IMG-LOGO
ਹੋਮ ਪੰਜਾਬ: ਜੈਤੋ ਮੋਰਚੇ ਦੀ 100 ਸਾਲਾ ਸ਼ਤਾਬਦੀ ਸਮਾਗਮ ਦੌਰਾਨ ਪੰਥਕ ਚੁਣੌਤੀਆਂ...

ਜੈਤੋ ਮੋਰਚੇ ਦੀ 100 ਸਾਲਾ ਸ਼ਤਾਬਦੀ ਸਮਾਗਮ ਦੌਰਾਨ ਪੰਥਕ ਚੁਣੌਤੀਆਂ ਦੇ ਮੁਕਾਬਲੇ ਲਈ ਕੌਮੀ ਇਕਜੁਟਤਾ ਦੀ ਲੋੜ ’ਤੇ ਜ਼ੋਰ

Admin User - Feb 21, 2024 09:16 PM
IMG

 ਜੈਤੋ/ਅੰਮ੍ਰਿਤਸਰ 21 ਫਰਵਰੀ- ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਜੈਤੋ ਦੇ ਮੋਰਚੇ ਦੀ 100 ਸਾਲਾ ਸ਼ਤਾਬਦੀ ਅੱਜ ਪੰਥਕ ਜਾਹੋ-ਜਲਾਲ ਨਾਲ ਮਨਾਈ ਗਈ। ਇਸ ਸਬੰਧ ਵਿਚ ਗੁਰਦੁਆਰਾ ਟਿੱਬੀ ਸਾਹਿਬ ਜੈਤੋ ਵਿਖੇ ਕੀਤੇ ਗਏ ਵਿਸ਼ਾਲ ਗੁਰਮਤਿ ਸਮਾਗਮ ਦੌਰਾਨ ਵੱਡੀ ਗਿਣਤੀ ਵਿਚ ਪੰਥਕ ਆਗੂਆਂ ਅਤੇ ਜਥੇਬੰਦੀਆਂ ਦੇ ਨੁਮਾਇੰਦਿਆਂ ਨੇ ਸ਼ਿਰਕਤ ਕੀਤੀ। ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਉਪਰੰਤ ਵਿਸ਼ਾਲ ਪੰਡਾਲ ਵਿਚ ਸਜਾਏ ਗਏ ਸਮਾਗਮ ਸਮੇਂ ਵੱਖ-ਵੱਖ ਬੁਲਾਰਿਆਂ ਨੇ ਸੰਬੋਧਨ ਕਰਦਿਆਂ ਮੌਜੂਦਾ ਸਮੇਂ ਸਿੱਖ ਪੰਥ ਨੂੰ ਦਰਪੇਸ਼ ਚੁਣੌਤੀਆਂ ਦਾ ਮੁਕਾਬਲਾ ਇਤਿਹਾਸ ਦੀ ਸੇਧ ਵਿਚ ਇਕਜੁਟਤਾ ਨਾਲ ਕਰਨ ਦੀ ਲੋੜ ’ਤੇ ਜ਼ੋਰ ਦਿੱਤਾ।
ਇਸ ਮੌਕੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ ਨੇ ਵਿਚਾਰ ਸਾਂਝੇ ਕਰਦਿਆਂ ਆਖਿਆ ਕਿ ਜੈਤੋ ਦਾ ਮੋਰਚਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅਦਬ-ਸਤਿਕਾਰ ਦੀ ਬਹਾਲੀ ਲਈ ਅਤੇ ਸਿੱਖਾਂ ਦੇ ਧਾਰਮਿਕ ਮਾਮਲਿਆਂ ਵਿਚ ਦਖ਼ਲਅੰਦਾਜ਼ੀ ਵਿਰੁੱਧ ਕੌਮੀ ਜਜ਼ਬੇ ਦੀ ਅਦੁੱਤੀ ਮਿਸਾਲ ਹੈ। ਇਹ ਸਿੱਖ ਕੌਮ ਦੇ ਸ਼ਾਨਾਂਮੱਤੇ ਇਤਿਹਾਸ ਦਾ ਸੁਨਹਿਰੀ ਪੰਨਾ ਹੈ, ਜਿਸ ਤੋਂ ਸੇਧ ਲੈਣ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਮੌਜੂਦਾ ਸਮੇਂ ਵੀ ਸਰਕਾਰਾਂ ਵੱਲੋਂ ਨਾ ਕੇਵਲ ਸਿੱਖਾਂ ਦੇ ਧਾਰਮਿਕ ਮਸਲਿਆਂ ਵਿਚ ਦਖ਼ਲ ਦਿੱਤਾ ਜਾ ਰਿਹਾ ਹੈ, ਬਲਕਿ ਕੌਮੀ ਸੰਸਥਾਵਾਂ ਨੂੰ ਕਮਜ਼ੋਰ ਕਰਨ ਦੀਆਂ ਚਾਲਾਂ ਵੀ ਚਲੀਆਂ ਜਾ ਰਹੀਆਂ ਹਨ। ਕੌਮੀ ਏਕਤਾ ਦੀ ਘਾਟ ਕਾਰਨ ਪੰਥ ਵਿਰੋਧੀ ਸ਼ਕਤੀਆਂ ਆਪਣੇ ਮਨਸੂਬਿਆਂ ਵਿਚ ਨੂੰ ਅੱਗੇ ਵਧਾ ਰਹੀਆਂ ਹਨ, ਜਿਸ ਪ੍ਰਤੀ ਕੌਮ ਨੂੰ ਚੇਤੰਨ ਹੋਣ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਸਿੱਖ ਕੌਮ ਨੂੰ ਅਜੋਕੇ ਹਾਲਾਤਾਂ ਦਾ ਟਾਕਰਾ ਕਰਨ ਲਈ ਜੈਤੋ ਦੇ ਮੋਰਚੇ ਤੋਂ ਸੇਧ ਅਤੇ ਪ੍ਰੇਰਣਾ ਪ੍ਰਾਪਤ ਕਰਨੀ ਅਤਿ ਲੋੜੀਂਦੀ ਹੈ। ਉਨ੍ਹਾਂ ਬੰਦੀ ਸਿੰਘਾਂ ਦੀ ਰਿਹਾਈ, ਬੇਅਦਬੀ ਦੇ ਦੋਸ਼ੀਆਂ ਨੂੰ ਸਜ਼ਾਵਾਂ ਅਤੇ ਕਿਸਾਨੀ ਸੰਘਰਸ਼ ਦੀ ਗੱਲ ਕਰਦਿਆਂ ਸਮੁੱਚੀ ਕੌਮ ਨੂੰ ਅਪੀਲ ਕੀਤੀ ਕਿ ਵਰਤਮਾਨ ਸਮੇਂ ਗੁਰਬਾਣੀ, ਸਿੱਖ ਸਿਧਾਂਤਾਂ ਅਤੇ ਇਤਿਹਾਸ ਦੀ ਰੌਸ਼ਨੀ ਵਿਚ ਕੌਮ ਧਾਰਮਿਕ ਅਤੇ ਰਾਜਨੀਤਕ ਤੌਰ ’ਤੇ ਕਾਰਜਸ਼ੀਲ ਹੋਵੇ। ਉਨ੍ਹਾਂ ਕਿਹਾ ਕਿ ਮੌਜੂਦਾ ਸਮੇਂ ਸਿੱਖੀ ਜਜ਼ਬੇ ਦੀ ਘਾਟ ਚਿੰਤਾ ਦਾ ਵਿਸ਼ਾ ਹੈ, ਜਿਸ ਪ੍ਰਤੀ ਕੌਮੀ ਚਿੰਤਨ ਜ਼ਰੂਰੀ ਹੈ। ਅੱਜ ਪੁਰਾਤਨ ਸਿੱਖਾਂ ਦੇ ਜੀਵਨ ਵਿੱਚੋਂ ਕੌਮੀ ਭਾਵਨਾ ਦੀ ਪ੍ਰੇਰਣਾ ਪ੍ਰਾਪਤ ਕਰਕੇ ਸਿੱਖੀ ਜਜ਼ਬੇ, ਸਮਰਪਣ ਅਤੇ ਦ੍ਰਿੜ੍ਹਤਾ ਜਿਹੇ ਗੁਣ ਅਪਨਾਉਣੇ ਸਮੇਂ ਦੀ ਲੋੜ ਹੈ।
ਸਮਾਗਮ ਸਮੇਂ ਆਪਣੇ ਸੰਬੋਧਨ ਦੌਰਾਨ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਕਿਹਾ ਕਿ ਸਿੱਖਾਂ ਨੇ ਨਾ ਕੇਵਲ ਆਪਣੀ ਕੌਮ ਲਈ ਸ਼ਹਾਦਤਾਂ ਦਿੱਤੀਆਂ, ਬਲਕਿ ਦੇਸ਼ ਅਤੇ ਮਨੁੱਖਤਾ ਖਾਤਰ ਵੀ ਮੋਹਰੀ ਰੋਲ ਅਦਾ ਕੀਤਾ। ਉਨ੍ਹਾਂ ਕਿਹਾ ਕਿ ਇਹੀ ਕਾਰਨ ਸੀ ਕਿ ਹਕੂਮਤਾਂ ਨੂੰ ਸਿੱਖ ਕੌਮ ਹਮੇਸ਼ਾ ਰੜਕਦੀ ਰਹੀ। ਸ੍ਰੀ ਅਕਾਲ ਤਖ਼ਤ ਸਾਹਿਬ ਦਾ ਸਿਧਾਂਤ ਅਤੇ ਸਿੱਖ ਸੰਸਥਾਵਾਂ ਨੂੰ ਸੱਟ ਮਾਰਨ ਦੇ ਮਨਸੂਬੇ ਸਮੇਂ ਸਮੇਂ ਦੀਆਂ ਸਰਕਾਰਾਂ ਨੇ ਘੜ੍ਹੇ ਪਰ ਉਨ੍ਹਾਂ ਨੂੰ ਹਮੇਸ਼ਾ ਮੂੰਹ ਦੀ ਖਾਣੀ ਪਈ। ਉਨ੍ਹਾਂ ਕਿਹਾ ਕਿ ਸਿੱਖ ਇਤਿਹਾਸ ਕੌਮ ਦੀਆਂ ਪੀੜ੍ਹੀਆਂ ਲਈ ਸਦਾ ਪ੍ਰੇਰਣਾ ਬਣਦਾ ਰਿਹਾ ਹੈ ਅਤੇ ਕੌਮ ਜਬਰ ਜੁਲਮ ਦਾ ਮੁਕਾਬਲਾ ਪੂਰੀ ਦ੍ਰਿੜ੍ਹਤਾ ਨਾਲ ਕਰਦੀ ਰਹੀ ਹੈ। ਉਨ੍ਹਾਂ ਮੌਜੂਦਾ ਸਮੇਂ ਸਰਕਾਰਾਂ ਵੱਲੋਂ ਸਿੱਖ ਸੰਸਥਾਵਾਂ ਨੂੰ ਕਮਜ਼ੋਰ ਕਰਨ ਦੀ ਨੀਤੀ ਨੂੰ ਨਕਾਰਨ ਵਾਸਤੇ ਕੌਮ ਨੂੰ ਆਪਣੇ ਇਤਿਹਾਸ ਤੋਂ ਉਤਸ਼ਾਹ ਲੈਣ ਦੀ ਅਪੀਲ ਕੀਤੀ। ਸ਼੍ਰੋਮਣੀ ਕਮੇਟੀ ਪ੍ਰਧਾਨ ਨੇ ਕਿਹਾ ਕਿ ਸਰਕਾਰ ਨਹੀਂ ਚਾਹੁੰਦੀ ਕਿ ਸਿੱਖਾਂ ਦੀ ਅਵਾਜ਼ ਹੱਕ, ਸੱਚ ਲਈ ਉਠਦੀ ਰਹੇ। ਇਸ ਦੀ ਉਦਾਹਰਣ ਦਿੰਦਿਆਂ ਐਡਵੋਕੇਟ ਧਾਮੀ ਨੇ ਕਿਹਾ ਕਿ ਸ਼੍ਰੋਮਣੀ ਕਮੇਟੀ ਵੱਲੋਂ ਕਿਸਾਨਾਂ ਦੇ ਹੱਕ ਵਿਚ ਉਠਾਈ ਅਵਾਜ਼ ਨੂੰ ਸਰਕਾਰ ਕੋਝੇ ਹੱਥਕੰਡੇ ਵਰਤ ਰਹੀ ਹੈ। ਇਸ ਤਹਿਤ ਸ਼੍ਰੋਮਣੀ ਕਮਟੀ ਵੱਲੋਂ ਕਿਸਾਨ ਸੰਘਰਸ਼ ਸਬੰਧੀ ਕੀਤੇ ਗਏ ਟਵੀਟ ਨੂੰ ਬੈਨ ਕਰ ਦਿੱਤਾ ਗਿਆ। ਉਨ੍ਹਾਂ ਕਿਹਾ ਕਿ ਅਜਿਹੀਆਂ ਹਰਕਤਾਂ ਨਾਲ ਕੌਮ ਦੀ ਅਵਾਜ਼ ਬੰਦ ਨਹੀਂ ਕੀਤੀ ਜਾ ਸਕਦੀ। ਐਡਵੋਕੇਟ ਧਾਮੀ ਨੇ ਪੱਛਮੀ ਬੰਗਾਲ ਵਿਚ ਸਿੱਖ ਪੁਲਿਸ ਅਫ਼ਸਰ ਨੂੰ ਨਫ਼ਰਤੀ ਹਿੰਸਾ ਦਾ ਸ਼ਿਕਾਰ ਬਣਾਉਣ ਦੀ ਵੀ ਕਰੜੀ ਆਲੋਚਨਾ ਕੀਤੀ। ਉਨ੍ਹਾਂ ਨੇ ਅੱਜ ਦੇ ਦਿਨ ਵਾਪਰੇ ਸਾਕਾ ਸ੍ਰੀ ਨਨਕਾਣਾ ਸਾਹਿਬ ਦੇ ਸ਼ਹੀਦਾਂ ਨੂੰ ਵੀ ਯਾਦ ਕੀਤਾ।
ਸ਼ਤਾਬਦੀ ਸਮਾਗਮ ਮੌਕੇ ਪੁੱਜੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਤਿੱਖੀ ਸੁਰ ਵਿਚ ਸਿੱਖ ਕੌਮ ਦੇ ਮਸਲਿਆਂ ਅਤੇ ਹੱਕੀ ਮੰਗਾਂ ਵੱਲ ਸਰਕਾਰਾਂ ਨੂੰ ਉਚੇਚਾ ਧਿਆਨ ਦੇਣ ਲਈ ਕਿਹਾ। ਉਨ੍ਹਾਂ ਕਿਹਾ ਕਿ ਖਾਲਸਾ ਪੰਥ ਦੀ ਸ਼ਕਤੀ ਗੁਰਬਾਣੀ ਦੇ ਨਾਲ-ਨਾਲ ਸਿੱਖ ਸੰਸਥਾਵਾਂ ਵੀ ਹਨ, ਪ੍ਰੰਤੂ ਸਰਕਾਰਾਂ ਵੱਲੋਂ ਇਨ੍ਹਾਂ ਨੂੰ ਨਿਸ਼ਾਨੇ ’ਤੇ ਲਿਆ ਜਾ ਰਿਹਾ ਹੈ। ਸਿੱਖ ਸੰਸਥਾਵਾਂ ਨੂੰ ਕਮਜ਼ੋਰ ਕਰਨ ਲਈ ਸਿੱਖ ਚਿਹਰਿਆਂ ਦੀ ਵਰਤੋਂ ਸਰਕਾਰਾਂ ਦਾ ਇਕ ਪੈਂਤੜਾ ਹੈ, ਜਿਸ ਨੂੰ ਪਛਾਨਣ ਦੀ ਸਖ਼ਤ ਜ਼ਰੂਰਤ ਹੈ। ਉਨ੍ਹਾਂ ਦਿੱਲੀ ਕਮੇਟੀ, ਹਰਿਆਣਾ ਕਮੇਟੀ ਤੇ ਤਖ਼ਤ ਸ੍ਰੀ ਹਜ਼ੂਰ ਸਾਹਿਬ ਪ੍ਰਬੰਧਕੀ ਬੋਰਡ ਦੀ ਉਦਾਹਰਣ ਦਿੰਦਿਆਂ ਕਿਹਾ ਕਿ ਸਰਕਾਰੀ ਏਜੰਸੀਆਂ ਦਾ ਮੰਤਵ  ਸਿੱਖਾਂ ਦੇ ਗੁਰੂ ਘਰਾਂ ਦੇ ਪ੍ਰਬੰਧਾਂ ਨੂੰ ਪੰਥਕ ਹੱਥਾਂ ਵਿੱਚੋਂ ਖੋਹਣਾ ਹੈ, ਤਾਂ ਜੋ ਪੰਥਕ ਅਵਾਜ਼ ਨੂੰ ਕਮਜ਼ੋਰ ਕੀਤਾ ਜਾ ਸਕੇ। ਉਨ੍ਹਾਂ ਕਿਹਾ ਕਿ ਪੂਰੀ ਕੌਮ ਚੇਤੰਨ ਹੋਵੇ ਤੇ ਆਪਣੀਆਂ ਸੰਸਥਾਵਾਂ ਦੀ ਮਜ਼ਬੂਤੀ ਲਈ ਇਕਜੁਟ ਹੋ ਕੇ ਹਰ ਸਰਕਾਰੀ ਚਾਲ ਦਾ ਮੁਕਾਬਲਾ ਕਰੇ। ਉਨ੍ਹਾਂ ਪੱਛਮੀ ਬੰਗਾਲ ਅੰਦਰ ਸਿੱਖ ਪੁਲਿਸ ਅਫ਼ਸਰ ਨੂੰ ਨਿਸ਼ਾਨੇ ’ਤੇ ਲੈਣ ਦੀ ਨਿੰਦਾ ਕਰਦਿਆਂ ਕਿਹਾ ਕਿ ਇਹੀ ਦਸਤਾਰ ਦੇਸ਼ ਲਈ ਸਰਹੱਦਾਂ ’ਤੇ ਲੜ ਰਹੀ ਹੈ ਅਤੇ ਲੋੜ ਪੈਣ ’ਤੇ ਦੇਸ਼ ਲਈ ਜਾਨ ਵਾਰਨ ਤੋਂ ਵੀ ਪਿੱਛੇ ਨਹੀਂ ਹਟਦੀ। ਉਨ੍ਹਾਂ ਸਰਕਾਰਾਂ ਨੂੰ ਸਿੱਧੇ ਤੌਰ ’ਤੇ ਕਿਹਾ ਕਿ ਸਿੱਖਾਂ ਨਾਲ ਦੇਸ਼ ਅੰਦਰ ਬੇਗਾਨਗੀ ਦਾ ਸਲੂਕ ਬੰਦ ਕੀਤਾ ਜਾਵੇ।
ਇਸੇ ਦੌਰਾਨ ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ ਜਦੋਂ ਜਦੋਂ ਵੀ ਜਬਰ ਜੁਲਮ ਦੀ ਹਨ੍ਹੇਰੀ ਝੁਲੀ ਤਾਂ ਸਿੱਖਾਂ ਨੇ ਆਪਣੀਆਂ ਜਾਨਾਂ ਦੀ ਪ੍ਰਵਾਹ ਕੀਤੇ ਬਿਨਾਂ ਮੁਕਾਬਲਾ ਕੀਤਾ। ਉਨ੍ਹਾਂ ਕਿਹਾ ਕਿ ਇਹ ਸਿੱਖ ਕੌਮ ਦਾ ਖਾਸਾ ਹੈ ਕਿ ਉਹ ਉਲਟ ਹਾਲਾਤਾਂ ਵਿਚ ਵੀ ਡੋਲਦੇ ਨਹੀਂ ਹਨ, ਸਗੋਂ ਆਪਣੇ ਸੱਭਿਆਚਾਰ ਅਤੇ ਇਤਿਹਾਸ ਦੀ ਸੇਧ ਵਿਚ ਅੱਗੇ ਵਧਦੇ ਹਨ। ਇਸ ਦੀਆਂ ਮਿਸਾਲਾਂ ਇਤਿਹਾਸ ਵਿਚ ਵੀ ਅਨੇਕਾਂ ਹਨ ਅਤੇ ਅੱਜ ਵੀ ਅਜਿਹਾ ਵਾਪਰ ਰਿਹਾ ਹੈ। ਇਸ ਮੌਕੇ ਬਾਬਾ ਨਿਹਾਲ ਸਿੰਘ ਹਰੀਆਂ ਵੇਲਾਂ ਤਰਨਾ ਦਲ ਵਾਲਿਆਂ ਨੇ ਵੀ ਸੰਬੋਧਨ ਕਰਦਿਆਂ ਜੈਤੋ ਦੇ ਮੋਰਚੇ ਦੇ ਸ਼ਹੀਦਾਂ ਨੂੰ ਸ਼ਰਧਾ ਤੇ ਸਤਿਕਾਰ ਭੇਟ ਕੀਤਾ।
ਇਸ ਤੋਂ ਪਹਿਲਾਂ ਗਿਆਨੀ ਤਰਸੇਮ ਸਿੰਘ ਮੋਰਾਂਵਾਲੀ ਦੇ ਢਾਡੀ ਜਥੇ ਅਤੇ ਭਾਈ ਜੋਗਾ ਸਿੰਘ ਭਾਗੋਵਾਲੀਆ ਦੇ ਕਵੀਸ਼ਰੀ ਜਥੇ ਨੇ ਸੰਗਤ ਨੂੰ ਸਿੱਖ ਇਤਿਹਾਸ ਨਾਲ ਜੋੜਿਆ। ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਹਜ਼ੂਰੀ ਰਾਗੀ ਜਥਿਆਂ ਨੇ ਗੁਰਬਾਣੀ ਕੀਰਤਨ ਕੀਤਾ ਅਤੇ ਭਾਈ ਸਰਬਜੀਤ ਸਿੰਘ ਲੁਧਿਆਣਾ ਵਾਲਿਆਂ ਨੇ ਕਥਾ ਵਿਚਾਰਾਂ ਸਾਂਝੀਆਂ ਕੀਤੀਆਂ। ਸਟੇਜ ਦੀ ਸੇਵਾ ਭਾਈ ਸਰਬਜੀਤ ਸਿੰਘ ਢੋਟੀਆਂ ਵੱਲੋਂ ਨਿਭਾਈ ਗਈ। ਸਮਾਗਮ ਦੌਰਾਨ  ਸੁਖਬੀਰ ਸਿੰਘ ਬਾਦਲ, ਐਡਵੋਕੇਟ ਹਰਜਿੰਦਰ ਸਿੰਘ ਧਾਮੀ ਅਤੇ ਹੋਰ ਪ੍ਰਮੁੱਖ ਸ਼ਖ਼ਸੀਅਤਾਂ ਵੱਲੋਂ ਸਾਂਝੇ ਤੌਰ ’ਤੇ ਜੈਤੋ ਮੋਰਚੇ ਦੇ ਇਤਿਹਾਸ ਸਬੰਧੀ ਪੁਸਤਕਾਂ ਵੀ ਜਾਰੀ ਕੀਤੀਆਂ। ਇਸ ਮੌਕੇ ਜੈਤੋ ਮੋਰਚੇ ਦੇ ਸ਼ਹੀਦਾਂ ਦੇ ਪਰਿਵਾਰਾਂ ਨੂੰ ਸ਼੍ਰੋਮਣੀ ਕਮੇਟੀ ਵੱਲੋਂ ਸਨਮਾਨ ਵੀ ਦਿੱਤੇ ਗਏ।
