IMG-LOGO
ਹੋਮ ਪੰਜਾਬ: ਸਕੌਚ ਐਵਾਰਡ 2023: ਪੰਜਾਬ ਦੇ ਬਾਗ਼ਬਾਨੀ ਵਿਭਾਗ ਨੇ ਸਿਲਵਰ ਐਵਾਰਡ...

ਸਕੌਚ ਐਵਾਰਡ 2023: ਪੰਜਾਬ ਦੇ ਬਾਗ਼ਬਾਨੀ ਵਿਭਾਗ ਨੇ ਸਿਲਵਰ ਐਵਾਰਡ ਅਤੇ 5 ਸੈਮੀਫ਼ਾਈਨਲ ਪੁਜ਼ੀਸ਼ਨਾਂ ਹਾਸਲ ਕੀਤੀਆਂ

Admin User - Feb 13, 2024 03:06 PM
IMG

..

ਚੰਡੀਗੜ੍ਹ, 13 ਫ਼ਰਵਰੀ: ਪੰਜਾਬ ਸਰਕਾਰ ਨੇ ਸਕੌਚ ਐਵਾਰਡ-2023 ਵਿੱਚ ਸ਼ਾਨਦਾਰ ਪ੍ਰਦਰਸ਼ਨ ਕੀਤਾ ਹੈ ਅਤੇ ਬਾਗ਼ਬਾਨੀ ਦੇ ਖੇਤਰ ਵਿੱਚ ਇੱਕ ਸਿਲਵਰ ਐਵਾਰਡ ਸਣੇ 5 ਸੈਮੀਫ਼ਾਈਨਲ ਪੁਜ਼ੀਸ਼ਨਾਂ ਹਾਸਲ ਕੀਤੀਆਂ ਹਨ।

ਬਾਗ਼ਬਾਨੀ ਮੰਤਰੀ ਸ. ਚੇਤਨ ਸਿੰਘ ਜੌੜਾਮਾਜਰਾ ਨੇ ਕਰਤਾਰਪੁਰ, ਜਲੰਧਰ ਸਥਿਤ ਸਬਜ਼ੀਆਂ ਦੇ ਸੈਂਟਰ ਆਫ਼ ਐਕਸੀਲੈਂਸ (ਇੰਡੋ-ਇਜ਼ਰਾਈਲੀ ਪ੍ਰਾਜੈਕਟ) ਨੂੰ ਸਿਲਵਰ ਐਵਾਰਡ ਮਿਲਣ 'ਤੇ ਵਿਭਾਗ ਦੇ ਅਧਿਕਾਰੀਆਂ ਨੂੰ ਵਧਾਈ ਦਿੱਤੀ। ਉਨ੍ਹਾਂ ਕਿਹਾ ਕਿ ਇਹ ਸੈਂਟਰ ਕਿਸਾਨਾਂ ਦੀ ਆਮਦਨ ਵਿੱਚ ਜ਼ਿਕਰਯੋਗ ਵਾਧਾ ਕਰਕੇ ਉਨ੍ਹਾਂ ਦੇ ਜੀਵਨ ਵਿੱਚ ਅਹਿਮ ਤਬਦੀਲੀ ਲਿਆਉਣ ਵਿੱਚ ਸਹਾਈ ਹੋ ਰਿਹਾ ਹੈ। ਇੱਥੇ 3-5 ਮੀਟ੍ਰਿਕ ਟਨ ਦੇ ਆਨ-ਫ਼ਾਰਮ ਕੋਲਡ ਰੂਮ ਨੂੰ ਸਟੈਂਡਰਡਾਈਜ਼ ਕੀਤਾ ਗਿਆ ਹੈ ਜਿਸ ਨਾਲ ਕਿਸਾਨਾਂ ਨੂੰ ਭਾਰੀ ਮੁਨਾਫ਼ਾ ਮਿਲਿਆ ਹੈ। ਇਹ ਸੈਂਟਰ ਵੈਲਿਊ-ਚੇਨ ਵਿੱਚ ਵੱਡੇ ਪਾੜੇ ਨੂੰ ਦੂਰ ਕਰਨ ਵਿੱਚ ਮਦਦ ਕਰਨ ਸਣੇ ਵਾਢੀ ਤੋਂ ਪਹਿਲਾਂ ਦੀ ਤਕਨੀਕ ਅਪਨਾਉਣ ਵਾਲੇ ਕਿਸਾਨਾਂ ਨੂੰ 1 ਕਨਾਲ ਪੌਲੀਹਾਊਸ ਤੋਂ 1 ਏਕੜ ਦੇ ਬਰਾਬਰ ਆਮਦਨ ਪ੍ਰਦਾਨ ਕਰਕੇ ਫ਼ਸਲੀ ਵਿਭਿੰਨਤਾ ਅਪਨਾਉਣ ਲਈ ਉਤਸ਼ਾਹਿਤ ਕਰ ਰਿਹਾ ਹੈ।

