IMG-LOGO
ਹੋਮ ਪੰਜਾਬ: ਪੰਜਾਬ ਪੁਲਿਸ ਵੱਲੋਂ ਅੰਤਰਰਾਸ਼ਟਰੀ ਨਾਰਕੋ ਸਮੱਗਲਿੰਗ ਅਤੇ ਅੰਤਰ-ਰਾਜੀ ਹਥਿਆਰਾਂ ਦੀ...

ਪੰਜਾਬ ਪੁਲਿਸ ਵੱਲੋਂ ਅੰਤਰਰਾਸ਼ਟਰੀ ਨਾਰਕੋ ਸਮੱਗਲਿੰਗ ਅਤੇ ਅੰਤਰ-ਰਾਜੀ ਹਥਿਆਰਾਂ ਦੀ ਤਸਕਰੀ ਦੇ ਕਾਰਟੇਲ ਦਾ ਪਰਦਾਫਾਸ਼; 5 ਕਿਲੋ ਹੈਰੋਇਨ, 4 ਹਥਿਆਰਾਂ ਸਮੇਤ ਤਿੰਨ ਕਾਬੂ

Admin User - Feb 29, 2024 07:33 PM
IMG

.

ਚੰਡੀਗੜ੍ਹ/ਅੰਮ੍ਰਿਤਸਰ, 29 ਫਰਵਰੀ: ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਪੰਜਾਬ ਨੂੰ ਸੁਰੱਖਿਅਤ ਸੂਬਾ ਬਣਾਉਣ ਲਈ ਵਿੱਢੀ ਮੁਹਿੰਮ ਦੌਰਾਨ ਕਮਿਸ਼ਨਰੇਟ ਅੰਮ੍ਰਿਤਸਰ ਪੁਲਿਸ ਨੇ 5 ਕਿਲੋ ਹੈਰੋਇਨ ਸਮੇਤ ਨਸ਼ਾ ਤਸਕਰ ਨੂੰ ਕਾਬੂ ਕਰਕੇ ਅਮਰੀਕਾ ਸਥਿਤ ਜਸਮੀਤ ਉਰਫ਼ ਲੱਕੀ ਦੀ ਹਮਾਇਤ ਵਾਲੇ ਅੰਤਰਰਾਸ਼ਟਰੀ ਨਾਰਕੋ ਸਮੱਗਲਿੰਗ ਕਾਰਟੇਲ ਦਾ ਪਰਦਾਫਾਸ਼ ਕੀਤਾ ਹੈ।
ਪੰਜਾਬ ਦੇ ਡਾਇਰੈਕਟਰ ਜਨਰਲ ਆਫ਼ ਪੁਲਿਸ (ਡੀਜੀਪੀ) ਗੌਰਵ ਯਾਦਵ ਨੇ ਅੱਜ ਇੱਥੇ ਦੱਸਿਆ ਕਿ ਫੜੇ ਗਏ ਨਸ਼ਾ ਤਸਕਰ ਦੀ ਪਛਾਣ ਗੁਰਪ੍ਰੀਤ ਕੁਮਾਰ ਉਰਫ ਦੀਪ (27) ਵਾਸੀ ਨਿਊ ਸ਼ਾਂਤੀ ਨਗਰ ਭਜਵਾੜਾ ਹੁਸ਼ਿਆਰਪੁਰ ਵਜੋਂ ਹੋਈ ਹੈ। ਪੁਲਿਸ ਟੀਮਾਂ ਨੇ ਹੈਰੋਇਨ ਦੀ ਸਪਲਾਈ ਲਈ ਵਰਤੀ ਜਾ ਰਹੀ ਟਾਟਾ ਏ.ਸੀ.ਈ. (ਛੋਟਾ ਹਾਥੀ) ਗੱਡੀ (ਪੀ.ਬੀ.07-ਏ.ਐਲ.-9743) ਨੂੰ ਵੀ ਜ਼ਬਤ ਕੀਤਾ ਹੈ।
ਡੀਜੀਪੀ ਗੌਰਵ ਯਾਦਵ ਨੇ ਦੱਸਿਆ ਕਿ ਇੱਕ ਹੋਰ ਮਾਮਲੇ ਵਿੱਚ ਕਮਿਸ਼ਨਰੇਟ ਅੰਮ੍ਰਿਤਸਰ ਪੁਲਿਸ ਵੱਲੋਂ ਦੋ ਵਿਅਕਤੀਆਂ ਨੂੰ ਗ੍ਰਿਫ਼ਤਾਰ ਕਰਕੇ ਉਨ੍ਹਾਂ ਦੇ ਕਬਜ਼ੇ ਵਿੱਚੋਂ ਚਾਰ ਦੇਸੀ ਪਿਸਤੌਲਾਂ ਸਮੇਤ ਚਾਰ ਮੈਗਜ਼ੀਨਾਂ ਅਤੇ 16 ਜਿੰਦਾ ਕਾਰਤੂਸ ਬਰਾਮਦ ਕਰਕੇ ਐਮ.ਪੀ. ਆਧਾਰਤ ਹਥਿਆਰ ਸਪਲਾਈ ਕਰਨ ਵਾਲੇ ਰੈਕੇਟ ਦਾ ਪਰਦਾਫਾਸ਼ ਕੀਤਾ ਹੈ। 
ਗ੍ਰਿਫ਼ਤਾਰ ਕੀਤੇ ਗਏ ਵਿਅਕਤੀਆਂ ਦੀ ਪਛਾਣ ਹਰਮਿੰਦਰਪਾਲ ਸਿੰਘ (23) ਅਤੇ ਜਤਿੰਦਰਪਾਲ ਸਿੰਘ ਉਰਫ਼ ਬਾਬਾ (20) ਦੋਵੇਂ ਵਾਸੀ ਗੁਰੂ ਨਾਨਕ ਕਲੋਨੀ ਅੰਮ੍ਰਿਤਸਰ ਵਜੋਂ ਹੋਈ ਹੈ। ਪੁਲੀਸ ਟੀਮਾਂ ਨੇ ਉਨ੍ਹਾਂ ਦਾ ਐਕਟਿਵਾ ਸਕੂਟਰ (ਪੀ.ਬੀ.02-ਈ.ਐਸ.-0344) ਵੀ ਕਬਜ਼ੇ ਵਿੱਚ ਲਿਆ ਹੈ, ਜਿਸ ’ਤੇ ਉਹ ਹਥਿਆਰਾਂ ਦੀ ਖੇਪ ਪਹੁੰਚਾਉਣ ਜਾ ਰਹੇ ਸਨ।
ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦਿਆਂ ਪੁਲਿਸ ਕਮਿਸ਼ਨਰ (ਸੀ.ਪੀ.) ਅੰਮ੍ਰਿਤਸਰ ਗੁਰਪ੍ਰੀਤ ਸਿੰਘ ਭੁੱਲਰ ਨੇ ਦੱਸਿਆ ਕਿ ਭਰੋਸੇਯੋਗ ਸੂਹ 'ਤੇ ਕਾਰਵਾਈ ਕਰਦਿਆਂ ਡੀ.ਸੀ.ਪੀ ਇਨਵੈਸਟੀਗੇਸ਼ਨ ਹਰਪ੍ਰੀਤ ਸਿੰਘ ਮੰਡੇਰ ਅਤੇ ਡੀ.ਸੀ.ਪੀ. ਸਿਟੀ ਡਾ. ਪ੍ਰਗਿਆ ਜੈਨ ਦੀ ਅਗਵਾਈ ਹੇਠ ਏ.ਡੀ.ਸੀ.ਪੀ. ਇਨਵੈਸਟੀਗੇਸ਼ਨ ਨਵਜੋਤ ਸਿੰਘ, ਏ.