ਤਾਜਾ ਖਬਰਾਂ
ਚੰਡੀਗੜ੍ਹ :- ਅੱਜ ਦੇ ਲੋਕਤੰਤਰੀ ਰਾਜ ਦੇ ਪੰਜਾਬ ਦੇ ਮਹਾਰਾਜਾ ਕੈਪਟਨ ਅਮਰਿੰਦਰ ਸਿੰਘ ਦੀ ਪੋਤਰੀ ਸਹਿਰਇੰਦਰ ਕੌਰ ਦਾ ਸ਼ੁੱਭ ਆਨੰਦ ਕਾਰਜ ਅੱਜ ਦਿੱਲੀ ਦੇ ਪ੍ਰਸਿੱਧ ਬਿਜ਼ਨਸਮੈਨ ਡੇਵਿਡ ਨਾਰੰਗ ਦੇ ਪੁੱਤਰ ਅਦਿੱਤਿਆ ਨਾਰੰਗ ਨਾਲ ਹੋਣ ਜਾ ਰਿਹਾ ਹੈ । ਇਹ ਵਿਆਹ ਸਮਾਗਮ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਸਿਸਵਾਂ ਚ ਨਵੇਂ ਬਣੇ ਮਹਿਲ ਵਿੱਚ ਚੱਲ ਰਿਹਾ ਹੈ । ਦਿਲਚਸਪ ਗੱਲ ਇਹ ਹੈ ਕਿ ਸਿਹਤ ਐਡਵਾਈਜ਼ਰੀ ਨੂੰ ਮੱਦੇਨਜ਼ਰ ਰੱਖਦਿਆਂ ਇਸ ਸਮਾਗਮ ਵਿੱਚ ਮਹਾਰਾਜਾ ਤੇ ਨਾਰੰਗ ਪਰਿਵਾਰ ਦੇ ਸਿਰਫ਼ ਦਾਦਕਾ ਪਰਿਵਾਰ ਹੀ ਸ਼ਾਮਲ ਹੈ । ਭਾਵੇਂ ਕਿ ਕੈਪਟਨ ਅਮਰਿੰਦਰ ਸਿੰਘ ਵੱਲੋਂ ਤਿੰਨ- ਚਾਰ ਦਿਨ ਪਹਿਲਾਂ ਆਪਣੇ ਵਿਧਾਇਕਾਂ ਤੇ ਮੰਤਰੀਆਂ ਨੂੰ ਇਸ ਵਿਆਹ ਦੀ ਖੁਸ਼ੀ ਚ ਖਾਣੇ ਦੀ ਦਾਅਵਤ ਤੇ ਵੀ ਸੱਦਿਆ ਸੀ ਅਤੇ ਉਸ ਤੋਂ ਬਾਅਦ ਕੁਝ ਅਖ਼ਬਾਰਾਂ ਦੇ ਮੁੱਖ ਸੰਪਾਦਕਾਂ ਨਾਲ ਨੂੰ ਵੀ ਖਾਣੇ ਤੇ ਬੁਲਾਇਆ ਗਿਆ ਸੀ । ਇਸ ਵਿਆਹ ਸਮਾਗਮ ਦੇ ਪ੍ਰਬੰਧਾਂ ਨੂੰ ਮੁੱਖ ਮੰਤਰੀ ਦੇ ਨਿੱਜੀ ਸਲਾਹਕਾਰ ਦੇਖ ਰਹੇ ਹਨ । ਇਸ ਵਕਤ ਸ਼ਹਿਰਇੰਦਰ ਕੌਰ ਦੇ ਪਿਤਾ ਰਣਇੰਦਰ ਸਿੰਘ ਤੇ ਦਾਦੀ ਮਹਾਰਾਣੀ ਪ੍ਰਨੀਤ ਕੌਰ ਦੇ ਚਾਅ ਨਹੀਂ ਚੁੱਕੇ ਜਾ ਰਹੇ ।
ਵੱਡੀ ਗੱਲ ਇਹ ਹੈ ਕਿ ਵੇਖਿਆ ਜਾਵੇ ਕਿ ਹੁਣ ਤੱਕ ਦੇ ਪੰਜਾਬ ਦੇ ਮਹਾਰਾਜਿਆਂ ਦੇ ਪਰਿਵਾਰਾਂ ਚੋਂ ਸਭ ਤੋਂ ਸਸਤਾ ਅਤੇ ਸਾਦੇ ਢੰਗ ਵਾਲਾ ਇਹ ਪਹਿਲਾ ਵਿਆਹ ਹੈ । ਇਸ ਗੱਲ ਦੀ ਵੀ ਪ੍ਰਸੰਸਾ ਕੀਤੀ ਜਾ ਰਹੀ ਹੈ ਕਿ ਅੱਜ ਦੇ ਮਹਿੰਗਾਈ ਦੇ ਯੁੱਗ ਚ ਫ਼ਜ਼ੂਲ ਖ਼ਰਚਿਆਂ ਨੂੰ ਛੱਡਕੇ ਕੀਤਾ ਗਿਆ ਸਾਦੇ ਢੰਗ ਨਾਲ ਵਿਆਹ ਇਕ ਚੰਗੀ ਪਿਰਤ ਹੈ ।