ਵਾਢੀ ਤੋਂ ਬਾਅਦ ਦੇ ਪ੍ਰਬੰਧਨ ਦੀਆਂ ਆਧੁਨਿਕ ਤਕਨੀਕਾਂ ਨਾਲ ਲੈਸ ਬਾਗ਼ਬਾਨੀ ਵਿਭਾਗ ਦੇ ਇਸ ਪ੍ਰਮੁੱਖ ਸੈਂਟਰ ਵਿਖੇ ਕਿਸਾਨਾਂ ਨੂੰ ਸਿਖਲਾਈ ਦੇਣ ਦੇ ਨਾਲ-ਨਾਲ ਉਨ੍ਹਾਂ ਲਈ ਤਕਨੀਕੀ ਪ੍ਰਦਰਸ਼ਨੀ ਵੀ ਲਾਈਆਂ ਜਾਂਦੀਆਂ ਹਨ ਅਤੇ ਕਿਸਾਨਾਂ ਨੂੰ ਰੋਗ ਮੁਕਤ ਬੂਟਿਆਂ ਦੀ ਘਰ-ਘਰ ਡਿਲੀਵਰੀ ਦਿੱਤੀ ਜਾਂਦੀ ਹੈ। ਇਸ ਸੈਂਟਰ ਵਿੱਚ ਅਤਿ-ਆਧੁਨਿਕ ਹਾਈਡ੍ਰੋਪੌਨਿਕਸ ਯੂਨਿਟ ਅਤੇ ਇੱਕ ਪਲਾਂਟ ਕਲੀਨਿਕ ਪ੍ਰਯੋਗਸ਼ਾਲਾ ਵੀ ਹੈ। ਜ਼ਿਕਰਯੋਗ ਹੈ ਕਿ ਸੈਂਟਰ ਵੱਲੋਂ ਹੁਣ ਤੱਕ ਪੰਜਾਬ ਭਰ ਦੇ ਕਿਸਾਨਾਂ ਨੂੰ 2 ਕਰੋੜ ਤੋਂ ਵੱਧ ਰੋਗ-ਮੁਕਤ ਸਬਜ਼ੀਆਂ ਦੇ ਬੂਟੇ ਮੁਹੱਈਆ ਕਰਵਾਏ ਜਾ ਚੁੱਕੇ ਹਨ।

ਸੈਮੀਫ਼ਾਈਨਲਿਸਟ ਪ੍ਰਾਜੈਕਟਾਂ ਵਿੱਚ ਖੇਤੀਬਾੜੀ ਬੁਨਿਆਦੀ ਢਾਂਚਾ ਫ਼ੰਡ ਸਕੀਮ, ਪ੍ਰਾਜੈਕਟ ਫ਼ੇਜ਼, ਬਾਇਉਫ਼ਰਟੀਲਾਈਜ਼ਰ ਲੈਬਾਰਟਰੀ ਹੁਸ਼ਿਆਰਪੁਰ, ਸੇਰੀਕਲਚਰ (ਪੰਜਾਬ ਵਿੱਚ ਰੇਸ਼ਮ ਉਤਪਾਦਨ ਦਾ ਵਿਕਾਸ) ਅਤੇ ਆਲੂਆਂ ਦੇ ਸੈਂਟਰ ਆਫ਼ ਐਕਸੀਲੈਂਸ (ਇੰਡੋ-ਡੱਚ ਪ੍ਰਾਜੈਕਟ)-ਧੋਗੜੀ, ਜਲੰਧਰ ਸ਼ਾਮਲ ਹਨ। ਇਨ੍ਹਾਂ ਪ੍ਰਾਜੈਕਟਾਂ ਨੂੰ ਉਨ੍ਹਾਂ ਦੀ ਨਵੀਨਤਮ ਅਤੇ ਸਾਰੇ ਭਾਈਵਾਲਾਂ ਲਈ ਸਾਕਾਰਾਤਮਕ ਪ੍ਰਭਾਵ ਬਣਾਉਣ ਅਤੇ ਜ਼ਮੀਨੀ ਪੱਧਰ 'ਤੇ ਯੋਗਦਾਨ ਲਈ ਸਲਾਹਿਆ ਗਿਆ ਹੈ।

