ਤਾਜਾ ਖਬਰਾਂ
.
ਲੁਧਿਆਣਾਃ 1 ਮਾਰਚ: ਪੰਜਾਬੀ ਸਾਹਿੱਤ ਅਕਾਡਮੀ ਲੁਧਿਆਣਾ ਦੇ ਪ੍ਰਧਾਨ ਡਾ. ਲਖਵਿੰਦਰ ਸਿੰਘ ਜੌਹਲ ਤੇ ਜਨਰਲ ਸਕੱਤਰ ਡਾ. ਗੁਰਇਕਬਾਲ ਸਿੰਘ ਨੇ ਇੱਕ ਲਿਖਤੀ ਪਰੈੱਸ ਬਿਆਨ ਵਿੱਚ ਕਿਹਾ ਹੈ ਕਿ ਪਿਛਲੇ ਦੋ ਸਾਲਾਂ ਦੇ ਕਾਰਜਕਾਲ ਦੌਰਾਨ ਸੀਨੀਅਰ ਮੀਤ ਪ੍ਰਧਾਨ ਤੇ ਸਮੁੱਚੀ ਪ੍ਰਬੰਧਕ ਕਮੇਟੀ ਦੇ ਸਹਿਯੋਗ ਨਾਲ ਪਿਛਲੇ ਚੌਦਾਂ ਸਾਲਾਂ ਤੋਂ ਪੰਜਾਬੀ ਸਾਹਿੱਤ ਅਕਾਡਮੀ ਦੇ ਦੋ ਕਮਰਿਆਂ ਤੇ ਗਰੀਨ ਰੂਮਜ਼ ਉੱਤੇ ਕੀਤੇ ਗਏ ਨਜਾਇਜ਼ ਕਬਜ਼ਿਆਂ ਨੂੰ ਹਟਾਏ ਜਾਣ ਦਾ ਜੋਖ਼ਮ ਭਰਿਆ ਕਾਰਜ ਸਵਰਗੀ ਲੇਖਕ ਤੇ ਪ੍ਰਬੰਧਕੀ ਬੋਰਡ ਮੈਂਬਰ ਸੁਖਜੀਤ ਮਾਛੀਵਾੜਾ ਦੀ ਅਗਵਾਈ ਵਿੱਚ ਬਣਾਈ ਗਈ ਟੀਮ ਦੀ ਹਿੰਮਤ ਤੇ ਪ੍ਰੇਰਨਾ ਸਦਕਾ ਸਫ਼ਲਤਾ ਪੂਰਨ ਨੇਪਰੇ ਚਾੜ੍ਹਿਆ ਗਿਆ।ਪੁਸਤਕ ਬਾਜ਼ਾਰ ਵਿੱਚ ਬੰਦ ਪਏ 'ਪੁਸਤਕ ਵਿਕਰੀ ਕੇਂਦਰ' ਦੀ ਮੁੜ ਵਿਉਂਤਕਾਰੀ ਤੇ ਮੁੜ ਸੁਰਜੀਤੀ ਕੀਤੀ ਗਈ। ਕਈ ਸਾਲਾਂ ਤੋਂ ਬੰਦ ਪਈ ਕੰਟੀਨ ਸ਼ੁਰੂ ਕੀਤੀ ਗਈ। ਸਮਾਗਮਾਂ ਵੇਲੇ ਸਸਤਾ ਅਤੇ ਵਧੀਆ ਖਾਣਾ ਮੁਹੱਈਆ ਕਰਨਾ ਯਕੀਨੀ ਬਣਾਇਆ ਗਿਆ।
ਡਾ. ਜੌਹਲ ਨੇ ਦੱਸਿਆ ਕਿ ਜਨਮੇਜਾ ਸਿੰਘ ਜੌਹਲ ਤੇ ਦੀਪ ਜਗਦੀਪ ਸਿੰਘ ਦੀ ਕੋਸ਼ਿਸ਼ ਸਦਕਾ ਪੰਜਾਬੀ ਸਾਹਿੱਤ ਅਕਾਡਮੀ ਲੁਧਿਆਣਾ ਦੀ ਵੈਬਸਾਈਟ ਬਣਾ ਕੇ ਚਾਲੂ ਕੀਤੀ ਗਈ।
