ਤਾਜਾ ਖਬਰਾਂ
ਚੰਡੀਗੜ੍ਹ, 31 ਜਨਵਰੀ:
ਅੱਜ ਸਵੇਰ ਕੀਤੀ ਕਾਰਵਾਈ ਵਿੱਚ ਪੰਜਾਬ ਪੁਲਿਸ ਦੀ ਸੰਗਠਿਤ ਅਪਰਾਧ ਰੋਕੂ ਇਕਾਈ ਨੇ ਪਟਿਆਲਾ ਜ਼ਿਲ੍ਹੇ ਵਿੱਚ ਸਰਗਰਮ ਜੂਏ ਦੇ ਰੈਕੇਟ ਦਾ ਪਰਦਾਫਾਸ਼ ਕੀਤਾ ਅਤੇ ਬਨੂੜ ਦੇ ਬਾਹਰਵਾਰ ਸਥਿਤ ਸਿਟੀ ਮੈਰਿਜ ਪੈਲੇਸ ਵਿੱਚੋਂ 10 ਔਰਤਾਂ ਸਮੇਤ 70 ਵਿਅਕਤੀਆਂ ਨੂੰ ਗਿ੍ਰਫਤਾਰ ਕੀਤਾ ਗਿਆ। ਇਸ ਤੋਂ ਇਲਾਵਾ ਗਿ੍ਰਫ਼ਤਾਰ ਕੀਤੇ ਗਏ ਵਿਅਕਤੀਆਂ ਪਾਸੋਂ ਮੌਕੇ ’ਤੇ 8.42 ਲੱਖ ਰੁਪਏ ਦੀ ਨਕਦੀ, 47 ਵਾਹਨ, ਸ਼ਰਾਬ ਦੀਆਂ 40 ਬੋਤਲਾਂ, ਤਾਸ਼ ਅਤੇ ਲੈਪਟਾਪ ਬਰਾਮਦ ਕੀਤੇ ਗਏ।
ਡੀ.ਜੀ.ਪੀ. ਦਿਨਕਰ ਗੁਪਤਾ ਨੇ ਦੱਸਿਆ ਕਿ ਜੂਏਬਾਜ਼ੀ ਅਤੇ ਦੇਹ ਵਪਾਰ ਦੇ ਧੰਦੇ ਵਿਚ ਸ਼ਾਮਲ ਸਾਰੇ ਵਿਅਕਤੀਆਂ ਦੇ ਪਿਛੋਕੜ ਦੀ ਜਾਂਚ ਕੀਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਅੱਗੇ ਦੀ ਜਾਣਕਾਰੀ ਲਈ ਜ਼ਬਤ ਕੀਤੇ ਲੈਪਟਾਪਾਂ ਅਤੇ ਮੋਬਾਈਲ ਫੋਨਾਂ ਦੀ ਫੋਰੈਂਸਿਕ ਜਾਂਚ ਵੀ ਕੀਤੀ ਜਾ ਰਹੀ ਹੈ।
ਉਨ੍ਹਾਂ ਦੱਸਿਆ ਕਿ ਪ੍ਰਾਪਤ ਖੁੁਫ਼ੀਆ ਜਾਣਕਾਰੀ ’ਤੇ ਕਾਰਵਾਈ ਕਰਦਿਆਂ ਸੰਗਠਿਤ ਅਪਰਾਧ ਰੋਕੂ ਇਕਾਈ ਦੇ ਮੁਖੀ ਕੁੰਵਰ ਵਿਜੇ ਪ੍ਰਤਾਪ ਸਿੰਘ ਦੇ ਦਿਸ਼ਾ ਨਿਰਦੇਸ਼ਾਂ ’ਤੇ 30 ਅਤੇ 31 ਜਨਵਰੀ ਦੀ ਦਰਮਿਆਨੀ ਰਾਤ ਨੂੰ ਸਵੇਰੇ 1 ਵਜੇ ਜ਼ੀਰਕਪੁਰ ਵੱਲ ਬਨੂੜ ਦੇ ਬਾਹਰਵਾਰ ਸਥਿਤ ਨਿਊ ਲਾਈਫ਼ ਮੈਰਿਜ ਪੈਲੇਸ ਵਿਖੇ ਛਾਪਾ ਮਾਰਿਆ ਗਿਆ।
ਗਿ੍ਰਫ਼ਤਾਰ ਕੀਤੀਆਂ ਗਈਆਂ ਔਰਤਾਂ ਦੀ ਵਰਤੋਂ ਬਾਰਟੈਂਡਰਾਂ ਅਤੇ ਡਾਂਸਰਾਂ ਵਜੋਂ ਕੀਤੀ ਜਾ ਰਹੀ ਸੀ। ਪੁਲਿਸ ਵਿਭਾਗ ਦੇ ਬੁਲਾਰੇ ਨੇ ਦੱਸਿਆ ਕਿ ਇਸ ਮਾਮਲੇ ਵਿਚ ਐਕਸਾਈਜ਼ ਐਕਟ ਦੀ ਧਾਰਾ 61/1/14, ਜੂਆ ਐਕਟ ਦੀ ਧਾਰਾ 13/3/67, ਇਮੌਰਲ ਟਰੈਫ਼ਿਕਿੰਗ ਐਕਟ ਦੀ ਧਾਰਾ 3/4/5 ਅਤੇ ਆਈ.ਪੀ.ਸੀ.ਦੀ ਧਾਰਾ 420, 120ਬੀ ਤਹਿਤ ਐਫ.ਆਈ.ਆਰ. ਦਰਜ ਕੀਤੀ ਗਈ ਹੈ।
Get all latest content delivered to your email a few times a month.