IMG-LOGO
ਹੋਮ ਪੰਜਾਬ: ਰਾਜ ਸਭਾ ਐਮ.ਪੀ ਸੰਤ ਸੀਚੇਵਾਲ ਵਿਸ਼ਵ ਵੈਟਲੈਂਡ ਦਿਵਸ (2 ਫਰਵਰੀ)...

ਰਾਜ ਸਭਾ ਐਮ.ਪੀ ਸੰਤ ਸੀਚੇਵਾਲ ਵਿਸ਼ਵ ਵੈਟਲੈਂਡ ਦਿਵਸ (2 ਫਰਵਰੀ) 'ਤੇ 'ਬੁੱਢੇ ਦਰਿਆ' ਦੇ ਨਾਲ-ਨਾਲ ਪੌਦੇ ਲਗਾਉਣ ਦੀ ਮੁਹਿੰਮ ਦੀ ਕਰਨਗੇ ਸ਼ੁਰੂਆਤ

Admin User - Jan 31, 2024 07:52 PM
IMG

.

ਲੁਧਿਆਣਾ, 31 ਜਨਵਰੀ: 'ਬੁੱਢੇ ਦਰਿਆ' ਦੇ ਨਾਲ-ਨਾਲ ਵਾਤਾਵਰਣ ਨੂੰ ਬਚਾਉਣ ਅਤੇ ਹਰਿਆਲੀ ਨੂੰ ਉਤਸ਼ਾਹਿਤ ਕਰਨ ਦੇ ਉਦੇਸ਼ ਨਾਲ, ਰਾਜ ਸਭਾ ਐਮ.ਪੀ ਸੰਤ ਬਲਬੀਰ ਸਿੰਘ ਸੀਚੇਵਾਲ ਵਿਸ਼ਵ ਵੈਟਲੈਂਡਜ਼ ਦਿਵਸ (2 ਫਰਵਰੀ) 'ਤੇ ਸ਼ਹਿਰ ਵਿੱਚ 'ਬੁੱਢੇ ਦਰਿਆ' ਦੇ ਨਾਲ-ਨਾਲ  ਪੌਦੇ ਲਗਾਉਣ ਦੀ ਮੁਹਿੰਮ ਦੀ ਸ਼ੁਰੂਆਤ ਕਰਨਗੇ। ਇਸ ਮੁਹਿੰਮ ਦੀ ਸ਼ੁਰੂਆਤ ਇਤਿਹਾਸਕ ਗੁਰਦੁਆਰਾ ਗਊ ਘਾਟ ਦੇ ਪਿਛਲੇ ਪਾਸੇ ਵਾਲੀ ਥਾਂ ਤੋਂ ਕੀਤੀ ਜਾਵੇਗੀ।

‘ਆਪ’ ਦੇ ਰਾਜ ਸਭਾ ਮੈਂਬਰ ਸੀਚੇਵਾਲ ਨੇ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਸੂਬਾ ਸਰਕਾਰ ਸੂਬੇ ਭਰ ਵਿੱਚ ਜਲ ਸਰੋਤਾਂ ਨੂੰ ਸਾਫ਼ ਕਰਨ ਅਤੇ ਸੂਬੇ ਨੂੰ ਮੁੜ 'ਰੰਗਲਾ ਪੰਜਾਬ' ਵਿੱਚ ਬਦਲਣ ਲਈ ਸਖ਼ਤੀ ਨਾਲ ਕੰਮ ਕਰ ਰਹੀ ਹੈ। ਇਹ ਟੀਚਾ ਤਾਂ ਹੀ ਪ੍ਰਾਪਤ ਕੀਤਾ ਜਾ ਸਕਦਾ ਹੈ ਜੇਕਰ ਹਰ ਕੋਈ ਅੱਗੇ ਵਧੇ ਅਤੇ ਪ੍ਰਦੂਸ਼ਣ ਨੂੰ ਰੋਕਣ ਦਾ ਸੰਕਲਪ ਲਵੇ।

