IMG-LOGO
ਹੋਮ ਪੰਜਾਬ, ਵਿਰਾਸਤ, 23 ਫਰਵਰੀ ਤੋਂ ਪੰਜਾਬ ਦੀ ਸੱਭਿਆਚਾਰਕ ਸ਼ਾਨ, ਪਰੰਪਰਾਵਾਂ ਦੀ ਜੀਵੰਤ...

23 ਫਰਵਰੀ ਤੋਂ ਪੰਜਾਬ ਦੀ ਸੱਭਿਆਚਾਰਕ ਸ਼ਾਨ, ਪਰੰਪਰਾਵਾਂ ਦੀ ਜੀਵੰਤ ਝਲਕ ਦਰਸਾਉਣ ਲਈ ਕਰਵਾਇਆ ਜਾਵੇਗਾ 7 ਰੋਜ਼ਾ ਮੈਗਾ 'ਰੰਗਲਾ ਪੰਜਾਬ' ਸਮਾਗਮ-CM ਮਾਨ ਰੰਗਲਾ ਪੰਜਾਬ ਫੈਸਟੀਵਲ...

Admin User - Feb 22, 2024 06:55 PM
IMG

ਚੰਡੀਗੜ੍ਹ, 22 ਫਰਵਰੀ: ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਦੂਰਅੰਦੇਸ਼ੀ ਅਗਵਾਈ ਹੇਠ, ਪੰਜਾਬ ਸਰਕਾਰ ਅੰਮ੍ਰਿਤਸਰ ਦੇ ਇਤਿਹਾਸਕ ਸ਼ਹਿਰ ਵਿੱਚ 23 ਫਰਵਰੀ ਤੋਂ 29 ਫਰਵਰੀ ਤੱਕ ਕਰਵਾਏ ਜਾ ਰਹੇ ਪਹਿਲੇ ਸੈਰ-ਸਪਾਟਾ ਨਿਵੇਸ਼ਕ ਸੰਮੇਲਨ ਵਿੱਚ "ਰੰਗਲਾ ਪੰਜਾਬ" ਪਹਿਲਕਦਮੀ ਜ਼ਰੀਏ ਸੂਬੇ ਦੀਆਂ ਜੀਵੰਤ ਪਰੰਪਰਾਵਾਂ, ਕਲਾਵਾਂ ਅਤੇ ਰੀਤੀ-ਰਿਵਾਜਾਂ ਦੀ ਝਲਕ ਪੇਸ਼ ਕਰਨ ਲਈ ਪੂਰੀ ਤਰ੍ਹਾਂ ਤਿਆਰ ਹੈ। 
ਇਸ ਸਬੰਧੀ ਜਾਣਕਾਰੀ ਦਿੰਦਿਆਂ ਪੰਜਾਬ ਰਾਜ ਦੇ ਸੈਰ ਸਪਾਟਾ ਮੰਤਰੀ ਅਨਮੋਲ ਗਗਨ ਮਾਨ ਨੇ ਦੱਸਿਆ ਕਿ ਸੱਭਿਆਚਾਰਕ ਕੇਂਦਰ ਅੰਮ੍ਰਿਤਸਰ ਵਿਖੇ 7 ਦਿਨਾਂ ਤੱਕ ਚੱਲਣ ਵਾਲੇ ਇਸ ਵਿਸ਼ਾਲ ਸਮਾਗਮ ਦਾ ਉਦਘਾਟਨ 23 ਫਰਵਰੀ, 2024 ਨੂੰ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਸ਼ਾਮ ਨੂੰ ਕੀਤਾ ਜਾਵੇਗਾ, ਜੋ ਪੰਜਾਬ ਦੀ ਅਮੀਰ ਵਿਰਾਸਤ ਨੂੰ ਦੇਸ਼ ਦੇ ਕੋਨੇ-ਕੋਨੇ ਤੱਕ ਪਹੁੰਚਾਉਣ ਲਈ ਚਾਨਣ ਮੁਨਾਰੇ ਦਾ ਕੰਮ ਕਰੇਗਾ। 
ਕੈਬਨਿਟ ਮੰਤਰੀ ਨੇ ਕਿਹਾ ਕਿ ਇਹ ਸਮਾਗਮ ਸਾਹਿਤ, ਭੋਜਨ ਪਦਾਰਥਾਂ, ਸੰਗੀਤ, ਜੋਸ਼ ਤੇ ਜਜ਼ਬੇ ਅਤੇ ਪੰਜਾਬ ਦੀ ‘ਸੇਵਾ ਭਾਵਨਾ’ ਵਰਗੇ ਵਿਸ਼ਿਆਂ ‘ਤੇ ਕੇਂਦਰਿਤ ਹੈ। ਜ਼ਿਕਰਯੋਗ ਹੈ ਕਿ ਪਿਛਲੇ ਸਾਲ ਟੂਰਿਜ਼ਮ ਸਮਿਟ ਅਤੇ ਟਰੈਵਲ ਮਾਰਟ ਦੀ ਸਫ਼ਲਤਾ ਉਪਰੰਤ ਇਸ ਸਮਾਗਮ ਦੀ ਕਲਪਨਾ ਕੀਤੀ ਗਈ ਸੀ।
ਅਨਮੋਲ ਗਗਨ ਮਾਨ ਨੇ ਕਿਹਾ ਕਿ ਰੰਗਲਾ ਪੰਜਾਬ ਈਵੈਂਟ ਦਾ ਉਦੇਸ਼ ਵਿਸ਼ਵ ਭਰ ਦੇ ਦਰਸ਼ਕਾਂ ਨੂੰ ਆਕਰਸ਼ਿਤ ਕਰਨ ਲਈ ਮਨੋਰੰਜਨ ਭਰੇ ਪ੍ਰਦਰਸ਼ਨਾਂ ਦਾ ਸ਼ਾਨਦਾਰ ਅਨੁਭਵ ਪ੍ਰਦਾਨ ਕਰਨਾ ਹੈ। ਮਨੋਰੰਜਨ ਤੋਂ ਇਲਾਵਾ, ਇਹ ਸਮਾਗਮ ਆਉਣ ਵਾਲੀਆਂ ਪੀੜ੍ਹੀਆਂ ਲਈ ਪੰਜਾਬ ਦੀ ਸੱਭਿਆਚਾਰਕ ਵਿਰਾਸਤ ਨੂੰ ਸੰਭਾਲਦਿਆਂ ਭਾਈਚਾਰਿਆਂ ਵਿੱਚ ਆਪਸੀ ਏਕਤਾ ਅਤੇ ਸਨਮਾਨ ਨੂੰ ਵਧਾਉਣ ਦੇ ਉਦੇਸ਼ ‘ਤੇ ਕੇਂਦਰਿਤ ਹੈ।
ਕੈਬਨਿਟ ਮੰਤਰੀ ਨੇ ਕਿਹਾ ਕਿ ਫੈਸਟੀਵਲ ਦੀ ਸ਼ੁਰੂਆਤ 23 ਫਰਵਰੀ ਨੂੰ ਖਾਲਸਾ ਕਾਲਜ, ਅੰਮ੍ਰਿਤਸਰ ਵਿਖੇ ਕਰਵਾਏ ਜਾਣ ਵਾਲੇ ਸ਼ਾਨਦਾਰ ਉਦਘਾਟਨੀ ਸਮਾਰੋਹ ਸਮੇਤ ਹੋਰ ਵੱਖ-ਵੱਖ ਸਮਾਗਮਾਂ ਨਾਲ ਹੋਵੇਗੀ। ਇਸ ਰਾਸ਼ਟਰੀ/ਸੂਬਾ ਪੱਧਰੀ ਸੱਭਿਆਚਾਰਕ ਸ਼ਾਮ ਦੌਰਾਨ ਦਰਸ਼ਕਾਂ ਲਈ ਮਨਮੋਹਕ ਸੱਭਿਆਚਾਰਕ ਪੇਸ਼ਕਾਰੀਆਂ ਪੇਸ਼ ਕੀਤੀਆਂ ਜਾਣਗੀਆਂ। ਇਸ ਸਮਾਗਮ ਦੌਰਾਨ ਉੱਘੇ ਗਾਇਕ ਸੁਖਵਿੰਦਰ ਸਿੰਘ ਦੀ ਸ਼ਾਨਦਾਰ ਪੇਸ਼ਕਾਰੀ ਖਿੱਚ ਦਾ ਕੇਂਦਰ ਹੋਵੇਗੀ।

