ ਸੀ। ਪਰਿਵਾਰਕ ਮੈਂਬਰ ਯਾਦਵਿੰਦਰ ਨੂੰ ਵਾਰ-ਵਾਰ ਫੋਨ ਕਰ ਰਹੇ ਸਨ ਪਰ ਫੋਨਾਂ ਦਾ ਕੋਈ ਜਵਾਬ ਨਹੀਂ ਆਇਆ। ਇਸੇ ਦੌਰਾਨ ਪੁਲੀਸ ਨੂੰ ਸੂਚਨਾ ਮਿਲੀ ਕਿ ਸਮਰਾਲਾ ਰੋਡ ’ਤੇ ਇੱਕ ਨੌਜਵਾਨ ਕਾਰ ਵਿੱਚ ਸ਼ੱਕੀ ਹਾਲਤ ਵਿੱਚ ਪਿਆ ਹੋਇਆ ਹੈ। ਜੋ ਬੇਹੋਸ਼ ਹੈ।
ਐਸਐਚਓ ਭਿੰਦਰ ਸਿੰਘ ਆਪਣੀ ਟੀਮ ਸਮੇਤ ਮੌਕੇ ’ਤੇ ਪੁੱਜੇ। ਉੱਥੇ ਦੇਖਿਆ ਗਿਆ ਕਿ ਨੌਜਵਾਨ ਡਰਾਈਵਰ ਸੀਟ 'ਤੇ ਬੇਹੋਸ਼ ਪਿਆ ਸੀ। ਕਾਰ 'ਚੋਂ ਮਿਲੇ ਦਸਤਾਵੇਜ਼ਾਂ ਤੋਂ ਉਸ ਦੀ ਪਛਾਣ ਹੋਈ ਅਤੇ ਉਸ ਦੇ ਪਰਿਵਾਰਕ ਮੈਂਬਰਾਂ ਨੂੰ ਫੋਨ ਕਰਕੇ ਸੂਚਿਤ ਕੀਤਾ ਗਿਆ। ਜਦੋਂ ਉਸ ਨੂੰ ਹਸਪਤਾਲ ਲਿਜਾ ਕੇ ਚੈੱਕ ਕੀਤਾ ਗਿਆ ਤਾਂ ਡਾਕਟਰ ਨੇ ਨੌਜਵਾਨ ਨੂੰ ਮ੍ਰਿਤਕ ਐਲਾਨ ਦਿੱਤਾ।
ਖੰਨਾ ਪੁਲਿਸ ਜ਼ਿਲ੍ਹੇ ਦੇ ਐਸਪੀ (ਆਈ) ਸੌਰਵ ਜਿੰਦਲ ਨੇ ਦੱਸਿਆ ਕਿ ਮੌਤ ਸ਼ੱਕੀ ਹਾਲਾਤਾਂ ਵਿੱਚ ਹੋਈ ਹੈ। ਫਿਲਹਾਲ ਕੁਝ ਨਹੀਂ ਕਿਹਾ ਜਾ ਸਕਦਾ। ਪਰਿਵਾਰ ਮੁਤਾਬਕ ਯਾਦਵਿੰਦਰ ਦਿਲ ਦਾ ਮਰੀਜ਼ ਸੀ। ਪੁਲਿਸ ਨੇ ਪਰਿਵਾਰਕ ਮੈਂਬਰਾਂ ਦੇ ਬਿਆਨ ਦਰਜ ਕਰਕੇ ਧਾਰਾ 174 ਤਹਿਤ ਕਾਰਵਾਈ ਕੀਤੀ ਹੈ। ਮੌਤ ਦੇ ਅਸਲ ਕਾਰਨਾਂ ਦਾ ਪਤਾ ਪੋਸਟਮਾਰਟਮ ਦੀ ਰਿਪੋਰਟ ਵਿੱਚ ਆਵੇਗਾ।
Get all latest content delivered to your email a few times a month.