ਸੀ.ਪੀ. ਇਨਵੈਸਟੀਗੇਸ਼ਨ ਕੁਲਦੀਪ ਸਿੰਘ ਅਤੇ ਸੀ.ਆਈ.ਏ. ਸਟਾਫ਼-3 ਇੰਚਾਰਜ ਇੰਸਪੈਕਟਰ ਬਰਿੰਦਰਜੀਤ ਸਿੰਘ ਦੇ ਅਧੀਨ ਪੁਲਿਸ ਟੀਮਾਂ ਨੇ ਪਿੰਡ ਕਾਜੀਕੋਟ ਤੋਂ ਚੱਬਾਲ ਰੋਡ ਵੱਲ ਜਾ ਕੇ ਮੁਲਜ਼ਮ ਗੁਰਪ੍ਰੀਤ ਕੁਮਾਰ ਉਰਫ਼ ਦੀਪ ਨੂੰ ਕਾਬੂ ਕੀਤਾ।
ਉਨ੍ਹਾਂ ਦੱਸਿਆ ਕਿ ਪੁੱਛਗਿੱਛ ਦੌਰਾਨ ਕਾਬੂ ਕੀਤੇ ਕਥਿਤ ਦੋਸ਼ੀ ਗੁਰਪ੍ਰੀਤ ਕੁਮਾਰ ਨੇ ਖੁਲਾਸਾ ਕੀਤਾ ਕਿ ਉਹ ਅਮਰੀਕਾ ਅਧਾਰਤ ਜਸਮੀਤ ਉਰਫ਼ ਲੱਕੀ ਦੇ ਇਸ਼ਾਰੇ 'ਤੇ ਸਰਹੱਦ ਪਾਰ ਤੋਂ ਹੈਰੋਇਨ ਦੀ ਖੇਪ ਲਿਆ ਰਹੇ ਸਨ।
ਇਸ ਤੋਂ ਪਹਿਲਾਂ ਅੰਮ੍ਰਿਤਸਰ ਕਮਿਸ਼ਨਰੇਟ ਪੁਲਿਸ ਨੇ ਜਸਮੀਤ ਉਰਫ਼ ਲੱਕੀ ਮਾਡਿਊਲ ਦੇ ਪੰਜ ਨਸ਼ਾ ਤਸਕਰਾਂ ਨੂੰ ਗ੍ਰਿਫ਼ਤਾਰ ਕਰਕੇ ਉਨ੍ਹਾਂ ਦੇ ਕਬਜ਼ੇ ਵਿੱਚੋਂ 6.2 ਕਿਲੋ ਹੈਰੋਇਨ, ਇੱਕ ਕਾਰ, 3.80 ਲੱਖ ਰੁਪਏ ਦੀ ਡਰੱਗ ਮਨੀ ਅਤੇ 12 ਸਿਮ ਬਰਾਮਦ ਕੀਤੇ ਸਨ।
ਅਸਲਾ ਬਰਾਮਦਗੀ ਕੇਸ ਦੇ ਵੇਰਵੇ ਸਾਂਝੇ ਕਰਦਿਆਂ ਸੀਪੀ ਗੁਰਪ੍ਰੀਤ ਭੁੱਲਰ ਨੇ ਦੱਸਿਆ ਕਿ ਪੁਲੀਸ ਟੀਮਾਂ ਨੇ ਦੋਵਾਂ ਮੁਲਜ਼ਮਾਂ ਨੂੰ ਪੁਲ ਤਾਰਾਂਵਾਲਾ ਇਲਾਕੇ ਤੋਂ ਨਹਿਰ ਦੇ ਨਾਲ ਲੱਗਦੀ ਸੁਲਤਾਨਵਿੰਡ ਰੋਡ ਤੋਂ ਕਾਬੂ ਕੀਤਾ ਜਦੋਂ ਉਹ ਪਿਸਤੌਲ ਸਪਲਾਈ ਕਰਨ ਲਈ ਨਿਰਧਾਰਤ ਵਿਅਕਤੀ ਦੀ ਉਡੀਕ ਕਰ ਰਹੇ ਸਨ।