ਇਸ ਫੈਸਟੀਵਲ ਨਾਲ ਸੰਬਧਿਤ ਹੋਰ ਵੇਰਵੇ ਇਸ ਤਰ੍ਹਾਂ ਹਨ-
24-25 ਫਰਵਰੀ: ਪੰਜਾਬ ਤੋਂ ਡਰਾਮਾ ਐਂਡ ਲਿਟਰੇਚਰ ਫੈਸਟੀਵਲ
ਪੰਜਾਬ ਦਾ ਡਰਾਮਾ ਐਂਡ ਲਿਟਰੇਚਰ ਫੈਸਟੀਵਲ ਪਾਰਟੀਸ਼ਨ ਮਿਊਜ਼ੀਅਮ, ਟਾਊਨ ਹਾਲ ਵਿਖੇ ਕਰਵਾਇਆ ਜਾਵੇਗਾ। ਇਸ ਦੋ ਰੋਜ਼ਾ ਸਮਾਗਮ ਵਿੱਚ ਲੇਖਕਾਂ, ਕਵੀਆਂ ਅਤੇ ਬੁੱਧੀਜੀਵੀਆਂ ਵੱਲੋਂ ਪੰਜਾਬ ਦੇ ਇਤਿਹਾਸ ਨੂੰ ਦਰਸਾਉਂਦੇ ਸਾਹਿਤ, ਰੰਗਮੰਚ ਅਤੇ ਸੱਭਿਆਚਾਰ ਦੀ ਵਿਸ਼ਾਲ ਸ਼੍ਰੇਣੀ ਦੀ ਪੜਚੋਲ ਕੀਤੀ ਜਾਵੇਗੀ। 

ਫਰਵਰੀ 24-29: ਰਣਜੀਤ ਐਵੇਨਿਊ ਵਿਖੇ ਗ੍ਰੈਂਡ ਸ਼ਾਪਿੰਗ ਫੈਸਟੀਵਲ
ਇਸ ਦੌਰਾਨ ਜੁੱਤੀਆਂ, ਕੱਪੜਿਆਂ, ਬਿਜਲੀ ਦੇ ਸਮਾਨ, ਉਪਕਰਨਾਂ ਆਦਿ ਦੇ ਚੋਟੀ ਦੇ ਬ੍ਰਾਂਡਾਂ ਲਈ ਇੱਕ ਮਾਰਕੀਟ (ਹੱਟ) ਸਥਾਪਤ ਕੀਤੀ ਜਾਵੇਗੀ। ਇਸ ਦੌਰਾਨ ਹੈਂਡੀਕ੍ਰਾਫਟ ਅਤੇ ਕਰਾਫਟ ਦੀਆਂ 100-150 ਦੁਕਾਨਾਂ ਵੀ ਲਗਾਈਆਂ ਜਾਣਗੀਆਂ ਜੋ ਨਵੀਨਤਮ ਰੁਝਾਨਾਂ ਦੀ ਪੜਚੋਲ ਕਰਨਗੀਆਂ ਕਿਉਂਕਿ ਪੰਜਾਬ ਦੇ ਕਾਰੀਗਰਾਂ ਵੱਲੋਂ ਬਣਾਏ ਉਤਪਾਦਾਂ ਦੇ ਭੰਡਾਰ ਦੇ ਨਾਲ-ਨਾਲ ਲਗਜ਼ਰੀ ਰਿਟੇਲਰ ਵੀ ਆਪਣੇ ਸੰਗ੍ਰਹਿ ਦਾ ਪ੍ਰਦਰਸ਼ਨ ਕਰਨਗੇ। 