ਇਸ ਮੌਕੇ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਗਿਆਨੀ ਸੁਲਤਾਨ ਸਿੰਘ, ਸਾਬਕਾ ਜਥੇਦਾਰ ਗਿਆਨੀ ਗੁਰਬਚਨ ਸਿੰਘ, ਸ੍ਰੀ ਅਕਾਲ ਤਖ਼ਤ ਸਾਹਿਬ ਦੇ ਮੁੱਖ ਗ੍ਰੰਥੀ ਗਿਆਨੀ ਗੁਰਮੁੱਖ ਸਿੰਘ, ਸ਼੍ਰੋਮਣੀ ਕਮੇਟੀ ਦੇ ਜੂਨੀਅਰ ਮੀਤ ਸ. ਗੁਰਬਖ਼ਸ਼ ਸਿੰਘ ਖਾਲਸਾ, ਜਨਰਲ ਸਕੱਤਰ ਭਾਈ ਰਾਜਿੰਦਰ ਸਿੰਘ ਮਹਿਤਾ, ਸੀਨੀਅਰ ਅਕਾਲੀ ਆਗੂ ਡਾ. ਦਲਜੀਤ ਸਿੰਘ ਚੀਮਾ, ਸ. ਸਿਕੰਦਰ ਸਿੰਘ ਮਲੂਕਾ, ਜਥੇਦਾਰ ਗੁਲਜ਼ਾਰ ਸਿੰਘ ਰਣੀਕੇ, ਸ. ਮਨਤਾਰ ਸਿੰਘ ਬਰਾੜ, ਸ. ਗੁਰਪ੍ਰਤਾਪ ਸਿੰਘ ਵਡਾਲਾ, ਸ. ਸੂਬਾ ਸਿੰਘ ਬਾਦਲ, ਬਾਬਾ ਸੇਵਾ ਸਿੰਘ ਖਡੂਰ ਸਾਹਿਬ ਵਾਲੇ, ਬਾਬਾ ਨਿਹਾਲ ਸਿੰਘ ਹਰੀਆਂ ਵੇਲਾਂ, ਬਾਬਾ ਜੀਤ ਸਿੰਘ ਜੌਲਾਂ ਵਾਲੇ, ਬੁੱਢਾ ਦਲ ਵੱਲੋਂ ਬਾਬਾ ਸਰਣਨ ਸਿੰਘ ਮਝੈਲ, ਦਲ ਬਾਬਾ ਬਿਧੀ ਚੰਦ ਵੱਲੋਂ ਨਾਹਰ ਸਿੰਘ, ਬਾਬਾ ਅਵਤਾਰ ਸਿੰਘ ਧੱਤਲ, ਬਾਬਾ ਸੁਖਵਿੰਦਰ ਸਿੰਘ ਮਲਕਪੁਰ, ਬਾਬਾ ਸੋਹਣ ਸਿੰਘ ਭੂਰੀਵਾਲੇ, ਅੰਤਿ੍ਰੰਗ ਮੈਂਬਰ  ਗੁਰਪ੍ਰੀਤ ਸਿੰਘ ਝੱਬਰ, ਰਘਬੀਰ ਸਿੰਘ ਸਹਾਰਨਮਾਜਰਾ, ਮੈਂਬਰ ਭਾਈ ਮਨਜੀਤ ਸਿੰਘ, ਭਾਈ ਅਮਰਜੀਤ ਸਿੰਘ ਚਾਵਲਾ, ਭਾਈ ਗੁਰਚਰਨ ਸਿੰਘ ਗਰੇਵਾਲ,  ਸ਼ੇਰ ਸਿੰਘ ਮੰਡ, ਕੇਵਲ ਸਿੰਘ ਬਾਦਲ, ਬੀਬੀ ਗੁਰਿੰਦਰ ਕੌਰ ਭੋਲੂਵਾਲਾ, ਅਮਰੀਕ ਸਿੰਘ ਕੋਟਸ਼ਮੀਰ, ਬੀਬੀ ਜੋਗਿੰਦਰ ਕੌਰ, ਬੀਬੀ ਗੁਰਪ੍ਰੀਤ ਕੌਰ, ਸਤਪਾਲ ਸਿੰਘ ਤਲਵੰਡੀਭਾਈ,  ਗੁਰਮੀਤ ਸਿੰਘ ਬੂਹ, ਦਰਸ਼ਨ ਸਿੰਘ ਬਰਾੜ, ਗੁਰਪਾਲ ਸਿੰਘ ਗੋਰਾ, ਹਰਤੇਜ ਸਿੰਘ ਭੁੱਲਰ, ਜਰਨੈਲ ਸਿੰਘ ਡੋਗਰਾਂਵਾਲਾ,  ਹਰਪਾਲ ਸਿੰਘ ਜੱਲ੍ਹਾ,  ਸੁਖਹਰਪ੍ਰੀਤ ਸਿੰਘ ਰੋਡੇ, ਪਰਮਜੀਤ ਸਿੰਘ ਖਾਲਸਾ, ਜਗਜੀਤ ਸਿੰਘ ਤਲਵੰਡੀ, ਕੁਲਵੰਤ ਸਿੰਘ ਮੰਨਣ,  ਸੁਰਜੀਤ ਸਿੰਘ ਤੁਗਲਵਾਲ, ਮੰਗਵਿੰਦਰ ਸਿੰਘ ਖਾਪੜਖੇੜੀ, ਭਾਈ ਅਜਾਇਬ ਸਿੰਘ ਅਭਿਆਸੀ, ਅਵਤਾਰ ਸਿੰਘ ਵਣਵਾਲਾ, ਸਤਵਿੰਦਰ ਸਿੰਘ ਟੌਹੜਾ, ਨਵਤੇਜ ਸਿੰਘ ਕਾਉਣੀ,. ਗੁਰਮੇਲ ਸਿੰਘ ਸੰਗਤਪੁਰਾ, ਹਰਵਿੰਦਰ ਸਿੰਘ ਖਾਲਸਾ,  ਸੁਰਿੰਦਰ ਸਿੰਘ ਕਿਸ਼ਨਪੁਰਾ,  ਗੁਰਮਿੰਦਰ ਸਿੰਘ ਚਾਵਲਾ, ਬੀਬੀ ਚਰਨਜੀਤ ਕੌਰ, ਮਹਾਰਾਣੀ ਪਰੀਤੀ ਕੌਰ ਨਾਭਾ, ਕਾਕਾ ਕੰਵਰਉਦੈਪ੍ਰਤਾਪ ਸਿੰਘ, ਬਾਬਾ ਬੀਰਾ ਸਿੰਘ, ਬਾਬਾ ਗੁਰਭੇਜ ਸਿੰਘ, ਬਾਬਾ ਸਤਨਾਮ ਸਿੰਘ ਖਾਪੜਖੇੜੀ, ਬਾਬਾ ਮਹਿੰਦਰ ਸਿੰਘ, ਸਕੱਤਰ ਪ੍ਰਤਾਪ ਸਿੰਘ, ਬਲਵਿੰਦਰ ਸਿੰਘ ਕਾਹਲਵਾਂ,  ਬਿਜੈ ਸਿੰਘ,  ਕੁਲਦੀਪ ਸਿੰਘ ਰੋਡੇ, ਪ੍ਰੋ. ਸੁਖਦੇਵ ਸਿੰਘ, ਬਲਵਿੰਦਰ ਸਿੰਘ ਖੈਰਾਬਾਦ,  ਸੁਖਬੀਰ ਸਿੰਘ,  ਮਨਜੀਤ ਸਿੰਘ, ਮੈਨੇਜਰ ਸੁਖਰਾਜ ਸਿੰਘ ਅਤੇ ਵੱਡੀ ਗਿਣਤੀ ਸੰਗਤਾਂ ਹਾਜ਼ਰ ਸਨ।

 

Share:

ਸੰਪਾਦਕ ਦਾ ਡੈਸਕ

Parminder Singh

Editor

ਕੱਪੜ ਛਾਣ

Watch LIVE TV
Khabarwaale TV
Subscribe

Get all latest content delivered to your email a few times a month.