ਦੱਸ ਦੇਈਏ ਕਿ ਸਕੌਚ ਗਰੁੱਪ ਭਾਰਤ ਦਾ ਇੱਕ ਅਜਿਹਾ ਪ੍ਰਮੁੱਖ ਥਿੰਕ ਟੈਂਕ ਹੈ, ਜੋ ਸਰਬਪੱਖੀ ਵਿਕਾਸ 'ਤੇ ਧਿਆਨ ਕੇਂਦਰਤ ਕਰਦਿਆਂ ਸਮਾਜਿਕ-ਆਰਥਿਕ ਮੁੱਦਿਆਂ ਨਾਲ ਨਜਿੱਠਦਾ ਹੈ। ਸਕੌਚ ਐਵਾਰਡ, ਕੌਮੀ ਅਹਿਮੀਅਤ ਵਾਲੇ ਮੁੱਦਿਆਂ 'ਤੇ ਕੰਮ ਕਰਨ ਵਾਲੇ ਪ੍ਰਾਜੈਕਟਾਂ ਅਤੇ ਸੰਸਥਾਵਾਂ ਨੂੰ ਮਾਨਤਾ ਦੇਣ ਲਈ 2003 ਤੋਂ ਰਾਸ਼ਟਰੀ ਪੱਧਰ 'ਤੇ ਕਰਵਾਏ ਜਾ ਰਹੇ ਹਨ। ਇਹ ਪੁਰਸਕਾਰ ਸਮਾਜ ਵਿੱਚ ਅਹਿਮ ਯੋਗਦਾਨ ਪਾਉਣ ਲਈ ਪੁਰਸਕਾਰ ਪ੍ਰਾਪਤ ਕਰਨ ਵਾਲੀਆਂ ਸੰਸਥਾਵਾਂ/ਪ੍ਰਾਜੈਕਟਾਂ ਦੀਆਂ ਅਸਾਧਾਰਣ ਪ੍ਰਾਪਤੀਆਂ ਨੂੰ ਦਰਸਾਉਂਦੇ ਹਨ।

ਨਵੀਂ ਦਿੱਲੀ ਦੇ ਕਾਂਸਟੀਚਿਊਸ਼ਨ ਕਲੱਬ ਆਫ਼ ਇੰਡੀਆ ਵਿਖੇ ਕਰਵਾਏ ਗਏ ਐਵਾਰਡ ਸਮਾਰੋਹ ਦੌਰਾਨ ਖੇਤੀਬਾੜੀ ਵਿਭਾਗ ਦੇ ਸਕੱਤਰ ਸ੍ਰੀ ਅਜੀਤ ਬਾਲਾਜੀ ਜੋਸ਼ੀ, ਬਾਗ਼ਬਾਨੀ ਵਿਭਾਗ ਦੇ ਡਾਇਰੈਕਟਰ ਸ੍ਰੀਮਤੀ ਸ਼ੈਲਿੰਦਰ ਕੌਰ ਅਤੇ ਸਹਾਇਕ ਡਾਇਰੈਕਟਰ (ਬਾਗ਼ਬਾਨੀ) ਸ੍ਰੀ ਦਲਜੀਤ ਸਿੰਘ ਗਿੱਲ ਨੇ ਪੰਜਾਬ ਸਰਕਾਰ ਦੀ ਤਰਫ਼ੋਂ ਐਵਾਰਡ ਪ੍ਰਾਪਤ ਕੀਤਾ।

Share:

ਸੰਪਾਦਕ ਦਾ ਡੈਸਕ

Parminder Singh Jatpuri

Editor in Chief

ਕੱਪੜ ਛਾਣ

Watch LIVE TV
Khabarwaale TV
Subscribe

Get all latest content delivered to your email a few times a month.