ਫਰਵਰੀ 24-29: ਰਣਜੀਤ ਐਵੀਨਿਊ ਵਿਖੇ ਫੂਡਿਸਤਾਨ
ਫੂਡਿਸਤਾਨ ਹਰ ਤਰ੍ਹਾਂ ਦੇ ਪੰਜਾਬੀ ਅਤੇ ਅੰਮ੍ਰਿਤਸਰੀ ਪਕਵਾਨਾਂ ਦੀ ਪੇਸ਼ਕਸ਼ ਕਰੇਗਾ। ਇੱਥੇ 100-200 ਸਟਾਲ/ਫੂਡ ਟਰੱਕ ਭਾਰਤੀ, ਪੰਜਾਬੀ ਅਤੇ ਅੰਤਰਰਾਸ਼ਟਰੀ ਪਕਵਾਨਾਂ ਦੀ ਪੇਸ਼ਕਸ਼ ਕਰਨਗੇ। ਹਾਜ਼ਰੀਨਾਂ ਨੂੰ ਮਸ਼ਹੂਰ ਸ਼ੈੱਫਾਂ ਅਤੇ ਘਰੇਲੂ ਰਸੋਈਏ ਵੱਲੋਂ ਲਾਈਵ ਕੁਕਿੰਗ ਪ੍ਰਦਰਸ਼ਨਾਂ ਨੂੰ ਵੇਖਣ ਦਾ ਮੌਕਾ ਮਿਲੇਗਾ। ਪੰਜਾਬ ਵੱਲੋਂ ਦੁਨੀਆਂ ਭਰ ਦਾ ਸਭ ਤੋਂ ਵੱਡਾ ਪਰਾਂਠਾ ਬਣਾ ਕੇ ਗਿਨੀਜ਼ ਵਰਲਡ ਰਿਕਾਰਡ ਬਣਾਉਣ ਦੀ ਕੋਸ਼ਿਸ਼ ਕੀਤੀ ਜਾਵੇਗੀ।

24-29 ਫਰਵਰੀ: ਰਣਜੀਤ ਐਵੀਨਿਊ ਵਿਖੇ ਤਾਲ ਚੌਕ
ਇਸ ਦੌਰਾਨ ਪੰਜਾਬ ਦੇ ਸਭ ਤੋਂ ਮਸ਼ਹੂਰ ਸੰਗੀਤਕ ਆਈਕਨਾਂ ਵਿੱਚੋਂ ਕੁਝ ਵੱਲੋਂ ਸ਼ਾਨਦਾਰ ਪੇਸ਼ਕਾਰੀਆਂ ਕੀਤੀਆਂ ਜਾਣਗੀਆਂ। ਰੂਹਾਨੀ ਸੂਫੀ ਕੱਵਾਲੀਆਂ ਤੋਂ ਲੈ ਕੇ ਪੈਰ-ਥਿੜਕਾਉਣ ਵਾਲੇ ਭੰਗੜੇ ਤੱਕ। ਨਿਮਨਲਿਖਤ ਉੱਘੇ ਕਲਾਕਾਰਾਂ ਵੱਲੋਂ ਹੇਠ ਅਨੁਸਾਰ ਪੇਸ਼ਕਾਰੀਆਂ ਕੀਤੀਆਂ ਜਾਣਗੀਆਂ:
- 24 ਫਰਵਰੀ: ਹਰਜੀਤ ਹਰਮਨ
- 25 ਫਰਵਰੀ : ਲਖਵਿੰਦਰ ਬਡਾਲੀ
- 27 ਫਰਵਰੀ: ਕੁਲਵਿੰਦਰ ਬਿੱਲਾ
- 28 ਫਰਵਰੀ: ਕੰਵਰ ਗਰੇਵਾਲ
- 29 ਫਰਵਰੀ: ਸਿਕੰਦਰ ਸਲੀਮ

25 ਫਰਵਰੀ: ਗ੍ਰੀਨਨਾਥਨ
ਈਕੋ-ਟੂਰਿਜ਼ਮ ਨੂੰ ਉਤਸ਼ਾਹਿਤ ਕਰਨ ਲਈ ਗ੍ਰੀਨਨਾਥਨ ਕਰਵਾਈ ਜਾਵੇਗੀ। ਇਸ ਗ੍ਰੀਨਨਾਥਨ ਦਾ ਰੂਟ ਆਨੰਦ ਅਮ੍ਰਿਤ ਪਾਰਕ ਤੋਂ ਹੁੰਦਾ ਹੋਇਆ ਸਾਡਾ ਪਿੰਡ ਵਿਖੇ ਸਮਾਪਤ ਹੋਵੇਗਾ। ਇਹ ਵਾਤਾਵਰਣ ਜਾਗਰੂਕਤਾ, ਤੰਦਰੁਸਤੀ ਅਤੇ ਭਾਈਚਾਰਕ ਭਾਵਨਾ ਨੂੰ ਉਤਸ਼ਾਹਿਤ ਕਰਨ ਲਈ ਪੰਜਾਬ ਦੇ ਸੀਮਾ ਸੁਰੱਖਿਆ ਬਲ ਦੇ ਸਹਿਯੋਗ ਨਾਲ ਕਰਵਾਇਆ ਜਾ ਰਿਹਾ ਹੈ।

26 ਫਰਵਰੀ: ਫੋਕ ਨਾਈਟ 
ਇਸ ਸ਼ਾਮ ਗੋਬਿੰਦਗੜ੍ਹ ਕਿਲ੍ਹੇ ਵਿਖੇ ਲੋਕ ਸੰਗੀਤ ਦੇ ਨਾਲ-ਨਾਲ ਪੰਜਾਬ ਦੇ ਅਮੀਰ ਵਿਰਸੇ ਨੂੰ ਉਜਾਗਰ ਕਰਨ ਲਈ ਸਮਾਗਮ ਕਰਵਾਇਆ ਜਾਵੇਗਾ। ਇਸ ਸ਼ਾਮ ਦੌਰਾਨ ਮਸ਼ਹੂਰ ਕਲਾਕਾਰ ਵਾਰਿਸ ਬ੍ਰਦਰਜ਼ ਵੱਲੋਂ ਦਰਸ਼ਕਾਂ ਨੂੰ ਕੀਲ੍ਹਿਆ ਜਾਵੇਗਾ। 

24-29 ਫਰਵਰੀ: ਸੇਵਾ ਸਟ੍ਰੀਟ ਅਤੇ ਆਰਟ ਵਾਕ
ਇਹਨਾਂ ਦਿਨਾਂ ਦੌਰਾਨ ਰੋਜ਼ਾਨਾ ਇੱਕ ਨੇਕ ਕਾਰਜ ਕੀਤੇ ਜਾਣਗੇ, ਜਿਹਨਾਂ ਵਿੱਚ ਲੰਗਰ, ਖੂਨ ਦਾਨ ਕੈਂਪ, ਕਿਤਾਬਾਂ ਅਤੇ ਕੱਪੜੇ ਦਾਨ ਦੇਣਾ, ਸਫ਼ਾਈ ਮੁਹਿੰਮ, ਪੰਜਾਬ ਦੇ ਪੁਰਾਤਨ ਸੱਭਿਆਚਾਰ ਤੇ ਆਧੁਨਿਕ ਕਲਾ ਸਬੰਧੀ ਆਰਟ ਵਾਕ ਆਦਿ ਸ਼ਾਮਲ ਹਨ। ਕਲਾ ਨੂੰ ਪ੍ਰਦਰਸ਼ਿਤ ਕਰਨ ਲਈ ਆਉਣ ਵਾਲੇ ਅਤੇ ਸ਼ੁਕੀਨ ਕਲਾਕਾਰਾਂ ਲਈ ਇਹ ਸੇਵਾ ਸਟ੍ਰੀਟ ਕੈਨਵਸ ਵਜੋਂ ਕਾਰਜ ਕਰੇਗੀ।
ਸੇਵਾ ਸਟ੍ਰੀਟ ਹਰਿਮੰਦਰ ਸਾਹਿਬ ਪਲਾਜ਼ਾ ਵਿਖੇ ਹੋਵੇਗੀ। ਵਾਤਾਵਰਣ, ਸਿਹਤ, ਲੜਕੀਆਂ ਲਈ ਸਿੱਖਿਆ, ਮੈਡੀਕਲ ਕੈਂਪਾਂ ਅਤੇ ਅੰਗ ਦਾਨ 'ਤੇ ਜਾਗਰੂਕਤਾ ਕੈਂਪਾਂ ਵੀ ਸੇਵਾ ਸਟ੍ਰੀਟ ਦਾ ਹਿੱਸਾ ਹੋਣਗੇ।

24-25 ਫਰਵਰੀ: ਕਾਰਨੀਵਲ ਪਰੇਡ
24 ਤਰੀਕ ਨੂੰ ਕਾਰਨੀਵਾਲ ਪਰੇਡ ਦਾ ਰਸਤਾ ਰੈਡ ਕਰਾਸ ਤੋਂ ਰਣਜੀਤ ਐਵੀਨਿਊ ਗਰਾਊਂਡ ਵੱਲ ਹੋਵੇਗਾ ਅਤੇ 25 ਤਰੀਕ ਨੂੰ ਟ੍ਰਿਲਿਅਮ ਮਾਲ ਤੋਂ ਰਣਜੀਤ ਐਵੀਨਿਊ ਗਰਾਊਂਡ ਵੱਲ ਹੋਵੇਗਾ। ਇਹ ਕਾਰਨੀਵਲ ਰੰਗ, ਸੰਗੀਤ ਅਤੇ ਖੁਸ਼ੀਆਂ ਬਿਖੇਰਦੇ ਹੋਏ ਪੰਜਾਬ ਦੀਆਂ ਵਿਭਿੰਨ ਸੱਭਿਆਚਾਰਕ ਪਰੰਪਰਾਵਾਂ ਨੂੰ ਪ੍ਰਦਰਸ਼ਿਤ ਕਰੇਗਾ। ਮਹਿਲਾ ਫੁਲਕਾਰੀ ਨੂੰ ਕਾਰਨੀਵਾਲ ਵਿੱਚ ਇੱਕ ਮੁੱਖ ਭਾਗੀਦਾਰ ਵਜੋਂ ਸ਼ਾਮਲ ਕੀਤਾ ਗਿਆ ਹੈ, ਜੋ ਮਹਿਲਾ ਸਸ਼ਕਤੀਕਰਨ ਨੂੰ ਦਰਸਾਉਂਦਾ ਹੈ।

24-29 ਫਰਵਰੀ: ਡਿਜੀਟਲ ਫੈਸਟ
ਡਿਜੀਟਲ ਫੈਸਟ ਸਮਰ ਪੈਲੇਸ ਵਿਖੇ ਮਨਾਇਆ ਜਾਵੇਗਾ। ਇਹ ਪੰਜਾਬ ਦੀ ਵਿਰਾਸਤ, ਬਹਾਦਰੀ, ਸੱਭਿਆਚਾਰ ਅਤੇ ਪਕਵਾਨਾਂ ਨੂੰ ਪ੍ਰਦਰਸ਼ਿਤ ਕਰੇਗਾ, ਜੋ ਪੰਜਾਬ ਦੀ ਮਹਿਮਾ ਉਜਾਗਰ ਕਰਦੇ ਹਨ।

29 ਫਰਵਰੀ: ਸਮਾਪਤੀ ਸਮਾਰੋਹ: ਤਾਲ ਚੌਕ, ਰਣਜੀਤ ਐਵੀਨਿਊ ਵਿਖੇ ਉੱਘੇ ਗਾਇਕ ਸਿਕੰਦਰ ਸਲੀਮ ਦੀ ਪੇਸ਼ਕਾਰੀ ਨਾਲ ਸ਼ਾਨਦਾਰ ਸਮਾਪਤੀ ਸਮਾਰੋਹ ਆਯੋਜਨ ਕੀਤਾ ਜਾਵੇਗਾ।

Share:

ਸੰਪਾਦਕ ਦਾ ਡੈਸਕ

Parminder Singh

Editor

ਕੱਪੜ ਛਾਣ

Watch LIVE TV
Khabarwaale TV
Subscribe

Get all latest content delivered to your email a few times a month.