ਮੁੱਢਲੀ ਜਾਂਚ ਤੋਂ ਪਤਾ ਲੱਗਾ ਹੈ ਕਿ ਉਹ ਇਹ ਪਿਸਤੌਲ ਮੱਧ ਪ੍ਰਦੇਸ਼ (ਐਮਪੀ) ਤੋਂ ਅੰਮ੍ਰਿਤਸਰ ਵਿੱਚ ਅਪਰਾਧਿਕ ਤੱਤਾਂ ਨੂੰ ਸਪਲਾਈ ਕਰਨ ਲਈ ਲਿਆਏ ਸਨ। ਉਨ੍ਹਾਂ ਦੱਸਿਆ ਕਿ ਪੁਲੀਸ ਟੀਮਾਂ ਮੁਲਜ਼ਮਾਂ ਦੇ ਪਿਛਲੇ ਸਬੰਧਾਂ ਦਾ ਪਤਾ ਲਾਉਣ ਤੋਂ ਇਲਾਵਾ ਉਨ੍ਹਾਂ ਦੇ ਬੈਂਕ ਖਾਤਿਆਂ ਅਤੇ ਜਾਇਦਾਦਾਂ ਨੂੰ ਫਰੀਜ਼ ਕਰਨ ਲਈ ਵਿੱਤੀ ਨਜ਼ਰੀਏ ਤੋਂ ਵੀ ਮਾਮਲੇ ਦੀ ਜਾਂਚ ਕਰ ਰਹੀਆਂ ਹਨ।
ਸੀ.ਪੀ. ਭੁੱਲਰ ਨੇ ਦੱਸਿਆ ਕਿ ਫੜੇ ਗਏ ਮੁਲਜ਼ਮਾਂ ਕੋਲੋਂ ਹੁਣ ਤੱਕ ਬਰਾਮਦ ਕੀਤੇ ਗਏ ਨਸ਼ੀਲੇ ਪਦਾਰਥਾਂ ਅਤੇ ਹਥਿਆਰਾਂ ਦੀ ਕੁੱਲ ਖੇਪ ਦਾ ਪਤਾ ਲਗਾਉਣ ਲਈ ਅਗਲੇਰੀ ਜਾਂਚ ਜਾਰੀ ਹੈ।
ਦੱਸਣਯੋਗ ਹੈ ਕਿ ਇਸ ਸਬੰਧੀ ਥਾਣਾ ਮਕਬੂਲਪੁਰਾ, ਅੰਮ੍ਰਿਤਸਰ ਵਿਖੇ ਐਨ.ਡੀ.ਪੀ.ਐਸ ਐਕਟ ਦੀ ਧਾਰਾ 21, 29,61,85 ਤਹਿਤ ਐਫ.ਆਈ.ਆਰ. ਨੰਬਰ 25 ਦਰਜ ਕੀਤੀ ਗਈ ਹੈ। ਇੱਕ ਹੋਰ ਮਾਮਲੇ ਵਿੱਚ ਥਾਣਾ ਸੁਲਤਾਨਵਿੰਡ ਵਿਖੇ ਅਸਲਾ ਐਕਟ ਦੀ ਧਾਰਾ 25 ਅਧੀਨ ਮਿਤੀ 28-02-2024 ਨੂੰ ਐਫ.ਆਈ.ਆਰ. ਨੰਬਰ 22 ਦਰਜ ਕੀਤੀ ਗਈ ਹੈ।

Share:

ਸੰਪਾਦਕ ਦਾ ਡੈਸਕ

Parminder Singh Jatpuri

Editor in Chief

ਕੱਪੜ ਛਾਣ

Watch LIVE TV
Khabarwaale TV
Subscribe

Get all latest content delivered to your email a few times a month.