ਰਾਜ ਸਭਾ ਮੈਂਬਰ ਸੀਚੇਵਾਲ ਨੇ ਬੁੱਧਵਾਰ ਨੂੰ ਗੁਰਦੁਆਰਾ ਗਊ ਘਾਟ ਵਿਖੇ ਨਗਰ ਨਿਗਮ ਦੇ ਅਧਿਕਾਰੀਆਂ ਅਤੇ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰਾਂ ਨਾਲ ਮੀਟਿੰਗ ਕੀਤੀ ਅਤੇ ਸ਼ਹਿਰ ਵਾਸੀਆਂ ਨੂੰ 2 ਫਰਵਰੀ ਨੂੰ ਸ਼ੁਰੂ ਕੀਤੀ ਜਾਣ ਵਾਲੀ ਪੌਦੇ ਲਗਾਉਣ ਦੀ ਮੁਹਿੰਮ ਵਿੱਚ ਵੱਧ ਚੜ੍ਹ ਕੇ ਹਿੱਸਾ ਲੈਣ ਦੀ ਅਪੀਲ ਕੀਤੀ। ਰਾਜ ਸਭਾ ਐਮ.ਪੀ ਸੀਚੇਵਾਲ ਨੇ ਗੁਰਦੁਆਰੇ ਦੇ ਪਿਛਲੇ ਪਾਸੇ 'ਬੁੱਢੇ ਦਰੀਆ' ਵਾਲੀ ਥਾਂ ਦਾ ਨਿਰੀਖਣ ਵੀ ਕੀਤਾ।

ਇਸ ਮੌਕੇ ਨਗਰ ਨਿਗਮ ਦੇ ਵਧੀਕ ਕਮਿਸ਼ਨਰ ਪਰਮਦੀਪ ਸਿੰਘ, ਪੀ.ਪੀ.ਸੀ.ਬੀ. ਦੇ ਚੀਫ਼ ਇੰਜਨੀਅਰ ਪਰਦੀਪ ਗੁਪਤਾ, ਗੁਰਦੁਆਰਾ ਗਊ ਘਾਟ ਦੀ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਨੇਕ ਸਿੰਘ ਸੇਖੇਵਾਲ, ਹੈੱਡ ਗ੍ਰੰਥੀ ਸੋਹਣ ਸਿੰਘ, ਮੈਨੇਜਰ ਸ਼ਮਸ਼ੇਰ ਸਿੰਘ, ਸ਼ਾਹੀ ਇਮਾਮ ਪੰਜਾਬ ਮੁਹੰਮਦ ਉਸਮਾਨ ਰਹਿਮਾਨੀ ਲੁਧਿਆਣਵੀ ਆਦਿ ਵੀ ਹਾਜ਼ਰ ਸਨ।

ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਨੇਕ ਸਿੰਘ ਨੇ ਦੱਸਿਆ ਕਿ ਇਤਫ਼ਾਕ ਨਾਲ 2 ਫਰਵਰੀ ਨੂੰ ਰਾਜ ਸਭਾ ਮੈਂਬਰ ਸੀਚੇਵਾਲ ਦਾ ਜਨਮ ਦਿਨ ਵੀ ਹੈ ਅਤੇ ਉਹ ਇਸੇ ਦਿਨ ਗੁਰਦੁਆਰਾ ਗਊ ਘਾਟ ਤੋਂ ਬੂਟੇ ਲਗਾਉਣ ਦੀ ਮੁਹਿੰਮ ਦੀ ਸ਼ੁਰੂਆਤ ਕਰਨਗੇ।
 
ਰਾਜ ਸਭਾ ਮੈਂਬਰ ਸੀਚੇਵਾਲ ਨੇ ਕਿਹਾ ਕਿ ਗੁਰਦੁਆਰਾ ਗਊ ਘਾਟ ਇਤਿਹਾਸਕ ਅਤੇ ਧਾਰਮਿਕ ਮਹੱਤਵ ਰੱਖਦਾ ਹੈ ਕਿਉਂਕਿ ਗੁਰੂ ਨਾਨਕ ਦੇਵ ਜੀ ਇਸ ਸਥਾਨ ਤੇ ਆਏ ਸਨ। ਸ੍ਰੀ ਗੁਰੂ ਨਾਨਕ ਦੇਵ ਜੀ ਵੀ ਵਾਤਾਵਰਨ ਨੂੰ ਸ਼ੁੱਧ ਰੱਖਣ 'ਤੇ ਜ਼ੋਰ ਦਿੰਦੇ ਹਨ ਅਤੇ ਵਾਤਾਵਰਨ ਨੂੰ ਪ੍ਰਦੂਸ਼ਿਤ ਹੋਣ ਤੋਂ ਬਚਾਉਣ ਲਈ ਸਾਰਿਆਂ ਨੂੰ ਅੱਗੇ ਆਉਣਾ ਚਾਹੀਦਾ ਹੈ। ਸਨਅਤਕਾਰਾਂ, ਡੇਅਰੀ ਮਾਲਕਾਂ ਆਦਿ ਸਮੇਤ ਹਰ ਕਿਸੇ ਨੂੰ 'ਬੁੱਢੇ ਦਰਿਆ' ਵਿੱਚ ਪ੍ਰਦੂਸ਼ਣ ਰੋਕਣ ਦਾ ਪ੍ਰਣ ਲੈਣਾ ਚਾਹੀਦਾ ਹੈ ਅਤੇ ਵਸਨੀਕ ਥੋੜ੍ਹੇ ਸਮੇਂ ਵਿੱਚ ਹੀ ਜ਼ਮੀਨੀ ਪੱਧਰ 'ਤੇ ਸਕਾਰਾਤਮਕ ਤਬਦੀਲੀ ਦੇ ਗਵਾਹ ਹੋਣਗੇ।

ਰਾਜ ਸਭਾ ਮੈਂਬਰ ਸੀਚੇਵਾਲ ਨੇ ਕਿਹਾ ਕਿ ‘ਸਰਬੱਤ ਦਾ ਭਲਾ’ ਮੰਗਣ ਲਈ ਗੁਰਦੁਆਰਾ ਗਊ ਘਾਟ ਵਿਖੇ ‘ਸ੍ਰੀ ਅਖੰਡ ਪਾਠ ਸਾਹਿਬ’ ਵੀ ਆਰੰਭ ਕੀਤਾ ਗਿਆ ਹੈ। 2 ਫਰਵਰੀ ਨੂੰ ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਪਾਏ ਜਾਣਗੇ, ਉਪਰੰਤ ਪੌਦੇ ਲਗਾਉਣ ਦੀ ਮੁਹਿੰਮ ਦੀ ਸ਼ੁਰੂਆਤ ਕੀਤੀ ਜਾਵੇਗੀ।

ਬੁੱਢੇ ਨਾਲੇ ਦੀ ਸਫ਼ਾਈ ਲਈ ਪ੍ਰਾਜੈਕਟ ’ਤੇ ਸੁਚੱਜੇ ਢੰਗ ਨਾਲ ਕੰਮ ਕਰਨ ਲਈ ਅਧਿਕਾਰੀਆਂ ਨੂੰ ਨਿਰਦੇਸ਼ ਦਿੰਦਿਆਂ ਰਾਜ ਸਭਾ ਮੈਂਬਰ ਸੀਚੇਵਾਲ ਨੇ ਕਿਹਾ ਕਿ ਸੂਬੇ ਦੀ ‘ਆਪ’ ਸਰਕਾਰ ਅਤੇ ਪ੍ਰਸ਼ਾਸਨ ਜਲ ਸਰੋਤਾਂ ਨੂੰ ਸਾਫ਼ ਕਰਨ ਲਈ ਕੰਮ ਕਰ ਰਹੇ ਹੈ, ਪਰ ਸ਼ਹਿਰ ਵਾਸੀਆਂ ਨੂੰ ਵੀ ਪ੍ਰਦੂਸ਼ਣ ਖ਼ਿਲਾਫ਼ ਲੜਾਈ ਵਿੱਚ ਆਪਣਾ ਬਣਦਾ ਯੋਗਦਾਨ ਪਾਉਣਾ ਚਾਹੀਦਾ ਹੈ।

ਇਹ ਦੱਸਦੇ ਹੋਏ ਕਿ 'ਬੁੱਢੇ ਦਰੀਆ' ਦੇ ਨਾਲ-ਨਾਲ ਪੌਦੇ ਲਗਾਉਣ ਦੀ ਮੁਹਿੰਮ ਨੂੰ ਪੜਾਅਵਾਰ ਚਲਾਇਆ ਜਾਵੇਗਾ, ਰਾਜ ਸਭਾ ਮੈਂਬਰ ਸੀਚੇਵਾਲ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਇਸ ਮੁਹਿੰਮ ਵਿੱਚ ਵੱਧ-ਚੜ੍ਹ ਕੇ ਹਿੱਸਾ ਲੈਣ।

Share:

ਸੰਪਾਦਕ ਦਾ ਡੈਸਕ

Parminder Singh Jatpuri

Editor in Chief

ਕੱਪੜ ਛਾਣ

Watch LIVE TV
Khabarwaale TV
Subscribe

Get all latest content delivered to your email a few times a month.