ਤਾਜਾ ਖਬਰਾਂ
ਮਾਨਸਾ 31 ਮਾਰਚ (ਰਾਜੀਵ ਆਜ਼ਾਦ) :- ਮਾਨਸਾ ਪੁਲੀਸ ਨੇ ਨਸ਼ਿਆਂ ਵਿਰੁੱਧ ਵਿੱਢੀ ਮੁਹਿੰਮ ਦੌਰਾਨ ਵੱਡੀ ਕਾਰਵਾਈ ਕਰਦਿਆਂ ਵੱਖ-ਵੱਖ ਮਾਮਲਿਆਂ 'ਚ 77 ਮੁਕੱਦਮੇ ਦਰਜ ਕਰਕੇ 84 ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰਨ ਚ ਸਫਲਤਾ ਹਾਸਲ ਕੀਤੀ ਹੈ। ਇਸ ਸਬੰਧੀ ਮਾਨਸਾ ਦੇ ਐੱਸਐੱਸਪੀ ਸੁਰਿੰਦਰ ਲਾਂਬਾ ਨੇ ਦੱਸਿਆ ਕਿ ਪੰਜਾਬ ਨੂੰ ਨਸ਼ਾਮੁਕਤ ਕਰਨ ਲਈ ਮਾਣਯੋਗ ਡਾਇਰੈਕਟਰ ਜਨਰਲ ਪੁਲੀਸ ਪੰਜਾਬ ਚੰਡੀਗਡ਼੍ਹ ਅਤੇ ਇੰਸਪੈਕਟਰ ਜਨਰਲ ਪੁਲੀਸ ਬਠਿੰਡਾ ਰੇਂਜ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਨਸ਼ਿਆਂ ਦੀ ਰੋਕਥਾਮ ਲਈ ਵਿਸ਼ੇਸ਼ ਮੁਹਿੰਮ ਚਲਾਈ ਗਈ ਹੈ। ਐੱਸਐੱਸਪੀ ਨੇ ਦੱਸਿਆ ਕਿ ਇਸ ਮੁਹਿੰਮ ਤਹਿਤ ਵੱਧ ਤੋਂ ਵੱਧ ਫੋਰਸ ਲਗਾ ਕੇ ਵੱਖ ਵੱਖ ਥਾਵਾਂ ਤੋਂ ਨਸ਼ਿਆਂ ਦੀ ਬਰਾਮਦਗੀ ਕਰਕੇ ਮੁਕੱਦਮੇ ਦਰਜ ਕੀਤੇ ਗਏ ਹਨ। ਉਨ੍ਹਾਂ ਦੱਸਿਆ ਕਿ ਮਾਨਸਾ ਪੁਲੀਸ ਵੱਲੋਂ ਮਾਰਚ ਮਹੀਨੇ ਚ ਜੇਲ੍ਹਾਂ ਅੰਦਰ ਨਸ਼ਿਆਂ ਦੀ ਮੁਕੰਮਲ ਰੋਕਥਾਮ ਨੂੰ ਯਕੀਨੀ ਬਣਾਉਂਦੇ ਹੋਏ ਨਸ਼ਿਆਂ ਦਾ ਧੰਦਾ ਕਰਨ ਵਾਲਿਆਂ ਵਿਰੁੱਧ ਵੱਡੇ ਪੱਧਰ ਤੇ ਕਾਰਵਾਈ ਕੀਤੀ ਗਈ ਹੈ। ਐੱਸਐੱਸਪੀ ਨੇ ਦੱਸਿਆ ਕਿ ਮਾਨਸਾ ਪੁਲੀਸ ਵੱਲੋਂ NDPS ਐਕਟ ਤਹਿਤ ਕਾਰਵਾਈ ਕਰਦਿਆਂ 16 ਮੁਕੱਦਮੇ ਦਰਜ ਕਰਕੇ 20 ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ, ਜਿਨ੍ਹਾਂ ਕੋਲੋਂ 6169 ਨਸ਼ੀਲੀਆਂ ਗੋਲੀਆਂ, 8 ਗਰਾਮ ਹੈਰੋਇਨ, 170 ਗ੍ਰਾਮ ਅਫ਼ੀਮ, 15 ਕਿਲੋਗ੍ਰਾਮ ਭੁੱਕੀ ਚੂਰਾ ਪੋਸਤ, 160 ਗ੍ਰਾਮ ਗਾਂਜਾ ਅਤੇ 55 ਗ੍ਰਾਮ ਸੁਲਫਾ ਬਰਾਮਦ ਕੀਤਾ ਹੈ।ਇਸੇ ਤਰ੍ਹਾਂ ਆਬਕਾਰੀ ਐਕਟ ਤਹਿਤ ਵੱਖ ਵੱਖ ਥਾਵਾਂ ਤੋਂ 64 ਮੁਲਜ਼ਮਾਂ ਨੂੰ ਗਿ੍ਫ਼ਤਾਰ ਕਰਕੇ ਉਨ੍ਹਾਂ ਵਿਰੁੱਧ 61 ਮੁਕੱਦਮੇ ਦਰਜ ਕੀਤੇ ਗਏ ਹਨ।ਉਨ੍ਹਾਂ ਦੱਸਿਆ ਕਿ ਗ੍ਰਿਫ਼ਤਾਰ ਕੀਤੇ ਮੁਲਜ਼ਮਾਂ ਕੋਲੋਂ 2260 ਲਿਟਰ ਲਾਹਣ, 6 ਚਾਲੂ ਭੱਠੀਆਂ ਅਤੇ 774 ਲਿਟਰ ਸ਼ਰਾਬ ਦੀ ਬਰਾਮਦਗੀ ਕੀਤਾ ਗਈ ਹੈ। ਐੱਸਐੱਸਪੀ ਨੇ ਦੱਸਿਆ ਕਿ ਮੁਲਜ਼ਮਾਂ ਵਿਰੁੱਧ ਵੱਖ ਵੱਖ ਥਾਣਿਆਂ ਅੰਦਰ ਮੁਕੱਦਮੇ ਦਰਜ ਕਰਕੇ ਤਫਤੀਸ਼ ਅਮਲ ਚ ਲਿਆਂਦੀ ਗਈ ਹੈ। ਐੱਸਐੱਸਪੀ ਮਾਨਸਾ ਨੇ ਦੱਸਿਆ ਕਿ ਨਸ਼ਿਆਂ ਦੇ ਮਾਡ਼ੇ ਅਨਸਰਾਂ ਵਿਰੁੱਧ ਵਿੱਢੀ ਮੁਹਿੰਮ ਨੂੰ ਭਵਿੱਖ ਵਿੱਚ ਵੀ ਨਿਰੰਤਰ ਜਾਰੀ ਰੱਖਿਆ ਜਾਵੇਗਾ।
Get all latest content delivered to your email a few times a month.