ਜੇਕਰ ਸਿੱਖ ਵਿਰਾਸਤ ਦੇ ਮਹਾਰਾਜਾ ਦੀ ਗੱਲ ਕਰੀਏ ਕਿ ਹੁਣ ਤੱਕ ਦਾ ਸਭ ਤੋਂ ਮਹਿੰਗਾ ਵਿਆਹ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਨੇ ਆਪਣੇ ਪੋਤਰੇ ਕੰਵਰ ਨੌਂ ਨਿਹਾਲ ਸਿੰਘ ਦਾ 9 ਮਾਰਚ 1821 ਨੂੰ ਜਰਨੈਲ ਸ਼ਾਮ ਸਿੰਘ ਅਟਾਰੀ ਦੀ ਧੀ ਨਾਨਕੀ ਨਾਲ ਕੀਤਾ ਸੀ । ਇਸ ਵਿਆਹ ਵਿੱਚ 3000 ਘੋੜਸਵਾਰਾ ਨੂੰ ਵਿਆਹ ਚ ਸ਼ਾਮਲ ਹੋਣ ਆਏ ਗੁਆਂਢੀ ਰਿਆਸਤਾਂ ਦੇ ਰਾਜਿਆਂ ਤੇ ਬ੍ਰਿਟਿਸ਼ ਅਧਿਕਾਰੀ ਹੈਨਰੀ ਦਾ ਸਵਾਗਤ ਕਰਨ ਲਈ ਤਾਇਨਾਤ ਕੀਤਾ ਗਿਆ ਸੀ । ਸਾਰੇ ਘੋੜ ਸਵਾਰਾਂ ਦੇ ਪਹਿਰਾਵੇ ਵੀ ਸ਼ਾਹੀ ਸਨ ਤੇ ਉਨ੍ਹਾਂ ਉੱਪਰ ਹੀਰੇ ਜੜੇ ਹੋਏ ਸਨ । ਸਾਰੇ ਪ੍ਰਬੰਧਾਂ ਨੂੰ ਦੇਖਣ ਵਾਲਾ ਵਜ਼ੀਰੇ ਆਜ਼ਮ ਧਿਆਨ ਸਿੰਘ ਡੋਗਰਾ ਜਿਸ ਘੋੜੇ ਤੇ ਬੈਠਾ ਸੀ ,ਉਸ ਘੋੜੇ ਨੂੰ ਪਰਸੀਆ ਤੋਂ ਲਿਆਂਦਾ ਸੀ ਤੇ ਉਸ ਦੀ ਕਾਠੀ ਤੇ ਲਗਾਮ ਵੀ ਸੋਨੇ ਦੀ ਸੀ। ਇਸ ਸਮਾਗਮ ਚ ਜਿੱਥੇ ਮਹਾਰਾਜਾ ਰਣਜੀਤ ਸਿੰਘ ਵੱਲੋਂ ਹੀਰੇ ,ਜਵਾਹਰਾਤ ਤੇ ਸੋਨੇ ਚਾਂਦੀ ਦੇ ਬਰਤਨ ਵੰਡੇ ਗਏ ਸਨ, ਉੱਥੇ ਹੀ ਕੋਹਿਨੂਰ ਨੂੰ ਵੀ ਇਸ ਸਮਾਗਮ ਚ ਡਿਸਪਲੇਅ ਕੀਤਾ ਗਿਆ । ਜੋ ਕਿ ਹੁਣ ਤੱਕ ਦਾ ਸਿੱਖ ਮਹਾਰਾਜਿਆਂ ਦੇ ਖਾਨਦਾਨ ਦਾ ਸਭ ਤੋਂ ਮਹਿੰਗਾ ਵਿਆਹ ਮੰਨਿਆ ਜਾ ਰਿਹਾ ਹੈ ।
Get all latest content delivered to your email a few times a month.