ਡਾ. ਗੁਰਇਕਬਾਲ ਸਿੰਘ ਨੇ ਦੱਸਿਆ ਕਿ ਮੈਂਬਰਸ਼ਿਪ ਸੂਚੀ ਅਤੇ ਲਾਇਬਰੇਰੀ ਕਿਤਾਬਾਂ ਦੀ ਸੂਚੀ ਵੈਬਸਾਈਟ ਉਪਰ ਪਾਈ ਗਈ। ਅਜੇਹਾ ਪਹਿਲੀ ਵਾਰ ਹੋਇਆ ਹੈ। ਨਵੇਂ ਬਾਥਰੂਮਜ਼ ਦਾ ਨਿਰਮਾਣ ਮੁਕੰਮਲ ਕਰਕੇ ਅਕਾਡਮੀ ਦੇ ਮਾਣਯੋਗ ਮੈਂਬਰ ਅਤੇ ਲੋਕ ਮੰਚ ਪੰਜਾਬ ਦੇ ਪ੍ਰਧਾਨ ਸੁਰਿੰਦਰ ਸਿੰਘ ਸੁੰਨੜ ਤੋੰ ਇਕ ਲੱਖ ਰੁਪਏ ਦੀ ਵਿਤੀ ਸਹਾਇਤਾ ਪ੍ਰਾਪਤ ਕਰਕੇ ,ਉਨ੍ਹਾਂ ਨੂੰ ਚਾਲੂ ਕਰਵਾਇਆ ਗਿਆ ਅਤੇ ਦੱਬੇ ਗਏ ਸੀਵਰੇਜ ਸਿਸਟਮ ਨੂੰ ਨਵੇਂ ਸਿਰੇ ਤੋਂ ਵਿਓਂਤ ਕੇ ਨਵੇਂ ਵੱਡੇ ਪਾਈਪ ਪਵਾਏ ਗਏ। ਪੰਜਾਬੀ ਭਵਨ ਦੀ ਸੁਰੱਖਿਆ ਅਤੇ ਨਿਗਰਾਨੀ ਲਈ ਨਵੇਂ ਨਿਗਰਾਨੀ ਕੈਮਰੇ ਮਾਣਯੋਗ ਡਾਕਟਰ ਸਰਦਾਰਾ ਸਿੰਘ ਜੌਹਲ ਜੀ ਵਲੋਂ ਦਿੱਤੀ ਗਈ ਇਕ ਲੱਖ ਰੁਪਏ ਦੀ ਵਿੱਤੀ ਮਦਦ ਨਾਲ ਲਗਾਏ ਗਏ। ਪ੍ਰਾਜੈਕਟਰ ਦੀ ਸਹੂਲਤ ਵਾਲਾ, ਵੱਡ ਆਕਾਰੀ ਗੋਲ ਮੇਜ਼ ਤੇ 50 ਤੋਂ ਵੱਧ ਕੁਰਸੀਆਂ ਦੀ ਵਿਵਸਥਾ ਵਾਲੇ ਡਾ. ਮਹਿੰਦਰ ਸਿੰਘ ਰੰਧਾਵਾ ਵਾਤਾ ਅਨੁਕੂਲ ਕਾਨਫ਼ਰੰਸ ਰੂਮ ਦੀ ਸਥਾਪਨਾ ਕੀਤੀ ਗਈ।
ਡਾ. ਲਖਵਿੰਦਰ ਸਿੰਘ ਜੌਹਲ ਨੇ ਦੱਸਿਆ ਕਿ ਪ੍ਰੋ. ਗੁਰਭਜਨ ਸਿੰਘ ਗਿੱਲ ਤਾ ਡਾ. ਐੱਸ ਪੀ ਸਿੰਘ ਸਾਬਕਾ ਵਾਈਸ ਚਾਂਸਲਰ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੀ ਕੋਸ਼ਿਸ਼ ਸਦਕਾ ਸ. ਸੁਖਜਿੰਦਰ ਸਿੰਘ ਰੰਧਾਵਾ ਪਾਸੋਂ ਵਿੱਤੀ ਸਾਧਨ ਹਾਸਲ ਕਰਕੇ ਪੰਥ ਰਤਨ ਮਾਸਟਰ ਤਾਰਾ ਸਿੰਘ ਜੀ ਦੇ ਸਮੁੱਚੇ ਸਾਹਿਤ ਦੀ ਸੱਤ ਜਿਲਦਾਂ ਵਿਚ ਪ੍ਰਕਾਸ਼ਨਾ ਕੀਤੀ ਗਈ ਅਤੇ ਉਸ ਨੂੰ ਅੱਗੋਂ ਛਾਪਣ ਦੇ ਵੀ ਪੂਰੇ ਅਧਿਕਾਰ ਪ੍ਰਾਪਤ ਕੀਤੇ ਗਏ। ਸ਼ਹੀਦ ਬਿਲਾਸ ਭਾਈ ਮਨੀ ਸਿੰਘ, ਜੰਗਨਾਮਾ ਸ਼ਾਹ ਮੁਹੰਮਦ, ਸ੍ਰੀ ਗੁਰੂ ਨਾਨਕ ਜਹਾਜ਼ (ਕਾਮਾ ਗਾਟਾ ਮਾਰੂ ਜਹਾਜ਼ ਦਾ ਕਾਵਿ ਬਿਰਤਾਂਤ)ਵਰਗੀਆਂ ਕਿਤਾਬਾਂ ਦੀ ਪ੍ਰਕਾਸ਼ਨਾ ਕੀਤੀ ਗਈ। ‘ਆਲੋਚਨਾ' ਰਸਾਲੇ ਦੀ ਪ੍ਰਕਾਸ਼ਨਾ ਨੂੰ ਮੁੜ ਲੀਹ ਤੇ ਲਿਆਂਦਾ ਗਿਆ। ਅਕਾਡਮੀ ਵਲੋਂ ਵੱਖ-ਵੱਖ ਸੰਸਥਾਵਾਂ ਦੇ ਸਹਿਯੋਗ ਨਾਲ ਸਥਾਪਿਤ ਕੀਤੇ ਗਏ ਪੁਰਸਕਾਰਾਂ ਨੂੰ ਹੁਣ ਤੀਕ ਸੰਪੂਰਨ (ਅਪਡੇਟ) ਕੀਤਾ ਗਿਆ। ਪੰਜਾਬੀ ਭਵਨ ਅੰਦਰ ਦੀਆਂ ਸਾਰੀਆਂ ਦੁਕਾਨਾਂ ਦੇ ਕਿਰਾਏਦਾਰਾਂ ਤੋਂ ਬਕਾਇਆ ਕਿਰਾਇਆਂ ਨੂੰ ਉਗਰਾਹਿਆ ਗਿਆ, ਅੱਗੋਂ ਲਈ ਨਵਿਆ ਕੇ ਸਾਰੀਆਂ ਦੁਕਾਨਾਂ ਨੂੰ ਕਿਰਾਏ ਉੱਤੇ ਚਾੜ੍ਹਿਆ ਗਿਆ।
ਲਾਇਬ੍ਰੇਰੀ ਦੀਆਂ ਸਾਰੀਆਂ ਕਿਤਾਬਾਂ ਦੇ ਰੱਖ-ਰਖਾਓ ਨੂੰ ਨਵੇਂ ਸਿਰੇ ਤੋਂ ਵਿਉਂਤ ਕੇ ਅਤੇ ਨਵੀਂ ਲਾਇਬਰੇਰੀ ਵਿਚ ਤਬਦੀਲ ਕਰਨ ਲਈ ਯਤਨ ਆਰੰਭ ਕੀਤੇ ਗਏ।
ਸਾਹਿਤਕ ਸਮਾਗਮਾਂ ਦੀ ਲੜੀ ਨੂੰ ਨਿਰੰਤਰ ਜਾਰੀ ਰੱਖ ਕੇ, ਵੱਖ-ਵੱਖ ਸੰਸਥਾਵਾਂ ਦੇ ਸਹਿਯੋਗ ਨਾਲ ਨਵੀਆਂ ਪ੍ਰਕਾਸ਼ਿਤ ਕਿਤਾਬਾਂ ਉੱਤੇ ਗੋਸ਼ਟੀਆਂ ਅਤੇ ਲੁਧਿਆਣੇ ਤੋਂ ਬਾਹਰ ਸਿਰਸਾ (ਹਰਿਆਣਾ) ਵਿੱਚ ਵੀ ਡਾ. ਹਰਵਿੰਦਰ ਸਿੰਘ ਸਿਰਸਾ ਦੀ ਕਨਵੀਨਰਸ਼ਿਪ ਹੇਠ ਵਿਸ਼ਾਲ ਪ੍ਰੋਗਰਾਮ ਕਰਵਾਇਆ ਗਿਆ। ਖਾਲਸਾ ਕਾਲਜ ਮਾਹਿਲਪੁਰ ਵਿਖੇ ਭਗਵੰਤ ਰਸੂਲਪੁਰੀ ਅਤੇ ਜੇ ਬੀ ਸੇਖੋਂ ਦੀ ਦੇਖ-ਰੇਖ ਹੇਠ ਸ਼ਾਨਦਾਰ ਕਹਾਣੀ ਸਮਾਗਮ ਕੀਤਾ ਗਿਆ। ਅਕਾਡਮੀ ਦੀ ਵਿੱਤੀ ਵਿਵਸਥਾ ਨੂੰ ਸਮਰੱਥ ਬਣਾਉਣ ਲਈ, ਨਵੇਂ ਸਰਪ੍ਰਸਤ ਮੈਂਬਰਾਂ ਵਿਚ ਵਾਧਾ ਕੀਤਾ ਗਿਆ। ਇਸ ਕਾਰਜ ਵਿੱਚ ਅਕਾਡਮੀ ਦੇ ਸਾਬਕਾ ਪ੍ਰਧਾਨ ਪ੍ਰੋ. ਗੁਰਭਜਨ ਸਿੰਘ ਗਿੱਲ ਵਲੋਂ ਵੱਡੀ ਭੂਮਿਕਾ ਨਿਭਾਈ ਗਈ।ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਅਤੇ ਪੰਜਾਬੀ ਯੂਨਿਵਰਸਿਟੀ ਪਟਿਆਲਾ ਵਲੋਂ ਕਾਲਜਾਂ ਵਿੱਚ ਲਾਜ਼ਮੀ ਪੰਜਾਬੀ ਦੀ ਪੜ੍ਹਾਈ ਬੰਦ ਕਰਨ ਜਾਂ ਘੱਟ ਕਰਨ ਦੇ ਫੈਸਲਿਆਂ ਦਾ ਸਖ਼ਤ ਵਿਰੋਧ ਕਰਕੇ ਫੈਸਲੇ ਵਾਪਸ ਕਰਾਉਣ ਦਾ ਇਤਿਹਾਸਕ ਕਾਰਜ ਕੀਤਾ ਗਿਆ।
‘ਕੌਮੀ ਸਿੱਖਿਆ ਨੀਤੀ" ਨੂੰ ਜਦੋਂ ਪੰਜਾਬ ਦੀ ਅਫਸਰਸ਼ਾਹੀ ਵਲੋਂ ਚੁੱਪ-ਚੁਪੀਤੇ ਲਾਗੂ ਕਰਨ ਦੇ ਯਤਨ ਆਰੰਭੇ ਗਏ ਤਾਂ ਇਸਦਾ ਤਿੱਖਾ ਵਿਰੋਧ ਕਰਦਿਆਂ ਮੁੱਖ ਮੰਤਰੀ ਪੰਜਾਬ ਨੂੰ ਪੱਤਰ ਲਿਖ ਕੇ, ਅਜੇਹੇ ਯਤਨਾਂ ਨੂੰ ਰੁਕਵਾਇਆ ਗਿਆ। ਪੰਜਾਬੀ ਸਾਹਿੱਤ ਅਕਾਡਮੀ ਲੁਧਿਆਣਾ ਦੇ ਜਨਰਲ ਸਕੱਤਰ ਰਹੇ ਯੁਗ ਕਵੀ ਪ੍ਰੋਃ ਮੋਹਨ ਸਿੰਘ ਜੀ ਦੀ ਯਾਦ ਵਿੱਚ ਸਾਲ 2022 ਤੇ 2023 ਦੇ ਮੇਲਿਆਂ ਵਿੱਚ ਸੈਮੀਨਾਰ ਤੇ ਕਵੀ ਦਰਬਾਰ ਪ੍ਰੋ. ਮੋਹਨ ਸਿੰਘ ਫਾਉਂਡੇਸ਼ਨ ਦੇ ਸਹਿਯੋਗ ਨਾਲ ਕਰਵਾਏ ਗਏ। ਵਰਨਣ ਯੋਗ ਗੱਲ ਇਹ ਵੀ ਸੀ ਕਿ ਇਨ੍ਹਾਂ ਦੋਹਾਂ ਸਮਾਗਮਾਂ ਲਈ ਅਕਾਡਮੀ ਦੇ ਖਾਤੇ ਵਿੱਚੋਂ ਕੋਈ ਖ਼ਰਚਾ ਨਹੀਂ ਕੀਤਾ ਗਿਆ।
ਇਹ ਵੀ ਚੰਗੀ ਗੱਲ ਰਹੀ ਕਿ ਅਕਾਡਮੀ ਦੇ ਜਨਰਲ ਬਾਡੀ ਇਜਲਾਸ ਵਿੱਚ ਅਕਾਡਮੀ ਦੇ ਸਾਬਕਾ ਪ੍ਰਧਾਨ ਡਾ. ਸੁਖਦੇਵ ਸਿੰਘ ਸਿਰਸਾ ਤੇ ਹੋਰ ਦੋਸਤਾਂ ਨੇ ਵੀ ਖੜ੍ਹੇ ਹੋ ਕੇ ਆਪਣੀ ਪ੍ਰਸੰਸਾ ਰੀਕਾਰਡ ਕਰਵਾਈ।
Get all latest content delivered to your email a few times a month.